ਬਲਾਗ: 'ਬੰਗਲਾਦੇਸ਼ ਵਿੱਚ ਮੈਂ ਗੁਰਦੁਆਰਾ ਨਾਨਕਸ਼ਾਹੀ ਕਿਵੇਂ ਲੱਭਿਆ'

  • ਵੰਦਨਾ
  • ਬੀਬੀਸੀ ਪੱਤਰਕਾਰ
ਗੁਰੂ ਨਾਨਕ, ਗੁਰਦੁਆਰਾ ਨਾਨਕਸ਼ਾਹੀ ਢਾਕਾ

ਮੈਂ ਪਹਿਲੀ ਵਾਰ ਬੰਗਲਾਦੇਸ਼ ਗਈ ਸੀ। ਢਾਕਾ ਦੀ ਇੱਕ ਸੁਸਤ ਸ਼ਾਮ ਸੀ। ਮੈਂ ਸੋਚਿਆ ਕਿਉਂ ਨਾ ਸਮਾਂ ਕੱਢ ਕੇ ਢਾਕਾ ਹੀ ਵੇਖ ਲਵਾਂ। ਉਹ ਸ਼ਹਿਰ ਜੋ ਕਦੇ ਭਾਰਤ ਦਾ ਹੀ ਹਿੱਸਾ ਸੀ।

ਉੱਥੋਂ ਦਾ ਨਾਨਕਸ਼ਾਹੀ ਗੁਰਦੁਆਰਾ ਜਿੱਥੇ ਗੁਰੂ ਨਾਨਕ ਆ ਕੇ ਰੁਕੇ ਸਨ, ਢਾਕੇਸ਼ਵਰੀ ਦੇਵੀ ਦਾ ਮੰਦਿਰ ਅਤੇ ਔਰੰਗਜ਼ੇਬ ਦੇ ਪਰਿਵਾਰ ਨਾਲ ਜੁੜਿਆ ਲਾਲ ਬਾਗ ਵੇਖਣ ਦਾ ਮੇਰਾ ਖਾਸ ਮਨ ਸੀ।

ਇਸ ਕਰਕੇ ਮੈਂ ਹੋਟਲ ਦੇ ਫਰੰਟ ਡੈਸਕ 'ਤੇ ਗਈ ਤੇ ਪੁਛਿਆ ਕਿ ਮੈਂ ਨਾਨਕਸ਼ਾਹੀ ਮੰਦਿਰ ਜਾਣਾ ਹੈ। ਥੋੜਾ ਗਾਈਡ ਕਰ ਸਕਦੇ ਹੋਂ?

ਮੇਰੇ ਸਵਾਲ ਦੇ ਉੱਤਰ ਵਿੱਚ ਸਾਹਮਣੇ ਵਾਲੇ ਦਾ ਚਿਹਰਾ ਭਾਵ ਰਹਿਤ ਜਿਹਾ ਹੋ ਗਿਆ।

ਮੈਂ ਇੱਕ ਦੋ ਵਾਰ ਦੁਹਰਾਇਆ ਪਰ ਚਿਹਰੇ ਤੇ ਉਹ ਚੁੱਪੀ, ਉਹੀ ਸਿਫ਼ਰ।

ਡਾਕਟਰ ਮਨਮੋਹਨ ਸਿੰਘ, ਗੁਰੂ ਨਾਨਕ, ਗੁਰਦੁਆਰਾ ਨਾਨਕਸ਼ਾਹੀ ਢਾਕਾ

ਤਸਵੀਰ ਸਰੋਤ, PIB/PMO

ਮੈਂ ਗੱਲ ਨੂੰ ਥੋੜ੍ਹਾ ਬਦਲਦਿਆਂ ਕਿਹਾ-"ਗੁਰਦੁਆਰਾ ਯਾਨੀ ਸਿੱਖਾਂ ਦਾ ਧਰਮ ਸਥਾਨ, ਸਿੱਖ ਮੰਦਿਰ।"

ਇਹ ਸੁਣ ਕੇ ਉਸਦੇ ਚਿਹਰੇ ਦੀ ਉਲਝਣ ਹੋਰ ਗਹਿਰਾ ਗਈ। ਬੋਲਿਆ-" ਗੁਰਦੁਆਰਾ?, ਮੈਨੂੰ ਨਹੀਂ ਪਤਾ ਗੁਰਦੁਆਰਾ ਕੀ ਹੁੰਦਾ ਹੈ?

ਉਸ ਦੇ ਚਿਹਰੇ ਦੀ ਕਸ਼ਮਕਸ਼ ਹੁਣ ਮੇਰੇ ਚਿਹਰੇ 'ਤੇ ਵੀ ਸੀ।

ਮੈਂ ਮੁੜ ਕੋਸ਼ਿਸ਼ ਕਰਦਿਆਂ ਕਿਹਾ-" ਸਿੱਖ ਧਰਮ ਬਾਰੇ ਜਾਣਦੇ ਹੋਂ? ਨਾਨਕਸ਼ਾਹੀ ਤਾਂ ਢਾਕੇ ਦਾ ਇਤਿਹਾਸਕ ਗੁਰਦੁਆਰਾ ਹੈ।"

ਉਸਨੇ ਝਿਜਕਦਿਆਂ ਕਿਹਾ," ਮੈਂ ਲੋਕਾਂ ਨੂੰ ਢਾਕਾ ਘੁਮਾਉਣ ਲੈ ਕੇ ਜਾਂਦਾ ਹਾਂ ਪਰ ਮੈਨੂੰ ਨਹੀਂ ਪਤਾ ਕਿ ਗੁਰਦੁਆਰਾ ਕੀ ਹੁੰਦਾ ਹੈ ਜਾਂ ਸਿੱਖ ਧਰਮ ਕੀ ਹੁੰਦਾ ਹੈ।"

(New) - ਬੰਗਲਾਦੇਸ਼ ਦੇ ਲੋਕਾਂ ਨੂੰ ਨਹੀਂ ਸੀ ਪਤਾ ਗੁਰਦੁਆਰਾ ਨਾਨਕਸ਼ਾਹੀ ਬਾਰੇ

ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਵਾਪਸ ਆ ਗਈ। ਮੈਂ ਹੈਰਾਨ ਸੀ ਕਿ ਉਸ ਪੜ੍ਹੇ ਲਿਖੇ ਬੰਦੇ ਨੂੰ ਵੱਖ ਵੱਖ ਧਰਮ ਬਾਰੇ ਜਾਣਕਾਰੀ ਨਹੀਂ ਸੀ।

ਭਾਰਤ ਨਾਲ ਲਗਦੇ ਬੰਗਲਾਦੇਸ਼ ਵਿੱਚ ਹੋਣ ਕਰਕੇ ਸ਼ਾਇਦ ਮੈਂ ਇਹ ਮੰਨੀ ਬੈਠੀ ਸੀ ਕਿ ਇੱਥੋਂ ਦੇ ਲੋਕਾਂ ਨੂੰ ਦੋਹਾਂ ਦੇਸ਼ਾਂ ਦੀ ਸਾਂਝੀ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਬਾਰੇ ਤਾਂ ਪਤਾ ਹੀ ਹੋਵੇਗਾ।

ਅਜਿਹਾ ਨਹੀਂ ਸੀ। ਸਾਰੀ ਸ਼ਾਮ ਕਮਰੇ ਵਿੱਚ ਬੈਠੀ ਮੈਂ ਇਹੀ ਸੋਚਦੀ ਰਹੀ।

ਸਿੱਖ ਮੰਦਿਰ ਦੀ ਥਾਂ ਸ਼ਿਵ ਮੰਦਿਰ ਪਹੁੰਚ ਗਏ

ਖ਼ੈਰ ਮੈਂ ਉਸੇ ਵਿਅਕਤੀ ਕੋਲ ਵਾਪਸ ਗਈ ਤੇ ਸਵੇਰੇ ਵਾਸਤੇ ਟੈਕਸੀ ਦਾ ਇੰਤਜ਼ਾਮ ਕਰਨ ਲਈ ਬੇਨਤੀ ਕੀਤੀ।

ਸਵੇਰੇ ਟੈਕਸੀ ਤਾਂ ਮਿਲੀ ਹੀ ਨਾਲ ਹੀ ਉਹ ਵਿਅਕਤੀ ਵੀ ਸੀ। ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਸ਼ਹਿਰ ਵਿਖਾ ਸਕਦਾ ਹਾਂ।

ਪ੍ਰਤੱਖ ਰੂਪ ਵਿੱਚ ਮੇਰਾ ਪਹਿਲਾ ਸਟਾਪ ਨਾਨਕਸ਼ਾਹੀ ਗੁਰਦੁਆਰਾ ਸੀ। ਸਹੀ ਟਿਕਾਣਾ ਨਾ ਟੈਕਸੀ ਵਾਲੇ ਨੂੰ ਪਤਾ ਸੀ ਨਾ, ਮੇਰੇ ਗਾਈਡ ਨੂੰ। ਮੈਂ ਤਾਂ ਸੀ ਹੀ ਇੱਕ ਅਣਜਾਣ ਸ਼ਹਿਰ ਵਿੱਚ ਸੀ।

ਗੂਗਲ ਬਾਬੇ ਨੇ ਦੱਸਿਆ ਕਿ ਗੁਰਦੁਆਰਾ ਢਾਕਾ ਯੂਨੀਵਰਸਿਟੀ ਵਿੱਚ ਹੈ ਪਰ ਸਹੀ ਟਿਕਾਣੇ 'ਤੇ ਪਹੁੰਚਣ ਲਈ ਅੱਜ ਵੀ ਇਨਸਾਨਾਂ ਦੀ ਲੋੜ ਪੈਂਦੀ ਹੈ।

ਵੀਡੀਓ ਕੈਪਸ਼ਨ,

ਬੰਗਲਾਦੇਸ ਵਿੱਚ ਸਿੱਖ ਸਮਾਜ

ਆਪਣੀ ਅੱਧੀ ਅਧੂਰੀ ਬੰਗਲਾ ਵਿੱਚ ਮੈਂ ਵਿਦਿਆਰਥੀ ਨੂੰ ਪੁੱਛਿਆ............

ਜਦੋਂ ਉਸ ਦੀ ਦੱਸੀ ਥਾਂ 'ਤੇ ਪਹੁੰਚੇ, ਤਾਂ ਸਾਹਮਣੇ ਸ਼ਿਵ ਮੰਦਰ ਮਿਲਿਆ। ਸਾਫ਼ ਸੀ ਕਿ ਦੱਸਣ ਵਾਲੇ ਨੇ ਸਿੱਖ ਮੰਦਿਰ ਨੂੰ ਸ਼ਿਵ ਮੰਦਰ ਸਮਝ ਲਿਆ ਹੋਵੇਗਾ।

ਮੇਰੇ ਨਾਲ ਆਏ ਹੋਟਲ ਵਾਲੇ ਸਾਹਬ ਨੇ ਕਿਹਾ, "ਮੈਂ ਪੂਰਾ ਢਾਕਾ ਘੁੰਮਿਆ ਹੈ ਪਰ ਇਹ ਸ਼ਿਵਾ ਮੰਦਰ ਮੈਂ ਪਹਿਲੀ ਵਾਰ ਦੇਖਿਆ ਹੈ। ਆ ਹੀ ਗਏ ਤਾਂ ਵੇਖ ਹੀ ਲੈਂਦੇ ਹਾਂ।"

ਉੱਥੋਂ ਪੁਛਦੇ ਪੁਛਾਉਂਦੇ ਆਖਰ ਅਸੀਂ ਨਾਨਕਸ਼ਾਹੀ ਗੁਰਦੁਆਰੇ ਪਹੁੰਚੇ।

ਗੁਰੂ ਨਾਨਕ ਦਾ ਬਸੇਰਾ

ਭਾਰਤ ਵਿਚ ਵੇਖੇ ਬਹੁਤ ਸਾਰੇ ਗੁਰਦੁਆਰਿਆਂ ਨਾਲੋਂ ਇਹ ਛੋਟਾ ਸੀ, ਪਰ ਸ਼ਰਧਾਲੂਆਂ ਵਿਚ ਇਸਦੀ ਮਾਨਤਾ ਹੈ।

ਗੁਰਦੁਆਰੇ ਵਿੱਚ ਲੱਗੀ ਪੱਟੀ ਮੁਤਾਬਕ ਗੁਰੂ ਨਾਨਕ ਇੱਥੇ 1504 ਵਿੱਚ ਆਏ।

ਇਹ ਗੁਰਦੁਆਰਾ ਭਾਈ ਨੱਥੇ ਨੇ ਬਣਵਾਇਆ ਸੀ ਜੋ ਛੇਵੇਂ ਗੁਰੂ ਦੇ ਸਮੇਂ ਢਾਕਾ ਆਏ ਸਨ। ਇਹ 1630 ਵਿੱਚ ਪੂਰਾ ਕੀਤਾ ਗਿਆ।

1947 ਵਿੱਚ ਭਾਰਤ ਦੀ ਆਜ਼ਾਦੀ ਮਗਰੋਂ, ਕਈ ਸਾਲਾਂ ਤੱਕ ਇਸ ਦੀ ਸੰਭਾਲ ਠੀਕ ਢੰਗ ਨਾਲ ਨਹੀਂ ਹੋਈ।

1971 ਵਿੱਚ ਬੰਗਲਾਦੇਸ਼ ਬਣਨ ਮਗਰੋਂ ਇਸਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ।

ਢਾਕੇਸ਼ਵਰੀ ਮੰਦਿਰ

2011 ਵਿੱਚ ਜਦੋਂ ਉਸ ਸਮੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਢਾਕਾ ਆਏ ਤਾਂ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਮੱਥਾ ਟੇਕਣ ਨਾਨਕਸ਼ਾਹੀ ਗੁਰਦੁਆਰੇ ਆਏ ਸਨ।

ਗੁਰੂ ਨਾਨਕ, ਗੁਰਦੁਆਰਾ ਨਾਨਕਸ਼ਾਹੀ ਢਾਕਾ

ਹਰ ਸ਼ੁੱਕਰਵਾਰ ਨੂੰ ਲੰਗਰ ਲਗਦਾ ਹੈ

ਖੈਰ ਮੈਂ ਆਪਣੀ ਕਹਾਣੀ 'ਤੇ ਵਾਪਸ ਮੁੜਾਂ ਤਾਂ ਮੈਂ ਅਖਰ ਗੁਰਦੁਆਰੇ ਪਹੁੰਚ ਚੁੱਕੀ ਸੀ।

ਉੱਥੇ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨਾਲ ਮੈਂ ਆਪਣੀ ਟੁੱਟੀ ਭੱਜੀ ਬੰਗਲਾ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੀ ਸੀ ਕਿ ਉਹ ਮੇਰੇ ਨਾਲ ਹਿੰਦੀ ਵਿੱਚ ਗੱਲ ਕਰਨ ਲੱਗ ਪਿਆ।

ਉਨ੍ਹਾਂ ਨੇ ਦੱਸਿਆ ਕਿ ਹਰ ਤਿੰਨ ਮਹੀਨਿਆਂ ਮਗਰੋਂ ਦੋ ਲੋਕ ਭਾਰਤ ਤੋਂ ਆਉਂਦੇ ਹਨ।

ਇਹ ਲੋਕ ਗੁਰਦੁਆਰੇ ਦੀ ਸੰਭਾਲ ਕਰਦੇ ਹਨ। ਹਰ ਸ਼ੁਕਰਵਾਰ ਲੰਗਰ ਵੀ ਲਗਦਾ ਹੈ ਜਿੱਥੇ ਹਿੰਦੂ, ਮੁਸਲਮਾਨ ਅਤੇ ਇੱਥੇ ਵਸਦੇ ਕੁੱਝ ਇੱਕ ਸਿੱਖ ਪਰਿਵਾਰਆਂ ਦੇ ਲੋਕ ਵੀ ਆਉਂਦੇ ਹਨ।

ਢਾਕੇਸ਼ਵਰੀ ਮੰਦਿਰ

ਉਸ ਨੇ ਬਹੁਤ ਸਾਫਗੋਈ ਨਾਲ ਦੱਸਿਆ, "ਅਸੀਂ ਇੱਥੇ ਬਹੁਤ ਇਕੱਲੇ ਪੈ ਜਾਂਦੇ ਹਾਂ। ਐਥੇ ਕੋਈ ਜ਼ਿਆਦਾ ਸਿੱਖ ਪਰਿਵਾਰ ਨਹੀਂ ਹਨ। ਇਸ ਲਈ ਤਿੰਨ ਮਹੀਨਿਆਂ ਮਗਰੋਂ ਵਾਪਸ ਮੁੜ ਜਾਂਦੇ ਹਾਂ।"

ਢਾਕਾ ਅਤੇ ਢਾਕੇਸ਼ਵਰੀ ਮੰਦਿਰ

ਮੇਰੇ ਨਾਲ ਆਏ ਹੋਟਲ ਦੇ ਉਸ ਆਦਮੀ ਨੇ ਵੀ ਗੁਰਦੁਆਰੇ ਦੇ ਦਰਸ਼ਨ ਕੀਤੇ।

ਮੈਂ ਉਨ੍ਹਾਂ ਨੂੰ ਸਿੱਖ ਧਰਮ ਅਤੇ ਗੁਰਦੁਆਰੇ ਬਾਰੇ ਦੱਸਿਆ ਅਤੇ ਗੁਰਦੁਆਰੇ ਵਿੱਚ ਮਿਲਣ ਵਾਲੇ ਪ੍ਰਸਾਦ ਬਾਰੇ ਵੀ।

ਕੇਅਰਟੇਕਰ ਨੂੰ ਅਲਵਿਦਾ ਕਹਿ ਕੇ ਅਸੀਂ ਢਾਕਾ ਵਿੱਚ ਅੱਗੇ ਵਧ ਗਏ। ਗੁਰਦੁਆਰੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਮੈਂ ਹੀ ਉਨ੍ਹਾਂ ਦੀ ਗਾਈਡ ਸੀ। ਇਸ ਮਗਰੋਂ ਉਹ ਮੇਰੇ ਗਾਈਡ ਬਣ ਗਏ।

ਬੰਗਲਾਦੇਸ਼

ਉਹ ਮੈਨੂੰ ਢਾਕੇਸ਼ਵਰੀ ਮੰਦਿਰ ਵਿੱਚ ਲੈ ਗਏ। ਕੁਝ ਲੋਕ ਕਹਿੰਦੇ ਹਨ ਕਿ ਢਾਕੇਸ਼ਵਰੀ ਮੰਦਿਰ ਦੇ ਨਾਮ ਤੇ ਹੀ ਢਾਕਾ ਸ਼ਹਿਰ ਦਾ ਨਾਂ ਪਿਆ। ਇਹ ਇੱਕ ਮਾਤਰ ਮੰਦਿਰ ਹੈ ਜਿਸ ਨੂੰ ਬੰਗਲਾਦੇਸ਼ ਦੇ ਰਾਸ਼ਟਰੀ ਮੰਦਿਰ ਦਾ ਦਰਜਾ ਹਾਸਲ ਹੈ।

ਦੋ ਅਜਨਬੀ ਬਣੇ ਦੋਸਤ

ਮੇਰੇ ਗਾਈਡ ਮੈਨੂੰ ਸ਼ਹੀਦ ਮਿਨਾਰ, ਬੰਗਲਾਦੇਸ਼ੀ ਸੰਸਦ ਅਤੇ ਫਿਰ ਇਤਿਹਾਸਕ ਲਾਲ ਬਾਗ ਵੀ ਲੈ ਕੇ ਗਏ ਜਿਸ ਨੂੰ ਔਰੰਗਜੇਬ ਦੇ ਪੁੱਤਰ ਨੇ 1678 ਵਿੱਚ ਬਣਾਇਆ ਸੀ ਜਦੋਂ ਉਹ ਬੰਗਾਲ ਵਿਚ ਆ ਕੇ ਠਹਿਰੇ ਸਨ।

ਕੁਝ ਹੀ ਘੰਟਿਆਂ ਵਿੱਚ ਹਰ ਚੀਜ਼ ਵੇਖ ਲੈਣ ਦੀ ਦੌੜ ਵਿੱਚ ਮੇਰੇ ਹੋਟਲ ਵਾਲੇ ਦੋਸਤ ਨੇ ਮੇਰੀ ਪੂਰੀ ਸਹਾਇਤਾ ਕੀਤੀ।

ਹਾਂ, ਇਨ੍ਹਾਂ ਕੁਝ ਘੰਟਿਆਂ ਵਿੱਚ ਦੋ ਵੱਖ ਵੱਖ ਦੇਸ਼ਾਂ ਦੇ ਦੋ ਲੋਕ ਅਜਨਬੀਆਂ ਤੋਂ ਦੋਸਤਾਂ ਵਰਗੇ ਹੀ ਹੋ ਗਏ।

ਵੀਡੀਓ ਕੈਪਸ਼ਨ,

ਮੌਤ ਦੇ ਹਨ੍ਹੇਰੇ ’ਚ ਜ਼ਿੰਦਗੀ ਦਾ 'ਨੂਰ'

ਉਸ ਮਗਰੋਂ ਮੈਂ ਸਿੱਧੀ ਆਪਣੇ ਦਫ਼ਤਰ ਚਲੀ ਗਈ।

ਸ਼ਾਮ ਨੂੰ ਜਦੋਂ ਮੈਂ ਹੋਟਲ ਪਹੁੰਚੀ ਤਾਂ ਹੋਟਲ ਵਾਲਾ ਵਿਅਕਤੀ ਮੇਰੇ ਕੋਲ ਆਇਆ ਅਤੇ ਮੇਰਾ ਧੰਨਵਾਦ ਕਰਨ ਲੱਗ ਪਿਆ। ਮੈਂ ਪੁੱਛਿਆ ਸ਼ੁਕਰੀਆ ਕਿਸ ਗੱਲ ਦਾ।

ਜਵਾਬ ਆਇਆ - ਅੱਜ ਮੈਂ ਤੁਹਾਡੀ ਨਿਗ੍ਹਾ ਨਾਲ ਆਪਣੇ ਹੀ ਦੇਸ਼ ਅਤੇ ਸ਼ਹਿਰ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਵੇਖਿਆ।

ਮੇਰੇ ਚਿਹਰੇ 'ਤੇ ਇੱਕ ਹਲਕੀ ਜਿਹੀ ਮੁਸਕਰਾਹਟ ਆਈ ਤੇ ਮੈਂ ਅਲਵਿਦਾ ਕਹਿ ਕੇ ਉੱਥੋਂ ਆ ਗਈ।

ਉਸ ਦਿਨ ਸਵੇਰੇ ਉੱਠ ਕੇ, ਨੀਂਦ ਦੀ ਥੋੜ੍ਹੀ ਜਿਹੀ ਕੁਰਬਾਨੀ ਦੇ ਕੇ, ਢਾਕੇ ਦੀ ਛੋਟੀ ਜਿਹੀ ਫ਼ੇਰੀ ਮੇਰੇ ਲਈ ਯਾਦਗਾਰ ਬਣ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)