ਅਮਰੀਕਾ ਵਿੱਚ ਇੰਨੇ ਖ਼ੂੰਖ਼ਾਰ ਕਤਲ ਕਾਂਡ ਕਿਉਂ ਹੁੰਦੇ ਨੇ ?

ਗੋਲੀਬਾਰੀ ਦੀਆਂ ਘਟਨਾਵਾਂ

ਆਧੁਨਿਕ ਅਮਰੀਕੀ ਇਤਿਹਾਸ ਦੀਆਂ ਪੰਜ ਸਭ ਤੋਂ ਹੌਲਨਾਕ ਗੋਲੀਬਾਰੀ ਦੀਆਂ ਘਟਨਾਵਾਂ ਪਿਛਲੇ 16 ਮਹੀਨਿਆਂ ਵਿੱਚ ਹੋਈਆਂ ਹਨ।

ਇਸ ਦੀ ਸ਼ੁਰੂਆਤ 1949 ਵਿੱਚ ਨਿਊ ਜਰਸੀ ਦੇ ਕੈਮਡਨ ਵਿੱਚ ਹੋਈ ਘਟਨਾ ਵੱਲੋਂ ਹੋਈ ਸੀ, ਜਿਸ ਵਿੱਚ 13 ਲੋਕ ਮਾਰੇ ਗਏ ਸਨ। ਇੱਕ ਸਾਬਕਾ ਫ਼ੌਜੀ ਹਾਵਰਡ ਅਨਰੂ ਨੇ ਆਪਣੇ ਗੁਆਂਢੀਆਂ 'ਤੇ ਗੋਲੀਆਂ ਚਲਾਇਆਂ ਸਨ।

ਇਸ ਤੋਂ ਬਾਅਦ ਕਈ ਦਹਾਕਿਆਂ ਤੱਕ ਇਹ ਗਿਣਤੀ ਵਧਦੀ ਗਈ। ਅਜਿਹੀਆਂ ਘਟਨਾਵਾਂ ਵਿੱਚ 1966 'ਚ ਟੇਕਸਸ ਦੇ ਆਸਟਿਨ ਵਿੱਚ 16 ਅਤੇ 1984 ਵਿੱਚ ਕੈਲੀਫੋਰਨੀਆ ਦੇ ਸੈਨਤ ਇਸਾਇਡਰੋ ਵਿੱਚ 21 ਲੋਕਾਂ ਦੀ ਮੌਤ ਹੋ ਗਈ।

ਪਰ ਪਿਛਲੇ ਕੁਝ ਮਹੀਨੇ ਖ਼ਾਸ ਤੌਰ 'ਤੇ ਅਹਿਮ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਦੋ ਹਮਲੇ ਹੋਏ। ਲਾਸ ਵੇਗਾਸ ਵਿੱਚ 58 ਲੋਕਾਂ ਦੀ ਜਾਨ ਚਲੀ ਗਈ ਅਤੇ ਟੇਕਸਸ ਦੇ ਸਦਰਲੈਂਡ ਸਪ੍ਰਿੰਗਸ ਇਲਾਕੇ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਜੂਨ 2016 ਵਿੱਚ ਆਰਲੈਂਡੋ ਨਾਇਟਕਲਬ ਵਿੱਚ ਹੋਈ ਗੋਲੀਬਾਰੀ ਵਿੱਚ 49 ਲੋਕ ਮਾਰੇ ਗਏ ਸਨ।

ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਕਈ ਕਾਰਨ ਹਨ। ਅਮਰੀਕਾ ਅਤੇ ਬਾਕੀ ਦੁਨੀਆ ਦੇ ਲੋਕ ਇਸ ਤਰ੍ਹਾਂ ਦੀ ਹਿੰਸਾ ਨੂੰ ਸਮਝਣ ਲਈ ਸੰਘਰਸ਼ ਕਰ ਰਹੇ ਹਨ। ਇੱਥੇ ਵਿਸ਼ਲੇਸ਼ਕ ਉਨ੍ਹਾਂ ਕਾਰਨਾਂ 'ਤੇ ਗੱਲ ਕਰ ਰਹੇ ਹਨ ਜੋ ਇਨ੍ਹਾਂ ਵਧਦੀਆਂ ਮੌਤਾਂ ਦੀ ਗਿਣਤੀ ਦੀ ਵਜ੍ਹਾ ਹੋ ਸਕਦੇ ਹਨ।

ਹਥਿਆਰ ਹੁਣ ਜ਼ਿਆਦਾ ਤਾਕਤਵਰ ਹਨ

ਇਸ ਤਰ੍ਹਾਂ ਦੇ ਹਮਲਾਵਰ ਹੁਣ ਅਜਿਹੀਆਂ ਬੰਦੂਕਾਂ ਵਰਤਦੇ ਹਨ ਜਿਨ੍ਹਾਂ ਦੀ ਮੈਗਜ਼ੀਨ ਦੀ ਸਮਰੱਥਾ ਕਿਤੇ ਵੱਧ ਹੁੰਦੀ ਹੈ। ਇਸ ਤੋਂ ਉਹ ਦਰਜਨਾਂ ਰਾਊਂਡ ਗੋਲੀਆਂ ਬਿਨਾਂ ਰਿਲੋਡ ਕੀਤੇ ਚਲਾ ਸਕਦੇ ਹਨ।

ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਡੇਵਿਡ ਹੇਮੇਨਵੇ ਮੁਤਾਬਿਕ, ਘੱਟ ਸਮੇਂ ਵਿੱਚ ਜ਼ਿਆਦਾ ਲੋਕਾਂ ਉੱਤੇ ਗੋਲੀ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਉੱਤੇ ਕਿਤੇ ਜ਼ਿਆਦਾ ਗੋਲੀਆਂ ਦਾਗ਼ੀਆਂ ਜਾ ਰਹੀਆਂ ਹਨ।

2012 ਵਿੱਚ ਕਨੇਕਟਿਕਟ ਦੇ ਨਿਊਟਾਉਨ ਵਿੱਚ 26 ਲੋਕਾਂ ਦੀ ਜਾਨ ਲੈਣ ਵਾਲੇ ਏਡਮ ਲਾਂਜਾ ਅਤੇ ਕੋਲਰੈਡੋ ਦੇ ਆਰੋਰਾ ਵਿੱਚ 12 ਲੋਕਾਂ ਦਾ ਕਤਲ ਕਰਨ ਵਾਲੇ ਜੇੰਸ ਹੋਲੰਸ ਨੇ ਇਸ ਤਰ੍ਹਾਂ ਦੇ ਹਥਿਆਰ ਦਾ ਇਸਤੇਮਾਲ ਕੀਤਾ ਸੀ।

ਆਂਕੜੇ ਦੱਸਦੇ ਹਨ - ਅਸਾਲਟ ਰਾਈਫਲਾਂ ਦੀ ਵਰਤੋ ਨਾਲ ਹਮਲੇ ਵਿੱਚ ਮਰਨ ਵਾਲੀਆਂ ਦੀ ਗਿਣਤੀ ਵੱਧ ਜਾਂਦੀ ਹੈ।

ਖੋਜਕਾਰਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ। ਵੱਡੀ ਮੈਗਜ਼ੀਨ ਵਾਲੇ ਸੈਮੀ ਆਟੋਮੈਟਿਕ ਅਸਾਲਟ ਹਥਿਆਰਾਂ ਉੱਤੇ 1994 ਵਿੱਚ ਰੋਕ ਲਾ ਦਿੱਤਾ ਗਿਆ ਸੀ।

ਪਰ 2004 ਵਿੱਚ ਇਹ ਰੋਕ ਹਟਾ ਦਿੱਤੀ ਗਈ।

ਜਾਣਕਾਰਾਂ ਦਾ ਮੰਨਣਾ ਹੈ ਕਿ ਰੋਕ ਹਟਾਉਣ ਤੋਂ ਬਾਅਦ ਹੀ ਇਸ ਸਮੂਹਕ ਹੱਤਿਆਵਾਂ ਦਾ ਨਵਾਂ ਦੌਰ ਸ਼ੁਰੂ ਹੋਇਆ।

ਇਨ੍ਹਾਂ ਹਥਿਆਰਾਂ ਨਾਲ ਹਮਲਾਵਰ ਜਲਦੀ ਜਲਦੀ ਅਤੇ ਕਾਫ਼ੀ ਦੇਰ ਤੱਕ ਗੋਲੀਆਂ ਦਾਗ਼ ਸਕਦੇ ਸਨ ਅਤੇ ਇਸ ਤਰ੍ਹਾਂ ਜ਼ਿਆਦਾ ਲੋਕਾਂ ਦੀ ਜਾਨ ਲੈ ਸਕਦੇ ਸਨ।

ਇਸ ਦੇ ਨਾਲ ਹੀ ਵੱਖ ਵੱਖ ਸੂਬਿਆਂ ਦੇ ਆਪਣੇ ਕਾਨੂੰਨ ਵੀ ਸਨ। 2012 ਦੀ ਘਟਨਾ ਤੋਂ ਬਾਅਦ ਕਨੇਕਟਿਕਟ ਸੂਬੇ ਨੇ ਇੱਕ ਕਾਨੂੰਨ ਪਾਸ ਕਰ ਕੇ ਸੈਮੀ ਆਟੋਮੈਟਿਕ ਰਾਈਫਲਾਂ ਤੇ ਪਾਬੰਦੀ ਲਾ ਦਿੱਤੀ।

ਹਾਲਾਂਕਿ ਬਾਕੀ ਸੂਬਿਆਂ ਨੇ ਆਪਣੇ ਬੰਦੂਕ ਕਾਨੂੰਨ ਹੋਰ ਵੀ ਢਿੱਲੇ ਕਰ ਦਿੱਤੇ।

ਉਦਾਹਰਨ ਦੇ ਤੌਰ ਉੱਤੇ ਜਾਰਜੀਆ ਵਿੱਚ ਇੱਕ ਕਾਨੂੰਨ ਲਿਆਂਦਾ, ਜਿਸ ਤੋਂ ਬਾਅਦ ਸਕੂਲਾਂ ਦੀਆਂ ਜਮਾਤਾਂ, ਨਾਇਟਕਲਬ ਅਤੇ ਅਜਿਹੀ ਕਈ ਥਾਵਾਂ 'ਤੇ ਹਥਿਆਰ ਲਿਆਏ ਜਾ ਸਕਦੇ ਸਨ। ਗਿਫੋਰਡਸ ਲਾਅ ਸੈਂਟਰ ਟੂ ਪ੍ਰਿਵੇਂਟ ਗੰਨ ਵਾਇਲੇਂਸ ਦੇ ਮਾਹਿਰਾਂ ਨੇ ਲਿਖਿਆ ਹੈ ਕਿ ਬੰਦੂਕ ਕਾਨੂੰਨਾਂ ਉੱਤੇ ਬਿਹਤਰ ਕਾਬੂ ਪਾਉਣ ਵਾਲੇ ਸੂਬਿਆਂ ਵਿੱਚ ਘੱਟ ਹਿੰਸਾ ਹੋਈ ਹੈ।

ਹਮਲੇ ਦੀ ਥਾਂ

ਹੁਣ ਹਮਲੇ ਅਜਿਹੀਆਂ ਥਾਵਾਂ ਉੱਤੇ ਹੋ ਰਹੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹੁੰਦੇ ਹਨ।

ਮਿਸਾਲ ਦੇ ਤੋਰ ਤੇ ਲਾਸ ਵੇਗਾਸ ਦੇ ਕਾਂਸਰਟ ਵਾਲੀ ਜਗ੍ਹਾ ਉੱਤੇ ਕਰੀਬ 22 ਹਜ਼ਾਰ ਲੋਕ ਸਨ।

ਯੂਨੀਵਰਸਿਟੀ ਆਫ਼ ਸੈਂਟਰਲ ਫਲੋਰੀਡਾ ਦੇ ਜੇ ਕਾਰਜੀਨ ਕਹਿੰਦੇ ਹਨ, ਜੇ ਇਸ ਤਰ੍ਹਾਂ ਦੀ ਭੀੜ ਹੋਵੇ ਤਾਂ ਹਮਲਾਵਰ ਨੂੰ ਨਿਸ਼ਾਨਾ ਵੀ ਨਹੀਂ ਲਾਉਣਾ ਪੈਂਦਾ।

ਇਸ ਤਰ੍ਹਾਂ ਦੇ ਹਮਲਿਆਂ ਦੀ ਪੜ੍ਹਾਈ 'ਹੋਮਿਸਾਇਡ ਸਟਡੀਜ' ਮੁਤਾਬਿਕ ਜ਼ਿਆਦਾਤਰ ਹਮਲਾਵਰ ਹੁਣ ਬਹੁਤ ਧਿਆਨ ਨਾਲ ਹਮਲੇ ਦੀ ਵਿਉਂਤ ਬਣਾਉਂਦੇ ਹਨ।

ਕਾਰਜੀਨ ਦੱਸਦੇ ਹਨ, ਉਹ ਆਪਣਾ ਹੋਮ-ਵਰਕ ਕਰਦੇ ਹੈ।

ਯੂਨੀਵਰਸਿਟੀ ਆਫ਼ ਅਲਾਬਾਮਾ ਦੇ ਏਡਮ ਲੈਂਕਫੋਰਡ ਦੱਸਦੇ ਹਨ ਕਿ 2012 ਵਿੱਚ ਕੋਲਰੈਡੋ ਦੇ ਆਰੋਰਾ ਵਿੱਚ ਬੈਟਮੈਨ (ਫ਼ਿਲਮ) ਦੀ ਸਕਰੀਨਿੰਗ ਦੇ ਦੌਰਾਨ ਗੋਲੀਆਂ ਵਰਾਉਣ ਵਾਲੇ ਹਮਲਾਵਰ ਨੂੰ ਲੱਗਾ ਸੀ ਕਿ ਇੱਕ ਫ਼ਿਲਮ ਥੀਏਟਰ ਵਿੱਚ ਗੋਲੀਆਂ ਚਲਾ ਕੇ ਉਹ ਜ਼ਿਆਦਾ ਲੋਕਾਂ ਦੀ ਜਾਨ ਲੈ ਸਕਦਾ ਹੈ।

ਮੀਡੀਆ ਕਵਰੇਜ

ਇਸ ਤਰ੍ਹਾਂ ਦੇ ਕਤਲਾਂ ਦੀ ਮੀਡੀਆ ਕਵਰੇਜ ਵੀ ਪਿਛਲੇ ਸਾਲਾਂ ਵਿੱਚ ਵਧੀ ਹੈ।

ਕਈ ਵਾਰ ਹਮਲਾਵਰਾਂ ਨੇ ਹਮਲਿਆਂ ਤੋਂ ਪਹਿਲਾਂ ਅਤੇ ਹਮਲੇ ਦੇ ਦੌਰਾਨ ਵੀ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਵਿੱਚ ਲਿਖਿਆ।

ਕਈ ਪੱਤਰਕਾਰ ਅਕਸਰ ਹਮਲਾਵਰ ਕੇਂਦਰਿਤ ਕਹਾਣੀਆਂ ਸਾਹਮਣੇ ਲਿਆਉਂਦੇ ਹਨ।

ਉਨ੍ਹਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਬਾਰੇ ਲਿਖਿਆ ਜਾਂਦਾ ਹੈ ਅਤੇ ਅਨਜਾਣੇ ਵਿੱਚ ਹੀ ਸਹੀ ਕਦੇ - ਕਦੇ ਹਮਲਾਵਰਾਂ ਦੀ ਵਡਿਆਈ ਵੀ ਹੋ ਜਾਂਦੀ ਹੈ।

ਹਾਲਾਂਕਿ ਕੁਲ ਮਿਲਾ ਕੇ ਜਾਣਕਾਰਾਂ ਨੂੰ ਨਹੀਂ ਲੱਗਦਾ ਕਿ ਮੀਡੀਆ ਕਵਰੇਜ ਕਰ ਕੇ ਹੀ ਅਜਿਹੀ ਹੱਤਿਆਵਾਂ ਵਿੱਚ ਵਾਧਾ ਹੋਇਆ ਹੈ।

ਕਾਰਜੀਨ ਕਹਿੰਦੇ ਹਨ, ਮੈਂ ਵੇਖ ਰਿਹਾ ਹਾਂ ਕਿ ਪਿਛਲੇ 25 ਸਾਲ ਤੋਂ ਮੀਡੀਆ ਅਜਿਹੀਆਂ ਘਟਨਾਵਾਂ ਦੀ ਵੱਡੀ ਕਵਰੇਜ ਕਰ ਰਿਹਾ ਹੈ, ਪਰ ਹੱਤਿਆਵਾਂ ਵਿੱਚ ਵਾਧਾ ਥੋੜ੍ਹੀ ਦੇਰ ਤੋਂ ਹੀ ਹੋਇਆ ਹੈ।

ਸ਼ਿਕਾਗੋ ਦੀ ਸੰਸਥਾ ਕਯੋਰ ਵਾਇਲੇਂਸ ਦੇ ਸੰਸਥਾਪਕ ਗੈਰੀ ਸਲਟਕਿਨ ਮੰਨਦੇ ਹਨ ਕਿ ਮਾਸ-ਸ਼ੂਟਿੰਗ ਦੀਆਂ ਘਟਨਾਵਾਂ ਦੇਖਾ ਦੇਖੀ ਨਾਲ ਹੁੰਦੀਆਂ ਹਨ।

ਉਨ੍ਹਾਂ ਮੁਤਾਬਿਕ, ਦੂਜੇ ਲੋਕ ਜੋ ਕਰਦੇ ਹਨ, ਬਾਕੀ ਉਨ੍ਹਾਂ ਨੂੰ ਵੇਖਦੇ ਹਨ ਅਤੇ ਕਈ ਵਾਰ ਉਹੋ ਜਿਹਾ ਕਰਨ ਵੀ ਲੱਗਦੇ ਹੈ।

ਹਮਲਾਵਰਾਂ ਦੇ ਆਪਸੀ ਮੁਕਾਬਲੇ

1999 ਵਿੱਚ ਕੋਲਰੈਡੋ ਦੇ ਕੋਲੰਬੀਨ ਹਾਈ ਸਕੂਲ ਵਿੱਚ ਹੋਈ ਘਟਨਾ ਦੇ ਹਮਲਾਵਰਾਂ ਵਿੱਚੋਂ ਇੱਕ ਡਾਇਲਾਨ ਕਲੇਬੋਲਡ ਨੇ ਆਪਣਾ ਮਕਸਦ ਦੱਸਦੇ ਹੋਏ ਕਿਹਾ ਸੀ, ਅਮਰੀਕੀ ਇਤਿਹਾਸ ਦਿਆਂ ਸਭ ਤੋਂ ਜ਼ਿਆਦਾ ਮੌਤਾਂ ... ਅਜਿਹੀ ਸਾਨੂੰ ਉਮੀਦ ਹੈ।

ਲੈਂਕਫੋਰਡ ਦੱਸਦੇ ਹਨ, ਇਹ ਬਦਨਾਮੀ ਵਿੱਚ ਮਸ਼ਹੂਰ ਹੋਣ ਦੀ ਦੋੜ ਹੈ। ਤੁਹਾਡੇ ਤੋਂ ਪਹਿਲਾਂ ਆਏ ਹਤਿਆਰੀਆਂ ਤੋਂ ਵੱਡਾ ਅਤੇ ਬਿਹਤਰ ਹਤਿਆਰਾ ਬਣਨ ਦੀ ਹੋੜ।

ਸਲਟਕਿਨ ਕਹਿੰਦੇ ਹਨ, ਅਸੀਂ ਸਭ ਚਾਹੁੰਦੇ ਹਾਂ ਕਿ ਮਰਨ ਤੋਂ ਬਾਅਦ ਸਾਨੂੰ ਲੋਕ ਜਾਨਣ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਜਾਲ ਕਿੰਨਾ ਮਜ਼ਬੂਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)