ਸੋਸ਼ਲ: 6,200 ਰੁਪਏ ਦੀ ਇਸ 'ਲੁੰਗੀ' 'ਚ ਕੀ ਕੁਝ ਖ਼ਾਸ ਹੈ?

Zara lungi Image copyright Zara/AFP

ਰੈਡੀਮੇਡ ਕੱਪੜਿਆਂ ਦੇ ਬਰਾਂਡ, ਜ਼ਾਰਾ, ਵੱਲੋਂ ਬਾਜ਼ਾਰ ਵਿੱਚ ਲਿਆਂਦਾ ਗਿਆ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਵਿੱਚ ਇੰਟਰਨੈੱਟ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ।

ਲੁੰਗੀ ਇੱਕ ਅਜਿਹਾ ਪਹਿਰਾਵਾ ਹੈ, ਜਿਸ ਨੂੰ ਖ਼ਾਸ ਕਰ ਕੇ ਦੱਖਣੀ ਭਾਰਤ, ਦੱਖਣੀ ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ ਅਤੇ ਅਰਬ ਮੁਲਕਾਂ ਵਿੱਚ ਪਾਇਆ ਜਾਂਦਾ ਹੈ।

ਆਮ ਤੌਰ 'ਤੇ ਇਸ ਦਾ ਮੁੱਲ ਕੁਝ ਸੌ ਰੁਪਏ ਹੀ ਹੁੰਦਾ ਹੈ।

ਪਰ ਸੰਸਾਰ ਭਰ ਵਿੱਚ ਮਸ਼ਹੂਰ ਫ਼ੈਸ਼ਨ ਬਰਾਂਡ, ਜ਼ਾਰਾ, ਦੇ ਇਸੇ ਤਰ੍ਹਾਂ ਦੇ ਇੱਕ ਪਹਿਰਾਵੇ ਦੀ ਕੀਮਤ ਯੂਕੇ ਵਿੱਚ 69 ਪੌਂਡ (ਕਰੀਬ 98 ਡਾਲਰ) ਰੱਖੀ ਗਈ ਹੈ।

ਜੇ ਇਸ ਕੀਮਤ ਨੂੰ ਰੁਪਈਆਂ ਵਿੱਚ ਦੇਖੀਏ ਤਾਂ ਕਈ ਹਜ਼ਾਰ ਬਣਦੇ ਹਨ।

ਜ਼ਾਰਾ ਮੁਤਾਬਕ ਉਨ੍ਹਾਂ ਦਾ ਇਹ ਪਹਿਰਾਵਾ ਇੱਕ ਚੈੱਕ ਮਿੰਨੀ ਸਕਰਟ ਹੈ, ਜਿਸ 'ਤੇ ਜ਼ਿਪ ਵੀ ਲੱਗੀ ਹੋਈ ਹੈ।

ਪਰ ਇਹ ਲੁੰਗੀ ਦੀ ਦਿੱਖ ਵਾਲਾ ਪਹਿਰਾਵਾ ਸੋਸ਼ਲ ਮੀਡੀਆ 'ਤੇ ਮਖ਼ੌਲ ਦਾ ਕੇਂਦਰ ਬਣ ਗਿਆ ਹੈ।

ਆਪਣੇ ਟਵੀਟਰ ਹੈਂਡਲ ਤੋਂ ਕੁਰਸ਼ੀਦ ਨੇ ਕਿਹਾ, "ਅੰਕਲ ਦੀ 3 ਪੌਂਡ ਦੀ ਲੁੰਗੀ (ਏਸ਼ੀਆ 'ਚ ਮਰਦਾਂ ਦੀ ਸਕਰਟ), ਜ਼ਾਰਾ 70 ਪੌਂਡ 'ਚ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਬਹੁਤ ਸਾਰੀਆਂ ਟਿੱਪਣੀਆਂ 'ਚ ਲੋਕਾਂ ਨੇ ਇਸ ਪਹਿਰਾਵੇ ਨੂੰ ਜ਼ਾਰਾ ਦੇ ਬਰਾਂਡ ਹੇਠ ਦੇਖ ਕੇ ਹੈਰਾਨੀ ਪਰਗਟ ਕੀਤੀ ਹੈ। ਕਈ ਲੋਕਾਂ ਨੇ ਇਸ ਗੱਲ ਤੇ ਰੋਸ ਜਤਾਇਆ ਹੈ ਕਿ ਇਸ ਨੂੰ ਲੁੰਗੀ ਨਹੀਂ ਕਿਹਾ ਜਾ ਰਿਹਾ।

ਸੈਲੀਯੂਲਿਨ ਲਿਖਦੇ ਹਨ, "ਜ਼ਾਰਾ, ਆਪਣੇ ਕੱਪੜਿਆਂ ਨੂੰ ਕਿਸੇ ਸਭਿਆਚਾਰ ਨਾਲ ਮਿਲਾਉਣ ਤੋਂ ਪਹਿਲਾਂ ਸੋਚ ਲਓ।"

ਹਨੀਕਯੂਮਨ ਲਿਖਦੇ ਹਨ, "ਜ਼ਾਰਾ, ਇਹ "ਚੈੱਕ ਮਿੰਨੀ ਸਕਰਟ" ਨਹੀਂ ਹੈ। ਇਹ ਲੁੰਗੀ ਹੈ। ਤੁਸੀਂ ਇਸ ਨੂੰ ਉਹੀ ਕਿਉਂ ਨਹੀਂ ਕਹਿੰਦੇ, ਜੋ ਅਸਲ ਵਿੱਚ ਇਹ ਹੈ? ਸਭਿਆਚਾਰ ਨੂੰ ਢੁਕਵੀਂ ਮਾਨਤਾ ਦਿਓ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)