'ਮਾਂ ਨੇ ਕਿਹਾ ਸੀ ਉਹ ਮਰ ਕੇ ਤਿੱਤਲੀ ਬਣੇਗੀ, ਇਸ ਲਈ ਮੈਂ ਤਿੱਤਲੀਆਂ ਬਚਾਉਂਦੀ ਹਾਂ'

ਮੁਰੰਮਤ ਕੀਤੇ ਖੰਭ ਵਾਲੀ ਤਿਤਲੀ Image copyright Romy mccloskey

ਰੋਮੀ ਮੈਕਲੌਸਕੀ ਦੀ ਮਰਹੂਮ ਮਾਤਾ ਨੇ ਕਿਹਾ ਸੀ ਕਿ ਉਹ ਮਰਨ ਤੋਂ ਬਾਅਦ ਤਿੱਤਲੀ ਬਣ ਕੇ ਹਮੇਸ਼ਾ ਉਸ ਨਾਲ ਰਹੇਗੀ।

ਦਹਾਕਿਆਂ ਮਗਰੋਂ ਮਾਤਾ ਦੇ ਇਹਨਾਂ ਸ਼ਬਦਾਂ ਨੇ ਰੋਮੀ ਨੂੰ ਇੱਕ ਵਿੱਲਖਣ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਰੋਮੀ ਮੈਕਲੌਸਕੀ ਇੱਕ ਤਿੱਤਲੀ ਫੜ ਕੇ ਉਸ ਨੂੰ ਟੇਬਲ 'ਤੇ ਰੱਖ ਕੇ ਸਥਿਰ ਕਰ ਲੈਂਦੀ ਹੈ। ਉਸ ਦਾ ਇੱਕ ਖੰਭ ਸਿੱਧਾ ਕੀਤਾ ਹੋਇਆ ਹੈ। ਕੇਸਰੀ ਰੰਗ ਦੇ ਖੰਭ ਵਿੱਚੋਂ ਦੀ ਕਾਲੇ ਰੰਗ ਦੀਆਂ ਧਾਰੀਆਂ ਪੈਂਦੀਆਂ ਹਨ।

ਮੈਕਲੌਸਕੀ ਆਪਣੇ ਹੱਥ 'ਚ ਫੜੀ ਕੈਂਚੀ ਲਹਿਰਾਉਂਦੀ ਹੈ ਤੇ ਕਹਿੰਦੀ ਹੈ,

"ਆ ਬਈ ਦੇਖੀਏ ਤੈਨੂੰ ਬਚਾਇਆ ਜਾ ਸਕਦਾ ਹੈ ਕਿ ਨਹੀਂ"

ਮੋਨਾਰ ਤਿੱਤਲੀਆਂ ਦੇ ਕੈਟਰਪਿਲਰ

ਮੈਕਲੌਸਕੀ ਨੂੰ ਪਿਛਲੇ ਮਹੀਨੇ ਸਤੰਬਰ ਵਿੱਚ ਇੱਕ ਆਪਣੇ ਘਰ ਦੇ ਪਿਛਲੇ ਪਾਸੇ ਕੁਝ ਮੋਨਾਰ ਤਿੱਤਲੀਆਂ ਦੇ ਕੈਟਰਪਿਲਰ ਮਿਲੇ ਤੇ ਉਹ ਉਨ੍ਹਾਂ ਨੂੰ ਅੰਦਰ ਲੈ ਆਈ। ਉਸਨੂੰ ਲੱਗਿਆ ਕਿ ਬਾਹਰ ਇਨ੍ਹਾਂ ਵਿੱਚੋਂ ਤਿਤਲੀਆਂ ਨਹੀਂ ਨਿਕਲ ਸਕਣਗੀਆਂ।

ਉਸ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਹੀ ਪਾਲਿਆ ਕਿਉਂਕਿ ਖੁੱਲ੍ਹੇ ਵਿੱਚ ਜਾਂ ਤਾਂ ਉਨ੍ਹਾਂ ਨੂੰ ਕੀੜੇ ਖਾਣ ਵਾਲੇ ਖਾ ਜਾਂਦੇ ਜਾਂ ਕੀੜੇਮਾਰ ਦਵਾਈਆਂ ਕਰਕੇ ਮਾਰੇ ਜਾਂਦੇ।

ਰੋਮੀ ਮੈਕਲੌਸਕੀ ਦਾ ਕਹਿਣਾ ਹੈ, "ਮੋਨਾਰ ਬਹੁਤ ਖ਼ੂਬਸੂਰਤ ਹੁੰਦੀਆਂ ਹਨ ਉਹ ਚਟਖ ਸੰਤਰੀ ਅਤੇ ਕਾਲੇ ਰੰਗ ਦੀਆਂ ਚਟਾਖਿਆਂ ਵਾਲੀਆਂ ਅਤੇ ਸਿਆਹ ਰੰਗੇ ਰੂੰਈਦਾਰ ਸਰੀਰ ਵਾਲੀਆਂ ਹੁੰਦੀਆਂ ਹਨ। ਇਹ ਬਹੁਤ ਨਾਜ਼ੁਕ ਤੇ ਤੇਜ਼ ਹੁੰਦੀਆਂ ਹਨ।"

ਤਿੱਤਲੀਆਂ ਨਾਲ ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਬਚਪਨ ਵਿੱਚ ਹੀ ਹੋ ਗਈ। ਜਦੋਂ ਉਹ ਆਪਣੇ ਮਾਪਿਆਂ ਦੇ ਬਾਗ ਵਿੱਚ ਆਪਣੀ ਭੈਣ ਨਾਲ ਖੇਡਦੀ ਹੋਈ ਪੰਛੀਆਂ, ਮੱਖੀਆਂ ਤੇ ਤਿਤਲੀਆਂ ਬਾਰੇ ਸਿੱਖਦੀ ਸੀ।

ਬਚਪਨ ਵਿੱਚ ਮਾਂ ਨਾਲ ਬਿਤਾਇਆ ਸਮਾਂ

"ਮੇਰੀ ਮਾਂ ਜੋ ਵੀ ਉਗਾਉਂਦੀ ਸੀ ਉਸਦਾ ਕੋਈ ਨਾ ਕੋਈ ਉਦੇਸ਼ ਹੁੰਦਾ ਸੀ।"

"ਬਗੀਚੀ ਮੇਰੀ ਮਾਂ ਦੀ ਸਭ ਤੋਂ ਪਸੰਦੀਦਾ ਥਾਂ ਹੁੰਦੀ ਸੀ ਤੇ ਮੇਰੇ ਲਈ ਉਸ ਕੋਲ ਰਹਿਣ ਲਈ।"

ਮਾਂ ਦੀ ਮੌਤ ਤੇ ਦਿਲਾਸਾ

ਇੱਕ ਦਹਾਕੇ ਮਗਰੋਂ ਉਹ ਕਾਸਟਿਊਮ ਡਿਜ਼ਾਈਨਿੰਗ ਦੀ ਪੜਾਈ ਕਰਨ ਸਵਾਨ੍ਹਾ, ਜਾਰਜੀਆ ਚਲੀ ਗਈ। ਉਸਦੀ ਪੜ੍ਹਾਈ ਦੌਰਾਨ ਹੀ ਉਹਨਾਂ ਦੀ ਮਾਂ ਦੀ ਛਾਤੀ ਦੇ ਕੈਂਸਰ ਲਈ ਜਾਂਚ ਹੋਈ।

"ਉਹ ਇੱਕ ਪਿਆਰੀ ਇਨਸਾਨ ਅਤੇ ਮਰੀਜ਼ ਸੀ ਜੋ ਜ਼ਿੰਦਗੀ ਨੂੰ ਹਮੇਸ਼ਾ ਆਸ਼ਾਵਾਦੀ ਨਿਗ੍ਹਾ ਨਾਲ ਦੇਖਦੀ ਸੀ।"

Image copyright Romy mccloskey

ਜਲਦੀ ਹੀ ਸਾਫ਼ ਹੋ ਗਿਆ ਕਿ ਮੈਕਲੌਸਕੀ ਦੀ ਮਾਂ ਸੂਜ਼ੈਨ ਦੀ ਇਹ ਬਿਮਾਰੀ ਉਨ੍ਹਾਂ ਦੀ ਜਾਨ ਲੈ ਕੇ ਰਹੇਗੀ।

ਇੱਕ ਦਿਨ ਮੈਕਲੌਸਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹਨਾਂ ਦੇ ਤੁਰ ਜਾਣ ਬਾਰੇ ਉਹ ਕਿੰਨੀ ਫ਼ਿਕਰਮੰਦ ਸੀ।

ਮਾਂ ਨੇ ਕਿਹਾ ਕਿ ਉਹ ਫ਼ਿਕਰ ਨਾ ਕਰੇ ਜਦੋਂ ਵੀ ਉਹ ਕੋਈ ਤਿੱਤਲੀ ਦੇਖੇ ਤਾਂ ਇਹੀ ਸਮਝੇ ਕਿ ਇਹ ਮੇਰਾ ਹੀ ਰੂਪ ਹੈ ਤੇ ਮੈਂ ਉਸਨੂੰ ਕਿੰਨਾ ਪਿਆਰ ਕਰਦੀ ਹਾਂ।

ਸੂਜ਼ੈਨ ਦੀ 1998 ਵਿੱਚ ਮੌਤ ਹੋ ਗਈ ਉਸ ਸਮੇਂ ਮੈਕਲੌਸਕੀ 24 ਸਾਲਾਂ ਦੀ ਸੀ।

ਮੈਕਲੌਸਕੀ ਨੇ ਕਿਹਾ ਕਿ ਇਹ ਸਭ ਬਹੁਤ ਜਲਦੀ ਹੋਇਆ ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਹਨਾਂ ਦੇ ਨਾਲ ਸੀ।

ਨਵੀਂ ਜ਼ਿੰਦਗੀ ਦੀ ਸ਼ੁਰੂਆਤ

ਜ਼ਿੰਦਗੀ ਅੱਗੇ ਤੁਰੀ ਤਾਂ ਮੈਕਲੌਸਕੀ ਦੀ ਮੁਲਾਕਾਤ ਜਿਮ ਨਾਲ ਹੋਈ ਅਤੇ ਦੋਵਾਂ ਦੇ ਵਿਆਹ ਮਗਰੋਂ ਦੋ ਬੇਟੇ ਹੈਨਰੀ ਅਤੇ ਲਿਨਸ ਪੈਦਾ ਹੋਏ।

ਪਰਿਵਾਰ ਟੈਕਸਸ ਚਲਾ ਗਿਆ ਜਿੱਥੇ ਮੈਕਲੌਸਕੀ ਨੇ ਕਢਾਈ ਦਾ ਆਪਣਾ ਕੰਮ ਸ਼ੁਰੂ ਕਰ ਲਿਆ। ਉੱਥੇ ਮੈਕਲੌਸਕੀਕ ਦਾ ਧਿਆਨ ਆਪਣੇ ਘਰ ਦੇ ਪਿਛਵਾੜੇ ਵਿੱਚ ਜੀਵਾਂ ਦੀ ਦੇਖ-ਰੇਖ ਵੱਲ ਗਿਆ।

ਪਿਛਲੇ ਸਾਲ ਉਸਨੂੰ ਮੋਨਾਰ ਤਿਤਲੀਆਂ ਵਾਲੇ ਕੈਟਰਪਿਲਰ ਮਿਲੇ ਅਤੇ ਉਹਨਾਂ ਨੂੰ ਮਾਂ ਦੀ ਯਾਦ ਆ ਗਈ।

"ਇਹ ਸੋਚ ਕੇ ਕਿ ਸ਼ਾਇਦ ਮੇਰੇ ਕੋਲ ਖਾਣਾ ਘੱਟ ਹੋਵੇ ਮੈਂ ਨਰਸਰੀ ਤੋਂ ਹੋਰ ਲਿਆਈ- ਹੋਰ ਪੋਦਿਆਂ ਨਾਲ ਹੋਰ ਤਿੱਤਲੀਆਂ ਆਈਆਂ ਤੇ ਫੇਰ ਤਾਂਹਜੂਮ ਹੀ ਲੱਗ ਗਿਆ।"

Image copyright Romy mccloskey

ਮੈਕਲੌਸਕੀਕ ਨੇ ਅੱਠ ਆਂਡੇ ਇਕੱਠੇ ਕਰਕੇ ਉਹਨਾਂ ਵਿੱਚੋਂ ਬੱਚੇ ਕੱਢੇ ਤੇ ਉਹਨਾਂ ਨੂੰ ਪੜਾਅ ਦਰ ਪੜਾਅ ਵਿਕਾਸ ਕਰਦਿਆਂ ਦੇਖਿਆ। ਮੈਕਲੌਸਕੀਕ ਦੇ ਨਾਲ ਉਹਨਾਂ ਦੀ ਬਿੱਲੀ ਨੇ ਵੀ ਇਹ ਸਭ ਕੁਝ ਬੜੇ ਧਿਆਨ ਨਾਲ ਦੇਖਿਆ।

ਇੱਕ ਦਿਨ ਜਾਲੀ ਖੁੱਲ੍ਹੀ ਰਹਿ ਗਈ ਤੇ ਫਲੋਕੀ (ਬਿੱਲੀ) ਨੇ ਇੱਕ ਤਿੱਤਲੀ ਦੇ ਧੱਫ਼ਾ ਮਾਰਿਆ, ਜਿਸ ਨਾਲ ਉਸਦਾ ਇੱਕ ਖੰਭ ਟੁੱਟ ਗਿਆ।

Image copyright Romy mccloskey

ਤਿਤਲੀਆਂ ਨੂੰ ਉੱਡਣ ਲਈ ਬਰਾਬਰ ਦੇ ਖੰਭ ਚਾਹੀਦੇ ਹੁੰਦੇ ਹਨ। ਮੈਨੂੰ ਲੱਗ ਰਿਹਾ ਸੀ ਕਿ ਕਿਤੇ ਇਸ ਨੂੰ ਮਾਰਨਾ ਹੀ ਨਾ ਪਵੇ ਕਿ ਇੱਕ ਦੋਸਤ ਨੇ ਤਿੱਤਲੀਆਂ ਦੇ ਖੰਭ ਜੋੜਨ ਵਾਲੀ ਯੂਟਿਊਬ ਵੀਡੀਓ ਦਾ ਲਿੰਕ ਭੇਜਿਆ। ਮੈਕਲੌਸਕੀ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀਡੀਓ ਕਈ ਵਾਰ ਦੇਖਿਆ।

ਉਸਨੇ ਤਿਤਲੀ ਨੂੰ ਇੱਕ ਤੋਲੀਏ ਤੇ ਟਿਕਾਇਆ ਤੇ ਧਿਆਨ ਪੂਰਵਕ ਉਸਦਾ ਪ੍ਰਭਾਵਿਤ ਖੰਭ ਕੈਂਚੀ ਨਾਲ ਲਾਹ ਦਿੱਤਾ।

Image copyright Romy mccloskey

ਮੈਕਲੌਸਕੀ ਮੁਤਾਬਕ ਇਹ ਵਾਲ ਕੱਟਣ ਵਾਂਗ ਹੀ ਹੁੰਦਾ ਹੈ ਤੇ ਇਸ ਨਾਲ ਤਿਤਲੀ ਨੂੰ ਦਰਦ ਨਹੀਂ ਹੁੰਦਾ।

ਮੈਕਲੌਸਕੀ ਨੇ ਦੱਸਿਆ, "ਮੇਰੇ ਕੋਲ ਇੱਕ ਮਰੀ ਹੋਈ ਤਿਤਲੀ ਸੀ। ਮੈਂ ਉਸਦਾ ਖੰਭ ਲੈ ਲਿਆ।"

ਉਸਨੇ ਦੋਹਾਂ ਦੇ ਖੰਭਾਂ ਦੇ ਪੈਟਰਨ ਨੂੰ ਜਿੱਥੋਂ ਤੱਕ ਸੰਭਵ ਹੋਇਆ ਮਿਲਾਇਆ।

ਫੇਰ ਗੂੰਦ ਨਾਲ ਜੋੜ ਦਿੱਤਾ। ਉੱਪਰੋਂ ਦੀ ਟੈਲਕਮ ਪਾਊਡਰ ਲਾ ਦਿੱਤਾ ਤਾਂ ਕਿ ਖੰਭ ਆਪਸ ਵਿੱਚ ਨਾ ਜੁੜ ਜਾਣ।

ਆਰਾਮ ਤੋਂ ਬਾਅਦ ਉਡਾਣ

"ਮੈਂ ਉਸਨੂੰ ਆਰਾਮ ਦੇਣ ਲਈ ਜਾਲੀ ਵਿੱਚ ਰੱਖਿਆ ਤੇ ਖਾਣ ਲਈ ਰਸ ਦਿੱਤਾ। ਇਹ ਰਸ ਮੈਂ ਸ਼ਹਿਦ, ਪਾਣੀ ਤੇ ਸਪੋਰਟ ਡਰਿੰਕ ਤੋਂ ਬਣਾਇਆ ਸੀ।"

Image copyright Romy mccloskey

ਅਗਲੇ ਦਿਨ ਮੈਕਲੌਸਕੀਕ ਆਪਣੇ ਮਰੀਜ਼ ਦੀ ਹਾਲਤ ਜਾਂਚਣ ਲਈ ਬਾਹਰ ਲੈ ਗਈ।

" ਇਹ ਬਹੁਤ ਵਧੀਆ ਮੌਸਮ ਸੀ, ਹਵਾ ਰੁਮਕ ਰਹੀ ਸੀ। ਆਕਾਸ਼ ਵਿੱਚ ਇੱਕ ਵੀ ਬੱਦਲ ਨਹੀਂ ਸੀ।"

"ਮੈਂ ਉਸਨੂੰ ਆਪਣੇ ਹੱਥ 'ਤੇ ਰੱਖਿਆ ਤੇ ਕਿਹਾ ਚੱਲ ਬਈ ਆੜੀ ਉੱਡ ਕੇ ਦੇਖੇਂਗਾ?' ਉਹ ਥੋੜਾ ਉੱਡਿਆ ਜਿਵੇਂ ਪਰ ਤੋਲ ਰਿਹਾ ਹੋਵੇ ਤੇ ਇੱਕ ਝਾੜੀ 'ਤੇ ਜਾ ਬੈਠਾ।"

ਇਸ ਤੋਂ ਪਹਿਲਾਂ ਉਸਦੀਆਂ ਤਿੱਤਲੀਆਂ ਸਿੱਧੀਆਂ ਬਾਹਰ ਉੱਡ ਜਾਂਦੀਆਂ ਸਨ। ਇਸ ਕਾਰਨ ਮੈਕਲੌਸਕੀ ਨੂੰ ਲਗਦਾ ਸੀ ਕਿ ਉਸਦੇ ਮਰੀਜ਼ ਪੂਰੇ ਠੀਕ ਨਹੀਂ ਸਨ ਹੁੰਦੇ।

"ਪਰ ਜਦੋਂ ਮੈਂ ਉਸ ਕੋਲ ਗਈ ਤਾਂ ਉਸ ਨੇ ਉਡਾਣ ਭਰੀ ਤੇ ਸੂਰਜ ਵੱਲ ਚਲਾ ਗਿਆ। ਇਹ ਇੱਕ ਅਦੁੱਤੀ ਅਨੁਭਵ ਸੀ।"

ਮੈਕਲੌਸਕੀ ਨੂੰ ਨਹੀਂ ਲਗਦਾ ਕਿ ਉਸਨੂੰ ਦੁਬਾਰਾਂ ਕਿਸੇ ਤਿੱਤਲੀ ਦਾ ਖੰਭ ਸਹੀ ਕਰਨਾ ਪਵੇਗਾ।

"ਇਹ ਤਾਂ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਹੀ ਹੁੰਦਾ ਹੈ। ਬਹੁਤੀ ਵਾਰ ਪਰਜੀਵੀਆਂ ਕਰਕੇ ਵੀ ਤਿਤਲੀਆਂ ਦੇ ਖੰਭ ਨੁਕਸਾਨੇ ਜਾਂਦੇ ਹਨ। ਉਹਨਾਂ ਨੂੰ ਤੁਸੀਂ ਉਡਾ ਨਹੀਂ ਸਕਦੇ ਕਿਉਂਕਿ ਤੁਸੀਂ ਇਨਫੈਕਸ਼ਨ ਅੱਗੇ ਵਧਣੋਂ ਰੋਕਣੀ ਹੁੰਦੀ ਹੈ।"

ਮੈਕਲੌਸਕੀ ਆਪਣੀ ਮਾਂ ਦੀ ਯਾਦ ਵਿੱਚ ਮੋਨਾਰ ਤਿੱਤਲੀਆਂ ਪਾਲਦੀ ਰਹਿਣਾ ਚਾਹੁੰਦੀ ਹੈ। ਉਹਨਾਂ ਨੇ ਇਹ ਸ਼ੌਕ ਆਪਣੇ ਬੇਟਿਆਂ ਵਿੱਚ ਵੀ ਪਾ ਦਿੱਤਾ ਹੈ।

ਮੈਕਲੌਸਕੀ ਨੇ ਕਿਹਾ, "ਮੈਂ ਹੁਣ ਤੱਕ ਤਿੰਨ ਦਰਜਨ ਤਿੱਤਲੀਆਂ ਉਡਾਈਆਂ ਹਨ ਇਸ ਸਾਲ ਮੇਰੇ ਕੋਲ ਹੋਰ ਵੀ ਹਨ।"

ਉਹ ਇਹਨਾਂ ਉੱਪਰ ਇੱਕ ਸਟਿੱਕਰ ਲਾਉਣਾ ਚਾਹੁੰਦੀ ਹੈ ਤਾਂ ਕਿ ਡਾਟਾ ਇਕੱਠਾ ਕਰਕੇ ਇਹਨਾਂ ਦੀ ਨਸਲ ਬਚਾਈ ਜਾ ਸਕੇ।

ਮੈਕਲੌਸਕੀ ਨੇ ਕਿਹਾ, "ਮੈਂ ਸੋਚਦੀ ਹਾਂ ਕੋਈ ਮੁਰੰਮਤ ਕੀਤੇ ਖੰਭ ਵਾਲੀ ਤਿਤਲੀ ਦੇਖ ਕੇ ਕੀ ਕਹੇਗਾ!"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ