ਗ੍ਰਾਊਂਡ ਰਿਪੋਰਟ: ਮਿਆਂਮਾਰ ਦੀ ਨੇਪੀਡੌ ਕਿਉਂ ਹੈ ‘ਭੂਤੀਆ ਰਾਜਧਾਨੀ’?

ਨੈਪੀਡੌ
ਫੋਟੋ ਕੈਪਸ਼ਨ ਬਰਮਾ ਦੀ ਨਵੀਂ ਰਾਜਧਾਨੀ ਨੈਪੀਡੌ

ਇੱਥੋਂ ਦੀ 20 ਲੇਨ ਵਾਲੀਆਂ ਸੜ੍ਹਕਾਂ ਦੋ ਹਵਾਈ ਜਹਾਜ਼ਾਂ ਨੂੰ ਇੱਕੋ ਨਾਲ ਲੈਂਡ ਕਰਵਾ ਸਕਦੀਆਂ ਹਨ। ਇਸ ਸ਼ਹਿਰ ਵਿੱਚ 100 ਤੋਂ ਵੀ ਵੱਧ ਸ਼ਾਨਦਾਰ ਹੋਟਲ ਹਨ।

ਮਿਆਂਮਾਰ - 'ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ'

ਰੋਹਿੰਗਿਆ ਦੀ ਮਿਆਂਮਾਰ ਵਾਪਸੀ ਲਈ ਰਾਹ ਪੱਧਰਾ

ਸ਼ਾਨਦਾਰ ਬਣੇ ਗੋਲਫ ਕੋਰਸ ਤੁਹਾਡਾ ਦਿਲ ਜਿੱਤ ਲੈਣਗੇ। ਕਈ ਕਿਲੋਮੀਟਰ ਤੱਕ ਫੈਲੇ ਚਿੜੀਆ ਘਰ ਵਿੱਚ ਪੇਂਗਵਿੰਸ ਵੀ ਰਹਿੰਦੇ ਹਨ।

ਇਹ ਅਨੋਖਾ ਸ਼ਹਿਰ 4000 ਵਰਗ ਕਿਲੋਮੀਟਰ ਵਿੱਚ ਫ਼ੈਲਿਆ ਦੱਸਿਆ ਜਾਂਦਾ ਹੈ।

ਬੱਸ ਇੱਕੋ ਚੀਜ਼ ਇੱਥੇ ਮੁਸ਼ਕਿਲ ਨਾਲ ਵਿਖਾਈ ਦਿੰਦੀ ਹੈ....ਇਨਸਾਨ!

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਿਆਂਮਾਰ ਦੀ ਨਵੀਂ ਰਾਜਧਾਨੀ ਨੈਪੀਡੌ

ਇਹ ਹੈ ਬਰਮਾ ਦੀ ਨਵੀਂ ਰਾਜਧਾਨੀ ਨੇਪੀਡੌ, ਜੋ ਦੇਸ ਦੀ ਸਿਆਸਤ ਦਾ ਕੇਂਦਰ ਵੀ ਹੈ।

ਮਿਆਂਮਾਰ ਦੀ ਇਸ ਨਵੀਂ ਰਾਜਧਾਨੀ ਨੂੰ ਬਣਾਉਣ ਵਿੱਚ ਤਕਰੀਬਨ 26,000 ਕਰੋੜ ਰੁਪਏ ਖਰਚੇ ਗਏ। ਇੱਥੇ ਨਾ ਟ੍ਰੈਫਿਕ ਜਾਮ ਲੱਗਦਾ ਹੈ ਨਾ ਹੀ ਕੋਈ ਰੌਲਾ-ਰੱਪਾ ਹੁੰਦਾ ਹੈ।

ਫੋਟੋ ਕੈਪਸ਼ਨ ਨੈਪੀਡੌ ਵਿੱਚ ਇਨਸਾਨ ਘੱਟ ਹੀ ਦਿਖਾਈ ਦਿੰਦੇ ਹਨ

ਸਦੀਆਂ ਤੋਂ ਮਿਆਂਮਾਰ (ਬਰਮਾ) ਦੀ ਰਾਜਧਾਨੀ ਮਾਂਡਲੇ ਸੀ। 1948 ਵਿੱਚ ਯਾਂਗੂਨ ਨੂੰ ਰਾਜਧਾਨੀ ਬਣਾਇਆ ਗਿਆ। ਸਾਲ 2000 ਦੇ ਆਲੇ-ਦੁਆਲੇ ਮਿਆਂਮਾਰ ਤੋਂ ਕਾਫ਼ੀ ਦੂਰ ਹੋਈ ਇੱਕ ਜੰਗ ਨੇ ਫ਼ੌਜੀ ਜਰਨੈਲਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ।

ਰਾਜਧਾਨੀ ਬਦਲੀ

ਸੀਨੀਅਰ ਪੱਤਰਕਾਰ ਤੇ ਦੱਖਣੀ ਪੂਰਬੀ ਏਸ਼ੀਆ ਮਾਮਲਿਆਂ ਦੇ ਜਾਣਕਾਰ ਸੁਬੀਰ ਭੌਮਿਕ ਅੱਜਕਲ ਯਾਂਗੌਨ ਵਿੱਚ ਰਹਿੰਦੇ ਹਨ।

ਉਨ੍ਹਾਂ ਦੱਸਿਆ, "ਦੂਜੀ ਇਰਾਕ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਜਿਹਾ ਮਾਹੌਲ ਬਣਿਆ ਸੀ, ਕਈ ਮੁਲਕਾਂ 'ਤੇ ਪਾਬੰਦੀਆਂ ਲੱਗੀਆਂ ਸੀ। ਉਸ ਵੇਲੇ ਬਰਮਾ ਦੇ ਫ਼ੌਜੀ ਹੁਕਮਰਾਨਾਂ ਨੂੰ ਲੱਗਿਆ ਕਿ ਜੇ ਹਮਲਾ ਹੋਇਆ ਤਾਂ ਯਾਂਗੂਨ 'ਤੇ ਆਸਾਨੀ ਨਾਲ ਕਬਜ਼ਾ ਹੋ ਜਾਵੇਗਾ।''

ਫੋਟੋ ਕੈਪਸ਼ਨ ਨੈਪੀਡੌ ਵਿੱਚ 100 ਸ਼ਾਨਦਾਰ ਹੋਟਲ ਤੇ ਕਈ ਗੋਲਫ ਕੋਰਸ ਹਨ

"ਸਮੁੰਦਰ ਕਿਨਾਰਾ ਹੋਣ ਕਰਕੇ ਯਾਂਗੂਨ ਵਿੱਚ ਮੈਰੀਨਸ ਆ ਕੇ ਕਬਜ਼ਾ ਕਰ ਲੈਣਗੇ। ਇਸ ਲਈ ਉਨ੍ਹਾਂ ਨੇ ਰਾਜਧਾਨੀ ਬਦਲਣ ਦਾ ਫ਼ੈਸਲਾ ਲਿਆ।''

ਸੁਬੀਰ ਨੇ ਅੱਗੇ ਦੱਸਿਆ,"ਇੱਥੋਂ ਦੀ ਫ਼ੌਜ ਤੇ ਆਮ ਲੋਕ ਜੋਤਿਸ਼ 'ਤੇ ਕਾਫ਼ੀ ਯਕੀਨ ਰੱਖਦੇ ਹਨ। ਜੋਤਿਸ਼ਾਂ ਨੇ ਕਿਹਾ ਕਿ ਉਹ ਚੰਗੀ ਥਾਂ ਹੈ, ਤੁਸੀਂ ਉੱਥੇ ਜਾਓ।''

ਮਿਆਂਮਾਰ ਦੁਨੀਆਂ ਦੇ ਉਨ੍ਹਾਂ ਘੱਟ ਦੇਸਾਂ ਵਿੱਚੋਂ ਹੈ ਜਿਨ੍ਹਾਂ ਨੇ ਪਿਛਲੇ ਦਹਾਕਿਆਂ ਵਿੱਚ ਰਾਜਧਾਨੀ ਨੂੰ ਬਦਲਿਆ ਹੈ।

2006 ਤੋਂ ਬਾਅਦ ਤੋਂ ਨੇਪੀਡੌ ਹੀ ਰਾਜਧਾਨੀ ਹੈ। ਸਾਰੇ ਮੰਤਰਾਲੇ, ਸੁਪਰੀਮ ਕੋਰਟ, ਫ਼ੌਜੀ ਜਨਰਲ ਅਤੇ ਸਟੇਟ ਕਾਊਂਸਲਰ ਔਂ ਸਾਂ ਸੂ ਚੀ ਵੀ ਇੱਥੇ ਰਹਿੰਦੇ ਹਨ।

ਮਾਹਿਰਾਂ ਨੇ ਤਤਕਾਲੀ ਫ਼ੌਜੀ ਹੁਕਮਰਾਨਾਂ ਦੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਹੋਇਆ ਕਿਹਾ ਸੀ, "ਗਰੀਬੀ ਦੀ ਮਾਰ ਝੱਲਦੇ ਇਸ ਦੇਸ ਨੂੰ ਹਜ਼ਾਰਾਂ ਕਰੋੜ ਡਾਲਰ ਖਰਚ ਕੇ ਇੱਕ ਨਵੀਂ ਰਾਜਧਾਨੀ ਬਣਾਉਣ ਦੀ ਕੀ ਜ਼ਰੂਰਤ ਸੀ।''

ਸ਼ਾਇਦ ਉਸੇ ਵਕਤ ਤੋਂ ਮਿਆਂਮਾਰ ਸਰਕਾਰ ਨਵੀਂ ਰਾਜਧਾਨੀ ਨੂੰ ਲੈ ਕੇ ਸਾਵਧਾਨੀ ਵਰਤ ਰਹੀ ਹੈ।

ਕਰੜੇ ਨਿਯਮ

ਸੰਸਦ ਦੇ ਬਾਹਰ ਜਦੋਂ ਅਸੀਂ ਵੀਡੀਓ ਕੈਮਰਾ ਕੱਢਿਆ ਤਾਂ ਇੱਕ ਪੁਲਿਸ ਵਾਲੇ ਨੇ ਸਾਨੂੰ ਨੇੜਲੀ ਪੁਲਿਸ ਚੌਂਕੀ ਪਹੁੰਚਣ ਦੇ ਹੁਕਮ ਦਿੱਤੇ।

20 ਮਿੰਟ ਦੀ ਪੁੱਛਗਿੱਛ ਤੋਂ ਬਾਅਦ ਸਾਨੂੰ ਜਾਣ ਦਿੱਤਾ ਪਰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ, "ਜਰਨਲਿਸ਼ਟ ਵੀਜ਼ਾ ਹੈ, ਫ਼ਿਰ ਵੀ ਤੁਸੀਂ ਲੋਕ ਇੱਥੇ ਵੀਡੀਓ ਨਹੀਂ ਬਣਾ ਸਕਦੇ।''

ਫੋਟੋ ਕੈਪਸ਼ਨ ਨੈਪੀਡੌ ਵਿੱਚ ਮੀਡੀਆ 'ਤੇ ਕਈ ਪਾਬੰਦੀਆਂ ਹਨ

ਭਾਵੇਂ ਸਰਕਾਰੀ ਮੁਲਾਜ਼ਮ ਹੋਣ ਜਾਂ ਟੈਕਸੀ-ਬੱਸ ਵਾਲੇ, ਇਸ ਅਨੋਖੇ ਸ਼ਹਿਰ ਵਿੱਚ ਸਾਰੇ ਕਹਿੰਦੇ ਹਨ ਕਿ ਉਹ ਬਹੁਤ ਖੁਸ਼ ਹਨ।

ਮਿਆਂਮਾਰ ਵਿੱਚ ਦਹਾਕਿਆਂ ਤੱਕ ਫ਼ੌਜੀ ਹਕੂਮਤ ਰਹਿਣ ਕਰਕੇ ਮੀਡੀਆ ਦੀ ਮੌਜੂਦਗੀ ਨਾ ਦੇ ਬਰਾਬਰ ਹੀ ਰਹੀ।

2011 ਤੋਂ ਬਾਅਦ ਦੇਸ ਵਿੱਚ ਸਿਆਸੀ ਸੁਧਾਰਾਂ ਦੀ ਸ਼ੁਰੂਆਤ ਹੋਈ ਤੇ ਲੋਕਾਂ ਵਿੱਚ ਮੀਡੀਆ ਲਈ ਜਾਗਰੂਕਤਾ ਵੱਧੀ।

ਅਜੇ ਵੀ ਜ਼ਿਆਦਾਤਰ ਲੋਕ ਖੁੱਲ੍ਹ ਕੇ ਗੱਲ ਕਰਨ ਦੀ ਬਜਾਏ ਹਰ ਚੀਜ਼ ਦੀ ਤਰੀਫ਼ ਕਰਨਾ ਪਸੰਦ ਕਰਦੇ ਹਨ।

'ਨੈਪੀਡੌ 'ਚ ਚੰਗੇ ਕਾਲਜ ਨਹੀਂ'

ਸਿਰਫ਼ ਇੱਕ ਸਖ਼ਸ ਸਾਨੂੰ ਨੇਪੀਡੌ ਦੀ ਵੱਡੀ ਸਰਕਾਰੀ ਕਾਲੋਨੀ ਦੇ ਬਾਹਰ ਮਿਲੇ ਜਿਨ੍ਹਾਂ ਨੇ ਸ਼ਹਿਰ ਦੀ ਸਿਫ਼ਤ ਤੋਂ ਇਲਾਵਾ ਵੀ ਕੁਝ ਦੱਸਿਆ।

ਤੁਨ ਔਂਗ ਅਤੇ ਉਨ੍ਹਾਂ ਦੀ ਪਤਨੀ ਇੱਕ ਰੈਸਤਰਾਂ ਚਲਾਉਂਦੇ ਹਨ।

ਫੋਟੋ ਕੈਪਸ਼ਨ ਤੁੰਗ ਔਂਗ ਮੁਤਾਬਕ ਇੱਥੇ ਚੰਗੇ ਕਾਲਜ ਨਹੀਂ ਹਨ

ਉਨ੍ਹਾਂ ਕਿਹਾ, "ਅਸੀਂ ਲੋਕ ਮਿਆਂਮਾਰ ਦੇ ਸ਼ਾਨ ਸੂਬੇ ਦੇ ਰਹਿਣ ਵਾਲੇ ਹਾਂ। ਚਾਰ ਸਾਲ ਪਹਿਲਾਂ ਇੱਥੇ ਰੁਜ਼ਗਾਰ ਲਈ ਆਏ ਸੀ। ਵਪਾਰ ਥੋੜ੍ਹਾ ਚੱਲ ਰਿਹਾ ਹੈ ਪਰ ਇੱਥੇ ਚੰਗੇ ਕਾਲਜ ਨਹੀਂ ਹਨ। ਇਸ ਕਰਕੇ ਸਾਨੂੰ ਬੱਚਿਆਂ ਨੂੰ ਦੂਜੇ ਸ਼ਹਿਰ ਵਿੱਚ ਰਿਸ਼ਤੇਦਾਰਾਂ ਕੋਲ ਭੇਜਣਾ ਪਿਆ।

ਸਿਫ਼ਾਰਤਖਾਨੇ ਯਾਂਗੂਨ ਵਿੱਚ

ਮਿਆਂਮਾਰ ਵਿੱਚ ਸਾਰੇ ਵਿਦੇਸ਼ੀ ਸਿਫਾਰਤਖਾਨੇ ਹੁਣ ਵੀ ਯਾਂਗੂਨ ਸ਼ਹਿਰ ਵਿੱਚ ਹਨ। ਉਨ੍ਹਾਂ ਨੂੰ ਨੇਪਿਡੋ ਜਾਣ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਸਭ ਤੋਂ ਵੱਡਾ ਸ਼ਹਿਰ ਹੋਣ ਦੇ ਇਲਾਵਾ ਯਾਂਗੂਨ ਦੇਸ ਦੀ ਆਰਥਿਕ ਰਾਜਧਾਨੀ ਵੀ ਹੈ।

ਨੇਪੀਡੌ ਵਿੱਚ ਘੁੰਮ ਕੇ ਤੁਹਾਨੂੰ ਇਹ ਖੁਦ ਸਮਝ ਆ ਜਾਵੇਗਾ ਕਿ ਨੈਪਿਡੋ ਨੂੰ ਰਾਜਧਾਨੀ ਬਣਾਉਣ ਦਾ ਫ਼ੈਸਲਾ ਆਖਿਰ ਕਿਸਦਾ ਸੀ।

ਸ਼ਹਿਰ ਵਿੱਚ ਹਰ ਪਾਸੇ ਫ਼ੌਜੀ ਰਾਜ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇੱਥੇ ਕਈ ਹਜ਼ਾਰ ਕਰੋੜ ਰੁਪਏ ਖਰਚ ਕੇ ਫ਼ੌਜੀ ਅਜਾਇਬ ਘਰ ਬਣਾਇਆ ਗਿਆ ਹੈ, ਜੋ ਕਈ ਹਜ਼ਾਰ ਏਕੜ ਵਿੱਚ ਫ਼ੈਲਿਆ ਹੈ।

ਫੋਟੋ ਕੈਪਸ਼ਨ ਫ਼ੌਜੀ ਅਜਾਇਬ ਘਰ ਵਿੱਚ ਕਈ ਹਵਾਈ ਜਹਾਜ਼ਾਂ ਦੀ ਨੁਮਾਇਸ਼ ਲੱਗੀ ਹੈ

ਹਥਿਆਰਾਂ ਤੋਂ ਇਲਾਵਾ ਕਈ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਤੋਂ ਹਵਾਈ ਜਹਾਜ਼ ਮੰਗਾ ਕੇ ਇੱਥੇ ਲਿਆਏ ਗਏ ਹਨ।

ਇਨ੍ਹਾਂ ਵਿੱਚ ਦੂਜੀ ਵਿਸ਼ਵ ਜੰਗ ਦੇ ਖ਼ਤਰਨਾਕ 'ਸਿਫ਼ਟਫਾਇਰ' ਤੇ ਵਿਅਤਨਾਮ ਜੰਗ ਵਿੱਚ ਇਸਤੇਮਾਲ ਹੋਏ ਜੰਬੋ ਹੈਲੀਕਾਪਟਰ ਵੀ ਖੜ੍ਹੇ ਹਨ।

ਪਰ ਹਕੀਕਤ ਇਹ ਹੈ ਕਿ ਇਨ੍ਹਾਂ ਨੂੰ ਦੇਖਣ ਬਹੁਤ ਘੱਟ ਲੋਕ ਆਉਂਦੇ ਹਨ।

'ਇੱਥੇ ਨਾ ਟ੍ਰੈਫਿਕ ਨਾ ਪ੍ਰਦੂਸ਼ਣ'

ਹਾਲਾਂਕਿ ਨੇਪੀਡੌ ਵਿੱਚ ਸਾਡੀ ਮੁਲਾਕਾਤ ਦੇਸ ਦੇ ਕੇਂਦਰੀ ਮੰਤਰੀ ਵਿਨ ਮਿਆਤ ਨਾਲ ਹੋਈ। ਉਨ੍ਹਾਂ ਨੇ ਇਸ ਸ਼ਹਿਰ ਨੂੰ 'ਭੂਤੀਆ ਰਾਜਧਾਨੀ' ਕਹਿਣ ਨੂੰ ਪੂਰੇ ਤਰੀਕੇ ਨਾਲ ਨਕਾਰ ਦਿੱਤਾ।

ਉਨ੍ਹਾਂ ਕਿਹਾ, "ਜੇ 2007 ਵਿੱਚ ਤੁਸੀਂ ਮੈਨੂੰ ਪੁੱਛਦੇ ਤਾਂ ਮੈਂ ਮੰਨ ਵੀ ਲੈਂਦਾ। ਹੁਣ ਨਹੀਂ, ਹੁਣ ਤਾਂ ਜੋ ਲੋਕ ਇੱਥੇ ਆਉਂਦੇ ਹਨ, ਉਹ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ।''

"ਇੱਥੇ ਨਾ ਤਾਂ ਪ੍ਰਦੂਸ਼ਣ ਹੈ, ਨਾ ਹੀ ਟ੍ਰੈਫਿਕ ਦੀ ਮਾਰਾਮਾਰੀ ਅਤੇ ਨਾ ਹੀ ਘਰਾਂ ਦੀ ਪਰੇਸ਼ਾਨੀ।''

ਸ਼ਹਿਰ ਦਾ ਸਭ ਤੋਂ ਵੱਡਾ ਸ਼ੌਪਿੰਗ ਮਾਲ ਵੀ ਖਾਲੀ ਪਿਆ ਰਹਿੰਦਾ ਹੈ।

ਅੰਦਰ ਦੀਆਂ ਤਸਵੀਰਾਂ ਲੈਣ ਦੀ ਇਜਾਜ਼ਤ ਨਹੀਂ ਹੈ ਪਰ ਦੁਨੀਆਂ ਦੇ ਟਾਪ ਬਰਾਂਡਸ ਇੱਥੇ ਜ਼ਰੂਰ ਮਿਲਦੇ ਹਨ।

ਫ਼ਿਲਹਾਲ ਤਾਂ ਰਾਜਧਾਨੀ ਦੇ ਨਾਲ ਇੱਥੇ ਭੇਜੇ ਗਏ ਸਰਕਾਰੀ ਨੌਕਰ ਹੀ ਖਰੀਦਦਾਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ