ਪਾਕਿਸਤਾਨੀ ਨਿਰਭੈਆ ਬਣੀ ਜ਼ੈਨਬ ਦੀ ਮੌਤ ਤੋਂ ਕੀ ਸਬਕ ਲਵੇਗਾ ਪਾਕ ਸਮਾਜ?

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜ਼ੈਨਬ, ਪਾਕਿਸਤਾਨ ਦੀ ਨਿਰਭੈਆ

ਮੈਂ ਉਹੀ ਡਰ ਮਹਿਸੂਸ ਕਰ ਰਹੀ ਹਾਂ ਜੋ ਪੰਜ ਸਾਲ ਪਹਿਲਾਂ ਦਿੱਲੀ ਦੀ ਇੱਕ ਬੱਸ ਵਿੱਚ ਜੋਤੀ ਸਿੰਘ (ਨਿਰਭੈਆ) ਦੇ ਸਮੂਹਿਕ ਬਲਾਤਕਾਰ ਸਮੇਂ ਕੀਤਾ ਸੀ ।

ਮੈਨੂੰ ਯਾਦ ਹੈ ਮੈਂ ਕਿਵੇਂ ਬਿਮਾਰ ਹੋ ਗਈ ਸੀ ਅਤੇ ਕੁਝ ਦਿਨਾਂ ਤੱਕ ਉਦਾਸ ਅਤੇ ਡਰੀ ਰਹੀ। ਮੈਂ ਅੰਦਰੋਂ ਟੁੱਟ ਗਈ ਸੀ। ਮੇਰੇ ਤੇ ਨਿਰਭਿਆ ਵਿਚਾਲੇ ਦੂਰੀ ਮੰਨੋ ਬੇਮਤਲਬ ਹੋ ਗਈ ਸੀ।

ਜੈਨਬ ਬਾਰੇ ਪਾਕਿਸਤਾਨੀ ਸਮਾਜ ਦਾ ਪ੍ਰਤੀਕਰਮ

ਹੁਣ ਤਕਰੀਬਨ ਇੱਕ ਹਫ਼ਤਾ ਬੀਤ ਗਿਆ ਹੈ। ਪਾਕਿਸਤਾਨ ਸੱਤ ਸਾਲਾ ਬੱਚੀ ਜ਼ੈਨਬ ਦੇ ਬਲਾਤਕਾਰ ਅਤੇ ਕਤਲ ਨਾਲ ਉਸੇ ਤਰ੍ਹਾਂ ਕੰਬ ਰਿਹਾ ਹੈ। ਉਸ ਦੀ ਜ਼ਖਮੀ ਤੇ ਬੇਪਛਾਣ ਲਾਸ਼ ਕੂੜੇ ਦੇ ਢੇਰ ̓ਚ ਪਈ ਸੀ। ਮੈਂ ਇੱਕ ਵਾਰ ਫੇਰ ਬੇਚੈਨ ਅਤੇ ਡਰੀ ਹੋਈ ਹਾਂ।

ਪੰਜਾਬ: ਕੁੱਖ 'ਚ ਧੀ ਦੇ ਕਤਲ ਕਾਰਨ ਕਿਵੇਂ ਦੋ ਘਰ ਉੱਜੜੇ?

ਹਰਿਆਣਾ: ਇੱਕ ਮਹੀਨੇ 'ਚ ਦੂਜੀ ਲੋਕ ਗਾਇਕਾ ਦਾ ਕਤਲ

ਉਸੇ ਦਿਨ ਤੋਂ ਪੂਰਾ ਪਾਕਿਸਤਾਨ ਗ਼ੁੱਸੇ ਨਾਲ ਭਰਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਦਰਜਨਾਂ ਜਿਨਸੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਜ਼ੈਨਬ ਪਹਿਲੀ ਨਹੀਂ ਹੈ ਜਿਸ ਨਾਲ ਅਜਿਹਾ ਵਾਪਰਿਆ ਹੋਵੇ। ਇਸਲਾਮਾਬਾਦ ਦੀ ਬੱਚੀਆਂ ਦੇ ਅਧਿਕਾਰਾਂ ਬਾਰੇ ਕੰਮ ਕਰਨ ਵਾਲੀ ਇੱਕ ਸਮਾਜਿਕ ਜਥੇਬੰਦੀ 'ਸਾਹਿਲ' ਮੁਤਾਬਕ ਪਾਕਿਸਤਾਨ ਵਿੱਚ ਰੋਜ਼ਾਨਾ ਤਕਰੀਬਨ 11 ਬੱਚਿਆਂ ਨਾਲ ਜਿਨਸੀ ਹਿੰਸਾ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ।

Image copyright Getty Images

ਪਾਕਿਸਤਾਨੀ ਪੰਜਾਬ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਅੰਕੜਿਆਂ ਮੁਤਾਬਕ ਸੂਬੇ ਵਿੱਚ 2016 ਵਿੱਚ 10 ਸਾਲ ਤੋਂ ਘੱਟ ਉਮਰ ਦੀਆਂ 107 ਕੁੜੀਆਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ।

ਪਿਛਲੇ ਸਾਲ ਇਹ ਗਿਣਤੀ 128 ਸੀ। 2017 ਵਿੱਚ ਇੱਕ ਵੀ ਦੋਸ਼ੀ ਨੂੰ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਨਹੀਂ ਹੋਈ ਜੋ ਇੱਕ ਸ਼ਰਮਨਾਕ ਵਰਤਾਰਾ ਹੈ।

'ਸਾਹਿਲ' ਦੀ ਕਾਰਜਕਾਰੀ ਨਿਰਦੇਸ਼ਕ, ਮੁਨਿਜ਼ੇਹ ਬਾਨੋ ਦਾ ਕਹਿਣਾ ਹੈ, "ਕਈ ਕੇਸ ਸਬੂਤਾਂ ਦੀ ਘਾਟ ਕਾਰਨ ਜਾਂ ਕਾਨੂੰਨੀ ਉਲਝਣਾਂ ਕਰਕੇ ਖ਼ਤਮ ਹੋ ਜਾਂਦੇ ਹਨ।"

"ਫੇਰ ਵੀ ਮੈਂ ਮੰਨਦੀ ਹਾਂ ਕਿ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਦੋਸ਼ੀਆਂ ਨੂੰ ਸਜ਼ਾ ਦੇ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਸਮਾਜ ਦਾ ਕਾਨੂੰਨ ਪ੍ਰਤੀ ਭਰੋਸਾ ਬਣਿਆ ਰਹੇ।"

ਅੰਕੜਿਆਂ ਮੁਤਾਬਕ ਜ਼ਮੀਨੀ ਸਚਾਈ ਇਸ ਦੇ ਉਲਟ ਹੈ।

ਨਿਰਭਿਆ ਪਹਿਲੀ ਔਰਤ ਨਹੀਂ ਸੀ ਜਿਸ ਦਾ ਦਿੱਲੀ ਵਿੱਚ ਬਲਾਤਕਾਰ ਹੋਇਆ ਪਰ ਉਸ ਦੇ ਖ਼ੂਨੀ ਵੇਰਵਿਆਂ ਨੇ ਕੌਮ ਦੀ ਅਜਿਹੀ ਆਤਮਾ ਝੰਜੋੜੀ ਕਿ ਹਜ਼ਾਰਾਂ ਲੋਕ ਸੜਕਾਂ 'ਤੇ ਆ ਗਏ।

ਬਲਾਤਕਾਰੀਆਂ 'ਤੇ ਮਾਮਲੇ ਦਰਜ ਹੋਏ ਅਤੇ ਨਿਰਭਿਯਾ ਦੀ ਮੌਤ ਭਾਰਤ ਲਈ ਇਤਿਹਾਸ ਬਣ ਗਿਆ। ਜ਼ਾਹਿਰ ਤੌਰ 'ਤੇ ਅਜਿਹਾ ਕੁਝ ਹੁਣ ਪਾਕਿਸਤਾਨ ਵਿੱਚ ਵਾਪਰ ਰਿਹਾ ਹੈ।

ਜ਼ੈਨਬ ਦੇ ਬਲਾਤਕਾਰ ਅਤੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਛਿੜੀ ਚਰਚਾ ਰੁਕ ਨਹੀਂ ਰਹੀ। ਲੋਕ 2012 ਵਿੱਚ ਭਾਰਤੀਆਂ ਵੱਲੋਂ ਮਹਿਸੂਸ ਕੀਤੀ ਗਈ ਸਾਵੀਂ ਨਿਰਾਸ਼ਾ ਮਹਿਸੂਸ ਕਰ ਰਹੇ ਹਨ।

ਹੈਵਾਨੀਅਤ ਦੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ

'ਨਿਰਭਿਆ' ਤੋਂ ਬਾਅਦ ਉਸ ਦਾ ਬਲਾਤਕਾਰ

ਇਸ ਨਿਰਾਸ਼ਾ ਦਾ ਕਾਰਨ ਵੀ ਬਹੁਤ ਸਪਸ਼ਟ ਹੈ। ਪਿਛਲੇ ਇੱਕ ਸਾਲ ਵਿੱਚ ਜ਼ੈਨਬ ਕਸੂਰ ਵਿੱਚ 12ਵੀਂ ਕੁੜੀ ਸੀ ਜਿਸ ਨਾਲ ਬਲਾਤਕਾਰ ਹੋਇਆ ਸੀ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹੁਣ ਮੰਨਦੀਆਂ ਹਨ ਕਿ ਇਹਨਾਂ ਵਿੱਚੋਂ ਘੱਟੋ-ਘੱਟ 9 ਇੱਕ ਹੀ ਵਿਅਕਤੀ ਦੀਆਂ ਸ਼ਿਕਾਰ ਸਨ ਜੋ ਹਾਲੇ ਵੀ ਖੁੱਲ੍ਹਾ ਘੁੰਮ ਰਿਹਾ ਹੈ।

ਜ਼ੈਨਬ ਦੇ ਬਲਾਤਕਾਰ ਅਤੇ ਕਤਲ ਨੇ ਇੱਕ ਵਾਰ ਫੇਰ 2015 'ਚ ਕਸੂਰ ਜਿਨਸੀ ਸ਼ੋਸ਼ਣ ਸਕੈਂਡਲ ਦੇ ਕੇਸ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਜਿਸ ਵਿੱਚ ਹੁਸੈਨ ਖ਼ਾਨਵਾਲਾ ਪਿੰਡ ਦੇ ਸੈਂਕੜੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਕੇ ਮੋਬਾਈਲ 'ਤੇ ਫ਼ਿਲਮਾਂ ਬਣਾਈਆਂ ਗਈਆਂ। ਇਸ ਨਾਲ ਦੇਸ ਕਈ ਦਿਨ ਸਦਮੇ ਵਿੱਚ ਰਿਹਾ।

ਕੀ ਪਿਛਲੇ ਮਾਮਲਿਆਂ ਨਾਲ ਕੁੱਝ ਬਦਲਿਆ ?

ਇੱਕ ਸਾਲ ਬਾਅਦ ਪਾਕਿਸਤਾਨੀ ਸੰਸਦ ਨੇ ਪਹਿਲੀ ਵਾਰ ਨਾਬਾਲਗਾਂ 'ਤੇ ਜਿਨਸੀ ਹਮਲੇ ਨੂੰ ਜੁਰਮ ਕਰਾਰ ਦੇਣ ਵਾਲਾ ਕਾਨੂੰਨ ਪਾਸ ਕੀਤਾ, ਜਿਸ ਵਿੱਚ ਸੱਤ ਸਾਲ ਤੱਕ ਦੀ ਸਜ਼ਾ ਦੀ ਵੀ ਤਜਵੀਜ਼ ਸੀ। ਇਸ ਤੋਂ ਪਹਿਲਾਂ ਸਿਰਫ਼ ਬਲਾਤਕਾਰ ਨੂੰ ਹੀ ਜੁਰਮ ਮੰਨਿਆ ਜਾਂਦਾ ਸੀ।

Image copyright ARIF ALI/GETTY IMAGES

ਕੀ ਇਸ ਨਾਲ ਕਸੂਰ ਦੇ ਬੱਚਿਆਂ ਲਈ ਇਨਸਾਫ਼ ਹਾਸਲ ਕਰਨ ਵਿੱਚ ਮਦਦ ਮਿਲੀ? ਇਸ ਦਾ ਜਵਾਬ ਨਹੀਂ ਹੈ। ਪਿਛਲੇ ਕੇਸ ਵਿੱਚ ਸਿਰਫ਼ ਦੋ ਦੋਸ਼ੀ ਕਰਾਰ ਦਿੱਤੇ ਗਏ ਸਨ, ਕਈ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਜਾਂ ਜ਼ਮਾਨਤ 'ਤੇ ਰਿਹਾ ਕਰ ਦਿੱਤੇ ਗਏ ਸਨ।

ਇਸੇ ਨੇ ਜ਼ੈਨਬ ਦੇ ਮਾਮਲੇ ਵਿੱਚ ਲੋਕਾਂ ਨੂੰ ਗੁੱਸਾ ਦਵਾਇਆ ਹੈ ਅਤੇ ਮੀਡੀਆ 'ਤੇ ਇੱਕ ਲੰਬੀ ਬਹਿਸ ਸ਼ੁਰੂ ਹੋਈ। ਕੁਝ ਲੋਕ ਇਸ ਨੂੰ ਦੇਸ ਦੀ ਅਸਫਲਤਾ ਮੰਨਦੇ ਹਨ ਅਤੇ ਕਈ ਲੋਕਾਂ ਮੁਤਾਬਕ ਇਹ ਮਾਪਿਆਂ ਅਤੇ ਸਮਾਜ ਦੀ ਅਸਫ਼ਲਤਾ ਹੈ।

ਹਰ ਬੀਤਣ ਵਾਲੇ ਦਿਨ ਨਾਲ ਨਿਰਾਸ਼ਾ ਵਧ ਰਹੀ ਹੈ। ਅਦਾਲਤ ਪੁਲਿਸ ਲਈ ਸਮੇਂ ਦੀਆਂ ਹੱਦਾਂ ਨੂੰ ਵਧਾ ਰਹੀ ਹੈ ਅਤੇ ਪੁਲਿਸ ਆਪਣੀ ਦੀ ਜਾਂਚ ਦਾ ਘੇਰਾ ਵਧਾ ਰਹੀ ਪਰ ਕੋਈ ਫ਼ਾਇਦਾ ਨਹੀਂ ਹੋ ਰਿਹਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
‘ਅਸੀਂ ਜਿਨਾਂ ਸੋਚਦੇ ਹਾਂ ਦਿੱਲੀ ਓਨੀ ਵੀ ਅਸੁਰੱਖਿਅਤ ਨਹੀਂ’

ਸਮਾਜਿਕ ਕਾਰਕੁਨ ਜ਼ਿੰਮੇਵਾਰ ਪਾਲਣ-ਪੋਸਣ ਲਈ ਸਿਲੇਬਸ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਹਨ ਅਤੇ ਪਾਬੰਦੀਸ਼ੁਦਾ ਵਿਸ਼ਿਆਂ 'ਤੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਪੱਖ ਰੱਖ ਰਹੇ ਹਨ।

ਅਦਾਕਾਰ ਅਹਿਸਾਨ ਖ਼ਾਨ ਉਨ੍ਹਾਂ ਵਿੱਚੋਂ ਇੱਕ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮੁੱਦੇ 'ਤੇ 'ਉਡਾਰੀ' ਨਾਂ ਦਾ ਇੱਕ ਨਾਟਕ ਪੇਸ਼ ਕੀਤਾ ਸੀ। ਜਿਸ ਕਰਕੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਆਲੋਚਨਾ ਕੀਤੀ ਗਈ ਸੀ।

ਸਿਰਫ਼ ਕਾਨੂੰਨ ਹੀ ਨਹੀਂ ਮਾਨਸਿਕਤਾ ਬਦਲਣ ਦੀ ਲੋੜ

ਦਰਸ਼ਕਾਂ ਨੇ ਨਾਟਕ ਖਿਲਾਫ਼ "ਅਨੈਤਿਕ ਸਮੱਗਰੀ" ਹੋਣ ਕਰ ਕੇ ਇਸ ਦੇ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਸਨ। ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਚੈਨਲਾਂ ਨੂੰ ਇਹ ਨਾਟਕ ਵਿਖਾਉਣ ਤੋਂ ਕੁਝ ਸਮੇਂ ਲਈ ਰੋਕ ਦਿੱਤਾ ਸੀ।

Image copyright Getty Images

ਬੀਬੀਸੀ ਨਾਲ ਗੱਲ ਦੌਰਾਨ ਅਹਿਸਾਨ ਖ਼ਾਨ ਨੇ ਕਿਹਾ, "ਅਸੀਂ ਹਮੇਸ਼ਾ ਅਜਿਹੀਆਂ ਘਟਨਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਘਟੀਆ ਸਮਝਦੇ ਹਾਂ, ਅਸੀਂ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ।"

ਫ਼ਿਲਹਾਲ ਕੁਝ ਸਮੇਂ ਲਈ ਸਮਾਜ ਸਾਫ ਤੌਰ 'ਤੇ ਝੰਜੋੜਿਆ ਗਿਆ ਹੈ। ਉੱਘੀਆਂ ਹਸਤੀਆਂ ਸਮੇਤ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਅੱਗੇ ਆ ਰਹੇ ਹਨ, ਆਪਣੇ ਜੀਵਨ ਵਿੱਚ ਹੋਏ ਮਾੜੇ ਵਤੀਰੇ ਦੀ ਗੱਲ ਕਰ ਰਹੇ ਹਨ।

ਜਿਵੇਂ ਹੀ ਜ਼ੈਨਬ ਦੇ ਕਾਤਲਾਂ ਦੀ ਭਾਲ ਜਾਰੀ ਰਹੇਗੀ ਉਸੇ ਤਰ੍ਹਾਂ ਸਮਾਜ ਦੀ ਅੰਤਰ ਝਾਤ ਵੀ ਜਾਰੀ ਰਹੇਗੀ ਕਿ ਕੀ ਜਿਨਸੀ ਸ਼ੋਸ਼ਣ ਪ੍ਰਤੀ ਇਸ ਨੂੰ ਰਵੱਈਆ ਬਦਲਣ ਦੀ ਲੋੜ ਹੈ?

ਯਾਦ ਹਮ ਕੋ ਅਕਸਰ ਰਹਿਤਾ ਨਹੀਂ

ਭਾਰਤ ਵਿੱਚ ਨਿਰਭਿਆ ਦੀ ਮੌਤ ਤੋਂ ਬਾਅਦ ਯਕੀਨੀ ਤੌਰ 'ਤੇ ਇਸ ਦਿਸ਼ਾ ਵਿੱਚ ਬਦਲਾਅ ਹੋਇਆ ਹੈ। ਨੌਜਵਾਨਾਂ ਵਿੱਚ ਜੀਵਨ ਢੰਗ ਨੂੰ ਲੈ ਕੇ ਖੁੱਲ੍ਹਾਪਨ ਵਧਿਆ ਹੈ।

ਲਿੰਗਕ ਸੰਵੇਦਨਸ਼ੀਲਤਾ, ਔਰਤ ਵਿਰੋਧੀ ਮਾਨਸਿਕਤਾ ਅਤੇ ਰਵੱਈਏ ਨੂੰ ਬਦਲਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਕੂਲਾਂ ਨੇ ਪਾਠਕ੍ਰਮ ਬਦਲੇ ਹਨ, ਔਰਤਾਂ ਅਤੇ ਬੱਚਿਆਂ ਖਿਲਾਫ਼ ਹਿੰਸਾ ਨੂੰ ਅਪਰਾਧ ਮੰਨਣ ਵਾਲੇ ਕਾਨੂੰਨ ਬਣਾਏ ਗਏ ਹਨ ਅਤੇ ਨਾਰੀਵਾਦ ਦੀ ਲਹਿਰ ਵਿੱਚ ਮਜ਼ਬੂਤੀ ਆਈ ਹੈ।

Image copyright Getty Images

ਕੀ, ਮੌਜੂਦਾ ਦੌਰ ਪਾਕਿਸਤਾਨ ਲਈ "ਨਿਰਭਿਆ ਪਲ" ਹੈ? ਜ਼ੈਨਬ ਦੀ ਮੌਤ ਤੋਂ ਬਾਅਦ ਫ਼ੈਲਿਆ ਰੋਹ ਕਿਸੇ ਹੋਰ ਅਰਥਪੂਰਨ ਬਦਲਾਅ ਵਿੱਚ ਤਬਦੀਲ ਹੋਵੇਗਾ ਤਾਂ ਕਿ ਭਵਿੱਖ ਦੀਆਂ ਜ਼ੈਨਬਾਂ ਦੀ ਜ਼ਿੰਦਗੀ ਅਤੇ ਇੱਜ਼ਤ ਦੀ ਸੁਰੱਖਿਆ ਕੀਤੀ ਜਾ ਸਕੇ ਜਾਂ ਇਹ ਸਭ ਕਿਸੇ ਹੋਰ ਦਿਲ ਕੰਬਾਊ ਘਟਨਾ ਤੱਕ ਮੱਠਾ ਪੈ ਜਾਵੇਗਾ?

ਇਤਿਹਾਸ ਗਵਾਹ ਹੈ ਕਿ ਇੱਕ ਕੌਮ ਵਜੋਂ ਸਾਡੀ ਯਾਦ ਸ਼ਕਤੀ ਬਹੁਤ ਮਾੜੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)