ਪਾਕਿਸਤਾਨ ਨੇ ਅਮਰੀਕਾ ਨਾਲ ਫੌਜੀ ਸਹਿਯੋਗ ਕਿਉਂ ਕੀਤਾ ਬੰਦ ?

ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਰਮ ਦਸਤਗੀਰ Image copyright facebook/@pid.gov.official

ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਰਮ ਦਸਤਗੀਰ ਨੇ ਕਿਹਾ ਹੈ ਕਿ ਅਮਰੀਕਾ ਦੇ ਨਾਲ ਫੌਜੀ ਸਹਿਯੋਗ ਅਤੇ ਖੁਫ਼ੀਆ ਜਾਣਕਾਰੀ ਨੂੰ ਸਾਂਝਾ ਕਰਨਾ ਰੋਕਿਆ ਗਿਆ ਹੈ।

ਪਾਕਿਸਤਾਨ ਨੇ ਇਸਦੀ ਵਜ੍ਹਾ ਉਸ ਨੂੰ ਮਿਲ ਰਹੀ ਅਮਰੀਕੀ ਮਦਦ ਦਾ ਬੰਦ ਹੋਣਾ ਦੱਸਿਆ ਹੈ। ਪਾਕਿਸਤਾਨ ਸਰਕਾਰ ਨੇ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ ਹੈ।

ਰੱਖਿਆ ਮੰਤਰੀ ਖੁਰਰਮ ਦਸਤਗੀਰ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਅਤਿਵਾਦ ਦੇ ਖ਼ਿਲਾਫ਼ ਲੜਾਈ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਕੀਤੀਆਂ ਹਨ।

ਅਮਰੀਕਾ ਨੇ ਰੋਕੀ ਸੀ ਮਦਦ

ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਅਤਿਵਾਦ ਦੇ ਨੈੱਟਵਰਕ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਇਸ ਲਈ ਉਹ ਸਾਰੀ ਸੁਰੱਖਿਆ ਮਦਦ ਰੋਕ ਰਿਹਾ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਸਦਾ ਟੀਚਾ ਪਾਕਿਸਾਤਾਨੀ ਸਰਕਾਰ ਨੂੰ ਇਹ ਦੱਸਣਾ ਹੈ ਕਿ ਜੇ ਉਹ ਅਮਰੀਕਾ ਦੇ ਮਿੱਤਰ ਦੇਸ ਨਹੀਂ ਬਣਦੇ ਤਾਂ ਹਾਲਾਤ ਪਹਿਲਾਂ ਵਾਂਗ ਨਹੀਂ ਰਹਿਣਗੇ।

Image copyright Twitter/govt of pakistan

ਪਾਕਿਸਤਾਨ ਨੇ ਵਾਰ-ਵਾਰ ਇਹ ਦੁਹਰਾਇਆ ਹੈ ਕਿ ਉਸਦੀ ਮਦਦ ਕਰਕੇ ਹੀ ਅਮਰੀਕਾ ਅਲ-ਕਾਇਦਾ ਦਾ ਸਫਾਇਆ ਕਰ ਸਕਿਆ ਹੈ।

ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਖੁਆਜ਼ਾ ਆਸਿਫ਼ ਨੇ ਅਮਰੀਕੀ ਪੱਤਰਿਕਾ ਵੌਲ ਸਟ੍ਰੀਟ ਜਨਰਲ ਨੂੰ ਕਿਹਾ ਸੀ ਕਿ ਪਾਕਿਸਤਾਨ ਦਾ ਅਮਰੀਕਾ ਨਾਲ ਗਠਜੋੜ ਖ਼ਤਮ ਹੋ ਗਿਆ ਹੈ।

ਨਵੇਂ ਸਾਲ ਤੋਂ ਤਲਖੀ ਹੋਈ ਸ਼ੁਰੂ

ਨਵੇਂ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਲਖ਼ੀ ਆਉਣੀ ਸ਼ੁਰੂ ਹੋ ਗਈ ਸੀ।

ਇਸਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਅਰਬਾਂ ਡਾਲਰ ਲੈਣ ਦੇ ਬਾਅਦ ਵੀ ਪਾਕਿਸਤਾਨ ਨੇ ਅਮਰੀਕਾ ਦੇ ਨਾਲ ਧੋਖਾ ਕੀਤਾ ਹੈ।

ਡੌਨਲਡ ਟਰੰਪ ਦੇ ਇਸ ਟਵੀਟ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖੁਆਜ਼ਾ ਆਸਿਫ਼ ਨੇ ਟਵੀਟ ਵਿੱਚ ਕਿਹਾ ਸੀ, "ਅਸੀਂ ਜਲਦ ਹੀ ਰਾਸ਼ਟਰਪਤੀ ਟਰੰਪ ਨੂੰ ਜਵਾਬ ਦੇਵਾਂਗੇ, ਅਸੀਂ ਦੁਨੀਆਂ ਨੂੰ ਸੱਚ ਦੱਸਾਂਗੇ। ਤੱਥਾਂ ਅਤੇ ਕਲਪਨਾ ਦੇ ਵਿਚਾਲੇ ਦਾ ਫਰਕ ਦੱਸਾਂਗੇ।''

ਇਸ ਬਿਆਨ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਦੀ ਫੌਜੀ ਮਦਦ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਪਾਕਿਸਤਾਨ ਹੱਕਾਨੀ ਨੈੱਟਵਰਕ ਜਿਹੇ ਗਰੁੱਪਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)