ਕੀ ਹੈ ਡੌਨਲਡ ਟਰੰਪ ਦਾ ਯਾਤਰਾ ਪਾਬੰਦੀ 'ਤੇ ਫਰਮਾਨ?

ਅਮਰੀਕਾ ਯਾਤਰਾ ਪਾਬੰਦੀ

ਤਸਵੀਰ ਸਰੋਤ, Reuters

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੋਧੇ ਹੋਏ ਯਾਤਰਾ ਪਾਬੰਦੀ ਸੰਬੰਧੀ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਪ੍ਰਵਾਨਗੀ ਦੀ ਇਜਾਜ਼ਤ ਦਿੱਤੀ ਹੈ - ਹਾਲਾਂਕਿ ਹੇਠਲੀਆਂ ਅਦਾਲਤਾਂ ਵਿਚ ਕਾਨੂੰਨੀ ਚੁਣੌਤੀਆਂ ਜਾਰੀ ਹਨ।

ਟਰੰਪ ਦੇ ਜਨਵਰੀ 'ਚ ਰਾਸ਼ਟਰਪਤੀ ਬਨਣ ਤੋਂ ਬਾਅਦ, ਇਸ ਵਿਵਾਦਗ੍ਰਸਤ ਨੀਤੀ ਦਾ ਸਰਕਾਰ ਵਲੋਂ ਇਹ ਤੀਜਾ ਸੰਸਕਰਣ ਹੈ।

ਕੌਣ ਪ੍ਰਭਾਵਿਤ ਹੋਵੇਗਾ?

ਸੱਭ ਤੋਂ ਪਹਿਲਾਂ ਰਾਸ਼ਟਰਪਤੀ ਦੀ ਸਤੰਬਰ ਵਿੱਚ ਜਾਰੀ ਕੀਤੀ ਗਈ ਘੋਸ਼ਣਾ ਮੁਤਾਬਿਕ ਅਮਰੀਕਾ ਵਿੱਚ ਦਾਖਲ ਹੋਣ 'ਤੇ ਚਾਡ, ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਦੇ ਨਾਗਰਿਕਾਂ 'ਤੇ ਪਾਬੰਦੀ ਲਾ ਦਿੱਤੀ ਸੀ।

ਤਸਵੀਰ ਸਰੋਤ, Getty Images

ਇਸ ਵਿੱਚ ਉੱਤਰੀ ਕੋਰੀਆ ਦੇ ਯਾਤਰੀ ਅਤੇ ਵੈਨੇਜ਼ੁਏਲਾ ਦੇ ਕੁਝ ਸਰਕਾਰੀ ਅਧਿਕਾਰੀ ਸ਼ਾਮਲ ਹਨ। ਪਰ ਹੇਠਲੀਆਂ ਅਦਾਲਤਾਂ ਨੇ ਇਨ੍ਹਾਂ ਪ੍ਰਬੰਧਾਂ ਦੀ ਪਹਿਲਾਂ ਹੀ ਆਗਿਆ ਦੇ ਦਿੱਤੀ ਸੀ।

ਅੱਗੇ ਕੀ ਹੋਵੇਗਾ?

ਸੁਪਰੀਮ ਕੋਰਟ ਨੇ 4 ਦਸੰਬਰ ਦੇ ਹੁਕਮਾਂ ਵਿਚ, ਟਰੰਪ ਦੇ ਵਕੀਲਾਂ ਦੀ ਹੇਠਲੀਆਂ ਅਦਾਲਤਾਂ ਵਲੋਂ ਲਾਈ ਗਈ ਅਧੂਰੀ ਪਾਬੰਦੀ ਹਟਾਉਣ ਲਈ ਬੇਨਤੀ ਨੂੰ ਪ੍ਰਵਾਨਗੀ ਦਿੱਤੀ।

ਆਉਣ ਵਾਲੇ ਦਿਨਾਂ ਵਿਚ ਦੋ ਅਦਾਲਤਾਂ ਤੋਂ ਬਹਿਸ ਸੁਣਨ ਦੀ ਉਮੀਦ ਕੀਤੀ ਜਾਂਦੀ ਹੈ।

ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਹੇਠਲੀਆਂ ਅਦਾਲਤਾਂ ਦੀਆਂ ਨਵੀਂਆਂ ਯਾਤਰਾਵਾਂ ਲਈ ਪਾਬੰਦੀਆਂ ਦੀ ਮੈਰਿਟ ਦੇ ਵਿਚਾਰ ਨੂੰ ਪ੍ਰਭਾਵਤ ਨਹੀਂ ਪੈਂਦਾ।

ਇਹ ਦੇਸ ਕਿਉਂ ਚੁਣੇ ਗਏ?

ਤਾਜ਼ਾ ਯਾਤਰਾ 'ਤੇ ਪਾਬੰਦੀ ਮੁਤਾਬਿਕ ਉਹ ਦੇਸ਼ ਜਿੱਥੇ ਇਸ ਸਮੇਂ ਪਹਿਚਾਣ-ਪ੍ਰਬੰਧਨ ਅਤੇ ਸੂਚਨਾ-ਸਾਂਝੀ ਸਮਰੱਥਾਵਾਂ ਅਤੇ ਪ੍ਰੋਟੋਕਾਲਾਂ ਦੀ ਕਮੀ ਹੈ, ਇਸ ਪਾਬੰਦੀ ਹੇਠ ਆਉਂਦੇ ਹਨ।

ਤਸਵੀਰ ਸਰੋਤ, Chris Kleponis-Pool/Getty Images

ਅੱਗੇ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਦੇ ਆਪਣੇ ਖੇਤਰ ਦੇ ਅੰਦਰ ਦਹਿਸ਼ਤਗ਼ਰਦੀ ਕਾਰਵਾਈਆਂ ਦੀ ਮੌਜੂਦਗੀ ਹੈ।

ਆਲੋਚਕਾਂ ਨੇ ਇਹ ਨੋਟ ਕੀਤਾ ਹੈ ਕਿ 9/11 ਦੇ ਨਿਊ ਯਾਰਕ ਹਮਲਿਆਂ, ਬੋਸਟਨ ਮੈਰਾਥਨ ਬੰਬ ਵਿਸਫੋਟ ਅਤੇ ਓਰਲੈਂਡੋ ਨਾਈਟ ਕਲੱਬ ਹਮਲੇ ਵਰਗੇ ਵੱਡੇ ਹਮਲੇ ਅਜਿਹੇ ਦੇਸ਼ਾਂ ਦੇ ਲੋਕਾਂ ਦੁਆਰਾ ਨਹੀਂ ਕੀਤੇ ਗਏ ਸਨ।

ਕੀ ਇਸ ਨੂੰ ਮੁਸਲਮਾਨਾਂ 'ਤੇ ਪਾਬੰਦੀ ਕਿਹਾ ਜਾ ਸਕਦਾ ਹੈ?

ਕਾਨੂੰਨੀ ਲੜਾਈ ਵਿਚ ਇਹ ਅਹਿਮ ਸਵਾਲ ਰਿਹਾ ਹੈ। ਇਸ ਸੂਚੀ ਵਿਚ ਅੱਠ ਦੇਸਾਂ ਵਿਚੋਂ ਛੇ ਮੁੱਖ ਤੌਰ ਤੇ ਮੁਸਲਮਾਨ ਦੇਸ ਹਨ।

14 ਫਰਵਰੀ ਨੂੰ ਵਰਜੀਨੀਆ ਦੇ ਇੱਕ ਅਮਰੀਕੀ ਜ਼ਿਲ੍ਹਾ ਜੱਜ ਨੇ ਪਹਿਲਾ ਇਸ ਨੂੰ ਅਸੰਵਿਧਾਨਕ ਕਰਾਰ ਦਿੱਤਾ ਸੀ ਕਿਉਂਕਿ ਇਸ ਵਿੱਚ ਧਾਰਮਿਕ ਪੱਖਪਾਤ ਸੀ।

ਦੂਜੇ ਸੰਸਕਰਣ 'ਤੇ ਫੈਸਲੇ ਮੁਤਾਬਿਕ, ਹਵਾਈ ਦੀ ਅਦਾਲਤ ਨੇ ਸਰਕਾਰ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਪਾਬੰਦੀ ਮੁਸਲਿਮ ਵਿਰੋਧੀ ਨਹੀਂ ਹੈ ਕਿਉਂਕਿ ਇਹ ਛੇ ਦੇਸ਼ਾਂ ਦੇ ਸਾਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਅਦਾਲਤ ਨੇ ਟਰੰਪ ਵਲੋਂ ਦਿੱਤੇ ਬਿਆਨ ਦਾ ਵੀ ਹਵਾਲਾ ਦਿੱਤਾ, ਜਿਵੇਂ ਕਿ 2015 ਪ੍ਰੈਸ ਰਿਲੀਜ਼ ਜਿਸ ਮੁਤਾਬਕ "ਅਮਰੀਕਾ ਮੁਸਲਮਾਨਾਂ ਦੇ ਦਾਖਲ ਹੋਣ ਤੇ ਮੁਕੰਮਲ ਬੰਦ" ਦੀ ਮੰਗ ਕੀਤੀ ਗਈ ਸੀ।

ਕੀ ਕਹਿੰਦੇ ਹਨ ਮਾਹਿਰ?

ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਅਤੇ ਅਮਰੀਕਾ ਦੀ ਡੈਲਵੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਕਤਦਰ ਖ਼ਾਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਫ਼ੈਸਲਾ ਤਾਂ ਬਹੁਤ ਵੱਡਾ ਨਹੀਂ ਸੀ। ਪਰ ਉਨ੍ਹਾਂ ਲਈ ਇੱਕ ਜਿੱਤ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀਆਂ ਨੀਤੀਆਂ ਪੱਖਪਾਤੀ ਅਤੇ ਨਸਲੀ ਵਿਤਕਰੇ 'ਤੇ ਆਧਾਰਿਤ ਨਹੀਂ ਸਨ।"

ਖ਼ਾਨ ਨੇ ਅੱਗੇ ਕਿਹਾ, "ਆਪਣੀ ਚੋਣ ਮੁਹਿੰਮ ਵੇਲੇ ਇਸਤੇਮਾਲ ਕੀਤੇ ਸ਼ਬਦ 'ਮੁਸਲਿਮ ਬੈਨ' ਬਾਰੇ ਟਰੰਪ ਨੇ ਕਈ ਬਿਆਨ ਦਿੱਤੇ, ਜਿਵੇਂ ਜਿਹੜੇ ਮੁਸਲਿਮ ਦੇਸਾਂ 'ਚੋਂ ਸ਼ਰਨਾਰਥੀ ਆ ਰਹੇ ਹਨ, 'ਮੈਂ ਉਨ੍ਹਾਂ ਨੂੰ ਰੋਕ ਦੇਵਾਂਗਾ', ਫੇਰ ਉਨ੍ਹਾਂ ਨੇ 'ਮੈਂ ਸਾਰੇ ਮੁਸਲਿਮ ਦੇਸਾਂ 'ਤੋਂ ਜੋ ਲੋਕ ਆ ਰਹੇ ਭਾਵੇਂ ਉਹ ਗ੍ਰੀਨ ਕਾਰਡ ਹੋਲਡਰ ਹੋਣ ਜਾਂ ਸੈਲਾਨੀ ਹੋਣ ਸਭ ਨੂੰ ਰੋਕ ਦੇਵਾਂਗਾ, ਤਾਂ ਜੋ ਅਸੀਂ ਪਤਾ ਲਗਾ ਸਕੀਏ ਕਿ ਉੱਥੇ ਕੀ ਹੋ ਰਿਹਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)