ਸੋਸ਼ਲ : ਪਾਕਿਸਤਾਨ 'ਚ ਪੈਡਮੈਨ ਪਾਬੰਦੀ ਦਾ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਿਰੋਧ

padman Image copyright Getty Images

ਪਾਕਿਸਤਾਨ ਵਿੱਚ ਬਾਲੀਵੁੱਡ ਫਿਲਮ 'ਪੈਡਮੈਨ' 'ਤੇ ਪਾਬੰਦੀ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁੜੀਆਂ ਇਸ ਦਾ ਜ਼ਬਰਦਸਤ ਵਿਰੋਧ ਕਰ ਰਹੀਆਂ ਹਨ।

ਪਾਕਿਸਤਾਨ ਸੈਂਸਰ ਬੋਰਡ ਮੁਤਾਬਕ ਫਿਲਮ ਨੂੰ ਇਸ ਲਈ ਰਿਲੀਜ਼ ਨਹੀਂ ਕਰ ਸਕਦੇ ਕਿਉਂਕਿ ਇਹ ਉਨ੍ਹਾਂ ਦੇ ਰਿਵਾਜ਼ਾਂ ਅਤੇ ਸੱਭਿਆਚਾਰ ਦੇ ਖ਼ਿਲਾਫ਼ ਹੈ।

ਪਾਕਿਤਸਾਨੀ ਔਰਤਾਂ ਇਸ ਪਾਬੰਦੀ ਦੇ ਖ਼ਿਲਾਫ਼ ਹਨ ਅਤੇ ਟਵੀਟ ਕਰ ਕੇ ਮੁਹਿੰਮ ਨੂੰ ਅੱਗੇ ਵਧਾ ਰਹੀਆਂ ਹਨ। ਇਸ ਵਿੱਚ ਕਈ ਪ੍ਰਸਿੱਧ ਹਸਤੀਆਂ ਵੀ ਸ਼ਾਮਲ ਹਨ।

ਲੇਖਕ ਅਮਾਰਾ ਅਹਿਮਦ ਨੇ ਪੈਡ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਪਾਕਿਸਤਾਨੀ ਔਰਤਾਂ ਨੂੰ ਵੀ ਮਾਹਵਾਰੀ ਆਉਂਦੀ ਹੈ। ਮੈਂ ਪੈਡਮੈਨ ਅਤੇ ਮਾਹਵਾਰੀ ਦੌਰਾਨ ਸਾਫ ਸਫਾਈ ਰੱਖਣ ਦੇ ਹੱਕ ਵਿੱਚ ਹਾਂ। ਪਾਕਿਸਤਾਨ ਵਿੱਚ ਪੈਡਮੈਨ 'ਤੇ ਪਾਬੰਦੀ ਵਿਵੇਕਹੀਣ ਹੈ। ਇਸ ਨੂੰ ਰਿਲੀਜ਼ ਕਰੋ।"

ਹਾਲਾਂਕਿ ਅਮਾਰਾ ਦੇ ਟਵੀਟ ਦੇ ਜਵਾਬ ਵਿੱਚ ਹਿੰਦੁਸਤਾਨੀ ਟਵਿੱਟਰ ਹੈਂਡਲ ਨੇ ਆਪਣੀ ਪ੍ਰਤੀਕਿਰਿਆ ਦਿੰਦਿਆ ਲਿਖਿਆ, "ਬੀਬੀ ਅੱਜ ਹੀ ਪਤਾ ਲੱਗਾ ਹੈ ਕਿ ਤੁਹਾਨੂੰ ਵੀ ਹੈਜ਼ ਆਉਂਦੇ ਹਨ, ਵੈਸੇ ਪੈਡਮੈਨ ਦੇਖਣ ਤੋਂ ਪਹਿਲਾਂ ਤੁਹਾਡੀ ਮਾਂ, ਦਾਦੀ, ਪੜਦਾਦੀ ਨੂੰ ਮਾਹਵਾਰੀ ਨਹੀਂ ਆਉਂਦੀ ਸੀ।"

ਉਨ੍ਹਾਂ ਨੇ ਲਿਖਿਆ, "ਸ਼ਰਮ ਅਤੇ ਵਾਸਤਵਿਕ ਜ਼ਿੰਦਗੀ ਵੱਖ-ਵੱਖ ਚੀਜ਼ਾਂ ਹਨ ਜਿੰਨਾਂ ਸਮਝੋਗੇ ਓਨਾਂ ਹੀ ਬਿਹਤਰ ਹੈ।"

ਪਰਥਾ ਪਰੋਟਿਮ ਗੋਗੋਈ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਦੇ ਹਨ, "ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪਾਕਿਸਤਾਨ ਵਿਕਾਸਸ਼ੀਲ ਕਿਉਂ ਨਹੀਂ ਹੈ। ਮਾਹਵਾਰੀ ਸਬੰਧੀ ਸਾਫ ਸਫਾਈ ਦਾ ਮੁੱਦਾ ਵਿਸ਼ਵਵਿਆਪੀ ਹੈ ਅਤੇ ਹਰੇਕ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।"

ਮੇਹਰ ਤਰਾਰ ਨੇ ਪਾਕਿਸਤਾਨ ਵਿੱਚ ਪੈਡਮੈਨ 'ਤੇ ਪਾਬੰਦੀ ਖ਼ਿਲਾਫ਼ ਆਵਾਜ਼ ਚੁੱਕਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ ਹੈ ਕਿ ਫਿਲਮ ਕਿਤੇ ਵੀ ਬਣੇ ਪਰ ਔਰਤਾਂ ਨਾਲ ਸਬੰਧਤ ਮੁੱਦਿਆਂ 'ਤੇ ਪੱਛੜੇ ਵਿਚਾਰਾਂ ਨੂੰ ਬਦਲਣ ਲਈ ਸਪੱਸ਼ਟ ਸਮਰਥਨ ਦੀ ਲੋੜ ਹੈ।

ਸੁਮਿਤ ਕੰਡੇਲ ਲਿਖਦੇ ਹਨ, "ਪੈਡਮੈਨ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਣੀ ਚਾਹੀਦੀ ਹੈ। ਇਹ ਪਾਕਿਸਤਾਨੀਆਂ ਲਈ ਵੀ ਓਨੀ ਹੀ ਢੁੱਕਵੀਂ ਹੈ। ਆਸ ਹੈ ਕਿ ਪਾਕਿਸਤਾਨ ਸੈਂਸਰ ਬੋਰਡ ਆਪਣੇ ਵਿਚਾਰ ਬਦਲੇਗਾ।"

ਸਬੀਆਹ ਪਰਵੇਜ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਲਿਖਿਆ ਕਿ ਪਾਕਿਸਤਾਨ ਵਿੱਚ 100 ਮਿਲੀਅਨ ਔਰਤਾਂ ਰਹਿੰਦੀਆਂ ਹਨ ਅਤੇ ਸਾਰਿਆਂ ਨੂੰ ਮਾਹਵਾਰੀ ਆਉਂਦੀ ਹੈ, ਜੋ ਸਾਧਾਰਣ ਪ੍ਰਕਿਰਿਆ ਹੈ।

ਅਕਾਊਂਟ ਟੀ ਨੇ ਪਾਕਿਤਾਨ ਵਿੱਚ ਫਿਲਮ 'ਤੇ ਪਾਬੰਦੀ ਬਾਰੇ ਲਿਖਿਆ, "ਜਿਸਮ-2 ਵਰਗੀ ਫਿਲਮ ਦਿਖਾਈ ਜਾ ਸਕਦੀ ਹੈ ਪਰ ਪੈਡਮੈਨ 'ਤੇ ਪਾਬੰਦੀ ਹੈ। ਕਿੰਨੀ ਸ਼ਰਮ ਵਾਲੀ ਗੱਲ ਹੈ। ਅਸ਼ਲੀਲ ਸੀਨ ਵਾਲੀਆਂ ਅਤੇ ਅੱਧ ਨੰਗੀਆਂ ਔਰਤਾਂ ਦਿਖਾਉਣਾ ਠੀਕ ਹੈ ਪਰ ਅਸਲ ਜ਼ਿੰਦਗੀ ਦੇ ਮੁੱਦਿਆਂ 'ਤੇ ਆਧਾਰਿਤ ਫਿਲਮ ਨਹੀਂ।"

ਕਾਊਂਟਰ ਪਾਰਟ ਯੂਜ਼ਰ ਨੇ ਆਪਣੇ ਅਕਾਊਂਟ 'ਤੇ ਲਿਖਿਆ, "ਅਸੀਂ ਇਹ ਸਾਬਿਤ ਕਰਨ ਵਿੱਚ ਲੱਗੇ ਹੋਏ ਹਾਂ ਕਿ ਅਸੀਂ ਸੰਸਾਰ ਦੇ ਹਾਣ ਦੇ ਨਹੀਂ ਹਾਂ ਅਤੇ ਅਸੀਂ ਮੱਧ ਕਾਲ ਦੇ ਸਾਧੂਆਂ ਵਿਚਾਲੇ ਹਿਮਾਲਿਆ ਦੇ ਹੇਠਾਂ ਰਹਿਣ ਵਰਗੇ ਮੂਰਖ਼ ਹਾਂ।"

ਹੁਦਾ ਭੁਰਗਰੀ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਪਾਕਿਸਤਾਨ ਸੈਂਸਰ ਬੋਰਡ ਵੱਲੋਂ ਪੈਡਮੈਨ 'ਤੇ ਪਾਬੰਦੀ ਤੋਂ ਬਾਅਦ ਔਰਤਾਂ ਦੇ ਪੀਰੀਅਡਜ਼ 'ਤੇ ਵੀ ਰੋਕ ਲਗਾ ਦਿੱਤੀ ਜਾਵੇਗੀ ਕਿਉਂਕਿ ਨੈਤਿਕਤਾ ਜਨ ਸੰਖਿਆ 'ਤੇ ਹੀ ਆਧਾਰਿਤ ਹੈ, ਵਿਅਕਤੀ ਸਾਫ ਸਫਾਈ 'ਤੇ ਨਹੀਂ।

ਦਿ ਲੋਧੀ ਅਕਾਊਂਟ ਯੂਜ਼ਰ ਨੇ ਲਿਖਿਆ, "ਪਿਆਰੇ ਸੈਂਸਰ ਬੋਰਡ ਆਫ ਪਾਕਿਸਤਾਨ, ਜੀ ਹਾਂ, ਸਾਨੂੰ ਪਾਕਿਸਤਾਨੀ ਔਰਤਾਂ ਨੂੰ ਵੀ ਪੀਰੀਅਡਜ਼ ਆਉਂਦੇ ਹਨ। ਹਰ ਮਹੀਨੇ ਆਉਂਦੇ ਹਨ ਅਤੇ ਇਹ ਸਾਧਾਰਣ ਜੀਵ ਵਿਗਿਆਨ ਹੈ। ਮੈਂ ਪੈਡਮੈਨ ਦੀ ਪਾਬੰਦੀ ਦਾ ਵਿਰੋਧ ਕਰਦੀ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)