ਕਿਉਂ ਲੁਧਿਆਣਾ 'ਚ ਫਾਇਰ ਬ੍ਰਿਗੇਡ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋਏ?
- ਸਰਬਜੀਤ ਧਾਲੀਵਾਲ
- ਬੀਬੀਸੀ ਪੰਜਾਬੀ, ਲੁਧਿਆਣਾ

ਸੋਮਵਾਰ ਨੂੰ ਹੋਏ ਇਸ ਹਾਦਸੇ ਛੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਮੌਤ ਹੋਈ ਸੀ। ਅਜੇ ਵੀ ਤਿੰਨ ਮੁਲਾਜ਼ਮਾਂ ਦੇ ਮਲਬੇ ਥੱਲੇ ਦੱਬੇ ਹੋਣ ਦਾ ਖਦਸ਼ਾ ਹੈ। ਹੁਣ ਮੌਤਾਂ ਦੀ ਕੁੱਲ ਗਿਣਤੀ 13 ਹੋ ਚੁੱਕੀ ਹੈ।
ਢਹਿ ਢੇਰੀ ਹੋਈ ਫੈਕਟਰੀ ਵਿੱਚ ਆਪਣੇ ਸਾਥੀਆਂ ਦੀ ਭਾਲ ਵਿੱਚ ਲੱਗੇ ਹੈੱਡ ਫਾਇਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਜਿਸ ਦਿਨ ਇਹ ਹਾਦਸਾ ਹੋਇਆ ਉਹ ਉਸ ਦਿਨ ਆਪਣੀ ਨਾਈਟ ਡਿਊਟੀ ਪੂਰੀ ਕਰਕੇ ਕੇ ਘਰ ਗਏ ਸੀ।
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਕੋਲ ਸੁਰੱਖਿਆ ਲਈ ਕੋਈ ਸਮਾਨ ਨਹੀਂ ਹੈ। ਇੱਥੋਂ ਤੱਕ ਕਿ ਵਰਦੀਆਂ ਵੀ ਉਹ ਆਪ ਖਰੀਦ ਕੇ ਪਾਉਂਦੇ ਹਨ।
ਮਹਿਕਮੇ ਵੱਲੋਂ ਸਿਰਫ ਇੱਕ ਹੈਲਮੇਟ ਦਿੱਤਾ ਜਾਂਦਾ ਹੈ ਹੋਰ ਕੁਝ ਨਹੀਂ। ਇਸ ਤੋਂ ਕੋਈ ਮੈਡੀਕਲ ਜਾਂ ਬੀਮੇ ਦੀ ਸਹੂਲਤ ਵੀ ਮੁਲਾਜ਼ਮਾਂ ਨੂੰ ਨਹੀਂ ਦਿੱਤੀ ਜਾਂਦੀ।
ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ 25 ਸਾਲ ਦੀ ਨੌਕਰੀ ਵਿੱਚ ਤਨਖ਼ਾਹ ਤੋਂ ਇਲਾਵਾ ਮੁਲਾਜ਼ਮਾਂ ਨੂੰ ਕੋਈ ਸਹੂਲਤ ਮਿਲਦੀ ਹੋਈ ਨਹੀਂ ਦੇਖੀ ਹੈ।
ਬੋਰੀਆਂ ਨਾਲ ਅੱਗ ਬੁਝਾਉਂਦੇ ਹਨ
ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਨੂੰ 12 ਘੰਟੇ ਡਿਊਟੀ ਕਰਨੀ ਪੈਂਦੀ ਹੈ। ਸੁਰਜੀਤ ਮੁਤਾਬਕ ਕੱਚੇ ਕਾਮਿਆਂ ਦਾ ਤਾਂ ਇਸ ਤੋਂ ਵੀ ਬੁਰਾ ਹਾਲ ਹੈ। ਉਨ੍ਹਾਂ ਨੂੰ ਸਿਰਫ਼ 9400 ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਕੁਝ ਨਹੀਂ।
ਸੁਰਜੀਤ ਨੇ ਦੱਸਿਆ ਕਿ ਉਹਨਾ ਕੋਲ ਫਾਇਰ ਸੂਟ ਤੱਕ ਨਹੀਂ ਹਨ। ਇਸ ਕਰ ਕੇ ਉਹ ਬੋਰੀਆਂ ਨੂੰ ਗਿੱਲੀਆਂ ਕਰ ਕੇ ਅੱਗ ਦੇ ਸੇਕ ਤੋਂ ਬਚਣ ਲਈ ਇਮਾਰਤ ਦੇ ਅੰਦਰ ਜਾਂਦੇ ਹਨ।
ਸਿਰਫ਼ ਹੈਲਮੇਟ ਹੀ ਹੈ ਸੁਰੱਖਿਆ ਉਪਕਰਨ
ਸੁਰਜੀਤ ਮੁਤਾਬਕ ਤਾਜ਼ਾ ਘਟਨਾ ਵਿੱਚ ਵੀ ਅਜਿਹਾ ਹੀ ਹੋਇਆ ਹੈ। ਸੁਰਜੀਤ ਨੇ ਦੱਸਿਆ ਕਿ ਬਿਨਾਂ ਸੁਰੱਖਿਆ ਉਪਕਰਨਾਂ ਤੋਂ ਗਿੱਲੀਆਂ ਬੋਰੀਆਂ ਗਲ਼ ਵਿੱਚ ਪਾ ਕੇ ਅੱਗ ਬੁਝਾਉਣ ਲਈ ਉਨ੍ਹਾਂ ਦੇ ਸਾਥੀ ਇਮਾਰਤ ਦੇ ਅੰਦਰ ਦਾਖ਼ਲ ਹੋਏ ਅਤੇ ਘਟਨਾ ਵਾਪਰ ਗਈ।
ਖਾਲੀ ਪਈਆਂ ਅਸਾਮੀਆਂ
ਸੁਰਜੀਤ ਸਿੰਘ ਅਤੇ ਉਸ ਦੇ ਸਾਥੀ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਆਪਣੇ ਸਾਥੀਆਂ ਦੀ ਸਲਾਮਤੀ ਦੀ ਅਰਦਾਸ ਵੀ ਕਰ ਰਹੇ ਹਨ।
ਲੁਧਿਆਣਾ ਡਿਵੀਜ਼ਨ ਦੇ ਮੁੱਖ ਫਾਇਰ ਅਫ਼ਸਰ ਭੁਪਿੰਦਰ ਸਿੰਘ ਮੁਤਾਬਕ ਇਸ ਵਕਤ ਸਟਾਫ ਦੀ ਘਾਟ ਹੈ।
ਉਨ੍ਹਾਂ ਵੱਲੋਂ ਦਿੱਤੇ ਵੇਰਵੇ ਮੁਤਾਬਕ
- ਸਹਾਇਕ ਫਾਇਰ ਡਿਵੀਜਨ ਅਫਸਰ ਦੀ ਇੱਕ ਪੋਸਟ ਖਾਲੀ ਹੈ।
- ਫਾਇਰ ਸਟੇਸ਼ਨ ਅਫ਼ਸਰ- 4 ਵਿੱਚੋਂ ਤਿੰਨ ਪੋਸਟਾਂ ਖਾਲੀ ਹਨ।
- ਸਬ-ਫਾਇਰ ਅਫ਼ਸਰ ਦੀਆਂ 6 ਵਿੱਚੋਂ 5 ਅਸਾਮੀਆਂ ਖਾਲੀਆਂ ਹਨ।
- ਲੀਡਿੰਗ ਫਾਇਰ ਅਫਸਰ ਦੀਆਂ 18 ਵਿੱਚੋਂ 10 ਅਸਾਮੀਆਂ ਖਾਲੀ ਹਨ।
- ਫਾਇਰ ਮੈਨ ਦੀਆਂ 86 ਵਿੱਚੋਂ 44 ਪੋਸਟਾਂ ਖਾਲੀ ਹਨ।
- ਡਰਾਈਵਰਾਂ ਦੀਆਂ 19 ਅਸਾਮੀਆਂ ਖਾਲੀ ਹਨ।
ਮਲਬੇ ਹੇਠ ਦੱਬਿਆ ਸੁਖਦੇਵ ਸਿੰਘ
ਭੁਪਿੰਦਰ ਸਿੰਘ ਮੁਤਾਬਕ ਵਿਭਾਗ ਵੱਲੋਂ ਕਾਮਿਆਂ ਨੂੰ ਵਰਦੀਆਂ, ਗਮ ਬੂਟ, ਹੈਲਮੈਟ ਅਤੇ ਮਾਸਕ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਨਾਲ ਹੀ ਉਨ੍ਹਾਂ ਮੰਨਿਆ ਕਿ ਆਧੁਨਿਕ ਸਹੂਲਤਾਂ ਦੀ ਘਾਟ ਵੀ ਹੈ।
ਉਨ੍ਹਾਂ ਦੱਸਿਆ ਕਿ ਸਟਾਫ ਦੀ ਘਾਟ ਕਰਕੇ ਕਾਮਿਆਂ ਤੋਂ 12 ਘੰਟਿਆਂ ਦੀ ਡਿਊਟੀ ਲਈ ਜਾਂਦੀ ਹੈ।