ਅਮਰੀਕਾ: ਸਕੂਲ ਚ ਗੋਲੀਬਾਰੀ ਦੌਰਾਨ 17 ਮੌਤਾਂ, ਸ਼ੱਕੀ ਗ੍ਰਿਫ਼ਤਾਰ

school Image copyright Reuters

ਅਮਰੀਕਾ ਦੇ ਫਲੋਰਿਡਾ ਸੂਬੇ ਦੇ ਪਾਰਕਲੈਂਡ ਦੀ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਵਿੱਚ ਹੋਈ ਗੋਲੀਬਾਰੀ ਦੀ ਵਾਰਦਾਤ ਦੌਰਾਨ 17 ਜਣੇ ਮਾਰੇ ਗਏ ਹਨ।

ਗੋਲੀਬਾਰੀ ਦੇ ਸ਼ੱਕੀ ਦਾ ਨਾਮ ਨਿਕੋਲਸ ਕਰੂਜ਼ ਦੱਸਿਆ ਗਿਆ ਹੈ। 19 ਸਾਲਾ ਨਿਕੋਲਸ ਸਕੂਲ ਦਾ ਸਾਬਕਾ ਵਿਦਿਆਰਥੀ ਹੈ ਜਿਸ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਸੀ।

ਸਥਾਨਕ ਅਧਿਕਾਰੀਆਂ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਨਿਕੋਲਸ ਨੇ ਸਕੂਲ ਦਾ ਫਾਇਰ ਅਲਾਰਮ ਵਜਾਇਆ ਜਿਸ ਨਾਲ ਸਥਿਤੀ ਤਣਾਅ ਵਾਲੀ ਬਣ ਗਈ ਅਤੇ ਉਸ ਤੋਂ ਬਾਅਦ ਉਸਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਗੋਲੀਬਾਰੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਕਲਾਸ ਰੂਮਜ਼ ਵਿਚ ਲੁਕ ਗਏ ਅਤੇ ਪੁਲਿਸ ਨੇ ਇਮਾਰਤ ਨੂੰ ਘੇਰਾ ਪਾ ਲਿਆ।

ਸ਼ੱਕੀ ਹਿਰਾਸਤ 'ਚ

ਗੋਲੀਬਾਰੀ ਸ਼ੁਰੂ ਹੋਣ ਤੋਂ ਇਕ ਘੰਟਾ ਤੋਂ ਬਾਅਦ ਬ੍ਰੋਵਰਡ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਦੱਸਿਆ ਕਿ "ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।"

ਸਥਾਨਕ ਪ੍ਰਸਾਸ਼ਨ ਮੁਤਾਬਕ ਉਨ੍ਹਾਂ ਨੂੰ ਸ਼ੱਕੀ, ਜੋ ਸਕੂਲ ਦਾ ਸਾਬਕਾ ਵਿਦਿਆਰਥੀ ਹੈ, ਦੇ ਹਿਰਾਸਤ ਲਏ ਜਾਣ ਬਾਰੇ ਦੱਸਿਆ ਗਿਆ ਹੈ।

ਉੱਧਰ ਐੱਫ਼ਬੀਆਈ ਮੁਤਾਬਕ ਸਥਾਨਕ ਪ੍ਰਸਾਸ਼ਨ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਸ਼ੈਰਿਫ਼ ਦੇ ਦਫ਼ਤਰ ਮੁਤਾਬਕ ਹੁਣ ਤੱਕ 14 ਜਣਿਆ ਦੇ ਜਖ਼ਮੀ ਹੋਣ ਦਾ ਵੀ ਪਤਾ ਲੱਗਿਆ ਹੈ, ਪਰ ਉਨ੍ਹਾਂ ਦੀ ਹਾਲਤ ਬਾਰੇ ਨਹੀਂ ਦੱਸਿਆ ਗਿਆ ਹੈ।

Image copyright AFP

ਸਥਾਨਕ ਪ੍ਰਸਾਸ਼ਨ ਵੱਲੋਂ ਰਾਹਤ ਕਾਰਜ ਚਲਾਏ ਗਏ ਹਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਗਹਿਰੇ ਦੱਖ ਦਾ ਪ੍ਰਗਟਾਵਾ ਕੀਤਾ ਹੈ।

ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਕਿਸੇ ਵੀ ਸਕੂਲ ਵਿੱਚ ਕੋਈ ਬੱਚਾ ਅਤੇ ਅਧਿਆਪਕ ਅਸੁਰੱਖਿਅਤ ਮਹਿਸੂਸ ਨਾ ਕਰੇ।

ਸਾਲ 2013 ਤੋਂ ਅਮਰੀਕਾ ਦੇ ਸਕੂਲਾਂ ਵਿੱਚ ਗੋਲੀਬਾਰੀ ਦੇ 291 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮੁਤਾਬਕ ਔਸਤਨ ਹਰ ਹਫ਼ਤੇ ਸਕੂਲ ਵਿੱਚ ਗੋਲੀਬਾਰੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)