ਪਾਕਿਸਤਾਨ ਵਿੱਚ ਬਸੰਤ ਦਾ ਲਾਹੌਰੀ ਰੰਗ ਹੋਇਆ ਬੇਰੰਗ

ਬਸੰਤ Image copyright AFP/Getty Images

ਬਸੰਤ ਮੌਸਮੀ ਤਿਉਹਾਰ ਹੈ। ਦੇਸੀ ਮਹੀਨੇ ਪੋਹ ਤੋਂ ਬਾਅਦ ਮਾਘ (15 ਜਨਵਰੀ ਦੇ ਨੇੜੇ) ਚੜ੍ਹਨ ਨਾਲ ਠੰਢ ਘਟ ਜਾਂਦੀ ਹੈ। ਧੁੱਪਾਂ ਲਗਦੀਆਂ ਹਨ ਅਤੇ ਬਸੰਤ ਆ ਜਾਂਦੀ ਹੈ।

ਕਹਿੰਦੇ ਹਨ, "ਆਇਆ ਬਸੰਤ, ਪਾਲ਼ਾ ਉਡੰਤ।" ਬਸੰਤ ਦਾ ਤਿਉਹਾਰ ਫ਼ਰਵਰੀ ਦੇ ਦੂਜੇ ਜਾਂ ਤੀਜੇ ਹਫ਼ਤੇ ਮਨਾਇਆ ਜਾਂਦਾ ਹੈ। ਬਸੰਤ ਦਾ ਤਿਉਹਾਰ ਗੁੱਡੀਆਂ ਉਡਾਉਣ ਨਾਲ ਜੁੜਿਆ ਹੋਇਆ ਹੈ।

ਲਾਹੌਰ ਸ਼ਹਿਰ ਅਤੇ ਲਹਿੰਦੇ ਪੰਜਾਬ ਦੇ ਦੂਜੇ ਸ਼ਹਿਰਾਂ ਵਿੱਚ ਇੱਕ ਵੇਲੇ ਵਾਰੋ-ਵਾਰੀ ਬਸੰਤ ਮਨਾਈ ਜਾਂਦੀ ਸੀ।

ਜਿਵੇਂ ਕਸੂਰ, ਗੁੱਜਰਾਂਵਾਲਾ, ਲਾਇਲਪੁਰ, ਸ਼ੇਖ਼ੂਪੁਰਾ ਅਤੇ ਪਿੰਡੀ ਤੀਕ।

Image copyright AFP

ਮੈਨੂੰ ਚੇਤੇ ਹੈ ਕਿ ਬਸੰਤ ਬੜੇ ਚਾਵਾਂ ਨਾਲ ਮਨਾਈ ਜਾਂਦੀ ਸੀ।

ਲਾਹੌਰ ਦੀ 'ਕਾਇਟ ਫ਼ਲਾਇੰਗ ਐਸੋਸੀਏਸ਼ਨ' ਨੇ ਦੋ ਮਹੀਨੇ ਪਹਿਲਾਂ ਈ ਬਸੰਤ ਦੀ ਤਾਰੀਖ਼ ਦਾ ਐਲਾਨ ਕਰ ਦੇਣਾ ਅਤੇ ਤਿਆਰੀਆਂ ਸ਼ੁਰੂ ਹੋ ਜਾਣੀਆਂ।

ਲਾਹੌਰ ਅੰਦਰ ਗੁੱਡੀਆਂ ਅਤੇ ਡੋਰਾਂ ਦੇ ਢੇਰ ਲੱਗ ਜਾਣੇ।

ਸ਼ਾਹ ਆਲਮੀ ਬਾਹਰ, ਮੋਚੀ ਦਰਵਾਜ਼ੇ ਅਤੇ ਮੰਟੋ ਪਾਰਕ ਵਿੱਚ ਡੋਰਾਂ ਲੱਗਣੀਆਂ। ਰੰਗਾਂ ਦੀ ਬਹਾਰ ਆ ਜਾਣੀ।

ਅੰਦਰੂਣ ਲਾਹੌਰੋਂ ਇਹ ਗੁੱਡੀਆਂ ਮੁੜ ਪੂਰੇ ਲਾਹੌਰ ਸ਼ਹਿਰ ਵਿੱਚ ਮੁਹੱਲਿਆਂ ਦੀਆਂ ਹੱਟੀਆਂ ਤੀਕ ਅੱਪੜਨੀਆਂ।

ਚੰਗੀਆਂ ਗੁੱਡੀਆਂ ਦੀਆਂ ਹੱਟੀਆਂ ਵੀ ਮਸ਼ਹੂਰ ਹੁੰਦੀਆਂ ਸਨ, ਉਹਦਾ ਕਾਗ਼ਤ ਅਤੇ ਸ਼ਹਿਤੀਰ ਚੰਗਾ ਹੈ—ਉਹ ਦੀ ਡੋਰ ਚੰਗੀ ਹੈ।

ਫਿਰ ਧਾਗਿਆਂ ਦੇ ਵੀ ਨਾਂ ਹੁੰਦੇ ਸਨ, ਬਿੱਲੀ, ਰਿੱਛ ਅਤੇ ਮੱਛੀ। ਧਾਗੇ ਦੇ ਮਾਰਕੇ ਮਗਰੋਂ ਨਿਓਲਾ, ਜ਼ੈਬਰਾ, ਪਾਂਡਾ ਅਤੇ ਕੋਬਰਾ ਆ ਗਿਆ ਹੈ।

ਫਿਰ ਧਾਗਿਆਂ ਦੇ ਨੰਬਰ ਹੁੰਦੇ ਸਨ, 10, 8 ਅਤੇ 18 ਪਰ 10 ਨੰਬਰ ਦਾ ਧਾਗਾ ਪੱਕਾ ਸਮਝਿਆ ਜਾਂਦਾ ਸੀ।

Image copyright EPA

ਮੈਦਾ, ਸਰੇਸ਼ ਜਾਂ ਗੂੰਦ, ਬਾਰੀਕ ਕੀਤਾ ਸ਼ੀਸ਼ਾ ਰਲ਼ਾ ਕੇ ਮਾਂਜਾ ਤਿਆਰ ਕੀਤਾ ਜਾਂਦਾ ਸੀ।

ਫਿਰ ਕਾਟ ਨੂੰ ਕੁਝ ਘਟਾਉਣ ਲਈ ਡੋਰ ਉਪਰ ਉਬਲਿਆ ਆਂਡਾ ਰਗੜਦੇ ਸਨ।

ਪਤੰਗਾਂ ਦੇ ਨਾਂ, ਪੁਰੀ, ਪਤੰਗ, ਤੇਰੇ ਅਤੇ ਕੱਪ। ਬਸੰਤ ਨਾਲ ਸਾਡੀ ਪੂਰੀ ਤਵਾਰੀਖ਼ ਜੁੜੀ ਹੋਈ ਹੈ।

ਪੁਰਾਣੇ ਵੇਲਿਆਂ ਵਿੱਚ ਖੌਰੇ ਵੰਡ ਤੋਂ ਪਹਿਲਾਂ ਪੂਰਾ ਸ਼ਹਿਰ ਬਸੰਤ ਮਨਾਉਂਦਾ ਸੀ। ਬਸੰਤੀ ਕੱਪੜੇ ਪਾਏ ਜਾਂਦੇ ਸਨ।

ਲਾਹੌਰਨਾਂ ਅਤੇ ਲਾਹੌਰੀਏ ਬਸੰਤੀ ਕੱਪੜਿਆਂ ਨਾਲ ਪੂਰੇ ਲਾਹੌਰ ਨੂੰ ਬਸੰਤੀ ਕਰ ਦਿੰਦੇ ਸਨ। ਭੈਣਾਂ ਨੂੰ ਭਰਾ ਮੇਲਾ ਦਿੰਦੇ ਸਨ।

ਇਹ ਵੀ ਆਖਿਆ ਜਾਂਦਾ ਹੈ—ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਮੋਰਾਂ "ਗਜ ਰੱਜ" ਦੇ ਲਾਡਲੇ ਹਾਥੀ ਦਰਗਾਹ ਮਾਧੋ ਲਾਲ ਹੁਸੈਨ ਜਾਂਦੇ ਸਨ। ਲਾਹੌਰ ਸ਼ਹਿਰ ਗਾਉਂਦਾ ਸੀ।

"ਰੁੱਤ ਆਈ ਬਸੰਤ ਬਹਾਰ ਦੀ

ਸਾਨੂੰ ਸਿਕ ਹੈ ਮਾਧੋ ਯਾਰ ਦੀ।"

ਮਾਧੋ ਲਾਲ ਹੁਸੈਨ ਨੇ ਸੋਲ੍ਹਵੀਂ ਸਦੀ ਵਿੱਚ ਲਿਖਿਆ ਸੀ,

"ਸਾਜਨ ਦੇ ਹੱਥ ਡੋਰ ਅਸਾਡੀ, ਮੈਂ ਸਾਜਨ ਦੀ ਗੁੱਡੀ

ਨੀ ਅਸੀਂ ਆਓ ਖੁੱਡਾਂ ਲਡੀ।"

ਇਸ ਤੋਂ ਇਹ ਗਵੇੜ ਲਗਦਾ ਹੈ ਇਹ ਤਿਉਹਾਰ ਬਹੁਤ ਪੁਰਾਣਾ ਸੀ। ਇਹ ਖੌਰੇ ਸਾਡੇ ਦੇਸ ਅਤੇ ਪੂਰੇ ਹਿੰਦੁਸਤਾਨ ਵਿੱਚ ਸਦੀਆਂ ਤੋਂ ਮਨਾਇਆ ਜਾਂਦਾ ਸੀ।

Image copyright Getty Images

ਬਸੰਤ ਦੀ ਰੀਤ ਪਿੱਛੇ ਇੱਕ ਕਹਾਣੀ ਵੀ ਤੁਰਦੀ ਹੈ, ਕਈ ਰੰਗਾਂ ਵਿੱਚ। ਇਸ ਨੂੰ ਸਾਡੇ ਬਸੰਤ ਉੱਤੇ ਪਾਬੰਦੀ ਲਗਾਉਣ ਲਈ ਵਰਤਿਆ ਗਿਆ।

ਅਸੀਂ ਇਹ ਸਾਰਾ ਕਿੱਸਾ ਨੈਣ ਸੁਖ ਦੇ ਜੱਗ ਧੁੰਮੇ ਨਾਵਲ "ਮਾਧੋ ਲਾਲ ਹੁਸੈਨ, ਲਾਹੌਰ ਸ਼ਹਿਰ ਦੀ ਵੇਲ" ਰਾਹੀਂ ਕਰਨੇ ਆਂ।

"ਜਨਵਰੀ 1901 ਦੀ ਗੱਲ, ਲਾਹੌਰ ਵਿੱਚ ਸਰਕਾਰੀ ਦੇਸੀ ਅਫ਼ਸਰਾਂ ਅਤੇ ਰਈਸਾਂ ਕਾਈਟ ਫ਼ਲਾਇੰਗ ਲਈ ਰਾਇਜ਼ਨਗ ਕਲੱਬ ਬਣਾਈ। ਬਸੰਤ ਤੋਂ ਪਹਿਲਾਂ ਹਿੰਦੂ ਮੈਂਬਰਾਂ ਵਿੱਚ "ਹਕੀਕਤ ਕੀ ਹਕੀਕਤ" ਸਿਰਨਾਵੇਂ ਦੀ ਹਿੰਦੀ ਵਿੱਚ ਲਿਖੀ ਇੱਕ ਲਿਖਤ ਵਰਤਾਈ ਗਈ ਜਿਹਦੇ ਵਿੱਚ ਹਕੀਕਤ ਸਿੰਘ ਰਾਏ ਹਕੀਕਤ ਮੱਲ ਸ਼ਹੀਦ ਲਖੀਚਾ।

ਬਸੰਤ ਪੰਚਮੀ ਨੂੰ ਉਸ ਦੀ ਸ਼ਹਾਦਤ ਦਾ ਦਿਹਾੜਾ ਆਖ ਕੇ ਇਹ ਨੂੰ ਹਿੰਦੂ ਧਰਮ ਦਾ ਤਿਉਹਾਰ ਮਿਥਿਆ ਗਿਆ।

"ਬਾਵੇ ਦੀ ਮੜ੍ਹੀ" ਦਾ ਦੀਵਾ ਲਾਹੌਰੀਏ ਬਾਲਦੇ ਰਹੇ, ਉਨ੍ਹਾਂ ਇਹ ਕਿੱਸਾ ਸੁਣਿਆ ਹੋਇਆ।

ਸਿਆਲਕੋਟ ਵਿੱਚ ਭਾਗ ਮੱਲ ਨਾਂ ਦਾ ਇੱਕ ਹਿੰਦੂ ਖੱਤਰੀ ਹੋਇਆ, ਉਹ ਦੇ ਘਰ ਪੁੱਤਰ ਜੰਮਿਆ ਜਿਹਦਾ ਨਾਂ ਉਸ ਹਕੀਕਤ ਮੱਲ ਰੱਖਿਆ।

ਹਕੀਕਤ ਮੱਲ ਦੇ ਨਾਨਕੇ ਸਿੱਖ ਜਿੱਥੇ ਉਹਦਾ ਬੜਾ ਜੀ ਲੱਗੇ ਕਿਉਂ ਜੇ ਉੱਥੇ ਹਰ ਵੇਲੇ ਸਿੰਘਾਂ ਦਾ ਬਲੀਦਾਨ ਪ੍ਰਚਾਰਿਆ ਜਾਵੇ।

ਦੋਹਤਰਾ ਵੀ ਬਲੀ ਚੜ੍ਹਨ ਲਈ ਹਕੀਕਤ ਸਿੰਘ ਹੋ ਗਿਆ। ਨਾਨਕਿਆਂ ਵਿਗੜੇ ਨੂੰ ਭਾਗ ਮੱਲ ਫ਼ਾਰਸੀ ਪੜ੍ਹਨ ਲਈ ਮਦਰਸੇ ਜਾ ਭਰਤੀ ਕਰਾਇਆ ਜਿੱਥੇ ਉਸ ਤੋਂ ਬਿਨਾਂ ਸਾਰੇ ਮੁਸਲਮਾਨ।

ਬਾਲਾਂ ਗ਼ੈਰ-ਮੁਸਲਿਮ ਦੀ ਛੇੜ ਬਣਾ ਲਈ ਅਤੇ ਉਨ੍ਹਾਂ "ਦੇਵੀ ਮਾਤਾ" ਨੂੰ ਪੁੰਨਿਆ।

ਹਕੀਕਤ ਸਿੰਘ ਦਾ ਤਾਂ ਅੱਗੇ ਈ ਖ਼ੂਨ ਜਰਲਾ ਰਿਹਾ ਉਹ ਨੇ "ਬੀ ਬੀ ਪਾਕ" ਦੀ ਬੇਅਦਬੀ ਕੀਤੀ। ਜਿਹਨੇ ਸੁਣਿਆ ਉਸੇ ਨੇ ਕੰਨਾਂ ਨੂੰ ਹੱਥ ਲਾਏ।

ਮੁਦੱਰਸ ਹਕੀਕਤ ਸਿੰਘ ਨੂੰ ਮਾਰਦਾ ਕੁੱਟਦਾ ਜ਼ਿਲ੍ਹਾਦਾਰ ਅਮੀਰ ਬੈਗ ਕੋਲ ਲੈ ਗਿਆ।

ਕਾਜ਼ੀ ਅੱਗੇ ਮੁਕਦਮਾ ਪੇਸ਼ ਹੋਇਆ ਜਿਸ ਨੇ ਬਾਰ੍ਹਾਂ ਵਰ੍ਹਿਆਂ ਦੇ ਹਕੀਕਤ ਸਿੰਘ ਨੂੰ ਤੌਹੀਨ ਰਿਸਾਲਤ ਦੇ ਜੁਰਮ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ।

ਬੰਦੀ ਵਾਣ ਮੁਜਰਿਮ ਦੀ ਮਾਤਾ ਦੁਰਗਾ ਅਤੇ ਧਰਮ ਪਤਨੀ ਲਕਸ਼ਮੀ ਦਾ ਵਰਲਾਪ ਦੂਰ ਦੁਰਾਡੇ ਸੁਣਿਆ ਜਿਹਦੇ ਬਾਰੇ ਕਸਿਆਰ ਉਗਰਾ ਦਾ ਲਿਖਿਆ ਕਿੱਸਾ ਮਸ਼ਹੂਰ ਹੋਇਆ।

ਹੋਰ ਵੀ ਬਥੇਰੇ ਕਿੱਸੇ, ਸੋਹਲੇ, ਵੈਣ ਅਤੇ ਵਾਰਾਂ ਜੁੜੇ। ਲਾਹੌਰ ਵਿੱਚ ਭੈਣਾਂ ਨੇ ਹਕੀਕਤ ਸਿੰਘ ਨੂੰ ਮਾਣ ਨਾਲ ਵੀਰ ਆਖਿਆ ਅਤੇ ਮਾਵਾਂ ਲਈ ਉਹ ਅੱਲ੍ਹੜ ਬੱਲੜ ਬਾਵਾ।

ਪਿਓ ਉਹਦਾ ਭਾਗ ਮੱਲ ਏਮਨਾਬਾਦ ਦੇ ਹਿੰਦੂ ਖੱਤਰੀ ਫ਼ੌਜਦਾਰ ਜਸਪਤ ਰਾਏ ਅੱਗੇ ਜਾ ਫ਼ਰਿਆਦੀ ਹੋਇਆ।

ਜਸਪਤ ਰਾਏ ਭਾਗ ਮੱਲ ਦਾ ਸਿਫ਼ਾਰਸ਼ੀ ਬਣਿਆ ਅਤੇ ਉਹਦੇ ਭਰਾ ਲੱਖਪਤ ਰਾਏ ਨੇ ਲਹੌਰ ਦੇ ਦਿਵਾਨ, ਸੂਬੇਦਾਰ ਨਵਾਬ ਜ਼ਕਰੀਆ ਖ਼ਾਂ ਅੱਗੇ ਰਹਿਮ ਦੀ ਅਪੀਲ ਕੀਤੀ।

ਇਹ ਵਾਕਿਆ 1724 ਦਾ ਹੈ ਜਦੋਂ ਸਿੱਖਾਂ ਨੂੰ ਮਾਰਨ ਲਈ ਬਥੇਰੇ ਧਰਮੀ ਹਿੰਦੂਆਂ ਦੇ ਮੁਗ਼ਲ ਹਾਕਮਾਂ ਦੇ ਭਾਈਵਾਲ ਬਣਨ ਦੀਆਂ ਮਿਸਾਲਾਂ ਮਿਲਦੀਆਂ ਹਨ।

ਹਕੀਕਤ ਸਿੰਘ ਲਾਹੌਰ ਦੇ ਕਾਜ਼ੀ ਅੱਗੇ ਪੇਸ਼ ਹੋਇਆ, ਉਹ ਦੇ ਅੱਗੇ ਚੋਣ ਰੱਖੀ ਗਈ ਕਿ ਜਾਂ ਉਹ ਮੁਸਲਮਾਨ ਹੋ ਕੇ ਤੌਹੀਨ ਰਿਸਾਲਤ ਸਜ਼ਾ ਤੋਂ ਬਚ ਜਾਏ ਅਤੇ ਜਾਂ ਉਹਦੀ ਮੌਤ ਅਟੱਲ।

ਹਕੀਕਤ ਸਿੰਘ ਬੋਲਿਆ, "ਸਾਰੇ ਮਾਨਯੋਗ ਨੇ, ਨਹੀਂ ਅਤੇ ਕੋਈ ਵੀ ਮਹਾਨ ਨਹੀਂ।" ਇਹ ਆਖ ਕੇ ਉਹਨੇ ਹੱਸਦਿਆਂ ਹੋਇਆਂ ਸੂਲੀ ਚੁੰਮ ਲਈ।

ਲਾਹੌਰੀਏ ਉਹਦੇ ਸਦਕੇ ਵਾਰੀ ਗਏ ਅਤੇ ਉਨ੍ਹਾਂ ਉਹਦੀ ਅਰਥੀ ਸਿਆਲਕੋਟ ਨਾ ਜਾਣ ਦਿੱਤੀ।

ਇੱਥੇ ਈ ਉਹਦੀ ਸਮਾਧ ਬਣੀ ਜਿਹੜੀ "ਬਾਵੇ ਦੀ ਮੜ੍ਹੀ" ਦੇ ਨਾਂ ਨਾਲ ਧੰਮੀ। ਇਲਾਕਾ ਖ਼ੋਜੇ ਸ਼ਾਹ ਅਤੇ ਮਹਿਲਾ ਕੋਟ ਖ਼ੁਆਜਾ ਸਈਦ।

ਇੱਥੇ ਹਰ ਵਰ੍ਹੇ ਉਹਦੀ ਸ਼ਹਾਦਤ ਦੇ ਦਿਹਾੜੇ ਦੂਰੋਂ ਮਕਾਨਾਂ ਆਉਂਦੀਆਂ, ਸਭ ਤੋਂ ਵੱਡੀ ਡਾਰ ਹਕੀਕਤ ਸਿੰਘ ਦੇ ਪੇਕੇ ਸ਼ਹਿਰੋਂ ਆਵੇ।

ਇੱਥੋਂ ਫੂੜੀ ਚੁੱਕ ਕੇ, ਸੋਗੀ ਬਸੰਤ ਦੇ ਮੇਲੇ ਦਰਗਾਹ ਮਾਧੋ ਲਾਲ ਹੁਸੈਨ ਟੁਰ ਜਾਂਦੇ।"

Image copyright Getty Images

ਸਾਲ 2000 ਵਿੱਚ ਬਸੰਤ ਸਰਕਾਰੀ ਪੱਧਰ ਉਤੇ ਮਨਾਈ ਗਈ। ਜਸ਼ਨ ਬਹਾਰਾਂ ਅਤੇ ਬਸੰਤ ਨਾਇਟ ਫੂਡ ਮੇਲਾ।

ਫਿਰ ਵਿੱਚ ਮਲਟੀਨੈਸ਼ਨਲ ਕੰਪਨੀਆਂ ਪੈ ਗਈਆਂ। ਕੋਠੇ ਵਿਕਣ ਲੱਗ ਪਏ। ਨਾਲ ਹੀ ਬਸੰਤ ਨਾਇਟ ਵੀ ਸ਼ੁਰੂ ਹੋਈ।

ਲਾਇਟਾਂ ਦੇ ਚਾਨਣ ਵਿੱਚ ਪੇਚੇ ਲੱਗਣੇ। ਪਤੰਗਾਂ ਅਤੇ ਰੰਗਾਂ ਦਾ ਹੜ੍ਹ ਆਇਆ ਪਰ ਨਾਲ ਹੀ ਇੱਕ ਕੰਮ ਹੋਰ ਹੋਇਆ, ਕੈਮੀਕਲ ਵਾਲੀ ਤਾਰ ਆ ਗਈ।

ਤਾਰ ਮੋਟਰ ਸਾਇਕਲ ਅਤੇ ਜਾਂਦੇ ਬੰਦਿਆਂ ਅਤੇ ਬਾਲਾਂ ਦੀਆਂ ਗਰਦਨਾਂ ਅਤੇ ਫਿਰ ਗਈ।

2005 ਵਿੱਚ ਬਸੰਤ ਉੱਤੇ ਪਾਬੰਦੀ ਲੱਗ ਗਈ। ਕਾਰਨ, ਬਿਜਲੀ ਦਾ ਬ੍ਰੇਕਡਾਊਨ, ਅਸਲ੍ਹੇ ਦਾ ਵਿਖਾਲਾ, ਮਾਰੋ ਧਾਤੀ ਤਾਰ। ਫ਼ਤਵੇ ਆ ਪਏ।

ਬਸੰਤ ਗ਼ੈਰ ਇਸਲਾਮੀ, ਬਸੰਤ ਹਰਾਮ, ਬਸੰਤ ਹਿੰਦਵਾਨਾ ਰਸਮ।

Image copyright Getty Images

ਮੌਲਵੀਆਂ ਜਲੂਸ ਕੱਢੇ। ਅਦਾਲਤ ਤੋਂ ਫ਼ੈਸਲੇ ਆ ਗਏ। ਗੁੱਡੀਆਂ ਬਣਾਉਣ ਆਲੇ ਫੜੇ ਗਏ।

ਡੋਰਾਂ ਜ਼ਬਤ ਹੋ ਗਈਆਂ। ਲੱਖਾਂ ਲੋਕਾਂ ਦਾ ਵਪਾਰ ਬੰਦ ਹੋ ਗਿਆ।

ਮਾਧੋ ਲਾਲ ਹੁਸੈਨ ਦੀ ਬਸੰਤ ਉਜੜ ਗਈ। ਹੁਣ ਬਸੰਤ ਯਾਦਾਂ ਵਿੱਚ ਹੀ ਰਹਿ ਗਈ ਹੈ।

ਜਦ ਇਨ੍ਹਾਂ ਯਾਦਾਂ ਵਾਲੇ ਲੋਕ ਵੀ ਮੁੱਕ ਜਾਵਣਗੇ ਫਿਰ ਬਸੰਤ ਦਾ ਜ਼ਿਕਰ ਕਿਤਾਬਾਂ ਵਿੱਚ ਰਹਿ ਜਾਏਗਾ ਜਾਂ ਫਿਰ ਸ਼ਾਹ ਹੁਸੈਨ ਦੀ ਸ਼ਾਇਰੀ ਵਿੱਚ।

ਸ਼ਾਹ ਹੁਸੈਨ ਨੂੰ ਕੌਣ ਪੜ੍ਹਦਾ ਹੈ ਇਸ ਮੁਬਾਇਲ ਅਤੇ ਇੰਟਰਨੈੱਟ ਦੇ ਦੌਰ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)