ਤਾਈਵਾਨ ਦੀ ਯੂਨੀਵਰਸਿਟੀ ਦਾ ਦਾਅਵਾ, ਪੀਂਘ ਨੇ ਤੋੜਿਆ ਵਿਸ਼ਵ ਰਿਕਾਰਡ

ਤਾਇਪੀ ਵਿੱਚ ਲੰਬੇ ਵਕਤ ਲਈ ਸਤਰੰਗੀ ਪੀਂਘਾਂ ਦਿਖਣੀਆਂ ਆਮ ਗੱਲ ਹੈ Image copyright chinese cultural university
ਫੋਟੋ ਕੈਪਸ਼ਨ ਤਾਇਪੀ ਵਿੱਚ ਲੰਬੇ ਵਕਤ ਲਈ ਸਤਰੰਗੀ ਪੀਂਘਾਂ ਦਿਖਣੀਆਂ ਆਮ ਗੱਲ ਹੈ

ਸਤਰੰਗੀ ਪੀਂਘ ਦਾ ਨਜ਼ਾਰਾ ਅਨੋਖਾ ਹੋ ਸਕਦਾ ਹੈ ਪਰ ਜ਼ਿਆਦਾਤਰ ਲੋਕ ਇਸ ਨੂੰ ਥੋੜ੍ਹੇ ਚਿਰ ਲਈ ਹੀ ਦੇਖ ਪਾਉਂਦੇ ਹਨ।

ਪੰਜਾਬ ਦੀ ਦੇਸੀ ਭਾਸ਼ਾ ਵਿੱਚ ਇਸਨੂੰ ਰੱਬ ਦੀ ਪੀਂਘ ਵੀ ਕਿਹਾ ਜਾਂਦਾ ਹੈ।

ਪਰ ਪਿਛਲੇ ਹਫਤੇ ਤਾਇਵਾਨ ਦੇ ਤਾਇਪੀ 'ਚ ਚਾਇਨੀਸ ਕਲਚਰ ਯੂਨੀਵਰਸਿਟੀ ਦੇ ਪ੍ਰੋਫੇਸਰਾਂ ਅਤੇ ਵਿਦਿਆਰਥੀਆਂ ਨੇ 9 ਘੰਟੇ ਤੱਕ ਪਹਾੜਾਂ 'ਤੇ ਸਤਰੰਗੀ ਪੀਂਘ ਦਾ ਨਜ਼ਾਰਾ ਦੇਖਿਆ।

ਮੋਦੀ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ ਲਾਉਣ ਨਿਕਲੀ ਕੁੜੀ ਕੌਣ?

ਕਿਵੇਂ ਮਿਲੀ ਗਰਭਵਤੀ ਔਰਤਾਂ ਨੂੰ ਨਵੀਂ ਜ਼ਿੰਦਗੀ?

ਯੂਨੀਵਰਸਿਟੀ ਦੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫੇਸਰ ਚੋ ਕੁਨ ਸੌਨ ਮੁਤਾਬਕ "ਉਹ ਬੇਹੱਦ ਸ਼ਾਨਦਾਰ ਨਜ਼ਾਰਾ ਸੀ, ਮੈਨੂੰ ਲੱਗੇ ਜਿਵੇਂ ਕਿ ਕੋਈ ਅਸਮਾਨੀ ਤੋਹਫਾ ਹੈ, ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।"

'9 ਘੰਟੇ ਦਿਖਦੀ ਰਹੀ ਪੀਂਘ'

ਪ੍ਰੋਫੈਸਰ ਚੋ ਅਤੇ ਦੂਜੇ ਪ੍ਰੋਫੈਸਰ ਲਿਓ ਚਿੰਗ-ਹੌਂਗ ਨੇ ਸਤਰੰਗੀ ਪੀਂਘ ਨੂੰ ਰਿਕਾਰਡ ਕੀਤਾ ਜਿਸ ਵਿੱਚ ਉਨ੍ਹਾਂ ਦੀ ਮਦਦ ਯੂਨੀਵਰਸਿਟੀ ਦੀ ਵਿਦਿਆਰਥੀਆਂ ਸਣੇ ਹੋਰ ਲੋਕਾਂ ਨੇ ਕੀਤੀ।

ਉਨ੍ਹਾਂ ਦੇ ਕੀਤੇ ਸ਼ੋਧ, ਖਿੱਚੀਆਂ ਤਸਵੀਰਾਂ ਤੇ ਬਣਾਈ ਗਈ ਵੀਡੀਓ ਰਾਹੀਂ ਪਤਾ ਲੱਗਦਾ ਹੈ ਕਿ ਸਤਰੰਗੀ ਪੀਂਘ ਸਵੇਰੇ 6.57 ਤੋਂ ਲੈ ਕੇ ਦੁਪਹਿਰ 03.55 ਤੱਕ ਰਹੀ।

ਇਸ ਸਤਰੰਗੀ ਪੀਂਘ ਨੇ ਪਿਛਲਾ ਰਿਕਾਰਡ ਤੋੜ ਦਿੱਤਾ ਹੈ ਜੋ ਇੰਗਲੈਂਡ ਦੇ ਯਾਰਕਸ਼ਾਇਰ ਵਿੱਚ 14 ਮਾਰਚ 1994 ਨੂੰ ਬਣਿਆ ਸੀ।

ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਉਸ ਵੇਲੇ ਸਤਰੰਗੀ ਪੀਂਘ ਦਾ ਨਜ਼ਾਰਾ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੇਖਣ ਨੂੰ ਮਿਲਿਆ ਸੀ।

Image copyright chinese cultural university
ਫੋਟੋ ਕੈਪਸ਼ਨ ਯੂਨੀਵਰਸਿਟੀ ਹੁਣ ਗਿਨੀਜ਼ ਲਈ ਸਬੂਤ ਇੱਕਠੇ ਕਰ ਰਹੀ ਹੈ।

ਗਿਨੀਜ਼ ਦੀ ਵੈੱਬਸਾਈਟ ਮੁਤਾਬਕ ਜ਼ਿਆਦਾਤਰ ਸਤਰੰਗੀ ਪੀਂਘ ਇੱਕ ਘੰਟੇ ਤੋਂ ਘੱਟ ਵਕਤ ਲਈ ਰਹਿੰਦੀ ਹੈ।

ਪ੍ਰੋਫੈਸਰ ਚੋ ਮੁਤਾਬਕ, "ਕੁਝ ਘੰਟਿਆਂ ਬਾਅਦ ਅਸੀਂ ਵਿਦਿਆਰਥੀਆਂ ਨੂੰ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਕੂਲ ਵਿੱਚ ਸਭ ਨੂੰ ਇਸ ਦੀਆਂ ਤਸਵੀਰਾਂ ਖਿੱਚ ਕੇ ਭੇਜਣ ਵਾਸਤੇ ਕਿਹਾ।''

ਉਨ੍ਹਾਂ ਕਿਹਾ, "ਜਦੋਂ ਉਸ ਸਤਰੰਗੀ ਪੀਂਘ ਨੇ ਪਿਛਲਾ 6 ਘੰਟਿਆਂ ਦਾ ਰਿਕਾਰਡ ਤੋੜਿਆ ਤਾਂ ਉਸ ਵੇਲੇ ਦੁਪਹਿਰ ਦੇ ਖਾਣੇ ਦਾ ਵਕਤ ਸੀ ਪਰ ਮੈਂ ਖਾਣਾ ਖਾਣ ਲਈ ਬੈਠ ਨਹੀਂ ਪਾ ਰਿਹਾ ਸੀ। ਮੇਰੀ ਨਜ਼ਰ ਇਸੇ 'ਤੇ ਹੀ ਸੀ ਕਿ ਅਸੀਂ ਸਤਰੰਗੀ ਪੀਂਘ ਨੂੰ ਰਿਕਾਰਡ ਕਰ ਰਹੇ ਹਾਂ ਜਾਂ ਨਹੀਂ।''

"ਸਤਰੰਗੀ ਪੀਂਘ ਨੇ ਉਸ ਵੇਲੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਪਿਛਲੇ ਰਿਕਾਰਡ ਨੂੰ 3 ਘੰਟੇ ਪਿੱਛੇ ਛੱਡ ਦਿੱਤਾ।''

ਗਿਨੀਜ਼ ਨੂੰ ਸਾਬਿਤ ਕਰਨ ਦੀ ਤਿਆਰੀ

ਪ੍ਰੋਫੈਸਰ ਚੋ ਮੁਤਾਬਕ ਉਹ ਸਤਰੰਗੀ ਪੀਂਘ ਨੂੰ ਰਿਕਾਰਡ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਸੀ, ਕਿਉਂਕਿ ਪਿਛਲੇ ਸੋਮਵਾਰ ਨੂੰ ਹੀ ਉਨ੍ਹਾਂ ਨੇ 6 ਘੰਟੇ ਤੱਕ ਟਿਕੇ ਰਹਿਣ ਵਾਲੀ ਸਤਰੰਗੀ ਪੀਂਘ ਨੂੰ ਰਿਕਾਰਡ ਕੀਤਾ ਸੀ।

ਸਕੂਲ ਦਾ ਮਹਿਕਮਾ ਹੁਣ ਗਿਨੀਜ਼ ਰਿਕਾਰਡ ਲਈ ਸਬੂਤ ਇੱਕਠੇ ਕਰ ਰਿਹਾ ਹੈ।

ਪ੍ਰੋਫੈਸਰ ਚੋ ਨੇ ਕਿਹਾ, "ਸਾਡੇ ਵਿਭਾਗ ਨੇ ਹੀ 10,000 ਤਸਵੀਰਾਂ ਲਈਆਂ ਹਨ ਅਤੇ ਆਲੇ ਦੁਆਲੇ ਲੋਕਾਂ ਨੇ ਵੀ ਕਈ ਤਸਵੀਰਾਂ ਲਈਆਂ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਗਿਨੀਜ਼ ਨੂੰ ਇਹ ਸਾਬਤ ਕਰਨ ਵਿੱਚ ਕਾਮਯਾਬ ਹੋ ਜਾਵਾਂਗੇ ਕਿ ਇਹ ਸਤਰੰਗੀ ਪੀਂਘ 9 ਘੰਟਿਆਂ ਤੱਕ ਦਿਖਦੀ ਰਹੀ।''

Image copyright chinese cultural university

ਉੱਤਰੀ-ਪੂਰਬੀ ਮਾਨਸੂਨ ਹਵਾ ਵਿੱਚ ਨਮੀ ਕੈਦ ਕਰ ਲੈਂਦੇ ਹਨ, ਜਿਸ ਕਰਕੇ ਬੱਦਲ ਬਣਦੇ ਹਨ। ਇਸ ਨਾਲ ਹੀ ਧੁੱਪ ਤੇ ਹਲਕੀ ਚੱਲਦੀ ਹਵਾ ਸਤਰੰਗੀ ਪੀਂਘ ਨੂੰ ਇੰਨੇ ਲੰਬੇ ਵਕਤ ਤੱਕ ਜਾਰੀ ਰਹਿਣ ਵਿੱਚ ਯੋਗਦਾਨ ਪਾਉਂਦੀ ਹੈ।

ਪ੍ਰੋਫੈਸਰ ਚੋ ਮੁਤਾਬਕ ਤਾਇਪੀ ਦੀਆਂ ਇਨ੍ਹਾਂ ਪਹਾੜੀਆਂ ਵਿੱਚ ਅਜਿਹੇ ਹਾਲਾਤ ਆਮ ਹੁੰਦੇ ਹਨ। ਇਸ ਲਈ ਇਹ ਇਲਾਕਾ ਲੰਬੀ ਸਤਰੰਗੀ ਪੀਂਘਾਂ ਦੇਖਣ ਲਈ ਸਹੀ ਥਾਂ ਹੈ।

ਉਨ੍ਹਾਂ ਅੱਗੇ ਕਿਹਾ, "ਮੈਂ ਤਾਇਪੀ ਦੇ ਸੈਰ-ਸਪਾਟਾ ਮਹਿਕਮੇ ਨਾਲ ਰਾਬਤ ਕਾਇਮ ਕਰਨ ਬਾਰੇ ਸੋਚ ਰਿਹਾ ਹਾਂ ਤਾਂ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਜੇ ਤੁਸੀਂ 9 ਘੰਟੇ ਲੰਬੀ ਸਤਰੰਗੀ ਪੀਂਘ ਦੇਖਣੀ ਹੈ ਤਾਂ ਸਰਦੀਆਂ ਵਿੱਚ ਤਾਇਪੀ ਆਓ!''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ