ਸੁੰਜਵਾਨ ਕੈਂਪ ਹਮਲੇ ਵਿੱਚ 5 ਫ਼ੌਜੀਆਂ ਸਮੇਤ 6 ਦੀ ਮੌਤ

  • ਮੋਹਿਤ ਕੰਧਾਰੀ
  • ਜੰਮੂ ਤੋਂ ਬੀਬੀਸੀ ਹਿੰਦੀ ਲਈ
ਸੁੰਜਵਾਨ ਕੈਂਪ

ਤਸਵੀਰ ਸਰੋਤ, MOHIT KANDHARI/BBC

ਜੰਮੂ ਦੇ ਸੁੰਜਵਾਨ ਕੈਂਪ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ।

ਕੈਂਪ ਦੇ ਰਿਹਾਇਸ਼ੀ ਕਵਾਟਰਾਂ ਵਿੱਚ ਫਸੇ ਲੋਕਾਂ ਨੂੰ ਕਢਿਆ ਜਾ ਰਿਹਾ ਹੈ ਤੇ ਫ਼ੌਜ ਦਾ ਖੋਜ ਅਭਿਆਨ ਜਾਰੀ ਹੈ।

ਇਸ ਬਾਰੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਤਿਆਰ ਰਿਪੋਰਟ ਮੁਤਾਬਕ, "ਸੁੰਜਵਾਨ ਫ਼ੌਜੀ ਕੈਂਪ ਹਮਲੇ ਵਿੱਚ ਘੱਟੋ-ਘੱਟ ਪੰਜ ਫ਼ੌਜੀ ਤੇ ਇੱਕ ਨਾਗਰਿਕ ਦੀ ਮੌਤ ਹੋਈ ਹੈ। ਗਿਆਰਾਂ ਬੰਦੇ ਫੱਟੜ੍ਹ ਹੋਏ ਹਨ ਜਿਨ੍ਹਾਂ ਵਿੱਚ ਦੋ ਸੀਨੀਅਰ ਅਫ਼ਸਰ ਤੇ ਪੰਜ ਔਰਤਾਂ ਸ਼ਾਮਲ ਹਨ।"

ਵੱਡੀ ਗਿਣਤੀ ਵਿੱਚ ਅਸਲਾ ਬਰਾਮਦ

ਰਿਹਾਇਸ਼ੀ ਕਵਾਟਰਾਂ ਵਿੱਚੋਂ ਬਚਾਈ ਗਈ ਇੱਕ ਫ਼ੌਜੀ ਦੀ ਗਰਭਵਤੀ ਪਤਨੀ ਨੇ ਐਤਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ।

ਮਰਨ ਵਾਲੇ ਫ਼ੌਜੀਆਂ ਦੀ ਪਛਾਣ ਹਵਲਦਾਰ ਹਬੀਬ-ਉੱਲਾ ਕੁਰੈਸ਼ੀ, ਨਾਇਕ ਮੰਜੂਰ ਅਹਿਮਦ, ਲਾਂਸ ਨਾਇਕ ਮੁਹੰਮਦ ਇਕਬਾਲ ਅਤੇ ਉਹਨਾਂ ਦੇ ਪਿਤਾ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਦੋ ਜੂਨੀਅਰ ਕਮਿਸ਼ਨਰ ਅਫ਼ਸਰ ਸ਼ਨੀਵਾਰ ਨੂੰ ਮਾਰੇ ਗਏ ਸਨ।

ਤਸਵੀਰ ਸਰੋਤ, MOHIT KANDHARI/BBC

ਡੀਆਈਜੀ ਡਾ. ਐਸ.ਡੀ ਸਿੰਘ ਜਸਵਾਲ ਨੇ ਐਤਵਾਰ ਨੂੰ ਕਿਹਾ ਕਿ ਇਸ ਘਟਨਾਕ੍ਰਮ ਵਿੱਚ ਤਿੰਨ ਕੱਟੜਪੰਥੀ ਵੀ ਮਾਰੇ ਗਏ ਹਨ। ਕੈਂਪ ਵਿੱਚ ਸੁਰੱਖਿਆ ਮੁਲਾਜ਼ਮਾਂ ਦਾ ਆਪਰੇਸ਼ਨ ਜਾਰੀ ਹੈ। ਮੁਕਾਬਲਾ 24 ਘੰਟਿਆਂ ਤੋਂ ਚੱਲ ਰਿਹਾ ਹੈ।

ਇਹ ਕੱਟੜਪੰਥੀ ਜੈਸ਼-ਏ-ਮੁਹੰਮਦ ਨਾਲ ਜੁੜੇ ਦੱਸੇ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਫ਼ੌਜ ਦੇ ਲੋਕ ਸੰਪਰਕ ਅਫ਼ਸਰ ਨੇ ਵੀ ਕੀਤੀ ਹੈ। ਇਸ ਤੋਂ ਪਹਿਲਾਂ ਫ਼ੌਜ ਨੇ ਸੰਗਠਨ ਦੇ ਝੰਡੇ, ਹਥਿਆਰਾਂ ਤੇ ਗੋਲੀ ਬਾਰੂਦ ਵੀ ਫੜਿਆ ਸੀ।

ਭਾਰਤੀ ਫ਼ੌਜ ਦੇ ਮੁਖੀ ਜਨਰਲ ਵਿਪਿਨ ਰਾਵਤ ਵੀ ਇਸ ਪੂਰੇ ਘਟਾਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਨ। ਉਹ ਸ਼ਨੀਵਰ ਦੇਰ ਸ਼ਾਮ ਜੰਮੂ ਪਹੁੰਚੇ ਸਨ। ਜਿੱਥੇ ਮੌਕੇ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸਮੁੱਚੇ ਘਟਨਾਕ੍ਰਮ ਬਾਰੇ ਜਾਣੂ ਕਰਵਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)