'ਖਾਲਿਸਤਾਨ' 'ਤੇ ਕੀ ਬੋਲੇ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਤੇ ਅਮਰਜੀਤ ਸੋਹੀ?

ਹਰਜੀਤ ਸੱਜਣ

ਕੈਨੇਡਾ ਦੇ ਦੋ ਸਿੱਖ ਕੈਬਨਿਟ ਮੰਤਰੀਆਂ ਹਰਜੀਤ ਸਿੰਘ ਸੱਜਣ ਅਤੇ ਅਮਰਜੀਤ ਸੋਹੀ ਨੇ ਖ਼ਾਲਿਸਤਾਨੀ ਹਮਦਰਦ ਹੋਣ ਤੋਂ ਕੋਰੀ ਨਾਂਹ ਕੀਤੀ ਹੈ।

ਉਨ੍ਹਾਂ ਦਾ ਇਹ ਪ੍ਰਤੀਕਰਮ ਭਾਰਤੀ ਮੈਗਜ਼ੀਨ ਆਊਟਲੁੱਕ 'ਚ ਛਪੀ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ।

ਕੈਨੇਡਾ ਦੇ ਪਬਲਿਕ ਬਰੋਡਕਾਸਟਰ ਸੀਬੀਸੀ 'ਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦਾ ਇਸ ਮਸਲੇ 'ਤੇ ਪੱਖ ਲਿਆ ਹੈ।

ਸੱਜਣ ਨੇ ਆਊਟਲੁੱਕ ਦੀ ਇਸ ਰਿਪੋਰਟ ਨੂੰ "ਹਾਸੋਹੀਣਾ" ਅਤੇ "ਅਪਮਾਨਜਨਕ" ਕਰਾਰ ਦਿੱਤਾ ਹੈ।

ਸੀਬੀਸੀ ਮੁਤਾਬਕ ਹਰਜੀਤ ਸਿੰਘ ਸੱਜਣ ਅਤੇ ਅਮਰਜੀਤ ਸੋਹੀ ਨੇ ਕਿਹਾ ਹੈ ਕਿ ਉਹ ਨਾ ਤਾਂ ਖ਼ਲਿਸਤਾਨ ਪੱਖੀ ਹਨ ਅਤੇ ਨਾ ਹੀ ਉਨ੍ਹਾਂ ਸਿੱਖ ਵੱਖਵਾਦੀ ਲਹਿਰ ਨੂੰ ਅਪਣਾਇਆ ਹੈ।

ਸੋਹੀ, ਜੋ ਕਿ ਕੈਨੇਡਾ ਵਿੱਚ ਇਨਫਰਾਸਟਰਕਚਰ ਮੰਤਰੀ ਹਨ, ਨੇ ਕਿਹਾ ਕਿ ਉਹ ਨਾ ਇਸ ਨਾਲ ਹਮਦਰਦੀ ਰੱਖਦੇ ਹਨ ਤੇ ਨਾ ਹੀ ਉਨ੍ਹਾਂ ਇਸ ਮਸਲੇ 'ਤੇ ਸਿੱਖ ਭਾਈਚਾਰੇ ਵਿੱਚ ਕੋਈ ਗੱਲ ਸੁਣੀ ਹੈ।

ਹਾਲਾਂਕਿ ਹਰਜੀਤ ਸੱਜਣ ਨੇ ਇਸ ਨੂੰ ਹਾਸੋਹੀਣਾ ਕਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਭਾਰਤ ਦੀ ਅੰਦਰੂਨੀ ਸਿਆਸਤ ਵਿੱਚ ਖਿੱਚਿਆ ਜਾ ਰਿਹਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਤੋਂ ਪਹਿਲਾਂ ਭਾਰਤੀ ਮੈਗਜ਼ੀਨ, ਆਊਟਲੁੱਕ ਦੇ ਤਾਜ਼ਾ ਅੰਕ ਦੇ ਕਵਰ ਪੰਨੇ 'ਤੇ ਜਸਟਿਨ ਟਰੂਡੋ ਦੀ ਤਸਵੀਰ ਨਾਲ ਲਿਖਿਆ ਸੀ: "ਖ਼ਾਲਿਸਤਾਨ-II: ਮੇਡ ਇਨ ਕੈਨੇਡਾ।"

ਕੈਨੇਡਾ ਦੇ ਅਖ਼ਬਾਰ 'ਦਿ ਸਟਾਰ' ਦੀ ਖ਼ਬਰ ਮੁਤਾਬਕ ਮੈਗਜ਼ੀਨ 'ਚ ਘੱਟੋ ਘੱਟ ਤਿੰਨ ਅਜਿਹੇ ਲੇਖ ਹਨ, ਜਿਨ੍ਹਾਂ ਵਿੱਚ ਕੈਨੇਡਾ ਦੇ ਖ਼ਾਲਿਸਤਾਨ ਲਹਿਰ ਨਾਲ ਕਥਿਤ ਸੰਬੰਧਾਂ ਬਾਰੇ ਲਿਖਿਆ ਗਿਆ ਹੈ।

ਇਸ ਮੈਗਜ਼ੀਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪ੍ਰਸ਼ਨ-ਉੱਤਰ ਦਾ ਹਿੱਸਾ ਵੀ ਹੈ।

ਦਿ ਸਟਾਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਅਪ੍ਰੈਲ 2017 ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ "ਖ਼ਾਲਿਸਤਾਨ ਪੱਖੀ"ਦੱਸਦੇ ਹੋਏ ਮਿਲਣ ਤੋਂ ਨਾਂਹ ਕੀਤੀ ਸੀ।

ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਅਤੇ ਅਮਰਜੀਤ ਸੋਹੀ ਦੇ ਬਿਆਨ ਦਾ ਸੁਆਗਤ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)