ਇੱਕ ਕੁੜੀ ਜੋ ਦੋ ਮੁੰਡਿਆਂ ਨੂੰ ਪਿਆਰ ਕਰਦੀ ਹੈ
- ਸਟੀਵਨ ਬ੍ਰਾਕਲਹਾਸਟ
- ਬੀਬੀਸੀ ਨਿਊਜ਼
ਨੋਨੀ ਦੇ ਦੋ ਬੁਆਏਫਰੈਂਡ ਹਨ, ਓਲੀਵਰ ਤੇ ਮਾਰਗਨ
ਕੋਈ ਕੁੜੀ ਦੋ ਮੁੰਡਿਆਂ ਨੂੰ ਕਿਵੇਂ ਪਿਆਰ ਕਰ ਸਕਦੀ ਹੈ, ਉਹ ਵੀ ਇੱਕੋ ਜਿਹਾ। ਇਸ ਸਵਾਲ ਦਾ ਸਹੀ ਉੱਤਰ ਸ਼ਾਇਦ ਦੋ ਪ੍ਰੇਮੀਆਂ ਵਾਲੀ ਨੋਨੀ ਦੇ ਸਕਦੀ ਹੈ।
23 ਸਾਲਾ ਨੋਨੀ ਉੱਤਰੀ ਬਰਵਿਕ ਦੀ ਰਹਿਣ ਵਾਲੀ ਹੈ।
ਉਹ ਕਹਿੰਦੀ ਹੈ ਕਿ ਇੱਕ ਸਾਥੀ ਨਾਲ ਉਹ ਬੰਨ੍ਹਿਆ ਹੋਇਆ ਮਹਿਸੂਸ ਕਰ ਰਹੀ ਸੀ। ਭਾਵੇਂ ਕਿੰਨਾ ਹੀ ਪਿਆਰ ਕਿਉਂ ਨਹੀਂ ਸੀ ਮਿਲਦਾ।
ਬੀਬੀਸੀ ਸਕਾਟਲੈਂਡ ਦੀ ਦਸਤਾਵੇਜ਼ੀ "ਲਵ ਅਨ-ਲਿਮਟਿਡ" ਵਿੱਚ ਨੋਨੀ ਨੇ ਕਿਹਾ, "ਇੱਕ ਸਾਥੀ ਨਾਲ ਰਿਸ਼ਤਿਆਂ ਵਿੱਚ ਕੁਝ ਗਲਤ ਨਹੀਂ ਹੈ ਪਰ ਭਾਵੇਂ ਮੈਨੂੰ ਕਿੰਨਾ ਹੀ ਪਿਆਰ ਕਿਉਂ ਨਾ ਮਿਲੇ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਕਿਉਂ ਰੱਖਾਂ। ਮੈਂ ਥੋੜ੍ਹੀ ਲਾਲਚੀ ਹਾਂ ਤੇ ਉਹਨਾਂ ਲੋਕਾਂ ਨੂੰ ਪਸੰਦ ਕਰਦੀ ਹਾਂ ਜੋ ਮੈਨੂੰ ਪਸੰਦ ਕਰਦੇ ਹਨ।"
ਖੁੱਲ੍ਹਾ ਰਿਸ਼ਤਾ
ਜਿੱਥੇ ਕਿਸੇ ਦੇ ਇੱਕ ਤੋਂ ਵੱਧ ਵਿਅਕਤੀਆਂ ਨਾਲ ਰਿਸ਼ਤੇ ਹੋਣ ਉਸ ਰਿਸ਼ਤੇ ਨੂੰ ਪੋਲੀਐਂਡਰੀ ਕਿਹਾ ਜਾਂਦਾ ਹੈ।
ਨੋਨੀ ਦਾ ਕਹਿਣਾ ਹੈ ਕਿ ਇਨ੍ਹਾਂ ਰਿਸ਼ਤਿਆਂ ਵਿੱਚ ਕੁਝ ਨੈਤਿਕ ਬੰਦਿਸ਼ਾਂ ਵੀ ਹੁੰਦੀਆਂ ਹਨ।
ਉਹ ਮੰਨਦੀ ਹੈ ਕਿ ਹਰ ਰਿਸ਼ਤਾ ਆਪਣੇ-ਆਪ ਵਿੱਚ ਅਹਿਮ ਹੁੰਦਾ ਹੈ। ਨੋਨੀ ਓਲੀਵਰ ਤੇ ਮਾਰਗਨ ਨਾਲ ਪਿਆਰ ਸੰਬੰਧਾਂ ਵਿੱਚ ਹਨ। ਮਾਰਗਨ ਇੱਕ ਪ੍ਰਬੰਧਨ ਮਾਹਰ ਹਨ ਤੇ ਓਲੀਵਰ ਨੇ ਡਰਾਮੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ।
ਨੋਨੀ ਤੇ ਮਾਰਗਨ ਦੋਹਾਂ ਦੇ ਦੋ-ਦੋ ਸਾਥੀ ਹਨ
ਮਾਰਗਨ ਨਾਲ ਨੋਨੀ ਦੀ ਮੁਲਾਕਾਤ ਇੱਕ ਡੇਟਿੰਗ ਐਪਲੀਕੇਸ਼ਨ ਰਾਹੀਂ ਹੋਈ। ਇਸ ਮੁਲਾਕਾਤ ਸਮੇਂ ਮਾਰਗਨ ਦੀ ਵੀ ਇੱਕ ਸਹੇਲੀ ਸੀ ਹੈਨੀ। ਉਹ ਰਿਸ਼ਤਾ ਵੀ ਚੱਲ ਰਿਹਾ ਹੈ।
ਮਾਰਗਨ ਦਸਦੇ ਹਨ" ਪੋਲੀਐਂਡਰੀ ਬਾਰੇ ਉਹਨਾਂ ਨੂੰ ਹੈਨੀ ਨੇ ਹੀ ਦੱਸਿਆ ਸੀ।"
ਉਹਨਾਂ ਦੱਸਿਆ, "ਜਦੋਂ ਮੈਂ ਕੁਝ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਏ। ਉਹਨਾਂ ਨੂੰ ਲੱਗਦਾ ਸੀ ਕਿ ਅਜਿਹੇ ਰਿਸ਼ਤੇ ਮਰਦਾਂ ਲਈ ਹਨ ਕਿਉਂਕਿ ਇਸ ਵਿੱਚ ਬਹੁਤ ਸਾਰਾ ਸੈਕਸ ਹੁੰਦਾ ਹੈ।"
ਮੋਹ ਵਾਲਾ ਰਿਸ਼ਤਾ...
ਨੋਨੀ ਦੱਸਦੀ ਹੈ ਕਿ ਮਾਰਗਨ ਭਾਵੁਕ ਗੱਲਬਾਤ ਲਈ ਬਹੁਤ ਵਧੀਆ ਹਨ। ਇਸੇ ਕਰਕੇ ਮਾਰਗਨ ਦੇ ਐਡਿਨਬਰਾ ਚਲੇ ਜਾਣ ਤੋਂ ਬਾਅਦ ਵੀ ਦੋਹਾਂ ਦਾ ਰਿਸ਼ਤਾ ਨਹੀਂ ਟੁੱਟਿਆ।
ਨੋਨੀ ਤੇ ਓਲੀਵਰ ਅਠਾਰਾਂ ਮਹੀਨੇ ਤੋਂ ਇੱਕਠੇ ਹਨ।
ਮਾਰਗਨ ਦਾ ਕਹਿਣਾ ਹੈ ਕਿ ਇਸ ਬਾਰੇ ਉਹਨਾਂ ਦੀ ਪਹਿਲੀ ਸਹੇਲੀ ਹੋਨੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਬਲਕਿ ਉਹ ਖ਼ੁਸ਼ ਹੈ।
ਉਹ ਕਹਿੰਦੇ ਹਨ, "ਹੋਨੀ ਬਹੁਤ ਉਤਸ਼ਾਹ ਵਧਾਉਂਦੀ ਹੈ। ਸਹਾਰਾ ਦਿੰਦੀ ਹੈ। ਸਾਡੇ ਵਿੱਚ ਬਹੁਤ ਕੁਝ ਸਾਂਝਾ ਹੈ ਜਿਸ ਦੀ ਅਸੀਂ ਮਿਲ ਕੇ ਖੁਸ਼ੀ ਮਨਾਉਂਦੇ ਹਾਂ।"
ਮਾਰਗਨ ਅਤੇ ਓਲੀਵਰ ਇੱਕ-ਦੂਜੇ ਦੇ ਸ਼ਰੀਕ ਹਨ ਤੇ ਦੋਹਾਂ ਵਿੱਚ ਕੋਈ ਲਗਾਵ ਵਾਲਾ ਰਿਸ਼ਤਾ ਨਹੀਂ ਹੈ।
ਓਲੀਵਰ ਤੇ ਨੋਨੀ ਦਾ ਰਿਸ਼ਤਾ ਲਗਪਗ 18 ਮਹੀਨੇ ਪੁਰਾਣਾ ਹੈ।
ਓਲੀਵਰ ਮੁਤਾਬਕ ਨੋਨੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਸਦਾ ਮਾਰਗਨ ਨਾਲ ਰਿਸ਼ਤਾ ਹੈ।
ਕਿਵੇਂ ਹੋਇਆ ਪਿਆਰ?
ਓਲੀਵਰ ਦਸਦੇ ਹਨ,'ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਕਰਨਾ ਜਿਸਦਾ ਪਹਿਲਾਂ ਤੋਂ ਹੀ ਕੋਈ ਪ੍ਰੇਮੀ ਹੋਵੇ, ਸੌਖਾ ਨਹੀਂ ਹੁੰਦਾ। ਇਹ ਫ਼ੈਸਲਾ ਸੋਚ ਸਮਝ ਕੇ ਕਰਨਾ ਪੈਂਦਾ ਹੈ।'
ਉਹ ਕਹਿੰਦੇ ਹਨ,'ਅਜਿਹਾ ਨਹੀਂ ਸੀ ਕਿ ਇਸ ਵਿੱਚ ਕੋਈ ਮੁਸ਼ਕਿਲ ਸੀ ਕਿਉਂਕਿ ਇਸ ਨਾਲ ਪ੍ਰੇਸ਼ਾਨੀ ਹੋ ਸਕਦੀ ਸੀ।'
"ਕਿਸੇ ਨਾਲ ਦਿਲ ਲਾਉਣਾ ਹੋਰ ਗੱਲ ਹੈ ਪਰ ਜਦੋਂ ਤੁਹਾਡੀ ਚਾਹਤ ਵਧ ਰਹੀ ਹੋਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਚਲੋ ਕੋਈ ਫਰਕ ਨਹੀਂ ਪੈਂਦਾ ਪਰ ਬਾਅਦ ਵਿੱਚ ਈਰਖਾ ਪੈਦਾ ਹੋ ਸਕਦੀ ਹੈ। ਮੈਂ ਸੋਚਿਆ ਕਿ ਮੈਂ ਨੋਨੀ ਨੂੰ ਪਸੰਦ ਕਰਦਾ ਹਾਂ ਤੇ ਮੈਂ ਇਹ ਰਿਸ਼ਤਾ ਅੱਗੇ ਵਧਾਵਾਂਗਾ।"
ਹੁਣ ਕਿਉਂਕਿ ਇਹ ਇੱਕ ਖੁੱਲ੍ਹਾ ਰਿਸ਼ਤਾ ਹੈ ਇਸ ਲਈ ਸਾਰੇ ਜਣੇ ਜਿਸ ਨਾਲ ਚਾਹੁਣ ਸਰੀਰਕ ਸੰਬੰਧ ਬਣਾਉਣ ਲਈ ਆਜ਼ਾਦ ਹਨ।
ਨੋਨੀ ਕਹਿੰਦੀ ਹੈ ਕਿ ਉਹ ਅਜਿਹੇ ਰਿਸ਼ਤਿਆਂ ਵਿੱਚ ਸੁਰੱਖਿਅਤ ਸਰੀਰਕ ਸੰਬੰਧਾਂ ਦੀ ਅਹਿਮੀਅਤ ਸਮਝਦੀ ਹੈ।
ਕਿਸੇ ਤਰ੍ਹਾਂ ਦੇ ਗੁੱਸੇ-ਗਿਲੇ...
ਇਸ ਬਾਰੇ ਓਲੀਵਰ ਦਾ ਕਹਿਣਾ ਹੈ, "ਜੋ ਕੁਝ ਹੁੰਦਾ ਹੈ ਤਾਂ ਹੋਈ ਜਾਵੇ ਪਰ ਮੈਂ ਇਸਦੀ ਕੋਸ਼ਿਸ਼ ਨਹੀਂ ਕਰਾਂਗਾ...ਪਰ ਇਸ ਤੋਂ ਇਨਕਾਰ ਵੀ ਨਹੀਂ ਕਰਦਾ।"
ਨੋਨੀ ਵੀ ਇਸ ਨਾਲ ਸਹਿਮਤ ਹੈ। ਉਹ ਕਹਿੰਦੀ ਹੈ, ਮੈਨੂੰ ਖੁਸ਼ੀ ਹੋਵੇਗੀ ਜੇ ਓਲੀਵਰ ਨੂੰ ਕੋਈ ਮਿਲ ਜਾਵੇ...
ਓਲੀਵਰ ਤੇ ਮਾਰਗਨ ਵਿਚਕਾਰ ਨੋਨੀ ਕਦੇ ਵਿਤਕਰਾ ਨਹੀਂ ਕਰਦੀ। ਇਹ ਵੀ ਕਹਿੰਦੀ ਹੈ ਕਿ ਹਾਲਾਂਕਿ ਦੋਹਾਂ ਨਾਲ ਰਿਸ਼ਤੇ ਦੀ ਤਾਸੀਰ ਅਲੱਗ ਹੈ।
"ਮੈਂ ਵੱਖ-ਵੱਖ ਤਰੀਕਿਆਂ ਨਾਲ ਦੋਹਾਂ ਪ੍ਰਤੀ ਵਫ਼ਾਦਾਰ ਹਾਂ ਪਰ ਮੇਰੇ ਲਈ ਕੋਈ ਵੀ ਦੂਸਰੇ ਤੋਂ ਵਧਕੇ ਨਹੀਂ ਹੈ।"
ਨੈਤਿਕ ਜ਼ਿੰਮੇਵਾਰੀ
ਇਸ ਰਿਸ਼ਤੇ ਦੀ ਨੈਤਿਕ ਜ਼ਿੰਮੇਵਾਰੀ ਨੋਨੀ 'ਤੇ ਵੀ ਹੈ। ਉਸ ਦਾ ਇਹ ਫਰਜ਼ ਹੈ ਕਿ ਉਹ ਓਲੀਵਰ ਤੇ ਮਾਰਗਨ ਨੂੰ ਸਰੀਰਕ ਸੰਬੰਧਾਂ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਤੋ ਬਚਾਅ ਕੇ ਰੱਖੇ।
ਨੋਨੀ ਕਹਿੰਦੀ ਹੈ ਕਿ ਉਹ ਅਜਿਹੇ ਰਿਸ਼ਤਿਆਂ ਵਿੱਚ ਸੁਰੱਖਿਅਤ ਸਰੀਰਕ ਸੰਬੰਧਾਂ ਦੀ ਅਹਿਮੀਅਤ ਸਮਝਦੀ ਹੈ।
ਦੋ ਪ੍ਰੇਮੀ ਰੱਖਣਾ ਉਹਨਾਂ ਦੀ ਚੋਣ ਹੈ ਜਿਸਨੂੰ ਉਹ ਜਾਰੀ ਰੱਖਣਾ ਚਾਹੇਗੀ। ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਇੱਕ ਪਰਿਵਾਰ ਵਸਾਉਣ ਵਿੱਚ ਰੋੜ੍ਹਾ ਬਣ ਸਕਦਾ ਹੈ।
ਉਹ ਕਹਿੰਦੀ ਹੈ, "ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਦੋ ਪ੍ਰੇਮੀ ਹਨ ਅਤੇ ਜਿਨ੍ਹਾਂ ਦੇ ਬੱਚੇ ਵੀ ਹਨ। ਇਹ ਗਲਤ ਧਾਰਨਾ ਹੈ ਕਿ ਇਹ ਸਿਰਫ਼ ਦੋ ਸਾਥੀਆਂ ਨਾਲ ਸੈਕਸ ਕਰਨ ਦਾ ਹੀ ਮਸਲਾ ਹੈ। ਜਦ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ। ਇਹ ਬਹੁਤ ਪੁਰਾਣਾ ਖ਼ਿਆਲ ਹੈ ਕਿ ਬੱਚਿਆਂ ਦੇ ਇੱਕ ਮਾਂ ਤੇ ਇੱਕ ਬਾਪ ਹੋਵੇ।"
ਹੁਣ ਹਾਲਾਤ ਬਦਲ ਰਹੇ ਹਨ।
ਲੋਕ ਸਦੀਆਂ ਤੋਂ ਪੋਲੀਐਂਡਰੀ ਵਰਗੇ ਰਿਸ਼ਤੇ ਨਿਭਾਉਂਦੇ ਆਏ ਹਨ ਪਰ ਸਕਾਟਲੈਂਡ ਵਿੱਚ ਅਜਿਹਾ ਨਹੀਂ ਸੀ। ਜਿਨਾਂ ਅਸੀਂ ਲੋਕਾਂ ਨਾਲ ਮਿਲਾਂਗੇ ਉਹ ਓਨਾ ਹੀ ਸਾਨੂੰ ਸਵੀਕਾਰ ਕਰਨਾ ਸ਼ੁਰੂ ਕਰ ਦੇਣਗੇ।
ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਕੋਈ ਨਵਾਂ ਕੰਮ ਕਰ ਰਹੇ ਹਾਂ ਪਰ ਅਸੀਂ ਅਜਿਹਾ ਮਾਹੌਲ ਜ਼ਰੂਰ ਤਿਆਰ ਕਰ ਰਹੇ ਹਾਂ ਜੋ ਇੱਕ ਤੰਦਰੁਸਤ ਸਮਾਜ ਲਈ ਜ਼ਰੂਰੀ ਹੈ।