ਸਭ ਤੋਂ ਵੱਡੇ ਪਾਸਵਰਡ ਬਗ ਨੂੰ ਠੀਕ ਕਰਨ 'ਚ ਲੱਗਾ ਐੱਪਲ

apple

ਤਸਵੀਰ ਸਰੋਤ, Getty Images

ਐੱਪਲ ਨੇ ਦਾਅਵਾ ਕੀਤਾ ਹੈ ਕਿ ਉਹ ਮੈਕ ਓਪਰੇਟਿੰਗ ਸਿਸਟਮ ਦੇ ਸਭ ਤੋਂ ਖਤਰਨਾਕ ਬਗ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੈਕ ਓਐੱਸ (ਓਪਰੇਟਿੰਗ ਸਿਸਟਮ) ਹਾਈ ਸੀਏਰਾ ਦੇ ਨਵੇਂ ਵਰਜ਼ਨ ਵਿੱਚ ਪਾਸਵਰਡ ਦੇ ਬਿਨਾਂ ਹੀ ਮਸ਼ੀਨ 'ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਬਿਨਾਂ ਪਾਸਵਰਡ ਦੇ ਹੀ ਪ੍ਰਸ਼ਾਸਕੀ ਅਧਿਕਾਰ ਵੀ ਮਿਲ ਜਾਂਦੇ ਹਨ।

ਐੱਪਲ ਨੇ ਬਿਆਨ 'ਚ ਕਿਹਾ, "ਅਸੀਂ ਇਸ ਮਸਲੇ ਦੇ ਹੱਲ ਲਈ ਸਾਫ਼ਟਵੇਅਰ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਬਗ ਬਾਰੇ ਕਿਵੇਂ ਪਤਾ ਲੱਗਿਆ?

ਇਹ ਬਗ ਤੁਰਕੀ ਦੇ ਡੇਵਲਪਰ ਲੇਮੀ ਅਰਗਿਨ ਨੇ ਲੱਭਿਆ ਸੀ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਯੂਜ਼ਰਨੇਮ 'ਰੂਟ' ਲਿਖਣ 'ਤੇ ਬਿਨਾਂ ਪਾਸਵਰਡ ਪਾਏ ਕਈ ਵਾਰੀ 'ਐਂਟਰ' ਦਬਾਉਣ ਨਾਲ ਸਬੰਧਤ ਮਸ਼ੀਨ ਦੇ ਸਾਰੇ ਅਧਿਕਾਰ ਬਿਨਾਂ ਰੁਕਾਵਟ ਮਿਲ ਜਾਂਦੇ ਹਨ।

ਸੁਰੱਖਿਆ ਮਾਹਿਰਾਂ ਨੇ ਅਰਗਿਨ ਵੱਲੋਂ ਦਿਸ਼ਾ-ਨਿਰਦੇਸ਼ ਫੌਲੋ ਨਾ ਕਰਨ 'ਤੇ ਅਰਗਿਨ ਦੀ ਨਿੰਦਾ ਕੀਤੀ।

ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇ ਸੁਰੱਖਿਆ ਮਾਹਿਰ ਕੋਈ ਕਮੀ ਦੇਖਦੇ ਹਨ ਤਾਂ ਜਨਤਕ ਤੌਰ 'ਤੇ ਦੱਸਣ ਤੋਂ ਪਹਿਲਾਂ ਉਨ੍ਹਾਂ ਦਾ ਕੰਪਨੀ ਨੂੰ ਇਸ ਬਾਰੇ ਜਾਣਕਾਰੀ ਦੇਣਾ ਤੇ ਉਸ ਦੇ ਠੀਕ ਕਰਨ ਲਈ ਇੱਕ ਤੈਅ ਸਮਾਂ ਦੇਣਾ ਜ਼ਰੂਰੀ ਹੁੰਦਾ ਹੈ।

ਤਸਵੀਰ ਸਰੋਤ, Getty Images

ਅਰਗਿਨ ਤੋਂ ਜਦੋਂ ਟਵਿੱਟਰ 'ਤੇ ਉਨ੍ਹਾਂ ਦੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਪ੍ਰਤੀਕਰਮ ਹੀ ਨਹੀਂ ਦਿੱਤਾ। ਬੀਬੀਸੀ ਨੇ ਉਸ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕੇ।

ਐੱਪਲ ਨੇ ਵੀ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਬਗ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਜਾਂ ਨਹੀਂ।

ਕਿਹੜੇ ਅਧਿਕਾਰ ਮਿਲਦੇ ਹਨ ਬਗ ਨਾਲ?

  • ਸੁਰੱਖਿਆ ਮਾਹਿਰ ਮੰਨਦੇ ਹਨ ਕਿ ਸਾਰੇ ਅਧਿਕਾਰ ਦੇਣ ਵਾਲਾ ਇਹ ਬਗ ਇੱਕ ਤਰ੍ਹਾਂ ਸੁਰੱਖਿਆ ਦਾ 'ਮਜ਼ਾਕ' ਤੇ ਸ਼ਰਮਿੰਦਗੀ ਮਹਿਸੂਸ ਕਰਵਾਉਣ ਵਾਲਾ ਹੈ।
  • 'ਰੂਟ' ਜ਼ਰੀਏ ਅਧਿਕਾਰ ਹਾਸਲ ਕਰਨ ਵਾਲੇ ਲੋਕ ਆਮ ਯੂਜ਼ਰ ਨਾਲੋਂ ਵੀ ਜ਼ਿਆਦਾ ਮਸ਼ੀਨ 'ਚ ਛੇੜਚਾੜ ਕਰ ਸਕਦੇ ਹਨ। ਜਿਵੇਂ ਕਿ ਹੋਰਨਾਂ ਅਕਾਉਂਟਸ ਦੀਆਂ ਫਾਈਲਾਂ ਪੜ੍ਹਣਾ ਤੇ ਲਿਖਣਾ।
  • ਇੱਕ 'ਸੂਪਰਯੂਜ਼ਰ' ਤਾਂ ਕਈ ਲੋੜੀਂਦੀਆਂ ਸਿਸਟਮ ਫਾਈਲਾਂ ਡਿਲੀਟ ਕਰ ਸਕਦਾ ਹੈ। ਕੰਪਿਊਟਰ ਨੂੰ ਬੇਵਜ੍ਹਾ ਰੈਂਡਰ ਕਰ ਸਕਦਾ ਹੈ ਜਾਂ ਫਿਰ ਕੋਈ ਅਜਿਹਾ ਵਾਇਰਸ ਪਾ ਸਕਦਾ ਹੈ ਜਿਸ ਬਾਰੇ ਪਤਾ ਲਾਉਣਾ ਵੀ ਔਖਾ ਹੋਵੇ।

ਕਿਵੇਂ ਕੰਮ ਕਰਦਾ ਹੈ ਬਗ?

ਇਹ ਬਗ ਦੂਰ ਤੋਂ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਸ ਲਈ ਕੰਪਿਊਟਰ 'ਤੇ ਬੈਠ ਕੇ ਹੀ ਅਧਿਕਾਰ ਹਾਸਿਲ ਕੀਤੇ ਜਾ ਸਕਦੇ ਹਨ।

ਖੁੱਲ੍ਹੇ ਤੌਰ 'ਤੇ ਇਸ ਬਗ ਬਾਰੇ ਪਤਾ ਲੱਗਣਾ ਐੱਪਲ ਲਈ ਇੱਕ ਚੁਣੌਤੀ ਹੈ। ਇਸ ਤੋਂ ਪਹਿਲਾਂ ਕਿ ਸ਼ਰਾਰਤੀ ਅਨਸਰ ਇਸ ਦਾ ਫਾਇਦਾ ਲੈ ਸਕਣ, ਇਸ ਨੂੰ ਠੀਕ ਕਰਨਾ ਜ਼ਰੂਰੀ ਹੈ।

ਯੂਨੀਵਰਸਿਟੀ ਆਫ਼ ਸਰੀ ਦੇ ਪ੍ਰੋਫੈੱਸਰ ਏਲਾਨ ਵੁਡਵਰਡ ਦਾ ਕਹਿਣਾ ਹੈ, "ਕਾਹਲੀ ਤੇ ਸੁਰੱਖਿਆ ਕਦੇ ਵੀ ਚੰਗੇ ਸਾਥੀ ਨਹੀਂ ਹੋ ਸਕਦੇ। ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਇਸ ਕਰਕੇ ਕਿਸੇ ਹੋਰ ਮੁਸੀਬਤ ਨੂੰ ਸੱਦਾ ਤਾਂ ਨਹੀਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ ਇਸ ਮੁਸੀਬਤ ਦੇ ਟੈਸਟ ਲਈ ਵੀ ਸਮਾਂ ਨਹੀਂ ਹੈ।"

ਆਰਜੀ ਹੱਲ ਕੀ ਹੈ?

ਜਦੋਂ ਤੱਕ ਐੱਪਲ ਇਸ ਦਾ ਹੱਲ ਲੱਭ ਰਿਹਾ ਹੈ, ਉਦੋਂ ਤੱਕ ਯੂਜ਼ਰਸ ਨੂੰ ਆਰਜੀ ਹੱਲ ਦੱਸਿਆ ਹੈ।

ਕੰਪਨੀ ਦਾ ਦਾਅਵਾ ਹੈ, "ਰੂਟ ਦਾ ਪਾਸਵਰਡ ਰੱਖਣ 'ਤੇ ਤੁਹਾਡੇ ਮੈਕ ਦੇ ਅਧਿਕਾਰ ਹਾਸਿਲ ਨਹੀਂ ਕੀਤੇ ਜਾ ਸਕਦੇ।"

ਰੂਟ ਯੂਜ਼ਰ ਲਾਗੂ ਕਰਨ 'ਤੇ ਪਾਸਵਰਡ ਲਾਉਣ ਲਈ ਇਸ ਲਿੰਕ 'ਤੇ ਕਲਿੱਕ ਕਰੋ : https://support.apple.com/en-us/HT204012

"ਜੇ ਰੂਟ ਯੂਜ਼ਰ ਪਹਿਲਾਂ ਹੀ ਬਣਿਆ ਹੋਇਆ ਹੈ, ਪਰ ਪਾਸਵਰਡ ਨਹੀਂ ਲੱਗਿਆ ਹੈ ਤਾਂ 'ਚੇਂਜ ਦ ਰੂਟ' ਪਾਸਵਰਡ ਸੈਕਸ਼ਨ 'ਤੇ ਜਾ ਕੇ ਪਾਸਵਰਡ ਸੈੱਟ ਕਰ ਸਕਦੇ ਹੋ।"

ਮਾਹਿਰਾਂ ਦਾ ਸੁਝਾਅ ਹੈ ਕਿ ਜੋ ਲੋਕ ਖੁਦ ਆਪਣੇ ਸਿਸਟਮ 'ਤੇ ਸੈਟਿੰਗਸ ਬਦਲ ਨਹੀਂ ਸਕਦੇ ਉਹ ਆਪਣੇ ਮੈਕ ਨੂੰ ਨਜ਼ਰਾਂ ਤੋਂ ਓਹਲੇ ਨਾ ਹੋਣ ਦੇਣ। ਜਦੋਂ ਵੀ ਸਿਸਟਮ ਅਪਡੇਟ ਆਵੇ ਉਸ ਨੂੰ ਕਰ ਲੈਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)