ਇਸਲਾਮਿਕ ਸਟੇਟ ਦੇ 'ਬੀਟਲਸ ਗੈਂਗ' ਦੇ ਆਖ਼ਰੀ 2 ਸ਼ੱਕੀ ਗ੍ਰਿਫ਼ਤਾਰ

ਇਸਲਾਮਿਕ ਸਟੇਟ

ਤਸਵੀਰ ਸਰੋਤ, KOTEY/FAMILY HANDOUT

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੇ ਦੋ ਕਥਿਤ ਬਰਤਾਨਵੀ ਮੈਂਬਰਾਂ ਨੂੰ ਸੀਰੀਆਈ ਕੁਰਦਿਸ਼ ਲੜਾਕਿਆਂ ਨੇ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਕਥਿਤ ਬ੍ਰਿਟੇਨ ਦੇ ਨਾਗਰਿਕਾਂ ਦਾ ਨਾਂ ਅਲੈਗਜ਼ੇਂਡਾ ਕੋਟੇ ਅਤੇ ਅਲ ਸ਼ਫੀ ਅਲ ਸ਼ੇਖ ਹੈ। ਇਹ ਕਥਿਤ ਇਸਲਾਮਿਕ ਸਟੇਟ ਲਈ ਕੰਮ ਕਰ ਰਹੇ 4 ਮੈਂਬਰੀ ਗਰੋਹ ਦੇ ਮੈਂਬਰ ਸੀ।

ਇਹ ਚਾਰੇ ਲੰਡਨ ਦੇ ਰਹਿਣ ਵਾਲੇ ਸੀ ਅਤੇ ਉਨ੍ਹਾਂ ਨੇ ਇਸ ਗੈਂਗ ਦਾ ਨਾਂ 'ਬੀਟਲਸ' ਰੱਖਿਆ ਸੀ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ 'ਮੌਤ ਦੇ ਘਾਟ ਉਤਾਰਨ ਵਾਲੇ' ਇਸ ਗਰੋਹ ਨੇ ਪੱਛਮੀ ਦੇਸਾਂ ਦੇ 27 ਤੋਂ ਵੱਧ ਬੰਧਕਾਂ ਦੇ ਸਿਰ ਕਲਮ ਕੀਤੇ ਸੀ ਅਤੇ ਕਈਆਂ 'ਤੇ ਤਸ਼ੱਦਦ ਢਾਹਿਆ ਸੀ।

ਗਰੋਹ ਦਾ ਸਗਰਨਾ ਮੁਹੰਮਦ ਐਮਵਾਜ਼ੀ ਸੀ ਜਿਸ ਨੂੰ ਜਿਹਾਦੀ ਜੌਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

ਜਿਹਾਦੀ ਜੌਨ ਦੀ ਸੀਰੀਆ ਵਿੱਚ 2015 'ਚ ਹੋਏ ਹਵਾਈ ਹਮਲੇ ਦੌਰਾਨ ਮੌਤ ਹੋ ਗਈ ਸੀ।

ਗੈਂਗ ਦੇ ਇੱਕ ਹੋਰ ਸ਼ੱਕੀ ਆਇਨ ਡੇਵਿਸ ਨੂੰ ਪਿਛਲੇ ਸਾਲ ਤੁਰਕੀ ਵਿੱਚ ਕੱਟੜਪੰਥ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਮਰੀਕੀ ਅਧਿਕਾਰੀਆਂ ਦੇ ਇਨ੍ਹਾਂ 2 ਸ਼ੱਕੀਆਂ ਦੀ ਗ੍ਰਿਫ਼ਤਾਰੀ ਦੀ ਤਸਦੀਕ ਕੀਤੀ ਹੈ।

ਪਰ ਬ੍ਰਿਟੇਨ ਦੇ ਵਿਦੇਸ਼ ਵਿਭਾਗ ਨੇ ਇਸ ਮਾਮਲੇ ਵਿੱਚ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਉਹ ਕਿਸੇ ਖ਼ਾਸ, ਮਾਮਲੇ ਜਾਂ ਜਾਂਚ 'ਤੇ ਟਿੱਪਣੀ ਨਹੀਂ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)