ਕੀ ਉੱਤਰੀ ਕੋਰੀਆ ਨੂੰ ਝੁਕਾ ਸਕਣਗੀਆਂ ਸੰਯੁਕਤ ਰਾਸ਼ਟਰ ਦੀਆਂ ਨਵੀਆਂ ਪਾਬੰਦੀਆਂ?

ਅਮਰੀਕਾ

ਤਸਵੀਰ ਸਰੋਤ, Getty Images

ਉੱਤਰੀ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਪਰੀਖਣ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ।

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੇ ਹਾਲ ਹੀ ਵਿੱਚ ਬੈਲਿਸਟਿਕ ਮਿਜ਼ਾਈਲ ਪਰੀਖਣਾਂ ਦੇ ਜਵਾਬ ਵਿੱਚ ਉੱਤਰੀ ਕੋਰੀਆ 'ਤੇ ਸਖ਼ਤ ਪਾਬੰਦੀਆਂ ਲਾਉਣ ਲਈ ਸਰਬਸੰਮਤੀ ਨਾਲ ਵੋਟਿੰਗ ਕੀਤੀ ਹੈ।

ਅਮਰੀਕਾ ਵਲੋਂ ਤਿਆਰ ਕੀਤੇ ਗਏ ਪ੍ਰਸਤਾਵ ਵਿਚ ਉੱਤਰੀ ਕੋਰੀਆ ਦੀ ਪੈਟਰੋਲ ਦੀ ਦਰਾਮਦ ਨੂੰ 90% ਤੱਕ ਘਟਾਉਣ ਦੀ ਪਾਬੰਦੀ ਵੀ ਸ਼ਾਮਲ ਹੈ।

ਵੀਡੀਓ ਕੈਪਸ਼ਨ,

ਅਮਰੀਕਾ ਨਾਲ ਆਰ-ਪਾਰ ਦੀ ਲੜਾਈ ਲਈ ਉੱਤਰੀ ਕੋਰੀਆ ਤਿਆਰ ਕਿਉਂ?

ਦਿਲਚਸਪ ਗੱਲ ਇਹ ਹੈ ਕਿ ਉੱਤਰੀ ਕੋਰੀਆ ਦੇ ਮੁੱਖ ਵਪਾਰਕ ਭਾਈਵਾਲ ਚੀਨ ਅਤੇ ਰੂਸ, ਨੇ ਵੀ ਇਸ ਮਤੇ ਦੇ ਪੱਖ ਵਿਚ ਵੋਟਿੰਗ ਕੀਤੀ।

ਜ਼ਿਕਰਯੋਗ ਗੱਲ ਇਹ ਹੈ ਕਿ ਉੱਤਰੀ ਕੋਰੀਆ ਪਹਿਲਾਂ ਤੋਂ ਹੀ ਅਮਰੀਕਾ, ਸੰਯੁਕਤ ਰਾਸ਼ਟਰ ਅਤੇ ਯੂਰਪੀ ਯੂਨੀਅਨ ਦੀਆਂ ਪਾਬੰਦੀਆਂ ਝੱਲ ਰਿਹਾ ਹੈ।

ਇਸ ਤੋਂ ਪਹਿਲਾ ਵੀ ਤਿੰਨ ਵਾਰ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ, ਪਰ ਇਸ ਵਾਰ ਤੇਲ ਸਪਲਾਈ ਬੰਦ ਕਰਕੇ ਉੱਤਰੀ ਕੋਰੀਆਂ ਦੀ ਸ਼ਾਹਰਗ ਕੱਟਣ ਵਰਗਾ ਫੈਸਲਾ ਲਿਆ ਗਿਆ ਹੈ।

ਚੀਨ ਅਤੇ ਰੂਸ ਵਲੋਂ ਵੀ ਇਸ ਮਤੇ ਦੇ ਪੱਖ ਵਿਚ ਭੁਗਤਣਾ ਉੱਤਰੀ ਕੋਰੀਆ ਲਈ ਝਟਕਾ ਵਰਗਾ ਹੈ ਪਰ ਸਵਾਲ ਇਹ ਹੈ ਕੀ ਉੱਤਰ ਕੋਰੀਆ ਇਨ੍ਹਾਂ ਪਾਬੰਦੀਆਂ ਨਾਲ ਝੁਕ ਜਾਵੇਗਾ।

ਨਵੇਂ ਪਾਬੰਦੀਆਂ ਕੀ ਹਨ?

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਇਸ ਮਸਲੇ ਦਾ ਕੂਟਨੀਤਕ ਹੱਲ ਲੱਭਣ ਦੇ ਜਤਨ ਕਰ ਰਹੇ ਹਾਂ ਅਤੇ ਇਨ੍ਹਾਂ ਨਵੀਆਂ ਪਾਬੰਦੀਆਂ ਨੂੰ ਤਿਆਰ ਕੀਤਾ ਹੈ।

  • ਪੈਟ੍ਰੋਲ ਦੀ ਸਪਲਾਈ ਇੱਕ ਸਾਲ ਵਿਚ 500,000 ਬੈਰਲ, ਅਤੇ ਕੱਚੇ ਤੇਲ ਦੀ ਸਪਲਾਈ ਇੱਕ ਸਾਲ ਵਿਚ 4 ਮਿਲੀਅਨ ਬੈਰਲ ਕੀਤੀ ਜਾਏਗੀ।
  • ਵਿਦੇਸ਼ ਵਿਚ ਕੰਮ ਕਰ ਰਹੇ ਸਾਰੇ ਉੱਤਰੀ ਕੋਰੀਆ ਦੇ ਨਾਗਰਿਕਾਂ ਨੂੰ ਪ੍ਰਸਤਾਵਾਂ ਦੇ ਤਹਿਤ 24 ਮਹੀਨੇ ਦੇ ਅੰਦਰ-ਅੰਦਰ ਵਾਪਸ ਆਉਣਾ ਹੋਵੇਗਾ। ਇਹ ਵਿਦੇਸ਼ੀ ਮੁਦਰਾ ਦੇ ਮਹੱਤਵਪੂਰਨ ਸਰੋਤ ਤੇ ਰੋਕਣ ਲਾਈ ਹੈ।
  • ਉੱਤਰੀ ਕੋਰੀਆ ਦੇ ਸਾਮਾਨ ਜਿਵੇਂ ਕਿ ਮਸ਼ੀਨਰੀ ਅਤੇ ਇਲੈਕਟ੍ਰੀਕਲ ਉਪਕਰਨ ਦੀ ਬਰਾਮਦੀ 'ਤੇ ਪਾਬੰਦੀ ਵੀ ਹੋਵੇਗੀ।

ਉੱਤਰ ਕੋਰੀਆ ਨੂੰ ਰੋਕਣ ਲਈ ਪਹਿਲਾਂ ਕੀ ਕੀਤਾ ਗਿਆ ?

ਉੱਤਰੀ ਕੋਰੀਆ ਨੂੰ ਕਾਬੂ ਕਰਨ ਲਈ ਉਸ ਨੂੰ ਮਾਲੀ ਮਦਦ ਦੇਣ ਬਾਰੇ ਸਮਝੌਤਿਆਂ ਦੀਆਂ ਕੋਸ਼ਿਸ਼ਾਂ ਵਾਰ-ਵਾਰ ਅਸਫ਼ਲ ਹੋਈਆਂ ਸਨ।

ਸੰਯੁਕਤ ਰਾਸ਼ਟਰ ਵੱਲੋਂ ਲਗਾਈਆਂ ਗਈਆਂ ਦਿਨੋਂ-ਦਿਨ ਸਖਤ ਹੁੰਦੀਆਂ ਪਾਬੰਦੀਆਂ ਦਾ ਅਸਰ ਬਹੁਤ ਥੋੜ੍ਹਾ ਸੀ ।

ਉਸ ਦੇ ਇੱਕੋ ਇੱਕ ਸੱਚੇ ਸਾਥੀ ਚੀਨ ਨੇ ਵੀ ਉੱਤਰ ਕੋਰੀਆ ਉੱਤੇ ਆਰਥਿਕ ਅਤੇ ਕੂਟਨੀਤਕ ਦਬਾਅ ਪਾਇਆ ਸੀ ।

ਅਮਰੀਕਾ ਨੇ ਉਸ ਨੂੰ ਫ਼ੌਜੀ ਤਾਕਤ ਦੀ ਧਮਕੀ ਤੱਕ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)