ਦੁਨੀਆਂ ਦਾ ਸਭ ਤੋਂ ਵਿਵਾਦਿਤ ਸ਼ਹਿਰ ਕਿਉਂ ਹੈ ਯੇਰੋਸ਼ਲਮ?

ਯੇਰੁਸ਼ਲਮ ਇਸਲਾਮ, ਈਸਾਈ ਤੇ ਯਹੂਦੀ ਧਰਮ ਲਈ ਪਵਿੱਤਰ ਸਥਾਨ ਹੈ

ਇਸਰਾਇਲ ਤੇ ਫਿਲਿਸਤੀਨ ਵਿਚਾਲੇ ਯੇਰੋਸ਼ਲਮ ਨੂੰ ਲੈ ਕੇ ਤਣਾਅ ਵੱਧ ਰਿਹਾ ਹੈ। ਇਸ ਸ਼ਹਿਰ ਦੀ ਦਾਅਵੇਦਾਰੀ ਨੂੰ ਲੈ ਕੇ ਇਸਰਾਇਲ ਤੇ ਅਰਬ ਦੇਸਾਂ ਵਿਚਾਲੇ ਸਭ ਤੋਂ ਵੱਧ ਤਣਾਅ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਯੇਰੋਸ਼ਲਮ ਨੂੰ ਇਸਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਬਾਅਦ ਕੁਝ ਧਿਰਾਂ ਵੱਲੋਂ ਮੁਜਾਹਰੇ ਕੀਤੇ ਜਾ ਰਹੇ ਹਨ।

ਬੀਬੀਸੀ ਨੇ ਸ਼ਹਿਰ ਨੂੰ ਕਰੀਬ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਕਿਉਂ ਇਹ ਸ਼ਹਿਰ ਈਸਾਈ, ਇਸਲਾਮ ਤੇ ਯਹੂਦੀ ਧਰਮ ਲਈ ਖ਼ਾਸ ਮਹੱਤਤਾ ਰੱਖਦਾ ਹੈ।

ਪੈਗੰਬਰ ਇਬਰਾਹਮ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਾਲੇ ਇਹ ਤਿੰਨੋਂ ਹੀ ਧਰਮ ਯੇਰੋਸ਼ਲਮ ਨੂੰ ਆਪਣਾ ਪਵਿੱਤਰ ਸਥਾਨ ਮੰਨਦੇ ਹਨ।

ਇਹੀ ਵਜ੍ਹਾ ਹੈ ਕਿ ਸਦੀਆਂ ਤੋਂ ਮੁਸਲਮਾਨਾਂ, ਯਹੂਦੀਆਂ ਤੇ ਈਸਾਈਆਂ ਦੇ ਦਿਲਾਂ ਵਿੱਚ ਇਸ ਸ਼ਹਿਰ ਦਾ ਨਾਂ ਵੱਸਦਾ ਹੈ।

ਹਿਬਰੂ ਭਾਸ਼ਾ ਵਿੱਚ ਯੇਰੋਸ਼ਲਾਈਮ ਅਤੇ ਅਰਬੀ ਭਾਸ਼ਾ ਵਿੱਚ ਅਲ-ਕੁਦਸ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਸ਼ਹਿਰ ਦੁਨੀਆਂ ਦੇ ਸਭ ਤੋਂ ਪੁਰਾਤਨ ਸ਼ਹਿਰਾਂ ਵਿੱਚੋਂ ਇੱਕ ਹੈ।

ਇਸ ਸ਼ਹਿਰ 'ਤੇ ਕਈ ਵਾਰ ਕਬਜ਼ਾ ਕੀਤਾ ਗਿਆ, ਕਈ ਵਾਰ ਇਸ ਨੂੰ ਤਬਾਹ ਕੀਤਾ ਗਿਆ ਅਤੇ ਕਈ ਵਾਰ ਮੁੜ ਤੋਂ ਵਸਾਇਆ ਗਿਆ।

ਇਹੀ ਵਜ੍ਹਾ ਹੈ ਕਿ ਇਸ ਸ਼ਹਿਰ ਦੀ ਮਿੱਟੀ ਦੀ ਹਰ ਪਰਤ ਵਿੱਚ ਇਤਿਹਾਸ ਦੀ ਇੱਕ ਪਰਤ ਲੁਕੀ ਹੋਈ ਹੈ।

ਕਿਹੜੇ ਹਨ ਚਾਰ ਹਿੱਸੇ?

ਅੱਜ ਯੇਰੋਸ਼ਲਮ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵਿਚਾਲੇ ਵੰਡ ਤੇ ਸੰਘਰਸ਼ ਕਰਕੇ ਸੁਰਖ਼ੀਆਂ ਵਿੱਚ ਰਹਿੰਦਾ ਹੈ ਪਰ ਇਸ ਸ਼ਹਿਰ ਦਾ ਇਤਿਹਾਸ ਇਨ੍ਹਾਂ ਲੋਕਾਂ ਨੂੰ ਆਪਸ ਵਿੱਚ ਜੋੜਦਾ ਵੀ ਹੈ।

ਸ਼ਹਿਰ ਦੇ ਕੇਂਦਰ ਬਿੰਦੂ ਵਿੱਚ ਇੱਕ ਪੁਰਾਤਨ ਸ਼ਹਿਰ ਹੈ ਜਿਸ ਨੂੰ ਓਲਡ ਸਿਟੀ ਕਿਹਾ ਜਾਂਦਾ ਹੈ। ਤੰਗ ਗਲੀਆਂ ਅਤੇ ਇਤਿਹਾਸਕ ਵਾਸਤੂਕਲਾ ਦੀ ਘੁੰਮਣ-ਘੇਰੀਆਂ ਇਸਦੇ ਚਾਰ ਇਲਾਕੇ-ਈਸਾਈ, ਇਸਲਾਮੀ, ਯਹੂਦੀ ਤੇ ਅਰਮੇਨਿਆਈ ਦੀ ਤਸਵੀਰਾਂ ਪੇਸ਼ ਕਰਦੀਆਂ ਹਨ।

ਇਸ ਦੇ ਚਾਰੋਂ ਪਾਸੇ ਇੱਕ ਕਿਲਾਨੁਮਾ ਦੀਵਾਰ ਹੈ ਜਿਸਦੇ ਆਲੇ-ਦੁਆਲੇ ਦੁਨੀਆਂ ਦੇ ਸਭ ਤੋਂ ਪਵਿੱਤਰ ਸਥਾਨ ਸਥਿੱਤ ਹਨ। ਹਰ ਇਲਾਕੇ ਦੀ ਆਪਣੀ ਆਬਾਦੀ ਹੈ।

ਈਸਾਈਆਂ ਦੇ ਦੋ ਇਲਾਕੇ ਹਨ ਕਿਉਂਕਿ ਅਰਮੇਨੀਆਈ ਵੀ ਈਸਾਈ ਹੀ ਹੁੰਦੇ ਹਨ। ਚਾਰੋਂ ਇਲਾਕਿਆਂ ਵਿੱਚ ਸਭ ਤੋਂ ਪੁਰਾਣਾ ਇਲਾਕਾ ਅਰਮੇਨੀਆਈ ਲੋਕਾਂ ਦਾ ਹੀ ਹੈ।

ਇਹ ਦੁਨੀਆਂ ਵਿੱਚ ਅਰਮੇਨਿਆਈ ਲੋਕਾਂ ਦਾ ਸਭ ਤੋਂ ਪੁਰਾਤਨ ਕੇਂਦਰ ਵੀ ਹੈ।

ਸੈਂਟ ਜੇਮਸ ਚਰਚ ਅਤੇ ਮੋਨੇਸਟਰੀ ਵਿੱਚ ਅਰਮੇਨੀਆਈ ਭਾਈਚਾਰੇ ਨੇ ਆਪਣਾ ਇਤਿਹਾਸ ਤੇ ਸੱਭਿਆਚਾਰ ਸਾਂਭ ਕੇ ਰੱਖਿਆ ਹੈ।

ਪਹਿਲਾਂ ਚਰਚ ਦੀ ਕਹਾਣੀ

ਈਸਾਈ ਇਲਾਕੇ ਵਿੱਚ ਦ ਚਰਚ ਆਫ ਦ ਹੋਲੀ ਸੈਪਲੇਕਰ ਹੈ। ਇਹ ਪੂਰੀ ਦੁਨੀਆਂ ਦੇ ਈਸਾਈਆਂ ਦੀ ਆਸਥਾ ਦਾ ਕੇਂਦਰ ਹੈ।

ਇਹ ਈਸਾ ਮਸੀਹ ਦੀ ਕਹਾਣੀ ਦੇ ਕੇਂਦਰ-ਬਿੰਦੂ 'ਤੇ ਸਥਿੱਤ ਹੈ।

ਇੱਥੇ ਹੀ ਈਸਾ ਮਸੀਹ ਦੀ ਮੌਤ ਹੋਈ ਸੀ। ਉਨ੍ਹਾਂ ਨੂੰ ਸੂਲੀ 'ਤੇ ਚੜਾਇਆ ਗਿਆ ਸੀ ਅਤੇ ਇੱਥੇ ਹੀ ਉਨ੍ਹਾਂ ਦਾ ਅਵਤਾਰ ਹੋਇਆ ਮੰਨਿਆ ਜਾਂਦਾ ਹੈ।

ਦਾਤਰ ਈਸਾਈ ਰਵਾਇਤਾਂ ਮੁਤਾਬਕ ਈਸਾ ਮਸੀਹ ਨੂੰ ਇੱਥੇ ਹੀ ਗੋਲਗੋਥਾ 'ਤੇ ਸੂਲੀ 'ਤੇ ਚੜ੍ਹਾਇਆ ਗਿਆ ਸੀ।

ਇਸ ਨੂੰ ਹੀ ਹਿਲ 'ਆਫ ਦ ਕੈਲਵੇਰੀ' ਕਿਹਾ ਜਾਂਦਾ ਹੈ। ਈਸਾ ਮਸੀਹ ਦਾ ਮਕਬਰਾ ਸੈਪੱਲਕਰ ਦੇ ਅੰਦਰ ਹੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇੱਥੇ ਹੀ ਉਨ੍ਹਾਂ ਦਾ ਅਵਤਾਰ ਹੋਇਆ ਸੀ।

ਦੁਨੀਆਂ ਦੇ ਕਰੋੜਾਂ ਈਸਾਈਆਂ ਦੇ ਲਈ ਇਹ ਧਾਰਮਿਕ ਆਸਥਾ ਦਾ ਮੁੱਖ ਕੇਂਦਰ ਹੈ। ਹਰ ਸਾਲ ਲੱਖਾਂ ਲੋਕ ਈਸਾ ਮਸੀਹ ਦੇ ਮਕਬਰੇ ਤੇ ਆ ਕੇ ਪ੍ਰਾਰਥਨਾ ਕਰਦੇ ਹਨ।

ਮਸਜਿਦ ਦੀ ਕਹਾਣੀ

ਮੁਸਲਮਾਨਾਂ ਦਾ ਇਲਾਕਾ ਚਾਰੋਂ ਇਲਾਕਿਆਂ ਵਿੱਚ ਸਭ ਤੋਂ ਵੱਡਾ ਇਲਾਕਾ ਹੈ ਅਤੇ ਇੱਥੇ ਹੀ 'ਡੋਮ ਆਫ ਦਾ ਰੋਕ' ਅਤੇ 'ਮਸਜਿਦ ਅਲ ਅਕਸਾ' ਸਥਿੱਤ ਹੈ।

ਇਹ ਇੱਕ ਪਠਾਰ 'ਤੇ ਸਥਿੱਤ ਹੈ ਜਿਸ ਨੂੰ ਮੁਸਲਿਮ ਹਰਮ ਅਲ ਸ਼ਰੀਫ ਜਾਂ ਪਵਿੱਤਰ ਸਥਾਨ ਕਹਿੰਦੇ ਹਨ।

ਮਸਜਿਦ ਅਲ ਅਕਸਾ ਇਸਲਾਮ ਦੀ ਤੀਜੀ ਸਭ ਤੋਂ ਪਵਿੱਤਰ ਥਾਂ ਹੈ ਅਤੇ ਇਸਦਾ ਪ੍ਰਬੰਧਨ ਇੱਕ ਇਸਲਾਮਿਕ ਟ੍ਰਸਟ ਕਰਦੀ ਹੈ ਜਿਸਨੂੰ ਵਕਫ਼ ਕਹਿੰਦੇ ਹਨ।

ਮੁਸਲਮਾਨਾਂ ਦਾ ਮੰਨਣਾ ਹੈ ਕਿ ਪੈਗੰਬਰ ਮੁਹੰਮਦ ਨੇ ਮੱਕਾ ਤੋਂ ਇੱਥੋਂ ਤੱਕ ਇੱਕ ਰਾਤ ਵਿੱਚ ਯਾਤਰਾ ਕੀਤੀ ਸੀ ਅਤੇ ਇੱਥੇ ਪੈਗੰਬਰ ਨੇ ਆਤਮਾਵਾਂ ਨਾਲ ਚਰਚਾ ਵੀ ਕੀਤੀ ਸੀ।

ਇੱਥੋਂ ਹੀ ਕੁਝ ਕਦਮ ਦੀ ਦੂਰੀ 'ਤੇ ਡੋਮ ਆਫ ਦ ਰੋਕਸ ਦਾ ਪਵਿੱਤਰ ਸਥਾਨ ਹੈ ਇਹੀ ਪਵਿੱਤਰ ਪੱਥਰ ਵੀ ਹੈ। ਮਾਨਤਾ ਹੈ ਕਿ ਪੈਗੰਬਰ ਮੁਹੰਮਦ ਨੇ ਇੱਥੋਂ ਹੀ ਜੰਨਤ ਦੀ ਯਾਤਰਾ ਕੀਤੀ ਸੀ।

ਮੁਸਲਮਾਨ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਵਿੱਤਰ ਸਥਾਨ 'ਤੇ ਪਹੁੰਚਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਰਮਜ਼ਾਨ ਦੇ ਮਹੀਨੇ ਵਿੱਚ ਜੁੰਮੇ ਦੇ ਦਿਨ ਇਹ ਗਿਣਤੀ ਕਾਫ਼ੀ ਜ਼ਿਆਦਾ ਹੁੰਦੀ ਹੈ।

ਪਵਿੱਤਰ ਦੀਵਾਰ

ਯਹੂਦੀ ਇਲਾਕੇ ਵਿੱਚ ਹੀ ਕੋਟੇਲ ਜਾਂ ਪੱਛਮੀ ਦੀਵਾਰ ਹੈ। ਇਹ ਵਾਲ ਆਫ ਦਾ ਮਾਊਂਟ ਦਾ ਬੱਚਿਆ ਹੋਇਆ ਹਿੱਸਾ ਹੈ। ਮੰਨਿਆ ਜਾਂਦਾ ਹੈ ਕਿ ਕਦੇ ਯਹੂਦੀਆਂ ਦਾ ਪਵਿੱਤਰ ਮੰਦਰ ਇਸੇ ਸਥਾਨ 'ਤੇ ਸੀ।

ਯਹੂਦੀਆਂ ਦਾ ਵਿਸ਼ਵਾਸ ਹੈ ਕਿ ਇਹੀ ਉਹ ਸਥਾਨ ਹੈ ਜਿੱਥੋਂ ਵਿਸ਼ਵ ਦਾ ਨਿਰਮਾਣ ਹੋਇਆ ਸੀ ਅਤੇ ਇੱਥੋਂ ਹੀ ਪੈਗੰਬਰ ਇਬਰਾਹਮ ਨੇ ਆਪਣੇ ਪੁੱਤਰ ਇਸ਼ਹਾਕ ਦੀ ਬਲੀ ਦੇਣ ਦੀ ਤਿਆਰੀ ਕੀਤੀ ਸੀ। ਕਈ ਯਹੂਦੀਆਂ ਦਾ ਮੰਨਣਾ ਹੈ ਕਿ ਅਸਲ ਵਿੱਚ ਡੋਮ ਆਫ ਦ ਰੌਕ ਹੀ ਹੋਲੀ ਆਫ ਦ ਹੋਲੀਜ਼ ਹੈ।

ਅੱਜ ਪੱਛਮੀ ਦੀਵਾਰ ਉਹ ਸਭ ਤੋਂ ਨਜ਼ਦੀਕ ਸਥਾਨ ਹੈ ਜਿੱਥੇ ਯਹੂਦੀ ਹੋਲੀ ਆਫ ਦ ਹੋਲੀਜ਼ ਦੀ ਅਰਾਧਨਾ ਕਰ ਸਕਦੇ ਹਨ।

ਇਸਦਾ ਪ੍ਰਬੰਧਨ ਪੱਛਮੀ ਦੀਵਾਰ ਦੇ ਰੱਬੀ ਕਰਦੇ ਹਨ। ਇੱਥੇ ਹਰ ਸਾਲ ਪੂਰੀ ਦੁਨੀਆਂ ਤੋਂ ਲੱਖਾਂ ਯਹੂਦੀ ਪਹੁੰਚਦੇ ਹਨ ਅਤੇ ਖੁਦ ਨੂੰ ਆਪਣੀ ਵਿਰਾਸਤ ਦੇ ਕਰੀਬ ਮਹਿਸੂਸ ਕਰਦੇ ਹਨ।

ਯੇਰੂਸ਼ਲਮ ਦੀ ਇੱਕ ਤਿਹਾਈ ਆਬਾਦੀ ਫਿਲੀਸਤੀਨ ਮੂਲ ਦੀ ਹੈ ਜਿੰਨ੍ਹਾਂ ਵਿੱਚੋਂ ਕਈ ਪਰਿਵਾਰ ਸਦੀਆਂ ਤੋਂ ਇੱਥੇ ਰਹਿੰਦੇ ਆ ਰਹੇ ਹਨ। ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਯਹੂਦੀ ਬਸਤੀਆਂ ਦਾ ਵਿਸਥਾਰ ਵੀ ਵਿਵਾਦ ਦਾ ਵੱਡਾ ਕਾਰਨ ਹੈ।

ਕੌਮਾਂਤਰੀ ਕਨੂੰਨ ਦੇ ਤਹਿਤ ਇਹ ਨਿਰਮਾਣ ਗੈਰ ਕਾਨੂੰਨੀ ਹੈ ਪਰ ਇਜ਼ਰਾਇਲ ਇਸਨੂੰ ਨਕਾਰਦਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)