'ਮੇਰੇ ਪਤੀ ਨੇ ਮੇਰਾ ਪੈਸਾ, ਆਤਮ ਵਿਸ਼ਵਾਸ, ਸਭ ਖੋਹ ਲਿਆ'

Women Image copyright Fox Photos/Getty Images

ਵਿਆਹ ਦੌਰਾਨ ਹੀ ਸਾਰੀਆਂ ਚੀਜ਼ਾਂ ਗਲਤ ਹੋ ਰਹੀਆਂ ਸਨ। ਉਸ ਨੇ ਜੋ ਸਾਡੇ ਮਹਿਮਾਨਾਂ ਲਈ ਬੱਸ ਬੁੱਕ ਕੀਤੀ ਸੀ, ਉਹ ਨਹੀਂ ਪਹੁੰਚੀ। ਉਸ ਨੇ ਕਿਹਾ ਉਹ ਖ਼ਰਾਬ ਹੋ ਗਈ ਸੀ। ਬਲਕਿ ਉਸ ਨੇ ਬੱਸ ਲਈ ਅਦਾਇਗੀ ਹੀ ਨਹੀਂ ਕੀਤੀ ਸੀ।

ਰਿਸੈਪਸ਼ਨ 'ਤੇ ਮੈਨੂੰ ਪਤਾ ਲੱਗਿਆ ਕਿ ਉਸ ਨੇ ਮਹਿਮਾਨਾਂ ਨੂੰ ਨਕਦੀ ਲਈ ਕਿਹਾ ਸੀ। ਉਸ ਨੇ ਮਹਿਮਾਨਾਂ ਤੋਂ ਵੀ ਪੈਸੇ ਮੰਗੇ ਤੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਅਜੇ ਕਈ ਚੀਜ਼ਾਂ ਲਈ ਪੈਸੇ ਦੇਣੇ ਹਨ ਤੇ ਉਹ ਮੇਰਾ ਦਿਨ ਖਰਾਬ ਨਹੀਂ ਕਰਨਾ ਚਾਹੁੰਦਾ।

ਅਸੀਂ ਇੱਕ ਡੇਟਿੰਗ ਸਾਈਟ 'ਤੇ ਇੱਕ ਸਾਲ ਪਹਿਲਾਂ ਮਿਲੇ ਸੀ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਯਾਦ ਕਰਦਾ ਹੈ, ਜੋ ਉਸ ਦੀ ਪਹਿਲੀ ਪਤਨੀ ਦੇ ਪਰਿਵਾਰ ਕੋਲ ਰਹਿੰਦਾ ਹੈ।

ਮੈਨੂੰ ਉਸ ਦੇ ਦੁੱਖ ਦਾ ਅਹਿਸਾਸ ਹੋਇਆ ਅਤੇ ਲੱਗਾ ਕਿ ਉਹ ਸੱਚਮੁਚ ਇੱਕ ਵਧੀਆ ਇਨਸਾਨ ਹੈ। ਉਹ ਆਈਟੀ ਕੰਪਨੀ ਵਿੱਚ ਕੰਮ ਕਰਨ ਕਰਦਾ ਸੀ, ਮੇਰੀ ਦੇਖਭਾਲ ਕਰਦਾ ਸੀ, ਜ਼ਿੰਦਗੀ ਦੇ ਬੇਸੁਆਦੇ ਕੰਮ ਜਿਵੇਂ ਕਾਰ ਬੀਮਾ ਜਾਂ ਦਵਾਈਆਂ ਆਦਿ ਵਰਗੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ।

Image copyright KATIE HORWICH/BBC

ਛੇਤੀ ਹੀ ਮੈਨੂੰ ਇੱਕ ਖੁਲਾਸੇ ਨੇ ਵੱਡਾ ਝਟਕਾ ਦਿੱਤਾ। ਉਸ ਦੀ ਪਹਿਲੀ ਪਤਨੀ ਦੀ ਮੌਤ ਇੱਕ ਸਾਲ ਪਹਿਲਾਂ ਨਹੀਂ ਸਗੋਂ ਸਿਰਫ਼ 6 ਹਫਤਿਆਂ ਪਹਿਲਾਂ ਹੋਈ ਸੀ।

ਉਸ ਨੇ ਮੁਆਫੀ ਮੰਗੀ। ਉਹ ਕਿਤੇ ਇਕੱਲਾ ਅਤੇ ਪਰੇਸ਼ਾਨ ਸੀ, ਮੈਂ ਉਸ ਨੂੰ ਮੁਆਫ ਕਰ ਦਿੱਤਾ। ਇਹੀ ਤਾਂ ਵਿਆਹ ਦੇ ਮਾਅਨੇ ਹੁੰਦੇ ਨੇ?

'ਮੇਰੀ ਕੋਸ਼ਿਸ਼ਾਂ ਦਾ ਫਾਇਦਾ ਨਹੀਂ ਹੋਇਆ'

ਉਸ ਨੇ ਮੈਨੂੰ ਮੇਰੇ ਦੋਸਤਾਂ ਤੋਂ ਵੱਖ ਵੱਖ ਬਹਾਨੇ ਲਾ ਕੇ ਦੂਰ ਕਰ ਦਿੱਤਾ। ਸ਼ਾਇਦ ਉਹ ਠੀਕ ਨਾ ਹੋਣ ਕਰਕੇ ਬਾਹਰ ਨਹੀਂ ਜਾਣਾ ਚਾਹੁੰਦਾ ਸੀ ਜਾਂ ਇਸ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਇਸ ਲਈ ਅਸੀਂ ਘਰੇ ਹੀ ਰਹਿੰਦੇ ਸੀ।

ਮੈਂ ਉਸ ਨੂੰ ਖੁਸ਼ ਰੱਖਣ ਲਈ ਉਹੀ ਕਰਦੀ ਸੀ, ਜੋ ਉਹ ਚਾਹੁੰਦਾ ਸੀ ਪਰ ਇੱਕ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਉਸ ਨੂੰ ਮੇਰੀ ਕਿਸੀ ਵੀ ਕੋਸ਼ਿਸ਼ ਦਾ ਕੋਈ ਫ਼ਰਕ ਨਹੀਂ ਪੈਂਦਾ ਸੀ।

ਜਦੋਂ ਉਸ ਨੂੰ ਸਪੇਨ ਵਿੱਚ ਇੱਕ ਚੰਗੇ ਕੰਮ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਵਧੀਆ ਕਮਾਈ ਵਾਲੀ ਨੌਕਰੀ ਛੱਡ ਦਿੱਤੀ ਅਤੇ ਸਾਡਾ ਸਮਾਨ ਬੰਨਿਆ ਗਿਆ।

ਪਰ ਉੱਥੇ ਵੀ ਕੁਝ ਸਹੀ ਨਹੀਂ ਰਿਹਾ।ਅਦਾਇਗੀ ਵਿੱਚ ਦੇਰੀ ਹੋ ਰਹੀ ਸੀ, ਕੰਟ੍ਰੈਕਟ ਵੀ ਪੂਰੇ ਨਹੀਂ ਹੋ ਰਹੇ ਸੀ ਅਤੇ ਮੇਰੇ ਕੋਲ ਜਿਹੜਾ ਪੈਸਾ ਸੀ ਉਹ ਵੀ ਮੁੱਕ ਗਿਆ ਸੀ।

ਮੈਂ ਉਸ ਦੇ ਵਿੱਤੀ ਨੁਕਸਾਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਹਰ ਵਾਰ ਜਦੋਂ ਵੀ ਮੈਂ ਉਸ ਦੇ ਵਕੀਲ ਜਾਂ ਆਕਊਟੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਕੁਝ ਨਾ ਕੁਝ ਹੋ ਜਾਂਦਾ।

ਕਦੀ ਉਹ ਕਹਿੰਦਾ ਉਹ ਬਿਮਾਰ ਹਨ ਜਾਂ ਉਨ੍ਹਾਂ ਨਾਲ ਕੋਈ ਹਾਦਸਾ ਹੋ ਜਾਂਦਾ ਅਤੇ ਉਨ੍ਹਾਂ 'ਚੋਂ ਉਸ ਦੇ ਮੁਤਾਬਕ ਕੁਝ ਲੋਕਾਂ ਦੀ ਮੌਤ ਹੋ ਗਈ ਸੀ।

Image copyright KATIE HORWICH/BBC

ਇਸ ਦੀ ਕੋਈ ਤੁੱਕ ਨਹੀਂ ਬਣਦੀ ਸੀ। ਮੈਨੂੰ ਲੱਗਿਆ ਮੇਰਾ ਦਿਮਾਗ ਖਰਾਬ ਹੋ ਰਿਹਾ ਹੈ। ਮੈਂ ਬਹੁਤ ਪਰੇਸ਼ਾਨ ਹੋ ਗਈ ਅਤੇ ਖੁਦਕਸ਼ੀ ਕਰਨ ਬਾਰੇ ਸੋਚਣ ਲੱਗੀ ਸੀ।

'ਮੇਰੇ ਨਾਂ ਦੇ ਸੰਮਨ ਆਉਣ ਲੱਗੇ'

ਉਸ ਨੇ ਮੈਨੂੰ ਰੋਕਣ ਲਈ ਕੁਝ ਨਹੀਂ ਕੀਤਾ। ਮੈਨੂੰ ਅਹਿਸਾਸ ਹੋਇਆ ਕਿ ਜੇਕਰ ਮੈਂ ਮਰ ਜਾਂਦੀ ਤਾਂ ਉਸ ਨੂੰ ਮੇਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਸੀ। ਕੀ ਉਸ ਨੇ ਮੇਰੀ ਜ਼ਿੰਦਗੀ ਦਾ ਇਹੀ ਮੁੱਲ ਪਾਇਆ ਸੀ?

ਉਹ ਮੇਰੀ ਕਾਰ ਲੈ ਕੇ ਕੁਝ ਦਿਨ ਬਾਹਰ ਚਲਾ ਗਿਆ। ਪਾਰਕਿੰਗ ਦੇ ਪੈਸੇ ਨਾ ਅਦਾ ਕਰਨ 'ਤੇ ਮੇਰੇ ਨਾਂ 'ਤੇ ਸੰਮਨ ਆਏ। ਅਧਿਕਾਰੀਆਂ ਨੇ ਮੇਰਾ ਦਰਵਾਜ਼ਾ ਖੜਕਾਇਆ ਅਤੇ ਕੁਝ ਹੋਰ ਬਿੱਲਾਂ ਲਈ ਪੈਸੇ ਮੰਗੇ। ਉਸ ਨੇ ਮੇਰੇ ਨਾਂ 'ਤੇ ਕ੍ਰੇਡਿਟ ਕਾਰਡ ਵੀ ਬਣਵਾਇਆ ਸੀ।

ਕਾਰ ਦਾ ਬੀਮਾ ਨਹੀਂ ਹੋਇਆ, ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੁਝ ਗੜਬੜ ਹੈ ਮੈਂ ਬੀਮੇ ਲਈ ਪੈਸੇ ਦੇ ਦਿੱਤੇ ਸਨ।

Image copyright KATIE HORWICH/BBC

ਮੈਂ ਕਾਰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਲੱਭ ਗਈ। ਉਸ ਨੇ ਕਿਹਾ ਉਹ ਮੇਰੇ ਝੂਠ ਬੋਲਣ ਨਾਲ ਦੁਖੀ ਹੋਇਆ ਹੈ।

ਉਸ ਨੇ ਮੈਨੂੰ ਕਿਹਾ ਉਹ ਮੇਰੇ ਨਾਲ ਗੱਲ ਨਹੀਂ ਕਰੇਗਾ ਕਿਉਂਕਿ ਮੈਂ ਉਸ ਦਾ ਸਾਥ ਨਹੀਂ ਦਿੱਤਾ। ਉਹ ਦੁਨੀਆਂ ਵਿੱਚ ਇਕੱਲਾ ਮਹਿਸੂਸ ਕਰਨ ਲੱਗਾ ਅਤੇ ਉਸ ਦੇ ਮੁਤਾਬਕ ਇਹ ਮੇਰੀ ਗਲਤੀ ਕਰਕੇ ਸੀ।

ਕਈ ਹੋਰ ਖੁਲਾਸੇ ਹੋਏ

ਇੱਕ ਦਿਨ ਉਹ ਸੈਰ ਸਪਾਟੇ ਤੋਂ ਵਾਪਸ ਆਇਆ, ਉਸ ਨੇ ਆਪਣਾ ਬੈਗ ਕਾਰ ਵਿੱਚ ਛੱਡ ਦਿੱਤਾ। ਉਸ ਵਿੱਚ ਕਿਸੇ ਹੋਰ ਔਰਤ ਵੱਲੋਂ ਲਿਖੀ ਹੋਈ ਇੱਕ ਚਿੱਠੀ ਸੀ।

ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਹੈ ਅਤੇ ਉਸ ਨੂੰ ਦੁੱਖ ਹੈ ਕਿ ਉਹ ਬੇਘਰ ਹੈ, ਉਸ ਕੋਲ ਘਰ ਨਹੀਂ ਹੈ।

ਬੇਘਰ? ਉਸ ਕੋਲ ਕਿੰਨੇ ਘਰ ਸੀ, ਇੱਕ ਸਪੇਨ ਵਿੱਚ ਕਿਰਾਏ 'ਤੇ ਅਤੇ ਦੂਜਾ ਇੱਥੇ, ਜਿੱਥੇ ਉਹ ਰਹਿ ਰਿਹਾ ਸੀ।

Image copyright KATIE HORWICH/BBC

ਮੈਂ ਵਾਪਸ ਉੱਤੇ ਗਈ ਅਤੇ ਦੇਖਿਆ ਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣਾ ਬੈਗ ਮੰਗਿਆ। ਮੈਂ ਕਿਹਾ ਨਹੀਂ। ਉਸ ਨੇ ਮੈਨੂੰ ਬਾਹ ਤੋਂ ਫੜ ਕੇ ਕੰਧ ਵੱਲ ਧੱਕ ਦਿੱਤਾ।

ਮੇਰਾ ਕੁੱਤਾ ਉਸ ਵੱਲ ਦੇਖ ਦੇ ਭੌਂਕਿਆ, ਜੋ ਉਸ ਨੇ ਪਹਿਲਾਂ ਕਦੀ ਨਹੀਂ ਕੀਤਾ ਸੀ। ਉਸ ਨੇ ਮੈਨੂੰ ਛੱਡ ਦਿੱਤਾ।

ਮੈਂ ਘਬਰਾ ਗਈ ਅਤੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਆਪਣੇ ਦੋਸਤ ਦੇ ਦਫਤਰ ਗਈ। ਜਦੋਂ ਉਹ ਮੈਨੂੰ ਮਿਲਣ ਆਈ ਤਾਂ ਉਸ ਨੇ ਕਿਹਾ, "ਤੈਨੂੰ ਪਤਾ ਹੈ ਤੂੰ ਪਜ਼ਾਮਾ ਪਾਇਆ ਹੈ?"

'ਉਸ ਨੇ ਮੇਰਾ ਫਾਇਦਾ ਚੁੱਕਿਆ'

ਉਹ 6 ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ। ਉਸ ਨੇ ਮੇਰਾ ਸਭ ਕੁਝ ਚੋਰੀ ਕਰ ਲਿਆ ਸੀ। ਮੈਂ ਆਪਣੀ ਕਮਾਈ ਗੁਆ ਲਈ, ਕ੍ਰੇਡਿਟ ਕਾਰਡ ਦੇ ਬਿੱਲ ਭਰਦੀ ਰਹੀ, ਕੁਝ ਸਮੇਂ ਲਈ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਲਿਆ ਸੀ।

ਮੈਨੂੰ ਮੇਰੇ ਸਮਾਨ ਵਾਲਾ ਬੈਗ ਵੀ ਨਹੀਂ ਮਿਲਿਆ ਮੈਨੂੰ ਲੱਗਾ ਕਿ ਸਪੇਨ ਭੇਜ ਦਿੱਤਾ ਹੈ ਪਰ ਉਹ ਤਾਂ ਜ਼ਬਤ ਕਰ ਲਿਆ ਗਿਆ ਸੀ ਅਤੇ ਜਲਦ ਹੀ ਉਸ ਦੀ ਨਿਲਾਮੀ ਹੋਣ ਵਾਲੀ ਸੀ।

ਮੈਂ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਨਹੀਂ ਜਾ ਸਕਦੀ ਸੀ। ਮੈਂ ਕਿਸੇ ਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਅਤੇ ਮੇਰੇ 'ਤੇ ਕੌਣ ਵਿਸ਼ਵਾਸ ਕਰਦਾ, "ਉਹ ਕਹਿਣਗੇ, ਉਹ ਤਾਂ ਚੰਗਾ ਮੁੰਡਾ ਸੀ।"

ਉਹ ਬਹੁਤ ਚਲਾਕ ਸੀ ਅਤੇ ਉਸ ਨੇ ਮੇਰੀ ਕਮਜ਼ੋਰੀ ਤੇ ਮੇਰੇ ਚੰਗੇ ਸੁਭਾਅ ਦਾ ਨਜਾਇਜ਼ ਫਾਇਦਾ ਚੁੱਕਿਆ। ਉਸ ਨੇ ਮੈਨੂੰ ਖ਼ਤਮ ਕਰ ਦਿੱਤਾ, ਉਸ ਨੇ ਮੇਰੇ ਆਤਮਵਿਸ਼ਵਾਸ ਨੂੰ ਠੇਸ ਪਹੁੰਚਾਈ।

Image copyright KATIE HORWICH/BBC

ਜਦੋਂ ਮੈਂ ਪੁਲਿਸ ਕੋਲ ਗਈ ਤਾਂ ਉਨ੍ਹਾਂ ਕਿਹਾ, "ਸਾਰੇ ਝੂਠ ਬੋਲਦੇ ਹਨ ਅਸੀਂ ਇਸ ਬਾਰੇ ਕੁਝ ਨਹੀਂ ਕਰ ਸਕਦੇ।"

ਉਸ ਦੇ ਝੂਠ ਲਗਾਤਾਰ ਸਾਹਮਣੇ ਆ ਰਹੇ ਸੀ।

'ਕਾਸ਼ ਮੈਂ ਹੋਰ ਔਰਤਾਂ ਨੂੰ ਬਚਾ ਸਕਦੀ'

ਉਸ ਦੀ ਮਾਂ ਮੇਰੀ ਕਹਾਣੀ ਸੁਣ ਕੇ ਹੈਰਾਨ ਹੋ ਗਈ। ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਜਰਮਨੀ ਦੇ ਹਸਪਤਾਲ ਵਿੱਚ ਹੈ ਅਤੇ ਉਸ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਸ ਦੀ ਮਾਂ ਨੇ ਉਸ ਨੂੰ ਮੇਰੀ ਦੇਖਭਾਲ ਕਰਨ ਲਈ ਇੱਕ ਹਜ਼ਾਰ ਪਾਊਂਡ ਦਿੱਤੇ।

ਜਦੋਂ ਮੈਂ ਉਸ ਨਾਲ ਸਬੰਧਿਤ ਇੱਕ ਔਰਤ ਨਾਲ ਸੰਪਰਕ ਕੀਤਾ ਤਾਂ ਉਹ ਹੈਰਾਨ ਰਹਿ ਗਈ। ਉਸ ਨੇ ਉਸ ਔਰਤ ਨੂੰ ਦੱਸਿਆ ਹੋਇਆ ਸੀ ਕਿ ਮੈਂ ਉਸ ਦੀ ਦਿਮਾਗੀ ਤੌਰ 'ਤੇ ਪਰੇਸ਼ਾਨ ਭੈਣ ਹਾਂ, ਜਿਸਦਾ ਇੱਕ ਸਖ਼ਤ ਪਤੀ ਹੈ। ਉਨ੍ਹਾਂ ਦਾ ਇਕੱਠੇ ਰਹਿਣ ਦਾ ਪਲਾਨ ਸੀ।

ਮੈਨੂੰ ਨਹੀਂ ਪਤੀ ਹੁਣ ਉਹ ਕਿੱਥੇ ਹੈ ਪਰ ਮੈਨੂੰ ਡਰ ਹੈ ਕਿ ਉਸ ਨੇ ਆਪਣਾ ਅਗਲਾ ਨਿਸ਼ਾਨਾ ਲੱਭ ਲਿਆ ਹੋਣਾ ਹੈ। ਕਾਸ਼! ਮੈਂ ਉਸ ਨੂੰ ਚਿਤਾਵਨੀ ਦੇ ਸਕਦੀ ਪਰ ਕੋਈ ਨਹੀਂ ਸੁਣੇਗਾ।

(ਦੋ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਸਾਥੀਆਂ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਮਾਨਸਿਕ ਸੰਤੁਲਨ ਠੀਕ ਹੋਣ ਬਾਰੇ ਸ਼ੱਕ ਪਾਇਆ। ਇਸ ਤੋਂ ਬਾਅਦ ਹੋਰ ਲੋਕਾਂ ਨੇ ਵੀ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਇਹ ਵੀ ਅਜਿਹੀ ਇੱਕ ਕਹਾਣੀ ਹੈ। ਆਪਬੀਤੀ ਸੁਣਾਉਣ ਵਾਲੀ ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)