ਸੈਰ ਸਪਾਟੇ ਦਾ ਨੈਤਿਕਤਾ ਨਾਲ ਕੀ ਸਬੰਧ?

ਸੈਰ-ਸਪਾਟਾ

ਤਸਵੀਰਾਂ ਵਿੱਚ ਮਾਲਦੀਵ ਦੇ ਟਾਪੂ ਇੰਨੇ ਸ਼ਾਨਦਾਰ ਹਨ ਕਿ ਕਈ ਵਾਰ ਤਾਂ ਉਨ੍ਹਾਂ ਦੀ ਖੂਬਸੂਰਤੀ 'ਤੇ ਯਕੀਨ ਹੀ ਨਹੀਂ ਹੁੰਦਾ ਹੈ।

ਇਸ ਟਾਪੂਨੂਮਾ ਦੇਸ ਵਿੱਚ ਤੁਹਾਨੂੰ ਸਮੁੰਦਰੀ ਜੀਵਨ ਦੇ ਅਨੋਖੇ ਨਜ਼ਾਰਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਸੈਲਾਨੀ ਵੀ ਇਸ ਦੀ ਖਾਸੀਅਤ ਵਜੋਂ ਨਜ਼ਰ ਆਉਣਗੇ।

ਧਰਤੀ 'ਤੇ ਸਵਰਗ ਵਰਗੇ ਦੇਸ ਵਿੱਚ ਉਸ ਵੇਲੇ ਮੁਸ਼ਕਿਲ ਹਾਲਾਤ ਪੈਦਾ ਹੋ ਗਏ ਜਦੋਂ ਦੇਸ ਦੇ ਰਾਸ਼ਟਰਪਤੀ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਸ ਦੇ ਨਾਲ ਹੀ ਦੇਸ ਵਿੱਚ 15 ਦਿਨਾਂ ਵਾਸਤੇ ਐਮਰਜੈਂਸੀ ਦਾ ਐਲਾਨ ਕਰ ਵੀ ਕੀਤਾ ਗਿਆ।

ਇਸ ਫੈਸਲੇ ਦੀ ਕੌਮਾਂਤਰੀ ਪੱਧਰ 'ਤੇ ਕਾਫੀ ਨਿਖੇਧੀ ਹੋਈ ਅਤੇ ਕੁਝ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਕੇ ਮਾਲਦੀਵ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।

ਸੈਰ-ਸਪਾਟੇ ਲਈ ਨੈਤਿਕ ਸੋਚ ਜ਼ਰੂਰੀ?

ਇਸ ਅਪੀਲ ਨੇ ਇੱਕ ਸਵਾਲ ਖੜ੍ਹਾ ਕੀਤਾ, "ਕੀ ਸਾਨੂੰ ਆਪਣੀਆਂ ਛੁੱਟੀਆਂ ਲਈ ਘੁੰਮਣ ਦੀ ਥਾਂ ਦੀ ਚੋਣ ਨੈਤਿਕ ਆਧਾਰ 'ਤੇ ਕਰਨੀ ਚਾਹੀਦੀ ਹੈ?''

ਯੂਕੇ ਦੀ ਇੱਕ ਟਰੈਵਲ ਏਜੰਸੀ ਉਨ੍ਹਾਂ ਸੈਲਾਨੀਆਂ ਨੂੰ ਪੈਕੇਜ ਵੇਚਦੀ ਹੈ ਜੋ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਕਿਸੇ ਦੇਸ ਵਿੱਚ ਘੁੰਮਣ ਨਾਲ ਉਸ ਦੇਸ ਦੇ ਸਮਾਜ ਜਾਂ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚੇ।

ਕੰਪਨੀ ਦੇ ਸੀਈਓ ਜਸਟਿਨ ਫਰਾਂਸਿਸ 2001 ਤੋਂ ਇਨ੍ਹਾਂ ਮੁਸ਼ਕਿਲ ਸ਼ਰਤਾਂ ਨਾਲ ਨਜਿੱਠ ਰਹੇ ਹਨ।

ਜਸਟਿਨ ਅਨੁਸਾਰ ਸੈਰ ਸਪਾਟਾ ਸਨਅਤ ਮਾਲਦੀਵ ਵਰਗੀਆਂ ਥਾਵਾਂ ਨੂੰ ਸਵਰਗ ਵਜੋਂ ਪੇਸ਼ ਕਰਦੀਆਂ ਹਨ ਪਰ ਸੱਚ ਕਾਫ਼ੀ ਦੁਖ ਦੇਣ ਵਾਲਾ ਹੋ ਸਕਦਾ ਹੈ ਅਤੇ ਉਹ ਸਾਹਮਣੇ ਵੀ ਆ ਜਾਂਦਾ ਹੈ।

ਉਨ੍ਹਾ ਅੱਗੇ ਕਿਹਾ, "ਸੈਲਾਨੀਆਂ ਤੋਂ ਸੱਚ ਲੁਕਾਉਣਾ ਕਾਫ਼ੀ ਔਖਾ ਹੈ। ਜੇ ਤੁਸੀਂ ਕਿਸੇ ਥਾਂ ਜਾਂਦੇ ਹੋ, ਉੱਥੋਂ ਦੇ ਟੈਕਸੀ ਡਰਾਈਵਰ ਜਾਂ ਕਿਸੇ ਹੋਰ ਸ਼ਖਸ ਨੂੰ ਮਿਲਦੇ ਹੋ ਤਾਂ ਜੋ ਚੀਜ਼ਾਂ ਉਹ ਤੁਹਾਨੂੰ ਵਿਖਾਉਣਾ ਨਹੀਂ ਚਾਹੁੰਦੇ ਤੁਸੀਂ ਉਨ੍ਹਾਂ ਨੂੰ ਸੁਣ ਲੈਂਦੇ ਹੋ।''

ਇਨ੍ਹਾਂ ਵਿੱਚ ਵਾਤਾਵਰਨ ਨੂੰ ਹੁੰਦਾ ਨੁਕਸਾਨ ਹੋ ਸਕਦਾ ਹੈ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ।

2012 ਵਿੱਚ ਬੀਬੀਸੀ ਦੇ ਸੀਮੋਨ ਰੀਵ ਨੇ ਮਾਲਦੀਵਜ਼ ਦੇ ਉਸ ਟਾਪੂ ਨੂੰ ਫਿਲਮਾਇਆ ਸੀ ਜਿੱਥੇ ਵੱਡੀ ਗਿਣਤੀ ਵਿੱਚ ਕੂੜੇ ਦਾ ਢੇਰ ਲੱਗਿਆ ਹੋਇਆ ਸੀ।

ਕਿਵੇਂ ਤੁਸੀਂ ਤਸਦੀਕ ਕਰ ਸਕਦੇ ਹੋ ਕਿ ਤੁਹਾਡੀ ਛੁੱਟੀ ਨੈਤਿਕ ਹੈ?

ਜਸਟਿਨ ਫਰਾਂਸਿਸ ਅਨੁਸਾਰ ਦੇਸਾਂ ਦਾ ਨਹੀਂ ਛੁੱਟੀਆਂ ਦਾ ਪ੍ਰਚਾਰ ਕਰੋ। ਇਹ ਵੀ ਪੂਰੇ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿੱਥੇ ਮਨੁੱਖੀ ਹੱਕਾਂ ਦੀ ਉਲੰਘਣਾ, ਪਸ਼ੂਆਂ ਦੇ ਅਧਿਕਾਰਾਂ ਦੀ ਉਲੰਘਣਾ ਜਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਵੀ ਘਟਨਾ ਨਾ ਵਾਪਰੀ ਹੋਵੇ।

ਉਨ੍ਹਾਂ ਨੇ ਅਮਰੀਕਾ ਦੀ ਉਦਾਹਰਣ ਦਿੱਤੀ ਤੇ ਪੁੱਛਿਆ, "ਕੀ ਸਾਨੂੰ ਅਮਰੀਕਾ ਦਾ ਸਿਰਫ਼ ਇਸ ਲਈ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਉਹ ਪੈਰਿਸ ਸਮਝੌਤੇ ਤੋਂ ਪਿੱਛੇ ਹੋ ਗਿਆ?''

ਫਰਾਂਸਿਸ ਅਨੁਸਾਰ ਸੈਲਾਨੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਮੁਲਕਾਂ ਵਿੱਚ ਜ਼ਿੰਮੇਵਾਰੀ ਨਾਲ ਘੁੰਮਣ ਦਾ ਹੱਕ ਹੈ।

ਫਰਾਂਸਿਸ ਦੇ ਜਾਣਕਾਰ ਸੈਲਾਨੀਆਂ ਤੋਂ ਦੋ ਸਵਾਲ ਹਨ। ਕੀ ਮੇਰੀਆਂ ਛੁੱਟੀਆਂ ਮਜ਼ੇਦਾਰ ਹੋਣਗੀਆਂ? ਕੀ ਉਨ੍ਹਾਂ ਨਾਲ ਸਥਾਨਕ ਲੋਕਾਂ ਨੂੰ ਲਾਭ ਹੋਵੇਗਾ?

ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਘੁੰਮਣ ਦੀ ਥਾਂ ਨਾਲ ਜੁੜੇ ਸੈਰ ਸਪਾਟੇ ਦੇ ਘੁਟਾਲਿਆਂ ਬਾਰੇ ਵੀ ਜਾਣੂ ਹੋਵੋ।

ਬਾਲੀ ਇੱਕ ਚੰਗਾ ਉਦਾਹਰਣ ਹੈ ਜਿੱਥੇ ਸੈਲਾਨੀਆਂ ਦੀ ਦਇਆ ਭਾਵਨਾ ਦਾ ਫਾਇਦਾ ਉੱਥੋਂ ਦੇ ਅਨਾਥ ਆਸ਼ਰਮਾਂ ਨੇ ਚੁੱਕਿਆ। ਇਹ ਆਸ਼ਰਮ ਮੁਨਾਫ਼ੇ ਲਈ ਬੱਚਿਆਂ ਦਾ ਸ਼ੋਸ਼ਣ ਕਰਦੇ ਸੀ।

ਨੈਤਿਕ ਸੈਰ-ਸਪਾਟੇ ਦਾ ਪ੍ਰਚਾਰ ਕਰਨ ਵਾਲੀ ਇੱਕ ਸੰਸਥਾ ਨਾਲ ਜੁੜੇ ਲਿਊਕ ਮੈਕਮਿਲਨ ਅਨੁਸਾਰ, "ਉਹੀ ਸੈਰ ਸਪਾਟਾ ਬਿਹਤਰ ਹੈ ਜੋ ਉਨ੍ਹਾਂ ਲੋਕਾਂ ਵੱਲੋਂ ਪ੍ਰਬੰਧਤ ਕੀਤਾ ਜਾਂਦਾ ਹੈ ਜੋ ਸਥਾਨਕ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ, ਰੋਜ਼ਗਾਰ ਵਧਾਉਣ ਅਤੇ ਸਥਾਨਕ ਹਾਲਾਤ ਨੂੰ ਬਿਹਤਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।

ਕੀ ਤੁਸੀਂ ਸਰਕਾਰ ਦੇ ਖਜ਼ਾਨੇ ਨੂੰ ਪੈਸੇ ਦੇਣੇ ਰੋਕ ਸਕਦੇ ਹੋ?

ਅਸਲ ਵਿੱਚ ਜਦੋਂ ਤੁਸੀਂ ਕਿਸੇ ਦੇਸ ਵਿੱਚ ਜਾਂਦੇ ਹੋ ਤਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੇਸ ਦੀ ਸਰਕਾਰ ਦੇ ਖਜ਼ਾਨੇ ਵਿੱਚ ਯੋਗਦਾਨ ਦਿੰਦੇ ਹੋ।

ਭਾਵੇਂ ਸਿਰਫ਼ ਤੁਸੀਂ ਏਅਰਪੋਰਟ ਟੈਕਸ ਜਾਂ ਉਸ ਟੈਕਸ ਦਾ ਭੁਗਤਾਨ ਕਰੋ ਜੋ ਸਥਾਨਕ ਵਪਾਰੀਆਂ ਵੱਲੋਂ ਦਿੱਤਾ ਜਾ ਰਿਹਾ ਹੈ।

ਇਸ ਕਾਰਨ ਕਈ ਲੋਕ ਦਮਨਕਾਰੀ ਸਰਕਾਰਾਂ ਵਾਲੇ ਦੇਸ ਵਿੱਚ ਨਹੀਂ ਜਾਂਦੇ ਪਰ ਕਈ ਲੋਕਾਂ ਦਾ ਤਰਕ ਹੁੰਦਾ ਹੈ ਕਿ ਤੁਸੀਂ ਸਥਾਨਕ ਲੋਕਾਂ ਦੇ ਹੱਥਾਂ ਵਿੱਚ ਪੈਸਾ ਦੇ ਰਹੇ ਹੋ ਜੋ ਉਨ੍ਹਾਂ ਦੀ ਬਿਹਤਰੀ ਲਈ ਹੈ।

ਲੰਡਨ ਦੀ ਇੱਕ ਟਰੈਵਲ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਕੈਰਨ ਸਿਮੌਂਡਜ਼ ਵੀ ਇਸੇ ਤਰਕ ਨਾਲ ਸਹਿਮਤ ਹਨ।

ਉਨ੍ਹਾਂ ਅਨੁਸਾਰ, "ਮੁਸ਼ਕਿਲ ਸਰਕਾਰਾਂ ਦੇ ਰਾਜ ਵਿੱਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਵਿੱਚ ਤੁਸੀਂ ਸਕਾਰਾਤਮਕ ਯੋਗਦਾਨ ਪਾ ਸਕਦੇ ਹੋ। ਸੈਰ-ਸਪਾਟਾ ਇਸ ਦਾ ਚੰਗਾ ਤਰੀਕਾ ਹੈ।''

ਇਹ ਸਮਝਣਾ ਜ਼ਰੂਰੀ ਹੈ ਕਿ ਵਧਦੀ ਸੈਰ-ਸਪਾਟਾ ਸਨਅਤ ਵਿੱਚ ਮਜ਼ਦੂਰਾਂ ਦੀ ਲੋੜ ਕਾਫ਼ੀ ਪੈਂਦੀ ਹੈ ਅਤੇ ਦੇਸ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀ ਹੈ।

ਵਿਸ਼ਵ ਟਰੈਵਲ ਅਤੇ ਟੂਰਿਜ਼ਮ ਕੌਂਸਲ ਮੁਤਾਬਕ ਦੁਨੀਆਂ ਵਿੱਚ ਹਰ 10 ਨੌਕਰੀਆਂ ਵਿੱਚੋਂ ਇੱਕ ਨੌਕਰੀ ਸੈਰ-ਸਪਾਟਾ ਸਨਅਤ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।

ਭਾਵੇਂ ਸਥਾਨਕ ਲੋਕ ਕਿੰਨੇ ਵੀ ਘੱਟ ਪੜ੍ਹੇ ਲਿਖੇ ਹੋਣ, ਉਹ ਆਪਣੀ ਸਥਾਨਕ ਸੱਭਿਆਚਾਰ ਅਤੇ ਵਾਤਾਵਰਨ ਬਾਰੇ ਜਾਣਕਾਰੀ ਕਰਕੇ ਕਾਫੀ ਅਹਿਮੀਅਤ ਰੱਖਦੇ ਹਨ।

ਹਾਲਾਤ ਕਿਵੇਂ ਬਦਲਦੇ ਹਨ?

ਕਈ ਵਾਰ ਦੇਸ ਦੇ ਹਾਲਾਤ ਬਦਲ ਜਾਂਦੇ ਹਨ। ਮਿਆਂਮਾਰ ਇੱਕ ਚੰਗੀ ਉਦਾਹਰਣ ਹੈ।

ਉਹ ਇੱਕ ਦੇਸ ਹੈ ਜਿਸ ਦਾ ਨੈਤਿਕ ਸੈਰ ਸਪਾਟੇ ਦੀ ਨਜ਼ਰ ਨਾਲ ਦੋ ਕਾਰਨਾਂ ਕਰਕੇ ਬਾਈਕਾਟ ਕੀਤਾ ਜਾ ਚੁੱਕਾ ਹੈ।

ਪਹਿਲੀ ਔ ਸਾਂ ਸੂ ਚੀ ਨੂੰ ਨਜ਼ਰਬੰਦ ਰੱਖਣ ਕਰਕੇ ਬਾਈਕਾਟ ਕੀਤਾ ਗਿਆ।

ਦੂਜਾ ਕਾਰਨ ਸੀ ਕਿ ਦੇਸ ਦੀ ਜ਼ਿਆਦਾਤਰ ਸੈਰ-ਸਪਾਟਾ ਸਨਅਤ ਫੌਜੀ ਹੁਕਮਰਾਨਾਂ ਦੇ ਕਬਜ਼ੇ ਵਿੱਚ ਸੀ।

ਇਸ ਕਾਰਨ ਸੈਰ-ਸਪਾਟੇ ਤੋਂ ਆਉਣ ਵਾਲਾ ਪੈਸਾ ਉਨ੍ਹਾਂ ਹੁਕਮਰਾਨਾਂ ਦੀ ਜੇਬ ਵਿੱਚ ਹੀ ਜਾਂਦਾ ਸੀ ਨਾ ਕਿ ਸਥਾਨਕ ਲੋਕਾਂ ਨੂੰ ਮਿਲਦਾ ਸੀ।

ਪਰ ਜਦੋਂ 2010 ਵਿੱਚ ਔ ਸਾਂ ਸੂ ਚੀ ਨੂੰ ਰਿਹਾਅ ਕੀਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ ਵੱਲੋਂ ਕਿਹਾ ਗਿਆ, "ਅਸੀਂ ਉਨ੍ਹਾਂ ਸੈਲਾਨੀਆਂ ਦਾ ਸਵਾਗਤ ਕਰਦੇ ਹਾਂ ਜੋ ਆਮ ਲੋਕਾਂ ਦੀ ਭਲਾਈ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ।''

2017 ਤੋਂ ਮਿਆਂਮਾਰ ਜਾਣ ਲਈ ਫੈਸਲਾ ਕਰਨਾ ਹੋਰ ਮੁਸ਼ਕਿਲ ਹੋ ਗਿਆ ਕਿਉਂਕਿ ਉੱਥੇ ਰੋਹਿੰਗਿਆ ਭਾਈਚਾਰੇ ਦੇ ਕਤਲੇਆਮ ਹੋਣ ਦੇ ਇਲਜ਼ਾਮ ਲੱਗਣ ਲੱਗੇ ਭਾਵੇਂ ਸਰਕਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੀ ਰਹੀ।

ਫਰਾਂਸਿਸ ਨੇ ਇਸ ਬਾਰੇ ਕਿਹਾ, "ਇਹ ਮੰਨਣਾ ਬਿਲਕੁੱਲ ਗਲਤ ਹੋਵੇਗਾ ਕਿ ਮਿਆਂਮਾਰ ਵਿੱਚ ਹਰ ਕੋਈ ਸਰਕਾਰ ਨਾਲ ਸਹਿਮਤ ਹੈ। ਬਾਈਕਾਟ ਕਰਨ ਦਾ ਮਤਲਬ ਹੈ ਕਿ ਸਥਾਨਕ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਲਈ ਸਜ਼ਾ ਦੇ ਰਹੇ ਹੋ।''

ਕੀ ਅਜਿਹੀ ਛਾਣਬੀਣ ਤੁਹਾਡਾ ਮਜ਼ਾ ਖਰਾਬ ਕਰਦੀ ਹੈ?

ਜੋ ਸੈਲਾਨੀ ਨੈਤਿਕ ਜ਼ਿੰਮੇਵਾਰੀ ਨੂੰ ਪਿੱਛੇ ਛੱਡ ਦਿੰਦੇ ਹਨ ਉਹ ਅਜਿਹੇ ਸਵਾਲ ਨਹੀਂ ਪੁੱਛਦੇ।

ਜ਼ਿਆਦਾਤਰ ਸੈਲਾਨੀ ਕਿਸੇ ਵੀ ਦੇਸ ਦਾ ਸਭ ਤੋਂ ਬਿਹਤਰ ਤਜਰਬਾ ਲੈਣਾ ਚਾਹੁੰਦੇ ਹਨ ਅਤੇ ਜਦੋਂ ਸੈਲਾਨੀ ਜ਼ਿਆਦਾ ਸੂਝਵਾਨ ਹੋਣਗੇ ਤਾਂ ਸਥਾਨਕ ਲੋਕ ਉਨ੍ਹਾਂ ਨਾਲ ਆਪਣੀ ਜ਼ਿੰਦਗੀ, ਸੱਭਿਆਚਾਰ ਅਤੇ ਇਤਿਹਾਸ ਨੂੰ ਸਾਂਝਾ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)