ਪਾਕਿਸਤਾਨ: ਹਿੰਦੂ ਮਜ਼ਦੂਰ ਦੀ ਧੀ ਦਾ ਸਿਆਸਤ ਵਿੱਚ ਕਦਮ

  • ਸਹਿਰ ਬਲੋਚ
  • ਬੀਬੀਸੀ ਉਰਦੂ, ਕਰਾਚੀ
ਕ੍ਰਿਸ਼ਨਾ ਕੋਹਲੀ

ਪਾਕਿਸਤਾਨ ਵਿੱਚ ਵੱਡੇ ਅਹੁਦਿਆਂ 'ਤੇ ਹਿੰਦੂ ਚਿਹਰੇ ਘੱਟ ਹੀ ਵਿਖਾਈ ਦਿੰਦੇ ਹਨ, ਖ਼ਾਸ ਤੌਰ 'ਤੇ ਔਰਤਾਂ ਦੀ ਮੌਜੂਦਗੀ ਬਹੁਤ ਘੱਟ ਹੈ।

ਪਰ ਸ਼ਾਇਦ ਹੁਣ ਇਸ ਸੂਚੀ ਵਿੱਚ ਕ੍ਰਿਸ਼ਨਾ ਕੋਹਲੀ ਦਾ ਨਾਂ ਜੁੜ ਜਾਵੇ। ਉਹ ਘੱਟ ਗਿਣਤੀ ਭਾਈਚਾਰੇ ਵੱਲੋਂ ਸੈਨੇਟ ਦੀ ਮੈਂਬਰਸ਼ਿਪ ਲਈ ਦਾਅਵਾ ਕਰ ਰਹੀ ਹੈ।

ਪਾਕਿਸਤਾਨ ਦੇ ਥਾਰਪਾਕਰ ਨਾਲ ਸੰਬੰਧ ਰੱਖਣ ਵਾਲੀ ਕ੍ਰਿਸ਼ਨਾ ਕੋਹਲੀ ਨੇ ਬੁੱਧਵਾਰ ਨੂੰ ਸੈਨੇਟ ਚੋਣਾਂ ਲਈ ਪਾਕਿਸਤਾਨੀ ਚੋਣ ਕਮਿਸ਼ਨ ਵਿੱਚ ਆਪਣੀ ਉਮੀਦਵਾਰੀ ਲਈ ਪਰਚਾ ਦਾਖਲ ਕਰ ਦਿੱਤਾ ਹੈ।

ਤਸਵੀਰ ਸਰੋਤ, Facebook @agha.arfatpathan.7

ਪਾਕਿਸਤਾਨ ਪੀਪਲਜ਼ ਪਾਰਟੀ ਨੇ ਕ੍ਰਿਸ਼ਨਾ ਕੋਹਲੀ ਨੂੰ ਸਿੰਧ ਖੇਤਰ ਲਈ ਘੱਟ ਗਿਣਤੀ ਭਾਈਚਾਰੇ ਤੋਂ ਉਮੀਦਵਾਰ ਨਾਮਜ਼ਦ ਕੀਤਾ ਹੈ।

ਥਾਰਪਾਰਕਰ ਇਲਾਕਾ

ਕ੍ਰਿਸ਼ਨਾ ਕੋਹਲੀ ਨੇ ਬੀਬੀਸੀ ਨੂੰ ਦੱਸਿਆ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਉਹ ਥਾਰਪਾਰਕਰ ਇਲਾਕੇ ਦੀ ਪਹਿਲੀ ਮਹਿਲਾ ਹੈ ਜਿਸਨੂੰ ਸੰਸਦ ਤੱਕ ਪਹੁੰਚਣ ਦਾ ਮੌਕਾ ਮਿਲ ਰਿਹਾ ਹੈ।

ਉਹ ਕਹਿੰਦੀ ਹੈ, ''ਮੈਂ ਇਸ ਸਮੇਂ ਬਿਲਾਵਲ ਭੁੱਟੋ ਦਾ ਜਿੰਨਾ ਧੰਨਵਾਦ ਕਰਾਂ, ਘੱਟ ਹੈ।''

ਕ੍ਰਿਸ਼ਨਾ ਕੋਹਲੀ ਥਰਪਾਰਕਰ ਇਲਾਕੇ ਦੇ ਇੱਕ ਪਿੰਡ ਤੋਂ ਹੈ। ਉਨ੍ਹਾਂ ਦੇ ਦਾਦਾ ਰੁਪਲੋ ਕੋਹਲੀ ਨੇ 1857 ਵਿੱਚ ਅੰਗ੍ਰੇਜ਼ਾਂ ਖ਼ਿਲਾਫ਼ ਹੋਏ ਗਦਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ।

ਆਜ਼ਾਦੀ ਦੀ ਇਸ ਲੜਾਈ ਦੇ ਖ਼ਤਮ ਹੋਣ ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਥਰਪਾਰਕਰ ਵਿੱਚ ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਗੁਜ਼ਰਦੀ ਹੈ ਕਿਉਂਕਿ ਉੱਥੇ ਹਰ ਸਾਲ ਸੋਕਾ ਪੈਂਦਾ ਹੈ, ਜਿਸ ਦੌਰਾਨ ਬਹੁਤ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ।

16 ਸਾਲ ਦੀ ਉਮਰ ਵਿੱਚ ਵਿਆਹ

ਕ੍ਰਿਸ਼ਨਾ ਕੋਹਲੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ।

ਉਨ੍ਹਾਂ ਦੇ ਪਿਤਾ ਜੁਗਨੂ ਕੋਹਲੀ ਇੱਕ ਜ਼ਿਮੀਂਦਾਰ ਦੇ ਕੋਲ ਮਜ਼ਦੂਰੀ ਕਰਦੇ ਸੀ ਅਤੇ ਕੰਮ ਨਾ ਹੋਣ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਕੰਮ ਦੀ ਭਾਲ ਵਿੱਚ ਜਾਂਦੇ ਸੀ।

''ਮੇਰੇ ਪਿਤਾ ਨੂੰ ਉਮਰਕੋਟ ਦੇ ਜ਼ਿਮੀਂਦਾਰ ਨੇ ਕੈਦ ਕਰ ਲਿਆ ਸੀ ਅਤੇ ਤਿੰਨ ਸਾਲ ਤੱਕ ਅਸੀਂ ਉਨ੍ਹਾਂ ਦੀ ਕੈਦ ਵਿੱਚ ਰਹੇ। ਉਸ ਸਮੇਂ ਮੈਂ ਤੀਜੀ ਕਲਾਸ ਵਿੱਚ ਪੜ੍ਹਦੀ ਸੀ।''

''ਅਸੀਂ ਕਿਸੇ ਰਿਸ਼ਤੇਦਾਰ ਕੋਲ ਨਹੀਂ ਜਾ ਸਕਦੇ ਸੀ ਅਤੇ ਨਾ ਹੀ ਗੱਲਬਾਤ ਕਰ ਸਕਦੇ ਸੀ। ਸਿਰਫ਼ ਉਨ੍ਹਾਂ ਦੇ ਕਹਿਣ 'ਤੇ ਕੰਮ ਕਰਦੇ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਵਾਪਿਸ ਚਲੇ ਜਾਂਦੇ ਸੀ।''

ਤਸਵੀਰ ਸਰੋਤ, Twitter @KishooLal

ਤਸਵੀਰ ਕੈਪਸ਼ਨ,

ਆਪਣੇ ਪਿਤਾ ਦੇ ਨਾਲ ਕ੍ਰਿਸ਼ਨਾ ਕੋਹਲੀ

ਕ੍ਰਿਸ਼ਨਾ ਕੋਹਲੀ ਨੂੰ ਕੇਸ਼ੂਬਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਗਿਆ ਸੀ।

ਉਹ ਦੱਸਦੀ ਹੈ ਉਨ੍ਹਾਂ ਦੇ ਪਤੀ ਉਨ੍ਹਾਂ ਦੀ ਪੜ੍ਹਾਈ ਵਿੱਚ ਮਦਦਗਾਰ ਸਾਬਿਤ ਹੋਏ।

ਕੁੜੀਆਂ ਦੀ ਤਾਲੀਮ ਅਤੇ ਸਿਹਤ

ਕ੍ਰਿਸ਼ਨਾ ਨੇ ਸਿੰਧ ਯੂਨੀਵਰਸਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਡਿਗਰੀ ਕੀਤੀ ਅਤੇ ਪਿਛਲੇ 20 ਸਾਲ ਤੋਂ ਥਾਰ ਵਿੱਚ ਕੁੜੀਆਂ ਦੀ ਤਾਲੀਮ ਅਤੇ ਸਿਹਤ ਲਈ ਜੱਦੋਜਹਿਦ ਕਰ ਰਹੀ ਹੈ।

''ਥਾਰ ਵਿੱਚ ਗਰਭਵਤੀ ਮਹਿਲਾਵਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਅਤੇ ਮੈਂ ਸੰਸਦ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਲਈ ਜ਼ਰੂਰ ਕੰਮ ਕਰਨਾ ਚਾਹੁੰਦੀ ਹਾਂ।''

ਤਸਵੀਰ ਸਰੋਤ, Twitter @KishooLal

ਉਮੀਦਵਾਰੀ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਪੀਪੀ ਦੇ ਲੀਡਰ ਸਰਦਾਰ ਸ਼ਾਹ ਨੇ ਸਲਾਹ ਦਿੱਤੀ ਕਿ ਉਹ ਦਸਤਾਵੇਜ਼ ਜ਼ਰੂਰ ਦਾਖ਼ਲ ਕਰਵਾਉਣ।

''ਮੈਂ ਇਸ ਤੋਂ ਪਹਿਲਾਂ ਵੀ ਪੀਪੀਪੀ ਨਾਲ ਕੰਮ ਕੀਤਾ ਹੈ। 2010 ਦੇ ਸਰੀਰਕ ਸ਼ੋਸ਼ਣ ਦੇ ਖ਼ਿਲਾਫ਼ ਬਿੱਲ ਤੋਂ ਲੈ ਕੇ 18ਵੇਂ ਸੋਧ ਦੀ ਬਹਾਲੀ ਤੱਕ ਅਸੀਂ ਇਕੱਠੇ ਕਾਫ਼ੀ ਥਾਂ ਕੰਮ ਕੀਤਾ ਹੈ।''

ਉਹ ਅੱਗੇ ਦੱਸਦੇ ਹਨ,''ਮੈਂ ਔਰਤਾਂ ਦੀ ਤਾਲੀਮ ਅਤੇ ਸਿਹਤ ਲਈ ਜੋ ਪਲੈਟਫ਼ਾਰਮ ਚਾਹੁੰਦੀ ਸੀ ਉਹ ਮੈਨੂੰ ਆਖ਼ਰਕਾਰ ਮਿਲ ਗਿਆ। ਮੈਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨਾ ਚਾਹੁੰਦੀ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)