ਕੌਣ ਭੇਜ ਰਿਹਾ ਹੈ ਕੈਨੇਡਾ ਦੇ ਵਿਦਿਆਰਥੀਆਂ ਨੂੰ ਸੈਕਸ ਟੁਆਏ?

ਤਸਵੀਰ ਸਰੋਤ, AFP
ਕੈਨੇਡਾ ਦੀਆਂ ਯੂਨੀਵਰਸਟੀਆਂ ਦੀਆਂ 10 ਵੱਖ-ਵੱਖ ਸਟੂਡੈਂਟ ਯੂਨੀਅਨਾਂ ਨੂੰ ਤਿੰਨ ਮਹੀਨੇ ਤੋਂ ਕੋਈ ਸੈਕਸ ਟੁਆਏ ਭੇਜ ਰਿਹਾ ਹੈ।
ਪਾਰਸਲ ਐਮੇਜ਼ੋਨ ਤੋਂ ਆਉਂਦੇ ਹਨ, ਜਿਸ 'ਤੇ ਭੇਜਣ ਵਾਲੇ ਦਾ ਨਾਮ ਪਤਾ ਨਹੀਂ ਹੁੰਦਾ।
ਵਿਦਿਆਰਥੀ ਸੰਗਠਨ ਦੇ ਮੁਤਾਬਿਕ ਇਹ ਪਾਰਸਲ ਬਿਨਾਂ ਮੰਗਵਾਏ ਆ ਰਹੇ ਹਨ ਕਿਉਂਕਿ ਉਨ੍ਹਾਂ ਦੇ ਕਿਸੇ ਵੀ ਵਿਦਿਆਰਥੀ ਨੇ ਅਜਿਹਾ ਆਰਡਰ ਨਹੀਂ ਕੀਤਾ।
ਕੁਝ ਯੂਨੀਅਨਾਂ ਨੂੰ ਹੁਣ ਤੱਕ ਅਜਿਹੇ 15 ਪਾਰਸਲ ਮਿਲ ਚੁੱਕੇ ਹਨ ਜਿਸ ਵਿੱਚ ਭੇਜੇ ਗਏ ਸੈਕਸ ਟੁਆਇਜ਼ ਦੀ ਕੀਮਤ 51 ਹਜ਼ਾਰ ਤੋਂ ਵੀ ਵੱਧ ਹੈ।
ਪਹਿਲਾਂ ਸਭ ਨੂੰ ਲੱਗਿਆ ਕਿ ਕੋਈ ਗ਼ਲਤੀ ਹੋਈ ਹੋਵੇਗੀ। ਫਿਰ ਲੱਗਿਆ ਕੋਈ ਮਜ਼ਾਕ ਕਰ ਰਿਹਾ ਹੈ।
ਜਦੋਂ ਤਿੰਨ ਮਹੀਨੇ ਤੱਕ ਵੀ ਮਾਮਲਾ ਕਾਬੂ ਵਿੱਚ ਨਹੀਂ ਆਇਆ, ਤਾਂ ਇਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ।
ਮਾਰਕਟਿੰਗ ਦਾ ਅਨੌਖਾ ਤਰੀਕਾ?
ਓਨਟਾਰੀਓ ਸੂਬੇ ਦੇ ਥੰਡਰ ਬੇਅ ਸ਼ਹਿਰ ਦੇ ਪੁਲਿਸ ਕਾਂਸਟੇਬਲ ਡੈਰੇਲ ਵਾਰਕ ਨੇ ਕੈਨੇਡਾ ਦੇ ਸਰਕਾਰੀ ਟੀਵੀ ਚੈਨਲ ਸੀਬੀਸੀ ਨੂੰ ਕਿਹਾ ਕਿ ਐਮੇਜ਼ੋਨ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਚੀਨ ਦੀ ਕਿਸੀ ਕੰਪਨੀ ਦਾ ਮਾਰਕਟਿੰਗ ਦਾ ਤਰੀਕਾ ਹੋ ਸਕਦਾ ਹੈ।
ਇਨ੍ਹਾਂ ਪਾਰਸਲਾਂ ਵਿੱਚ ਕਈ ਤਰ੍ਹਾਂ ਦੇ ਸੈਕਸ ਟੁਆਇਜ਼ ਤੋਂ ਇਲਾਵਾ ਫ਼ੋਨ ਦੇ ਚਾਰਜਰ, ਏਅਰ ਫ਼ੋਨ, ਲਾਈਟ ਬਲਬ ਅਤੇ ਆਈਪੈਡ ਕੇਸ ਵੀ ਰੱਖੇ ਹੁੰਦੇ ਹਨ।
ਰਾਏਸਰਨ ਯੂਨੀਵਰਸਟੀ ਦੀ ਸਟੂਡੈਂਟ ਯੂਨੀਅਨ ਦੇ ਉਪ ਪ੍ਰਧਾਨ ਕੈਮਰੀਨ ਹਾਰਲਿਕ ਨੇ ਦਿ ਆਈਓਪਨਰ ਨੂੰ ਦੱਸਿਆ ਕਿ ਭੇਜੇ ਗਏ ਸੈਕਸ ਟੁਆਇਜ਼ ਵਿੱਚ ਹਰੇ ਰੰਗ ਦਾ ਇੱਕ ਵਾਈਬ੍ਰੇਟਰ ਵੀ ਸੀ ਜਿਸ ਵਿੱਚ ਕਈ ਸੈਟਿੰਗਜ਼ ਦੀ ਸਹੂਲਤ ਹੈ।
ਕੈਮਰਿਨ ਦੇ ਮੁਤਾਬਿਕ,''ਗੁਲਾਬੀ ਰੰਗ ਦੇ ਆਖ਼ਰੀ ਸਿਰੇ ਵਾਲਾ ਇਹ ਵਾਈਬ੍ਰੇਟਰ ਬਹੁਤ ਮਹਿੰਗਾ ਸੈਕਸ ਟੁਆਏ ਹੈ।''
ਦਿ ਆਈਓਪਨਰ ਰਾਏਸਰਨ ਯੂਨੀਵਰਸਟੀ ਦਾ ਅੰਦਰੂਨੀ ਅਖ਼ਬਾਰ ਹੈ ਅਤੇ ਉਸ ਨੇ ਇਸ ਖ਼ਬਰ ਨੂੰ ਬ੍ਰੇਕ ਕੀਤਾ ਸੀ।
ਐਮੇਜ਼ੋਨ ਨੇ ਇਨ੍ਹਾਂ ਪਾਰਸਲਾਂ ਨੂੰ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ''ਕਿਸੇ ਤੀਜੇ ਪੱਖ ਨੇ ਖਰੀਦਿਆ ਹੈ''।
ਤਸਵੀਰ ਸਰੋਤ, Getty Images
ਕੰਪਨੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਉਨ੍ਹਾਂ ਨੇ ਵਿਦਿਆਰਥੀ ਸੰਗਠਨਾਂ ਨੂੰ ਖ਼ਰੀਦਦਾਰ ਦੇ ਬਾਰੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ।
ਐਮੇਜ਼ੋਨ ਮੁਤਾਬਿਕ ਇਹ ਕੰਪਨੀ ਦੀ ਨਿੱਜਤਾ ਨੀਤੀ ਦਾ ਉਲੰਘਣ ਹੋਵੇਗਾ।
ਬਿਨਾਂ ਮੰਗੇ ਤੋਹਫ਼ਿਆਂ ਦਾ ਕੀ ਕਰਨਗੇ ਵਿਦਿਆਰਥੀ?
ਮਨੀਟੋਬਾ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਇਹ ਸੈਕਸ ਟੁਆਏ ਇੱਕ ਐਲਜੀਬੀਟੀਕਿਊ ਸੰਸਥਾ ਨੂੰ ਦਾਨ ਕਰ ਦਿੱਤੇ।
ਸੰਸਥਾ ਇਸ ਨੂੰ ਪੈਸਾ ਜਮ੍ਹਾਂ ਕਰਨ ਲਈ ਚਲਾਏ ਜਾ ਰਹੇ ਇੱਕ ਫੰਡਰੇਜ਼ਰ ਦੇ ਇਨਾਮ ਦੇ ਰੂਪ ਵਿੱਚ ਵੰਡ ਦੇਵੇਗੀ।
ਸਟੂਡੈਂਟ ਯੂਨੀਅਨ ਦੇ ਪ੍ਰਧਾਨ ਤਨਜੀਤ ਨਾਗਰਾ ਨੇ ਬੀਬੀਸੀ ਨੂੰ ਕਿਹਾ, ''ਮੈਨੂੰ ਲਗਦਾ ਹੈ ਇਹ ਕਾਫ਼ੀ ਅਜੀਬ ਹੈ ਕਿ ਸਾਨੂੰ ਅਜਿਹੇ ਪਾਰਸਲ ਭੇਜੇ ਜਾ ਰਹੇ ਹਨ।''
''ਸੱਚ ਕਹਾਂ ਤਾਂ ਪਹਿਲਾਂ ਮੈਨੂੰ ਲੱਗਿਆ ਕਿ ਸਟਾਫ ਦੇ ਹੀ ਕਿਸੇ ਮੈਂਬਰ ਨੇ ਆਰਡਰ ਕੀਤੇ ਹੋਣਗੇ ਜਿਸ ਨੇ ਬਾਅਦ ਵਿੱਚ ਸ਼ਮਰਸਾਰ ਹੋ ਕੇ ਨਹੀਂ ਦੱਸਿਆ ਹੋਵੇਗਾ। ਪਰ ਫਿਰ ਪੱਤਾ ਲੱਗਾ ਕਿ ਪੂਰੇ ਕੈਨੇਡਾ ਵਿੱਚ ਵਿਦਿਆਰਥੀ ਸੰਗਠਨਾਂ ਨੂੰ ਅਜਿਹੇ ਪੈਕੇਜ ਮਿਲ ਰਹੇ ਹਨ ਉਦੋਂ ਲੱਗਾ ਕਿ ਕੁਝ ਗੜਬੜੀ ਹੈ।''