ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੰਗਣਗੇ ਬੱਚਿਆਂ ਤੋਂ ਮੁਆਫ਼ੀ

ਤਸਵੀਰ ਸਰੋਤ, Getty Images
ਸੰਕੇਤਕ ਤਸਵੀਰ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਉਹ ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਕੌਮੀ ਤੌਰ 'ਤੇ ਮੁਆਫ਼ੀ ਮੰਗਣਗੇ।
ਮੁਲਕ ਵਿੱਚ ਚਾਰ ਸਾਲਾਂ ਦੀ ਜਾਂਚ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆਈ ਸੰਸਥਾਵਾਂ ਵਿੱਚ ਲੱਖਾਂ ਬੱਚਿਆਂ ਦਾ ਸ਼ੋਸ਼ਣ ਹੋਇਆ। ਜਿਸ ਤੋਂ ਪ੍ਰਧਾਨ ਮੰਤਰੀ ਕਾਫ਼ੀ ਚਿੰਤਤ ਤੇ ਮਾਯੂਸ ਨੇ।
ਦਹਾਕਿਆਂ ਤੋਂ ਇਸ ਤਰ੍ਹਾਂ ਦੇ ਅਪਰਾਧ ਚਰਚਾਂ, ਸਕੂਲਾਂ ਅਤੇ ਖੇਡ ਕਲੱਬਾਂ ਸਮੇਤ ਕਈ ਸੰਸਥਾਵਾਂ ਵਿੱਚ ਵਾਪਰਦੇ ਰਹੇ ਹਨ।
ਟਰਨਬੁੱਲ ਨੇ ਕਿਹਾ ਕਿ ਮੁਆਫ਼ੀ ਇਸ ਸਾਲ ਦੇ ਅੰਤ ਤੱਕ ਮੰਗੀ ਜਾਵੇਗੀ।
ਤਸਵੀਰ ਸਰੋਤ, exopixel
ਸੰਕੇਤਕ ਤਸਵੀਰ
ਉਨ੍ਹਾਂ ਵੀਰਵਾਰ ਨੂੰ ਸੰਸਦ 'ਚ ਕਿਹਾ, "ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਇਸ ਮੌਕੇ ਨੂੰ ਪੀੜਤਾਂ ਅਤੇ ਬਚੇ ਹੋਏ ਬੱਚਿਆਂ ਦੀਆਂ ਇੱਛਾਵਾਂ ਮੁਤਾਬਕ ਪੇਸ਼ ਕਰਨਾ ਚਾਹੀਦਾ ਹੈ। ਜੋ ਉਨ੍ਹਾਂ ਦਾ ਸਨਮਾਨ ਬਹਾਲ ਕਰ ਸਕਦਾ ਹੋਵੇ, ਜਿਸ ਦੇ ਉਹ ਬੱਚੇ ਹੱਕਦਾਰ ਹਨ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਦੇਖ-ਭਾਲ ਦਾ ਕੰਮ ਸੌਂਪਿਆ ਗਿਆ ਸੀ, ਉਨ੍ਹਾਂ ਤੋਂ ਦੇਖ-ਭਾਲ ਨਹੀਂ ਹੋਈ।"
ਰਾਇਲ ਕਮਿਸ਼ਨ ਨੇ ਦਸੰਬਰ ਵਿੱਚ ਪੂਰੀ ਹੋਈ ਮਾਮਲਿਆਂ ਦੀ ਜਾਂਚ ਤੋਂ ਬਾਅਦ 400 ਸਿਫ਼ਾਰਿਸ਼ਾਂ ਕਰਦੇ ਹੋਏ ਕੈਥੋਲਿਕ ਚਰਚ ਨੂੰ ਆਪਣੇ ਨਿਯਮਾਂ ਵਿੱਚ ਸੋਧਾਂ ਕਰਨ ਲਈ ਕਿਹਾ ਸੀ।
ਉਨ੍ਹਾਂ ਅੱਗੇ ਕਿਹਾ, "ਇਹ ਕੁਝ 'ਸੜੇ ਹੋਏ ਸੇਬਾਂ' ਦਾ ਮਾਮਲਾ ਨਹੀਂ ਹੈ, ਸਮਾਜ ਦੇ ਪ੍ਰਮੁੱਖ ਅਦਾਰੇ ਸੱਚ-ਮੁੱਚ ਅਸਫ਼ਲ ਰਹੇ ਹਨ।"
ਟਰਨਬੁੱਲ ਨੇ ਕਿਹਾ ਕਿ ਕੌਮੀ ਮੁਆਫ਼ੀ ਵਿੱਚ ਕੀ ਸ਼ਾਮਲ ਹੋਣਾ ਚਾਹੀਦਾ ਹੈ, ਇਸ ਬਾਰੇ ਉਨ੍ਹਾਂ ਦੀ ਸਰਕਾਰ ਦੁਰਵਿਹਾਰ ਦੇ ਪੀੜਤਾਂ ਅਤੇ ਬਚੇ ਹੋਏ ਲੋਕਾਂ ਨਾਲ ਸਲਾਹ-ਮਸ਼ਵਰਾ ਕਰੇਗੀ।
ਉਨ੍ਹਾਂ ਨੇ ਰਾਜ ਸਰਕਾਰਾਂ ਅਤੇ ਸੰਸਥਾਵਾਂ ਨੂੰ ਪੀੜਤਾਂ ਲਈ ਇਕ ਕੌਮੀ ਨਿਕਾਸੀ ਯੋਜਨਾ ਵਿਚ ਸ਼ਾਮਲ ਹੋਣ ਲਈ ਕਿਹਾ।
ਤਸਵੀਰ ਸਰੋਤ, sciencephotolibrary
ਸੰਕੇਤਕ ਤਸਵੀਰ
ਆਸਟ੍ਰੇਲੀਆਈ ਸਰਕਾਰ ਨੇ ਪਹਿਲਾਂ ਹੀ 30 ਮਿਲੀਅਨ ਡਾਲਰ ਇੱਕ ਸਕੀਮ ਤਹਿਤ ਦੇਣ ਦਾ ਵਾਅਦਾ ਕੀਤਾ ਹੈ, ਜਿਸ ਤਹਿਤ ਹਰ ਇੱਕ ਪੀੜਤ ਨੂੰ 150,000 ਡਾਲਰ ਤਕ ਅਦਾਇਗੀ ਹੋਵੇਗੀ।
ਸਰਕਾਰ ਵਲੋਂ ਕੌਂਸਲਿੰਗ ਅਤੇ ਹੋਰ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।
ਪੜਤਾਲ ਦੌਰਾਨ 8,000 ਤੋਂ ਵੱਧ ਪੀੜਤਾਂ ਦੀ ਸੁਣਵਾਈ ਹੋਈ, ਪਰ ਕਿਹਾ ਗਿਆ ਕਿ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।