ਨੇਪਾਲ: ਮਾਓਵਾਦ ਕਰਕੇ ਬਚਪਨ ਗੁਆਉਣ ਵਾਲੇ ਹੱਥ ਕਿਉਂ ਹਨ ਬੇਰੁਜ਼ਗਾਰ?

ਨੇਪਾਲ Image copyright discharged peoples' liberation army

ਸਾਲ 1996 ਵਿੱਚ ਪਹਿਲੀ ਵਾਰ ਮਾਓਵਾਦੀ ਛਾਪੇਮਾਰਾਂ ਨੇ ਨੇਪਾਲ ਦੇ ਰੋਲਪਾ ਜ਼ਿਲ੍ਹੇ ਵਿੱਚ ਮੌਜੂਦ ਇੱਕ ਪੁਲਿਸ ਕੈਂਪ 'ਤੇ ਹਮਲਾ ਕੀਤਾ ਸੀ। ਫ਼ਿਰ ਸ਼ੁਰੂ ਹੋਇਆ ਹਿੰਸਾ ਦਾ ਇੱਕ ਅਜਿਹਾ ਦੌਰ ਜਿਸਨੇ ਇੱਕ ਦਹਾਕੇ ਤੱਕ ਨੇਪਾਲ ਨੂੰ ਉਲਝਾਈ ਰੱਖਿਆ।

ਮਾਓਵਾਦੀਆਂ ਅਤੇ ਨੇਪਾਲ ਦੀ ਰਾਜਸ਼ਾਹੀ ਦੇ ਵਿਚਾਲੇ ਚੱਲ ਰਹੇ ਇਸ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਉਨ੍ਹਾਂ ਬੱਚਿਆਂ ਦਾ ਵੀ ਸੀ ਜੋ ਉਨ੍ਹਾਂ ਦੇ ਨਾਲ ਘੱਟ ਉਮਰ ਵਿੱਚ ਹੀ ਜੁੜ ਗਏ ਸੀ।

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ

82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂ

ਮਾਓਵਾਦੀਆਂ ਦਾ ਦਾਅਵਾ ਸੀ ਕਿ ਇਹ ਬੱਚੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਨਾਲ ਜੁੜੇ ਸੀ ਪਰ ਮਾਓਵਾਦੀਆਂ 'ਤੇ ਕਈ ਵਾਰ ਇਹ ਇਲਜ਼ਾਮ ਲੱਗੇ ਕਿ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਨੇ ਜ਼ਬਰਨ ਆਪਣੀ 'ਪੀਪਲਸ ਲਿਬਰੇਸ਼ਨ ਆਰਮੀ' ਵਿੱਚ ਸ਼ਾਮਿਲ ਕਰਵਾਇਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨੇਪਾਲ ਦੇ 'ਬਾਲ ਲੜਾਕੇ'

ਮਾਓਵਾਦੀਆਂ ਦੀ ਛਾਪਾਮਾਰ ਫੌਜ ਵਿੱਚ ਸ਼ਾਮਿਲ ਇਨ੍ਹਾਂ ਬੱਚਿਆਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਗਿਆ। ਨੇਪਾਲ ਦੀ ਸ਼ਾਹੀ ਫੌਜ ਤੋਂ ਉਹ ਉਸੇ ਤਰੀਕੇ ਨਾਲ ਲੜੇ ਜਿਵੇਂ ਵੱਡੀ ਉਮਰ ਦੇ ਮਾਓਵਾਦੀ ਕਮਾਂਡਰ ਲੜੇ ਸੀ।

ਸਾਲ 2006 ਵਿੱਚ ਯੂ.ਐੱਨ ਦੀ ਨਿਗਰਾਨੀ ਹੇਠ ਸ਼ਾਂਤੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਮਾਓਵਾਦੀ ਛਾਪੇਮਾਰਾਂ ਨੇ ਹਥਿਆਰ ਸੁੱਟ ਦਿੱਤੇ। ਫਿਰ ਲੋਕਤੰਤਰ ਦੀ ਬਹਾਲੀ ਹੋਈ ਅਤੇ ਮਾਓਵਾਦੀਆਂ ਨੇ ਨੇਪਾਲ ਵਿੱਚ ਸਰਕਾਰ ਵੀ ਬਣਾਈ।

ਸੰਘਰਸ਼ ਤੋਂ ਬਾਅਦ ਖਾਲੀ ਹੱਥ

ਜਨ ਮੁਕਤੀ ਛਾਪਾਮਾਰ ਫੌਜ ਯਾਨੀ ਪੀਐੱਲਏ ਦਾ ਨੇਪਾਲ ਦੀ ਫੌਜ ਵਿੱਚ ਰਲੇਵਾਂ ਕਰ ਦਿੱਤਾ ਗਿਆ। ਪੀਐੱਲਏ ਦੇ ਕੈਂਪ ਖ਼ਤਮ ਕਰ ਦਿੱਤੇ ਗਏ।

ਸ਼ਾਂਤੀ ਬਹਾਲੀ ਅਤੇ ਮਾਓਵਾਦੀਆਂ ਦੇ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦੀ ਇਸ ਪ੍ਰਕਿਰਿਆ ਦੇ ਦੌਰਾਨ, ਸੰਘਰਸ਼ ਵਿੱਚ ਸ਼ਾਮਿਲ ਛਾਪੇਮਾਰਾਂ ਨੂੰ ਨਾਕਾਬਿਲ ਕਰਾਰ ਦਿੱਤਾ ਗਿਆ।

ਇਨ੍ਹਾਂ ਲੜਾਕੇ ਬੱਚਿਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਉਮਰ ਅਜੇ ਘੱਟ ਹੈ ਇਸ ਲਈ ਉਨ੍ਹਾਂ ਨੂੰ ਨੇਪਾਲੀ ਫੌਜ ਵਿੱਚ ਨਹੀਂ ਰੱਖਿਆ ਜਾ ਸਕਦਾ।

Image copyright Debalin Roy / BBC

ਉਨ੍ਹਾਂ ਦੇ ਮੁੜ ਵਸੇਬੇ ਦੀ ਯੋਜਨਾ ਬਣਾਈ ਗਈ ਜਿਸ ਨੂੰ ਇਨ੍ਹਾਂ ਲੜਾਕੇ ਬੱਚਿਆਂ ਨੇ ਨਾ ਮੰਨਿਆ ਕਿਉਂਕਿ ਉਸ ਵਿੱਚ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਸੀ।

ਯੂ.ਐੱਨ ਦੀ ਨਿਗਰਾਨੀ ਵਿੱਚ ਚੱਲ ਰਹੀ ਇਸ ਪ੍ਰਕਿਰਿਆ ਦੌਰਾਨ ਨਾਕਾਬਿਲ ਕਰਾਰ ਦਿੱਤੇ ਗਏ ਲੜਾਕੂ ਬੱਚਿਆਂ ਨੂੰ ਦਸ ਹਜ਼ਾਰ ਨੇਪਾਲੀ ਰੁਪਏ ਦਿੱਤੇ ਗਏ।

ਲੇਨਿਨ ਬਿਸਤਾ ਦਾ ਪਿੰਡ ਕਾਠਮਾਂਡੂ ਤੋਂ 40 ਕਿਲੋਮੀਟਰ ਦੂਰ ਹੈ। ਮਹਿਜ਼ 12 ਸਾਲ ਦੀ ਉਮਰ ਵਿੱਚ ਉਹ ਮਾਓਵਾਦੀਆਂ ਨਾਲ ਜੁੜ ਗਿਆ ਸੀ।

ਉਨ੍ਹਾਂ ਦੇ ਪਿਤਾ ਸ਼ਿਆਮ ਕਾਜੀ ਬਿਸਤਾ ਕਾਠਮਾਂਡੂ ਦੀ ਇੱਕ ਕੱਪੜਾ ਫੈਕਟਰੀ ਵਿੱਚ ਕੰਮ ਕਰਦੇ ਸੀ।

ਵਿਚਾਰਧਾਰਾ ਤੋਂ ਸਮਾਜਵਾਦੀ ਹੋਣ ਕਰਕੇ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਲੇਨਿਨ ਰੱਖਿਆ ਸੀ।

'ਪਹਿਲਾਂ ਕਾਬਿਲ ਹੁਣ ਨਾਕਾਬਿਲ'

2015 ਵਿੱਚ ਆਏ ਤਬਾਹਕਾਰੀ ਭੁਚਾਲ ਵਿੱਚ ਉਨ੍ਹਾਂ ਦਾ ਘਰ ਪੂਰੇ ਤਰੀਕੇ ਨਾਲ ਟੁੱਟ ਗਿਆ ਸੀ। ਬੇਰੁਜ਼ਗਾਰੀ ਕਰਕੇ ਲੇਨਿਨ ਆਪਣੇ ਟੁੱਟੇ ਘਰ ਦੀ ਮੁਰੰਮਤ ਨਹੀਂ ਕਰਵਾ ਪਾ ਰਹੇ ਹਨ। ਅੱਜ ਉਹ ਆਪਣੇ ਹੱਕਾਂ ਦੇ ਲਈ ਆਪਣੇ ਹੀ ਆਗੂਆਂ ਦੇ ਸਾਹਮਣੇ ਆਵਾਜ਼ ਚੁੱਕ ਰਹੇ ਹਨ।

ਬੀਬੀਸੀ ਨਾਲ ਹੋਈ ਮੁਲਾਕਾਤ ਵਿੱਚ ਲੇਨਿਨ ਨੇ ਕਿਹਾ, "ਸ਼ਾਂਤੀ ਪ੍ਰਕਿਰਿਆ ਦੇ ਦੌਰਾਨ ਮਾਓਵਾਦੀ ਆਗੂਆਂ ਨੇ ਮੈਨੂੰ ਕਿਹਾ ਸੀ ਕਿ ਫੌਜ ਵਿੱਚ ਭਰਤੀ ਦੇ ਲਈ ਮੈਂ ਨਾਕਾਬਿਲ ਹਾਂ।''

"ਮੈਂ ਉਨ੍ਹਾਂ ਤੋਂ ਪੁੱਛਿਆ ਜਦੋਂ ਅਸੀਂ ਤੁਹਾਡੇ ਲਈ ਲੜ ਰਹੇ ਸੀ ਤਾਂ ਉਸ ਵੇਲੇ ਅਸੀਂ ਕਾਬਿਲ ਸੀ। ਹੁਣ ਕਿਵੇਂ ਅਸੀਂ ਨਾਕਾਬਿਲ ਹੋ ਗਏ?''

Image copyright file photo

ਉਨ੍ਹਾਂ ਅੱਗੇ ਕਿਹਾ, "ਜਦੋਂ ਸਾਡੇ ਖੇਡਣ-ਕੁੱਦਣ ਦੇ ਦਿਨ ਸੀ ਉਸ ਵੇਲੇ ਮਾਓਵਾਦੀਆਂ ਦੀ ਪੀਐੱਲਏ ਵਿੱਚ ਬੱਚੇ ਫੌਜੀ ਬਣ ਕੇ ਲੜ ਰਹੇ ਸੀ। ਹੁਣ ਇੰਨੇ ਸਾਲਾਂ ਬਾਅਦ ਅਸੀਂ ਕਿੱਥੇ ਜਾਈਏ?''

ਯੂ.ਐੱਨ ਦੀ ਰਿਪੋਰਟ ਮੁਤਾਬਕ ਤਕਰੀਬਨ 4000 ਬੱਚੇ ਮਾਓਵਾਦੀਆਂ ਦੀ ਛਾਪਾਮਾਰ ਫੌਜ ਵਿੱਚ ਸ਼ਾਮਿਲ ਸੀ।

ਮਾਓਵਾਦੀਆਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਬੱਚਿਆਂ ਨੇ ਆਪਣੇ ਹੀ ਆਗੂਆਂ ਤੋਂ ਆਪਣਾ ਹੱਕ ਮੰਗਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਖਿਲਾਫ਼ ਵੀ ਉਹੀ ਹੋਇਆ ਜੋ ਜ਼ਿਆਦਾਤਰ ਸਰਕਾਰਾਂ ਵਿਰੋਧੀਆਂ ਖਿਲਾਫ਼ ਕਰਦੀਆਂ ਹਨ।

ਸਾਨੂੰ ਕ੍ਰਾਂਤੀ ਤੋਂ ਕੀ ਮਿਲਿਆ?

ਕਈ ਸਾਬਕਾ ਲੜਾਕੇ ਬੱਚਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਇੱਕ ਹੈ ਤੁਲਸੀ ਜੋ ਕੁਝ ਮਹੀਨਿਆਂ ਪਹਿਲਾਂ ਹੀ ਰਿਹਾਅ ਹੋਏ ਹਨ।

ਉਹ ਕਹਿੰਦੇ ਹਨ, "ਜਦੋਂ ਅਸੀਂ ਆਪਣੀਆਂ ਮੰਗਾਂ ਮਾਓਵਾਦੀਆਂ ਦੇ ਸਾਹਮਣੇ ਰੱਖੀਆਂ ਤਾਂ ਉਨ੍ਹਾਂ ਨੇ ਸਾਡੇ ਵਿੱਚੋਂ ਕਈ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ। ਉਸ ਵੇਲੇ ਮਾਓਵਾਦੀਆਂ ਦੀ ਹੀ ਸਰਕਾਰ ਸੀ ਅਤੇ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਚਾਰਿਆ ਸੀ।''

Image copyright file photo

"ਮੈਂ ਚਾਰ ਸਾਲ ਤੱਕ ਜੇਲ੍ਹ ਵਿੱਚ ਰਿਹਾ। ਇਹ ਉਹੀ ਲੋਕ ਸਨ ਜਿਨ੍ਹਾਂ ਦੇ ਲਈ ਅਸੀਂ ਹਥਿਆਰ ਚੁੱਕ ਕੇ ਲੜਾਈ ਕੀਤੀ ਸੀ। ਅੱਜ ਉਨ੍ਹਾਂ ਨੇ ਸਾਨੂੰ ਹੀ ਜੇਲ੍ਹ ਭੇਜ ਦਿੱਤਾ। ਮੈਂ ਆਪਣਾ ਬਚਪਨ ਤੇ ਕਰੀਅਰ ਗੁਆ ਦਿੱਤਾ। ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਦੂਰ ਹੋ ਗਿਆ। ਪਤਾ ਨਹੀਂ ਕ੍ਰਾਂਤੀ ਤੋਂ ਮੈਨੂੰ ਕੀ ਮਿਲਿਆ?''

"ਆਗੂਆਂ ਨੂੰ ਸੱਤਾ ਮਿਲੀ ਅਤੇ ਸਾਨੂੰ ਕੁਝ ਵੀ ਨਹੀਂ।''

ਇਸ ਮਾਮਲੇ ਨੂੰ ਲੈ ਕੇ ਨੇਪਾਲ ਦੀ ਸਰਕਾਰ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ। ਕਈ ਸਾਬਕਾ ਬਾਲ ਛਾਪਾਮਾਰ ਇਨ੍ਹਾਂ ਦੇ ਸਾਹਮਣੇ ਪੇਸ਼ ਹੋਏ ਅਤੇ ਆਪਣੇ ਹੱਕਾਂ ਦੀ ਮੰਗ ਕੀਤੀ।

ਸਾਬਕਾ ਬਾਲ ਲੜਾਕਿਆਂ ਦੇ ਸੰਗਠਨ ਨੇ ਬੀਬੀਸੀ ਨੂੰ ਉਹ ਵੀਡੀਓ ਦਿਖਾਇਆ ਜੋ ਉਨ੍ਹਾਂ ਨੇ ਕਮਿਸ਼ਨ ਦੇ ਸਾਹਮਣੇ ਆਪਣੀ ਗੱਲ ਰੱਖਣ ਦੇ ਦੌਰਾਨ ਬਣਾਏ ਸੀ।

ਇਨ੍ਹਾਂ ਵਿੱਚੋਂ ਸਭ ਤੋਂ ਦੁਖਦ ਵੀਡੀਓ ਸਾਬਕਾ ਬਾਲ ਲੜਾਕੂ ਖੜਕ ਬਹਾਦੁਰ ਰਾਮਟੇਲ ਦਾ ਸੀ ਜਿਸ ਵਿੱਚ ਉਨ੍ਹਾਂ ਨੂੰ ਕਮਿਸ਼ਨ ਦੇ ਸਾਹਮਣੇ ਰੋਂਦੇ ਹੋਏ ਦਿਖਾਇਆ ਸੀ।

ਵੀਡੀਓ ਵਿੱਚ ਰਾਮਟੇਲ ਕਮਿਸ਼ਨ ਦੇ ਸਾਹਮਣੇ ਕਹਿੰਦੇ ਹੋਏ ਨਜ਼ਰ ਆਏ, ਕੀ ਮੈਂ ਲੜਾਕੂ ਨਹੀਂ ਸੀ? ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ ਹੋ?

'ਮਾਓਵਾਦੀ ਨੇਤਾ ਸਾਨੂੰ ਧਮਕਾ ਰਹੇ ਹਨ'

ਉਹ ਪੁੱਛਦੇ ਹਨ, "ਮੈਂ ਪੀਐੱਲਏ ਦੀ ਛੇਵੀਂ ਬਟਾਲੀਅਨ ਦਾ ਪਲਾਟੂਨ ਕਮਾਂਡਰ ਸੀ। ਮਾਓਵਾਦੀ ਕਿਵੇਂ ਕਹਿ ਸਕਦੇ ਹਨ ਕਿ ਮੈਂ ਉਨ੍ਹਾਂ ਦਾ ਫੌਜੀ ਨਹੀਂ ਸੀ? ਹੁਣ ਮਾਓਵਾਦੀ ਨੇਤਾ ਸਾਨੂੰ ਧਮਕਾ ਰਹੇ ਹਨ।''

Image copyright Debalin Roy / BBC

ਸ਼ਾਂਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਪੀਐੱਲਏ ਦੇ ਮੈਂਬਰ ਰਹਿ ਚੁੱਕੇ ਇਹ ਬੱਚੇ ਹੁਣ ਜਵਾਨ ਹੋ ਗਏ ਹਨ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।

ਨੇਪਾਲ ਵਿੱਚ ਸ੍ਰੋਤਾਂ ਦੀ ਘਾਟ ਅਤੇ ਰੋਜ਼ਗਾਰ ਦੇ ਘੱਟ ਮੌਕੇ ਹੋਣ ਕਰਕੇ ਇਨ੍ਹਾਂ ਦੀ ਜ਼ਿੰਦਗੀ ਹੁਣ ਕਾਫ਼ੀ ਮੁਸ਼ਕਿਲ ਹੋ ਗਈ ਹੈ।

ਦੇਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਸਰਕਾਰ ਨੂੰ ਇਨ੍ਹਾਂ ਦੇ ਮੁੜ ਵਸੇਬੇ ਦੇ ਲਈ ਵਾਰ-ਵਾਰ ਹਦਾਇਤਾਂ ਜਾਰੀ ਕੀਤੀਆਂ ਹਨ।

ਕਮਿਸ਼ਨ ਦੇ ਮੈਂਬਰ ਮੋਹਨਾ ਅੰਸਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਸਾਬਕਾ ਬਾਲ ਲੜਾਕਿਆਂ ਦੇ ਮਾਮਲੇ ਵਿੱਚ ਨੇਪਾਲ ਦੀ ਸਰਕਾਰ ਨੂੰ ਕਮਿਸ਼ਨ ਕਈ ਸਾਲਾਂ ਤੋਂ ਆਪਣੀ ਰਿਪੋਰਟ ਭੇਜਦਾ ਰਿਹਾ ਹੈ।

ਮੋਹਨ ਅੰਸਾਰੀ ਕਹਿੰਦੇ ਹਨ, "ਕਮਿਸ਼ਨ ਨੇ ਰਿਪੋਰਟ ਪਿਛਲੇ ਸਾਲ ਵੀ ਭੇਜੀ ਸੀ। ਇਸ ਸਾਲ ਵੀ ਸਰਕਾਰ ਸਾਡੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

Image copyright discharged peoples'liberation army

ਬਾਲ ਲੜਾਕੂਆਂ ਦਾ ਮਾਮਲਾ ਪਿਛਲੇ 11 ਸਾਲ ਤੋਂ ਸੁਣਵਾਈ ਅਧੀਨ ਹੈ।

ਮਾਓਵਾਦੀਆਂ ਦੀ 'ਪੀਐੱਲਏ' ਦੇ ਵੱਡੇ ਕਮਾਂਡਰਾਂ ਨੂੰ ਦੇਸ ਦੀ ਫੌਜ ਵਿੱਚ ਫਿਰ ਉਹੀ ਰੈਂਕ ਦਿੱਤੇ ਗਏ ਹਨ ਅਤੇ ਜੋ ਆਗੂ ਸਨ ਉਨ੍ਹਾਂ ਦੇ ਹੱਥ ਕੁਰਸੀ ਲੱਗ ਗਈ।

ਪਰ ਸ਼ਾਂਤੀ ਪ੍ਰਕਿਰਿਆ ਤੋਂ ਬਾਅਦ ਪੀਐੱਲਏ ਵਿੱਚ ਸ਼ਾਮਿਲ ਬੱਚੇ ਆਪਣੇ ਘਰਾਂ ਨੂੰ ਪਰਤੇ ਤਾਂ ਉਹ ਖਾਲੀ ਹੱਥ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ