ਉੱਤਰੀ ਕੋਰੀਆ ਨੇ ਯੂਐੱਨ ਦੀਆਂ ਪਾਬੰਦੀਆਂ ਨੂੰ ਕਿਹਾ ਜੰਗੀ ਕਾਰਵਾਈ

ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ Image copyright Getty Images

ਉੱਤਰੀ ਕੋਰੀਆ ਨੇ ਹਾਲ ਵਿੱਚ ਯੂ.ਐੱਨ ਵੱਲੋਂ ਲਾਈਆਂ ਪਾਬੰਦੀਆਂ ਨੂੰ ਦੇਸ ਦੇ ਖ਼ਿਲਾਫ਼ 'ਜੰਗੀ ਕਾਰਵਾਈ' ਕਰਾਰ ਦਿੱਤਾ ਹੈ। ਇਹ ਬਿਆਨ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਜਾਰੀ ਕੀਤਾ ਹੈ।

ਉੱਤਰੀ ਕੋਰੀਆ ਦੀ ਕੇਸੀਐੱਨਏ ਨਿਊਜ਼ ਏਜੰਸੀ ਨੇ ਦੇਸ ਦੇ ਵਿਦੇਸ਼ ਮੰਤਰਾਲੇ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹਾਲ ਵਿੱਚ ਲਾਈਆਂ ਗਈਆਂ ਪਾਬੰਦੀਆਂ ਕੁੱਲ ਆਰਥਿਕ ਨਾਕਾਬੰਦੀ ਦੇ ਬਰਾਬਰ ਹਨ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਯੂ.ਐੱਨ ਵੱਲੋਂ ਲਾਈਆਂ ਇਹ ਪਾਬੰਦੀਆਂ ਪੂਰੇ ਕੋਰੀਆਈ ਪ੍ਰਾਇਦੀਪ ਵਿੱਚ ਸ਼ਾਂਤੀ ਤੇ ਸਥਿੱਰਤਾ ਲਈ ਖ਼ਤਰਾ ਹਨ।

ਪਾਬੰਦੀਆਂ ਕਰਕੇ ਪੈਟਰੋਲ ਦੀ ਦਰਆਮਦਗੀ 'ਤੇ ਅਸਰ

ਯੂ.ਐੱਨ ਦੀ ਸੁਰੱਖਿਆ ਕੌਂਸਲ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਨਵੀਆਂ ਪਾਬੰਦੀਆਂ ਲਾਈਆਂ ਹਨ।

ਅਮਰੀਕਾ ਵੱਲੋਂ ਤਿਆਰ ਇਸ ਮਤੇ ਜ਼ਰੀਏ ਉੱਤਰੀ ਕੋਰੀਆ ਦੇ ਪੈਟਰੋਲ ਦਰਆਮਦਗੀ ਨੂੰ 90 ਫੀਸਦ ਤੱਕ ਘੱਟ ਕਰਨ ਲਈ ਕਦਮ ਚੁੱਕੇ ਗਏ ਹਨ।

ਉੱਤਰੀ ਕੋਰੀਆ 'ਤੇ ਪਹਿਲਾਂ ਹੀ ਅਮਰੀਕਾ, ਯੂ.ਐੱਨ ਤੇ ਯੂਰੋਪੀਅਨ ਯੂਨੀਅਨ ਵੱਲੋਂ ਕਈ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ।

Image copyright Getty Images

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਵੱਲੋਂ ਇੱਕ ਪਰਮਾਣੂ ਸ਼ਕਤੀ ਵਜੋਂ ਉੱਭਰਨ 'ਤੇ ਅਮਰੀਕਾ ਘਬਰਾ ਗਿਆ ਹੈ। ਇਸੇ ਰੋਸ ਵਜੋਂ ਵੱਡੀ-ਵੱਡੀ ਪਾਬੰਦੀ ਲਾ ਕੇ ਉੱਤਰੀ ਕੋਰੀਆ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉੱਤਰੀ ਕੋਰੀਆ ਵੱਲੋਂ ਸਾਫ਼ ਕਿਹਾ ਗਿਆ ਹੈ ਉਨ੍ਹਾਂ ਵੱਲੋਂ ਸਵੈ-ਰੱਖਿਆ ਦੇ ਲਈ ਪਰਮਾਣੂ ਉਰਜਾ ਦਾ ਇਸਤੇਮਾਲ ਕਰਨਾ ਜਾਰੀ ਰਹੇਗਾ ਤਾਂ ਜੋ ਕੋਰੀਆਈ ਪ੍ਰਾਇਦੀਪ ਵਿੱਚ ਸੰਤੁਲਨ ਬਣਿਆ ਰਹਿ ਸਕੇ।

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)