ਰੇਪ ਤੋਂ ਬਚਾਉਣ ਲਈ ਇਸ ਕੁੜੀ ਨੇ ਬਣਾਈ 'ਰੇਪ ਪਰੂਫ਼ ਪੈਂਟੀ'

seenu kumari Image copyright Seenu Kumari

ਉੱਤਰ ਪ੍ਰਦੇਸ਼ ਦੇ ਬੇਹੱਦ ਆਮ ਪਰਿਵਾਰ ਦੀ ਇੱਕ ਕੁੜੀ ਨੇ ਅਜਿਹੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਉਸ ਨੂੰ ਉਮੀਦ ਹੈ ਕਿ ਦੁਨੀਆਂ ਭਰ ਦੀਆਂ ਕੁੜੀਆਂ ਬਲਾਤਕਾਰ ਤੋਂ ਬਚ ਸਕਦੀਆਂ ਹਨ।

ਸੀਨੂ ਨੇ ਇੱਕ ਅਜਿਹੀ ਪੈਂਟੀ ਤਿਆਰ ਕੀਤੀ ਹੈ, ਜਿਸ ਵਿੱਚ ਇੱਕ ਕਿਸਮ ਦਾ ਤਾਲਾ ਲੱਗਿਆ ਹੋਏਗਾ, ਜੋ ਔਰਤਾਂ ਨੂੰ ਬਲਾਤਕਾਰ ਤੋਂ ਬਚਾ ਸਕਦਾ ਹੈ। ਸੀਨੂ ਇਸ ਨੂੰ 'ਰੇਪ ਪਰੂਫ਼ ਪੈਂਟੀ' ਕਹਿੰਦੀ ਹੈ।

ਇਹ ਵੀ ਪੜ੍ਹੋ:

ਇਹ ਪੈਂਟੀ ਬਣਾਉਣ ਲਈ 'ਬਲੇਡ ਪਰੂਫ਼' ਕੱਪੜੇ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਇੱਕ ਸਮਾਰਟ ਲੌਕ, ਇੱਕ ਜੀਪੀਆਰਐੱਸ ਅਤੇ ਇੱਕ ਰਿਕਾਰਡਰ ਵੀ ਲਾਇਆ ਗਿਆ ਹੈ।

ਮੇਨਕਾ ਗਾਂਧੀ ਨੇ ਵੀ ਕੀਤੀ ਸ਼ਲਾਘਾ

19 ਸਾਲ ਦੀ ਸੀਨੂ ਕੁਮਾਰੀ ਉੱਤਰ ਪ੍ਰਦੇਸ਼ ਦੇ ਫਰੂਖ਼ਾਬਾਦ ਜ਼ਿਲ੍ਹੇ ਦੇ ਇੱਕ ਮੱਧਵਰਗੀ ਪਰਿਵਾਰ ਤੋਂ ਹੈ। ਉਸ ਦੇ ਪਿਤਾ ਕਿਸਾਨ ਹਨ।

ਸੀਨੂ ਦਾ ਕਹਿਣਾ ਹੈ ਕਿ ਇਸ ਦੇ ਲਈ ਉਸ ਨੂੰ ਕੇਂਦਰੀ ਬਾਲ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਤੋਂ ਪ੍ਰਸ਼ੰਸਾ ਮਿਲੀ ਹੈ। ਹੁਣ ਉਹ ਇਸ ਨੂੰ ਪੇਟੰਟ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੀ ਹਨ ਖੂਬੀਆਂ?

ਬੀਬੀਸੀ ਨਾਲ ਗੱਲਬਾਤ ਦੌਰਾਨ ਸੀਨੂ ਨੇ ਕਿਹਾ ਕਿ ਇਸ ਪੈਂਟੀ ਨੂੰ ਅਸਾਨੀ ਨਾਲ ਨਾ ਹੀ ਕੱਟਿਆ ਜਾ ਸਕਦਾ ਹੈ ਅਤੇ ਨਾ ਹੀ ਸਾੜਿਆ ਜਾ ਸਕਦਾ ਹੈ।

ਨਾਲ ਹੀ, ਇਸ ਵਿੱਚ ਇੱਕ ਸਮਾਰਟ ਲੌਕ ਲੱਗਿਆ ਹੋਵੇਗਾ, ਜੋ ਸਿਰਫ਼ ਪਾਸਵਰਡ ਨਾਲ ਹੀ ਖੁੱਲ੍ਹੇਗਾ।

Image copyright Seenu Kumari

ਸੀਨੂ ਦੱਸਦੀ ਹੈ ਕਿ ਇਸ ਵਿੱਚ ਇੱਕ ਬਟਨ ਲੱਗਿਆ ਹੈ ਜਿਸ ਨੂੰ ਦਬਾਉਣ ਨਾਲ ਤੁਰੰਤ ਐਮਰਜੈਂਸੀ ਜਾਂ 100 ਨੰਬਰ ਡਾਇਲ ਹੋ ਜਾਵੇਗਾ।

ਇਸ ਵਿੱਚ ਲੱਗੇ ਜੀਪੀਆਰਐੱਸ ਦੀ ਮਦਦ ਨਾਲ ਪੁਲਿਸ ਨੂੰ ਤੁਹਾਡੀ ਲੋਕੇਸ਼ਨ ਮਿਲ ਜਾਏਗੀ ਅਤੇ ਰਿਕਾਰਡਿੰਗ ਸਿਸਟਮ ਨਾਲ ਨੇੜੇ-ਤੇੜੇ ਜੋ ਵੀ ਹੋ ਰਿਹਾ ਹੈ, ਉਸ ਦੀ ਅਵਾਜ਼ ਰਿਕਾਰਡ ਵੀ ਹੋ ਜਾਵੇਗੀ।

'ਪੁਲਿਸ ਤੋਂ ਇਲਾਵਾ ਪਰਿਵਾਰ 'ਚ ਕਿਸੇ ਦਾ ਨੰਬਰ ਸੈੱਟ ਹੋ ਜਾਵੇਗਾ'

ਇਸ ਬਾਰੇ ਉਹ ਕਹਿੰਦੀ ਹੈ, "ਇਹ ਸੈਟਿੰਗ ਉੱਤੇ ਨਿਰਭਰ ਕਰਦਾ ਹੈ ਕਿ ਐਮਰਜੰਸੀ ਦੇ ਹਲਾਤ ਵਿੱਚ ਪਹਿਲਾ ਕਾਲ ਕਿਸ ਨੂੰ ਜਾਏਗਾ। ਕਿਉਂਕਿ 100 ਅਤੇ 1090 ਨੰਬਰ ਹਮੇਸ਼ਾਂ ਸੁਰੱਖਿਆ ਲਈ ਮੌਜੂਦ ਹੁੰਦੇ ਹਨ ਅਤੇ ਪੁਲਿਸ ਸਟੇਸ਼ਨ ਵੀ ਸਭ ਜਗ੍ਹਾ ਮੌਜੂਦ ਹਨ। ਇਸ ਲਈ ਇਹ ਨੰਬਰ ਸੈੱਟ ਕੀਤੇ ਗਏ ਹਨ।"

ਸੀਨੂ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ਲਈ ਤਕਰੀਬਨ ਚਾਰ ਹਜ਼ਾਰ ਰੁਪਏ ਦਾ ਖਰਚ ਆਇਆ ਹੈ। ਇਸ ਵਿੱਚ ਉਨ੍ਹਾਂ ਨੂੰ ਪਰਿਵਾਰ ਦਾ ਪੂਰਾ ਸਾਥ ਮਿਲਿਆ।

ਇਹ ਵੀ ਪੜ੍ਹੋ :

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
"ਦਿਨ 'ਚ 5 ਵਾਰੀ ਸੈਕਸ ਕਰਨਾ ਵੀ ਕਾਫ਼ੀ ਨਹੀਂ ਸੀ"

'ਥੋੜੀ ਮਦਦ ਹੋਵੇ ਤਾਂ ਬਿਹਤਰ'

ਸੀਨੂ ਦਾ ਕਹਿਣਾ ਹੈ ਕਿ ਖ਼ੁਦ ਰਿਸਰਚ ਕਰਕੇ ਉਸ ਨੇ ਇਹ ਪੈਂਟੀ ਤਿਆਰ ਕੀਤੀ ਹੈ। ਇਸ ਤੋਂ ਅਲਾਵਾ ਉਹ ਕੁਝ ਹੋਰ ਪ੍ਰੋਜੈਕਟਸ 'ਤੇ ਵੀ ਕੰਮ ਕਰ ਰਹੀ ਹੈ।

ਸੀਨੂ ਦਾ ਕਹਿਣਾ ਹੈ ਕਿ ਉਸ ਨੇ ਇਸ ਵਿੱਚ ਸਸਤੇ ਸਮਾਨ ਦਾ ਇਸਤੇਮਾਲ ਕੀਤਾ ਹੈ।

ਜੇ ਇਸ ਵਿੱਚ ਕੱਪੜਾ ਅਤੇ ਤਾਲਾ ਬਿਹਤਰ ਕੁਆਲਿਟੀ ਦਾ ਲਾਇਆ ਜਾਵੇ ਤਾਂ ਇਹ ਹੋਰ ਬਿਹਤਰ ਕੰਮ ਕਰੇਗਾ, ਪਰ ਉਦੋਂ ਖਰਚ ਥੋੜਾ ਵੱਧ ਸਕਦਾ ਹੈ।

Image copyright Seenu Kumari

ਸੀਨੂ ਦੀ ਇੱਛਾ ਹੈ ਕਿ ਕੋਈ ਕੰਪਨੀ ਜਾਂ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਉਹ ਇਸ ਨੂੰ ਹੋਰ ਬਿਹਤਰ ਬਣਾ ਸਕੇ। ਉਹ ਕਹਿੰਦੀ ਹੈ, "ਫਿਲਹਾਲ ਇਹ ਇੱਕ ਮਾਡਲ ਹੈ ਅਤੇ ਮੇਰੀ ਪਹਿਲੀ ਸ਼ੁਰੂਆਤ ਹੈ।"

ਸੀਨੂ ਦੱਸਦੀ ਹੈ ਕਿ ਉਹ ਆਪਣੇ ਜ਼ੱਦੀ ਘਰ ਤੋਂ ਦੂਰ ਆਪਣੇ ਛੋਟੇ ਭੈਣ-ਭਰਾ ਨਾਲ ਰਹਿੰਦੀ ਹੈ।

ਉਸ ਨੇ ਕਿਹਾ, "ਰੋਜ਼ ਟੀਵੀ 'ਤੇ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀਆਂ ਖਬਰਾਂ ਮੈਨੂੰ ਹਿਲਾ ਦਿੰਦੀਆਂ ਹਨ। ਬਾਹਰ ਜਾਣ ਵਿੱਚ ਹਰ ਸਮੇਂ ਇੱਕ ਡਰ ਲੱਗਿਆ ਰਹਿੰਦਾ ਹੈ।"

ਇਹ ਵੀ ਪੜ੍ਹੋ:

ਸੰਸਦ ਮੈਂਬਰ ਦਾ ਸਹਿਯੋਗ

ਸੀਨੂ ਮੁਤਾਬਕ, ਫਰੂਖ਼ਾਬਾਦ ਤੋਂ ਭਾਜਪਾ ਐੱਮਪੀ ਮੁਕੇਸ਼ ਰਾਜਪੂਤ ਨੇ ਕੇਂਦਰੀ ਮੰਤਰਾਲੇ ਨੂੰ ਰਸਮੀ ਤੌਰ 'ਤੇ ਇਸ ਸਬੰਧ ਵਿੱਚ ਇੱਕ ਚਿੱਠੀ ਲਿਖੀ।

ਉਨ੍ਹਾਂ ਦਾ ਕਹਿਣਾ ਹੈ ਕਿ ਮੇਨਕਾ ਗਾਂਧੀ ਨੇ ਇਸ ਕੋਸ਼ਿਸ਼ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਇਸ ਪੈਂਟੀ ਉੱਤੇ ਪੇਟੈਂਟ ਲਈ ਸੀਨੂ ਨੇ ਆਪਣੀ ਅਰਜ਼ੀ ਐੱਨਆਈਐੱਫ਼ (ਨੈਸ਼ਨਲ ਇਨੋਵੇਸ਼ਨ ਫਾਉਂਡੇਸ਼ਨ) ਇਲਾਹਾਬਾਦ ਭੇਜ ਦਿੱਤੀ ਹੈ।

Image copyright SEENU KUMARI

ਉਹ ਕਹਿੰਦੀ ਹੈ ਕਿ ਬਜ਼ਾਰ ਵਿੱਚ ਆਉਣ ਤੋਂ ਪਹਿਲਾਂ ਇਸ ਵਿੱਚ ਸੁਧਾਰ ਦੀ ਲੋੜ ਹੈ ਅਤੇ ਔਰਤਾਂ ਨੂੰ ਇਹ ਹਮੇਸ਼ਾਂ ਪਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਮੁਤਾਬਕ, "ਇਸ ਨੂੰ ਉਦੋਂ ਹੀ ਪਾਉਣਾ ਚਾਹੀਦਾ ਹੈ ਜਦੋਂ ਤੁਸੀਂ ਇਕੱਲੇ ਕਿਤੇ ਜਾ ਰਹੇ ਹੋਵੋ। ਜਿਵੇਂ ਬੁਲੇਟ ਪਰੂਫ਼ ਜੈਕੇਟ ਹਮੇਸ਼ਾਂ ਨਹੀਂ ਪਾਉਂਦੇ, ਉਵੇਂ ਹੀ ਇਸ ਨੂੰ ਵੀ ਹਮੇਸ਼ਾਂ ਪਾਉਣ ਦੀ ਲੋੜ ਨਹੀਂ ਹੈ।"

ਕੀ ਕਹਿੰਦੇ ਹਨ ਅੰਕੜੇ?

  • ਦੇਸ ਵਿੱਚ ਬਲਾਤਕਾਰ ਦੇ ਤਾਜ਼ਾ ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਕ ਹਰ ਰੋਜ਼ 79 ਔਰਤਾਂ ਦਾ ਬਲਾਤਾਕਰ ਹੁੰਦਾ ਹੈ।
  • ਮੱਧ ਪ੍ਰਦੇਸ਼ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਖ਼ਰਾਬ ਹਨ।
  • 2016 ਦੇ ਅੰਕੜਿਆਂ ਮੁਤਾਬਕ ਦੇਸ ਵਿੱਚ 28, 947 ਔਰਤਾਂ ਨਾਲ ਰੇਪ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।
  • ਇੰਨ੍ਹਾਂ ਚੋਂ ਸਭ ਤੋਂ ਜ਼ਿਆਦਾ 4882 ਮਾਮਲੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ।
  • ਉੱਤਰ ਪ੍ਰਦੇਸ਼ ਵਿੱਚ 4816 ਅਤੇ ਮਹਾਰਾਸ਼ਟਰ ਵਿੱਚ 4180 ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)