ਅਮਰੀਕਾ ਠੰਡੀ ਜੰਗ ਦੀ ਮਾਨਸਿਕਤਾ 'ਚੋਂ ਬਾਹਰ ਨਿਕਲੇ- ਚੀਨ

ਪਨਡੁੱਬੀ Image copyright Reuters

ਚੀਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਆਪਣੀ ਪਰਮਾਣੂ ਨੀਤੀ ਬਾਰੇ ਠੰਡੀ ਜੰਗ ਦੀ ਮਾਨਸਿਕਤਾ 'ਚੋਂ ਨਿਕਲਣ ਦੀ ਲੋੜ ਹੈ।

ਚੀਨ ਦੀ ਇਹ ਟਿੱਪਣੀ ਅਮਰੀਕਾ ਦੇ ਉਸ ਬਿਆਨ ਤੋ ਬਾਅਦ ਆਈ ਹੈ ਜਿਸ ਵਿੱਚ ਉਸ ਵੱਲੋਂ ਪਰਮਾਣੂ ਤਾਕਤ ਵਧਾਉਣ ਦੀ ਗੱਲ ਕੀਤੀ ਗਈ ਸੀ।

ਉੱਤਰੀ ਕੋਰੀਆ ਸੰਕਟ- 4 ਅਹਿਮ ਨੁਕਤੇ

ਚੀਨ 'ਤੇ ਉੱਤਰੀ ਕੋਰੀਆ ਨੂੰ ਤੇਲ ਦੇਣ ਦਾ ਇਲਜ਼ਾਮ

ਚੀਨ 'ਤੇ ਉੱਤਰੀ ਕੋਰੀਆ ਨੂੰ ਤੇਲ ਦੇਣ ਦਾ ਇਲਜ਼ਾਮ

ਵੀਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਜਿਸ ਦੇਸ ਕੋਲ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ, ਉਸਨੂੰ ਅੱਗੇ ਆ ਕੇ ਇਸ ਵਿਚਾਰਧਾਰਾ (ਸੀਮਿਤ ਪਰਮਾਣੂ ਪਰੋਗਰਾਮ) ਦਾ ਪਾਲਣ ਕਰਨਾ ਚਾਹੀਦਾ ਹੈ, ਨਾ ਕਿ ਇਸਦੇ ਉਲਟ ਜਾਣਾ ਚਾਹੀਦਾ ਹੈ।"

ਅਸਲ ਵਿੱਚ ਅਮਰੀਕੀ ਫ਼ੌਜ ਨੂੰ ਲਗਦਾ ਹੈ ਕਿ ਉਸ ਕੋਲ ਜਿਹੜੇ ਹਥਿਆਰ ਹਨ ਉਹ ਵਰਤੋਂ ਦੇ ਲਿਹਾਜ ਨਾਲ ਕਾਫ਼ੀ ਵੱਡੇ ਹਨ ਤੇ ਇਸੇ ਕਰਕੇ ਉਹ ਛੋਟੇ ਪਰਮਾਣੂ ਹਥਿਆਰ ਵਿਕਸਿਤ ਕਰਨਾ ਚਾਹੁੰਦੀ ਹੈ।

Image copyright Getty Images

ਚੀਨ ਤੋਂ ਪਹਿਲਾਂ ਰੂਸ ਵੀ ਅਮਰੀਕਾ ਦੀ ਇਸ ਯੋਜਨਾ ਦੀ ਆਲੋਚਨਾ ਕਰ ਚੁੱਕਿਆ ਹੈ।

ਅਮਰੀਕਾ ਦੀ ਨੀਤੀ ਹੈ ਕੀ?

ਅਮਰੀਕਾ ਆਪਣੇ ਪਰਮਾਣੂ ਹਥਿਆਰਾਂ ਬਾਰੇ ਕਾਫ਼ੀ ਫ਼ਿਕਰਮੰਦ ਹੈ। ਉਸ ਨੂੰ ਲਗਦਾ ਹੈ ਕਿ ਉਸ ਦੇ ਪਰਮਾਣੂ ਹਥਿਆਰ ਹੁਣ ਕਾਰਗ਼ਰ ਨਹੀਂ ਰਹੇ। ਇਸਦੇ ਇਲਾਵਾ ਉਹ ਚੀਨ, ਰੂਸ, ਉੱਤਰੀ ਕੋਰੀਆ ਅਤੇ ਈਰਾਨ ਨੂੰ ਆਪਣੇ ਸੰਭਾਵੀ ਖ਼ਤਰਿਆਂ ਵਜੋਂ ਦੇਖਦਾ ਹੈ।

ਅਮਰੀਕਾ ਰੱਖਿਆ ਮੰਤਰਾਲੇ ਦੀ, 'ਨਿਊਕਲੀਅਰ ਪੋਸ਼ਚਰ ਰਿਵੀਊ ਰਿਪੋਰਟ' ਮੁਤਾਬਕ ਛੋਟੇ ਪਰਮਾਣੂ ਹਥਿਆਰ ਬਣਾ ਕੇ ਇਸ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕੇਗਾ।

ਛੋਟੇ ਪ੍ਰਮਾਣੂ ਹਥਿਆਰ 20 ਕਿੱਲੋ ਟਨ ਤੋਂ ਘੱਟ ਸਮਰੱਥਾ ਵਾਲੇ ਹੁੰਦੇ ਹਨ। ਭਾਵੇਂ ਇਹ ਤੁਲਨਾਤਮਿਕ ਰੂਪ ਵਿੱਚ ਘੱਟ ਸ਼ਕਤੀਸ਼ਾਲੀ ਹੁੰਦੇ ਹਨ ਪਰ ਇਹ ਵੀ ਕਾਫ਼ੀ ਤਬਾਹਕਾਰੀ ਹੋ ਸਕਦੇ ਹਨ।

ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀ ਸ਼ਹਿਰ ਨਾਗਾਸਾਕੀ ਉੱਪਰ ਸਿੱਟੇ ਗਏ ਪਰਮਾਣੂ ਬੰਬ ਵੀ ਇਸੇ ਆਕਾਰ ਦੇ ਸਨ ਜਿਸ ਕਰਕੇ 70,000 ਲੋਕ ਮਾਰੇ ਗਏ ਸਨ।

ਇਸ ਨੀਤੀ ਵਿੱਚ ਕੁਝ ਹੋਰ ਵੀ ਸੁਝਾਅ ਰੱਖੇ ਗਏ ਹਨ...

-ਜ਼ਮੀਨ ਤੋਂ ਮਾਰ ਕਰਨ ਵਾਲੀਆਂ ਬਲੈਟਿਕ ਮਿਜ਼ਾਈਲਾਂ, ਪਨਡੁੱਬੀ ਤੋਂ ਦਾਗੀਆਂ ਜਾ ਸਕਣ ਵਾਲੀਆਂ ਮਿਜ਼ਾਈਲਾਂ ਦਾ ਆਧੁਨਿਕੀਕਰਨ ਜਿਨ੍ਹਾਂ ਦਾ ਹਵਾ ਵਿੱਚ ਹੀ ਵਟਾਂਦਰਾ ਹੋ ਸਕੇ।

Image copyright Reuters

-ਪਨਡੁੱਬੀ ਤੋਂ ਦਾਗੀਆਂ ਜਾ ਸਕਣ ਵਾਲੇ ਪਰਮਾਣੂ ਹਥਿਆਰਾਂ ਦਾ ਸੁਧਾਰ ਕਰਕੇ ਉਹਨਾਂ ਨੂੰ ਛੋਟੇ ਬਣਾਉਣਾ।

-ਸਮੁੰਦਰ ਆਧਾਰਿਤ ਪਰਮਾਣੂ ਕਰੂਜ਼ ਮਿਜ਼ਾਈਲਾਂ ਦੀ ਵਾਪਸੀ।

ਚੀਨ ਦਾ ਕੀ ਕਹਿਣਾ ਹੈ?

ਚੀਨ ਦਾ ਕਹਿਣਾ ਹੈ ਕਿ ਅਮਰੀਕੀ ਯੋਜਨਾ ਪਰਮਾਣੂ ਹਥਿਆਰਾਂ ਦਾ ਵਿਕਾਸ ਨਾ ਕਰਨ ਬਾਰੇ ਕੌਮਾਂਤਰੀ ਸੰਧੀ ਦੀ ਉਲੰਘਣਾ ਹੈ।

ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ, "ਸਾਨੂੰ ਉਮੀਦ ਹੈ ਅਮਰੀਕਾ ਆਪਣੀ ਠੰਡੀ ਜੰਗ ਦੀ ਮਾਨਸਿਕਤਾ ਨੂੰ ਖ਼ਤਮ ਕਰੇਗਾ। ਈਮਾਨਦਾਰੀ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਸਮਝੇਗਾ, ਨਾਲ ਹੀ ਚੀਨੀ ਰਣਨੀਤਿਕ ਇਰਾਦਿਆਂ ਨੂੰ ਸਹੀ ਤਰੀਕੇ ਨਾਲ ਸਮਝੇਗਾ।"

Image copyright Getty Images

ਰੂਸ ਦਾ ਪੱਖ

ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਅਮਰੀਕਾ 'ਤੇ ਤਿੱਖੇ ਇਲਜ਼ਾਮ ਲਾਏ ਹਨ। ਉਸਦਾ ਕਹਿਣਾ ਹੈ ਕਿ ਅਮਰੀਕਾ ਦੀ ਇਹ ਕੋਸ਼ਿਸ਼ ਵਿਵਾਦਾਂ ਨੂੰ ਹਵਾ ਦੇਣ ਵਾਲੀ ਹੈ ਅਤੇ ਰੂਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ।

ਰੂਸੀ ਵਿਦੇਸ਼ ਮੰਤਰੀ ਲਾਵਰੋਵ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਯੋਜਨਾ ਨਾਲ 'ਭਾਰੀ ਨਿਰਾਸ਼ਾ' ਹੋਈ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹੇ ਹਥਿਆਰਾਂ ਨਾਲ ਪਹਿਲਾਂ ਹੀ ਤੀਜੀ ਸੰਸਾਰ ਜੰਗ ਦੀ ਕਗਾਰ ਉੱਤੇ ਖੜ੍ਹੀ ਦੁਨੀਆਂ ਲਈ ਪਰਮਾਣੂ ਜੰਗ ਦਾ ਖ਼ਤਰਾ ਹੋਰ ਵਧਾ ਦੇਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ