ਸਿਹਤ ਲਈ ਚਾਹ ਫਾਇਦੇਮੰਦ ਜਾਂ ਕੌਫ਼ੀ

TEA AND COFFEE

ਭਾਵੇਂ ਚਾਹ ਤੇ ਕਾਫ਼ੀ ਦੇ ਆਪਣੇ-ਆਪਣੇ ਪਸੰਦ ਕਰਨ ਵਾਲੇ ਹਨ। ਉਹ ਸਾਡੇ ਖ਼ਿਲਾਫ਼ ਪੱਖਪਾਤੀ ਹੋਣ ਦੇ ਇਲਜ਼ਾਮ ਵੀ ਲਾ ਸਕਦੇ ਹਨ।

ਇਸ ਦੇ ਬਾਵਜੂਦ ਬੀਬੀਸੀ ਫ਼ਿਊਚਰ ਦੀ ਟੀਮ ਨੇ ਵਿਗਿਆਨਕ ਤੱਥਾਂ ਦੇ ਅਧਾਰ 'ਤੇ ਦੋਹਾਂ ਵਿਚਕਾਰ ਤੁਲਨਾ ਕਰਨ ਦਾ ਮਨ ਬਣਾਇਆ ਕਿ ਇਹ ਸਾਡੇ ਸਰੀਰ ਤੇ ਮਨ 'ਤੇ ਕਿਹੋ ਜਿਹਾ ਅਸਰ ਪਾਉਂਦੇ ਹਨ।

ਅੱਖਾਂ ਖੋਲ੍ਹਣ ਵਾਲਾ

ਬਹੁਤੇ ਲੋਕ ਕੈਫ਼ੀਨ ਲਈ ਚਾਹ ਜਾਂ ਕੌਫ਼ੀ ਵਿੱਚੋਂ ਕੋਈ ਇੱਕ ਪੀਂਦੇ ਹਨ। ਕੈਫ਼ੀਨ ਸਾਡੇ ਸਰੀਰਾਂ ਲਈ ਪੈਟਰੌਲ ਦਾ ਕੰਮ ਕਰਦਾ ਹੈ।

ਵੇਖਿਆ ਜਾਵੇ ਤਾਂ ਚਾਹ ਦੇ ਇੱਕ ਕੱਪ ਵਿੱਚ ਕੌਫ਼ੀ ਦੇ ਸਾਧਾਰਣ ਕੱਪ ਦੇ ਮੁਕਾਬਲੇ ਅੱਧੀ ਹੀ ਕੈਫ਼ੀਨ ਹੁੰਦੀ ਹੈ।

ਚਾਹ ਦੇ ਕੱਪ ਵਿੱਚ 40 ਮਿਲੀ ਗ੍ਰਾਮ ਤੇ ਕੌਫ਼ੀ ਵਿੱਚ ਇਹੀ ਮਾਤਰਾ 80-115 ਹੁੰਦੀ ਹੈ।

ਇਹ ਵੇਖਿਆ ਗਿਆ ਹੈ ਕਿ ਇਸ ਫ਼ਰਕ ਦੇ ਬਾਵਜੂਦ ਪੀਣ ਵਾਲੇ ਲਗਪਗ ਇੱਕੋ ਜਿਹਾ ਜਾਗੇ ਹੋਏ ਮਹਿਸੂਸ ਕਰਦੇ ਹਨ। ਇਸ ਅਧਿਐਨ 'ਚ ਸ਼ਾਮਲ ਲੋਕਾਂ ਨੇ ਦੋਹਾਂ ਦੇ ਅਸਰਾਂ ਬਾਰੇ ਖੁਦ ਹੀ ਬਿਆਨ ਕੀਤਾ।

ਇਹ ਵੀ ਸਾਹਮਣੇ ਆਇਆ ਕਿ ਇੱਕੋ ਮਿਕਦਾਰ ਦੀ ਚਾਹ ਤੇ ਕੌਫ਼ੀ ਵਿੱਚੋਂ ਚਾਹ ਦਿਮਾਗ ਨੂੰ ਜ਼ਿਆਦਾ ਤੇਜ਼ ਕਰਦੀ ਹੈ। ਫ਼ਿਰ ਵੀ ਕੋਈ ਖ਼ਾਸ ਫ਼ਰਕ ਸਾਹਮਣੇ ਨਹੀਂ ਆਇਆ।

ਵਿਗਿਆਨੀਆਂ ਨੇ ਸਿੱਟਾ ਕੱਢਿਆ ਕਿ ਫ਼ਰਕ ਸਿਰਫ਼ ਕੈਫ਼ੀਨ ਕਰਕੇ ਨਹੀਂ ਹੁੰਦਾ ਬਲਕਿ ਹੋਰ ਵੀ ਤੱਤ ਇਸ ਪਿੱਛੇ ਕਾਰਜਸ਼ੀਲ ਹੋ ਸਕਦੇ ਹਨ। ਮਸਲਨ ਸਾਡੀ ਉਮੀਦ, ਸਵਾਦ ਅਤੇ ਖ਼ੁਸ਼ਬੂ ਆਦਿ ਸਭ ਦੀ ਆਪਣੀ ਭੂਮਿਕਾ ਹੋ ਸਕਦੀ ਹੈ।

ਸਿੱਟਾ꞉ ਤਰਕ ਦੇ ਉਲਟ ਚਾਹ ਤੇ ਕੌਫ਼ੀ ਇੱਕੋ ਜਿਹੇ ਹਨ। ਇਹ ਮੁਕਾਬਲਾ ਬਰਾਬਰੀ 'ਤੇ ਨਿਪਟਿਆ।

ਨੀਂਦ 'ਤੇ ਅਸਰ

ਦੋਹਾਂ ਵਿੱਚਲਾ ਵੱਡਾ ਫ਼ਰਕ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਤੁਸੀਂ ਬਿਸਤਰ ਤੇ ਸੌਣ ਜਾਂਦੇ ਹੋ।

ਯੂਨੀਵਰਸਿਟੀ ਆਫ਼ ਸਰੀ ਦੇ ਖੋਜਕਾਰਾਂ ਨੇ ਵੇਖਿਆ ਕਿ ਕੌਫ਼ੀ ਸਾਡੀ ਨੀਂਦ 'ਤੇ ਜਿਆਦਾ ਅਸਰ ਕਰਦੀ ਹੈ।

ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਬਰਾਬਰ ਚਾਹ ਤੇ ਕੌਫ਼ੀ ਪੀਣ ਨੂੰ ਦਿੱਤੀ ਗਈ ਤੇ ਸਾਹਮਣੇ ਆਇਆ ਕਿ ਭਾਵੇਂ ਦਿਨੇਂ ਇਕਾਗਰਤਾ ਤੇ ਇੱਕੋਜਿਹਾ ਅਸਰ ਪਾਉਂਦੀਆਂ ਹਨ ਪਰ ਕੌਫ਼ੀ ਪੀਣ ਵਾਲਿਆਂ ਨੂੰ ਨੀਂਦ ਮੁਸ਼ਕਿਲ ਨਾਲ ਆਉਂਦੀ ਹੈ। ਸੰਭਾਵੀ ਤੌਰ ਤੇ ਜ਼ਿਆਦਾ ਕੈਫ਼ੀਨ ਦੇ ਅਸਰ ਕਰਕੇ।

ਸਿੱਟਾ꞉ ਚਾਹ ਕੌਫ਼ੀ ਦੇ ਮੁਕਾਬਲੇ ਇਸ ਪੱਖੋਂ ਵਧੀਆ ਹੈ ਕਿ ਇਹ ਨੀਂਦ 'ਤੇ ਵੀ ਘੱਟ ਅਸਰ ਪਾਉਂਦੀ ਹੈ ਤੇ ਚੁਸਤ ਵੀ ਰੱਖਦੀ ਹੈ।

ਦੰਦਾਂ 'ਤੇ ਅਸਰ

ਲਾਲ ਵਾਈਨ ਵਾਂਗ ਹੀ ਚਾਹ ਤੇ ਕੌਫ਼ੀ ਵੀ ਦੁੱਧ ਵਰਗੇ ਦੰਦਾਂ ਨੂੰ ਪੀਲੇ ਕਰ ਸਕਦੀਆਂ ਹਨ। ਜ਼ਿਆਦਾ ਬੁਰੀ ਕੌਣ ਹੈ?

ਦੰਦਾਂ ਦੇ ਬਹੁਤੇ ਡਾਕਟਰਾਂ ਦਾ ਮੰਨਣਾ ਹੈ ਕਿ ਚਾਹ ਦੇ ਪਿਗਮੈਂਟ ਦੰਦਾਂ ਨਾਲ ਜ਼ਿਆਦਾ ਚਿਪਕਦੇ ਹਨ। ਖ਼ਾਸ ਕਰਕੇ ਜੇ ਤੁਸੀਂ ਸਧਾਰਣ ਐਂਟੀਸੈਪਟਿਕ ਕਲੋਰੈਕਸਡਾਈਨ ਵਾਲੇ ਕਿਸੇ ਮਾਊਥਵਾਸ਼ ਦੀ ਵਰਤੋਂ ਕਰਦੇ ਹੋ।

ਸਿੱਟਾ꞉ ਜੇ ਦੰਦ ਚਿੱਟੇ ਚਾਹੁੰਦੇ ਹੋ ਤਾਂ ਕੌਫ਼ੀ ਘੱਟ ਨੁਕਸਾਨਦਾਇਕ ਹੈ।

ਦਿਲਾਂ ਦੀ ਮੱਲ੍ਹਮ

ਇਸ ਗੱਲ ਦੇ ਸਬੂਤ ਹਨ ਕਿ ਚਾਹ ਸਾਡੀਆਂ ਨਸਾਂ ਨੂੰ ਸਕੂਨ ਦਿੰਦੀ ਹੈ। ਚਾਹ ਪੀਣ ਦੇ ਸ਼ੁਕੀਨ ਤਣਾਅ ਵਿੱਚ ਹੋਰ ਕਾਹਵੇ ਜਾਂ ਕਾੜ੍ਹੇ ਪੀਣ ਵਾਲਿਆਂ ਦੇ ਮੁਕਾਬਲੇ ਵਧੇਰੇ ਸਹਿਜ ਰਹਿੰਦੇ ਹਨ।

ਦਿਹਾੜੀ ਵਿੱਚ ਤਿੰਨ ਕੱਪ ਚਾਹ ਪੀਣ ਵਾਲਿਆਂ ਨੂੰ ਤਣਾਅ ਜਾਂ ਡਿਪਰੈਸ਼ਨ ਦਾ 37 ਫ਼ੀਸਦੀ ਤੱਕ ਘੱਟ ਖ਼ਤਰਾ ਹੁੰਦਾ ਹੈ।

ਕੌਫ਼ੀ ਅਜਿਹੀ ਨਹੀਂ ਹੈ। ਇਸਦੇ ਸਬੂਤ ਮਿਲੇ ਹਨ ਕਿ ਕੌਫ਼ੀ ਲੰਬੀਆਂ ਦੀਰਘਕਾਲੀ ਮਾਨਸਿਕ ਬਿਮਾਰੀਆਂ ਤੋਂ ਬਚਾ ਸਕਦੀ ਹੈ।

ਇੱਕ ਹਾਲੀਆ ਅਧਿਐਨ ਵਿੱਚ ਮੈਟਾ ਅਨੈਲਿਸਸ( ਤਿੰਨ ਲੱਖ ਤੋਂ ਵੱਧ ਲੋਕਾਂ 'ਤੇ ਕੀਤਾ ਤਜਰਬਾ) ਨਾਲ ਸਾਹਮਣੇ ਇਹ ਆਇਆ ਕਿ ਕੌਫ਼ੀ ਦੇ ਹਰੇਕ ਕੱਪ ਨਾਲ ਡਿਪਰੈਸ਼ਨ ਦਾ ਖ਼ਤਰਾ 8 ਫ਼ੀਸਦੀ ਤੱਕ ਘਟਦਾ ਹੈ ਜਦ ਕਿ ਬਾਕੀ ਸੌਫ਼ਟ ਡਰਿੰਕ ਇਹ ਖ਼ਤਰਾ ਸਿਰਫ਼ ਵਧਾਉਂਦੇ ਹਨ।

ਇਹ ਨਤੀਜੇ ਜਿਉਂ ਦੇ ਤਿਉਂ ਨਹੀਂ ਸਵੀਕਾਰੇ ਜਾ ਸਕਦੇ। ਵੱਖ-ਵੱਖ ਖੋਜੀਆਂ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਕਫ਼ੀ ਕੁੱਝ ਰਹਿ ਜਾਂਦਾ ਹੈ ਜਿਸ ਵੱਲ ਧਿਆਨ ਨਹੀਂ ਜਾਂਦਾ ਪਰ ਉਹ ਨਤੀਜਿਆਂ ਤੇ ਅਸਰ ਜ਼ਰੂਰ ਪਾ ਰਿਹਾ ਹੁੰਦਾ ਹੈ।

ਫੇਰ ਵੀ ਇਹ ਤਾਂ ਪੱਕਾ ਹੈ ਕਿ ਦੋਹਾ ਪਦਾਰਥਾਂ ਵਿੱਚ ਪੋਸ਼ਕਾਂ ਦਾ ਅਜਿਹਾ ਮਿਸ਼ਰਣ ਹੁੰਦਾ ਹੈ ਜਿਸ ਨਾਲ ਸਾਡਾ ਮੂਡ ਠੀਕ ਹੋ ਜਾਂਦਾ ਹੈ।

ਸਿੱਟਾ꞉ ਇਨ੍ਹਾਂ ਸੀਮਤ ਸਬੂਤਾਂ ਦੇ ਅਧਾਰ 'ਤੇ ਤਾਂ ਇਹ ਮੁਕਾਬਲਾ ਬਰਾਬਰੀ 'ਤੇ ਨਿਪਟਿਆ।

ਸਰੀਰ 'ਤੇ ਅਸਰ

ਅਧਿਐਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਹ ਤੇ ਕੌਫ਼ੀ ਦੋਵੇਂ ਹੀ ਸਿਹਤ ਲਈ ਕਈ ਹੋਰ ਫਾਇਦ ਵੀ ਹਨ।

ਮਿਸਾਲ ਵਜੋਂ ਰੋਜ਼ ਦੇ ਚਾਹ ਜਾਂ ਕੌਫ਼ੀ ਦੇ ਕੁੱਝ ਕੱਪ ਸ਼ੂਗਰ ਦੇ ਖ਼ਤਰੇ ਨੂੰ ਘਟਾਉਂਦੇ ਹਨ (ਅਸਲੀ ਫ਼ਾਇਦਿਆਂ ਬਾਰੇ ਹਾਲੇ ਬਹਿਸ ਜਾਰੀ ਹੈ ਤੇ ਅਨੁਮਾਨਾਂ ਵਿੱਚ 5 ਤੋਂ 40 ਫ਼ੀਸਦੀ ਤੱਕ ਫ਼ਰਕ ਹੈ)।

ਡਿਕੈਫ ਕੌਫ਼ੀ ਵੀ ਅਜਿਹਾ ਹੀ ਫਾਇਦਾ ਪਹੁੰਚਾਉਂਦੀ ਹੈ। ਸ਼ਾਇਦ ਉਸਦੇ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਸਾਡੀ ਪਾਚਨ ਕਿਰਿਆ ਨੂੰ ਤਾਕਤ ਪਹੁੰਚਾਉਂਦੇ ਹਨ

ਦੋਵੇਂ ਹੀ ਪਦਾਰਥ ਕਾਫ਼ੀ ਹੱਦ ਤੱਕ ਦਿਲ ਲਈ ਵੀ ਫ਼ਾਇਦੇਮੰਦ ਹਨ। ਹਾਲਾਂ ਕਿ ਸਬੂਤ ਕੌਫ਼ੀ ਦੇ ਪੱਖ ਵਿੱਚ ਵਧੇਰੇ ਹਨ ਪਰ ਚਾਹ ਕਈ ਤਰ੍ਹਾਂ ਦੇ ਕੈਂਸਰਾਂ ਪ੍ਰਤੀ ਵਧੇਰੇ ਕਾਰਗਰ ਵੇਖੀ ਗਈ ਹੈ। ਸ਼ਾਇਦ ਆਪਣੇ ਐਂਟੀਔਕਸੀਡੈਂਟਸ ਕਰਕੇ।

ਸਿੱਟਾ꞉ ਇੱਕ ਹੋਰ ਬਰਾਬਰੀ। ਦੋਵੇਂ ਹੀ ਸਿਹਤ ਲਈ ਇੱਕੋ ਜਿਹੇ ਫ਼ਾਇਦੇਮੰਦ ਹਨ।

ਸਮੁੱਚਾ ਫ਼ੈਸਲਾ

ਸਾਨੂੰ ਭਾਵੇਂ ਚਾਹ ਪਸੰਦ ਹੋਵੇ ਤੇ ਭਾਵੇਂ ਕੌਫ਼ੀ ਇਹ ਜਰੂਰ ਹੀ ਮੰਨਣਾ ਪਵੇਗਾ ਕਿ ਦੋਹਾਂ ਦੇ ਸਿਹਤ ਲਈ ਫਾਇਦਿਆਂ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਹੈ।

ਸਿਰਫ਼ ਇਸ ਕਰਕੇ ਕਿ ਚਾਹ ਸਾਨੂੰ ਸੌਣ ਵੀ ਦੇ ਦਿੰਦੀ ਹੈ ਸਾਨੂੰ ਚਾਹ ਨੂੰ ਹੀ ਜੇਤੂ ਕਹਿਣਾ ਪਵੇਗਾ। ਸਾਡੇ ਨਾਲ ਆਪਣੇ ਵਿਚਾਰ ਸੋਸ਼ਲ ਮੀਡੀਏ ਰਾਹੀਂ ਸਾਂਝੇ ਕਰੋ ਕਿ, ਤੁਹਾਨੂੰ ਕੀ ਪਸੰਦ ਹੈ ਚਾਹ ਕਿ ਕੌਫ਼ੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)