ਪਾਕ ਅਦਾਲਤ ਵਲੋਂ ਹਾਫ਼ਿਜ਼ ਸਈਅਦ ਦੀ ਨਜ਼ਰਬੰਦੀ ਖ਼ਤਮ

ਮੁੰਬਈ ਹਮਲਾ

ਤਸਵੀਰ ਸਰੋਤ, AFP/Getty Images

ਮੁੰਬਈ 'ਚ 2008 'ਚ ਹੋਏ ਹਮਲੇ ਦੇ ਕਥਿਤ ਮਾਸਟਰ-ਮਾਇੰਡ ਹਾਫ਼ਿਜ਼ ਸਈਅਦ ਦੀ ਰਿਹਾਈ ਹੋ ਗਈ ਹੈ। ਪਾਕਿਸਤਾਨ ਦੀ ਇੱਕ ਅਦਾਲਤ ਨੇ ਇਸ ਰਿਹਾਈ ਦੇ ਹੁਕਮ ਦਿੱਤੇ।

ਹਾਫ਼ਿਜ਼ ਸਈਅਦ ਇੱਕ ਸਾਲ ਤੋਂ ਵੀ ਘੱਟ ਸਮਾਂ ਵਿੱਚ ਹੀ ਨਜ਼ਰਬੰਦੀ ਤੋਂ ਮੁਕਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੁੰਬਈ 'ਚ 2008 'ਚ ਹੋਏ ਦੇ ਹਮਲੇ 'ਚ 160 ਤੋਂ ਵੱਧ ਲੋਕ ਮਰੇ ਸਨ।

ਸੰਯੁਕਤ ਰਾਸ਼ਟਰ ਦੇ ਸੂਚੀਬੱਧ ਅੱਤਵਾਦੀ ਸੰਗਠਨ ਜਮਾਤ ਉਦ-ਦਾਵਾ ਦੇ ਮੁਖੀ ਮੌਲਵੀ ਹਾਫ਼ਿਜ਼ ਸਈਅਦ ਦੇ ਸਿਰ 'ਤੇ 10 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਸੀ।

ਜਮਾਤ ਉਦ-ਦਾਵਾ ਦੇ ਇੱਕ ਬੁਲਾਰੇ ਮੁਤਾਬਿਕ ਲਾਹੌਰ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੱਲ੍ਹ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਪਾਰਟੀ ਦੇ ਇੱਕ ਬੁਲਾਰੇ ਅਹਿਮਦ ਨਾਦੀਨ ਨੇ ਕਿਹਾ, ''ਕੇਸ ਦੀ ਜਾਂਚ ਕਰ ਰਹੇ ਸਮੀਖਿਆ ਬੋਰਡ ਨੇ ਉਨ੍ਹਾਂ ਦੀ ਨਜ਼ਰਬੰਦੀ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਰਕਾਰ ਨੇ ਦੋਸ਼ਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਦਿੱਤਾ।' '

ਭਾਰਤ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਇਸ ਗੱਲ ਦੇ ਕੋਈ ਸਬੂਤ ਹਨ ਕਿ ਪਾਕਿਸਤਾਨ ਵਿਚ "ਸਰਕਾਰੀ ਏਜੰਸੀਆਂ" ਹਮਲੇ ਦੀ ਸਾਜ਼ਿਸ਼ ਵਿਚ ਸ਼ਾਮਲ ਸਨ। ਪਰ ਇਸਲਾਮਾਬਾਦ ਇਸ ਤੋਂ ਇਨਕਾਰ ਕਰਦਾ ਰਿਹਾ ਹੈ।

ਜਮਾਤ ਉਦ-ਦਾਵਾ ਨੂੰ ਅਮਰੀਕਾ ਅਤੇ ਭਾਰਤ ਦੁਆਰਾ ਲਸ਼ਕਰ-ਏ-ਤਾਇਬਾ ਦਾ ਇੱਕ ਹਿੱਸਾ ਸਮਝਿਆ ਜਾਂਦਾ ਹੈ, ਅਤੇ ਇਸ ਨੂੰ ਭਾਰਤ ਦੀ ਵਿੱਤੀ ਰਾਜਧਾਨੀ 'ਤੇ ਹਮਲੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਸਾਲ 2008 ਵਿੱਚ ਥੋੜ੍ਹੇ ਸਮੇਂ ਦੀ ਨਜ਼ਰ ਬੰਦੀ ਤੋਂ ਬਾਅਦ, ਸਈਅਦ ਨੇ ਇੱਕ ਉੱਚ-ਪੱਧਰੀ ਜਨਤਕ ਜੀਵਨ ਦੀ ਅਗਵਾਈ ਕੀਤੀ ਅਤੇ ਲਗਾਤਾਰ ਭਾਰਤ ਵਿਰੋਧੀ ਭਾਸ਼ਣ ਦਿੰਦਾ ਰਿਹਾ ਹੈ।

ਜਮਾਤ ਉਦ-ਦਾਵਾ ਪਾਕਿਸਤਾਨ ਵਿੱਚ ਖੁੱਲ੍ਹ ਕੇ ਕੰਮ ਕਰ ਰਿਹਾ ਹੈ ਅਤੇ ਆਪਣੇ ਸਮਾਜਕ ਕੰਮਾਂ ਲਈ ਪ੍ਰਸਿੱਧ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)