ਅਮਰੀਕਾ: ਗੰਨ ਕੰਟਰੋਲ ਸਬੰਧੀ ਵਿਦਿਆਰਥੀ ਸੜਕਾਂ 'ਤੇ ਆਉਣ ਦੀ ਤਿਆਰੀ 'ਚ

ਪ੍ਰਦਰਸ਼ਨਕਾਰੀ Image copyright Getty Images

ਫਲੋਰੀਡਾ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕਾ 'ਚ ਗਨ ਕੰਟ੍ਰੋਲ ਕਾਨੂੰਨ ਨੂੰ ਲੈ ਕੇ ਮੁੜ ਬਹਿਸ ਸ਼ੁਰੂ ਹੋ ਗਈ ਹੈ।

ਇਸ ਘਟਨਾ 'ਚ ਬਚੇ ਵਿਦਿਆਰਥੀ ਇਸ ਬਹਿਸ ਨੂੰ ਸਿੱਟੇ ਤੱਕ ਲੈ ਕੇ ਜਾਣਾ ਚਾਹੁੰਦੇ ਹਨ।

ਵਿਦਿਆਰਥੀਆਂ ਨੇ ਗਨ ਕੰਟ੍ਰੋਲ 'ਤੇ ਸਿਆਸੀ ਕਾਰਵਾਈ ਲਈ ਰਾਜਧਾਨੀ ਵਾਸ਼ਿੰਗਟਨ 'ਚ ਰਾਸ਼ਟਰੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ।

ਫਲੋਰੀਡਾ ਦੇ ਇੱਕ ਸਕੂਲ 'ਚ ਗੋਲੀਬਾਰੀ ਦੀ ਘਟਨਾ 'ਚ 17 ਵਿਦਿਆਰਥੀਆਂ ਦੀ ਜਾਨ ਗਈ ਸੀ।

Image copyright Getty Images

ਸਕੂਲ ਦੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਨੂੰ ਇਸ ਹਮਲੇ ਦੇ ਦੋਸ਼ੀ ਵਜੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਵਿਦਿਆਰਥੀ 24 ਮਾਰਚ ਨੂੰ ਰਾਜਧਾਨੀ ਵਾਸ਼ਿੰਗਟਨ 'ਚ ਮੁਜ਼ਾਹਰਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਉੱਥੇ ਹੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਪਹਿਲੀ ਜਨਤਕ ਟਿੱਪਣੀ 'ਚ ਕਿਹਾ ਹੈ ਕਿ ਗਨ ਕੰਟ੍ਰੋਲ ਕਾਨੂੰਨ ਨਾ ਪਾਸ ਕਰਨ ਲਈ ਡੇਮੋਕ੍ਰੇਟਸ ਜ਼ਿੰਮੇਦਾਰ ਹਨ।

ਵਿਦਿਆਰਥੀਆਂ ਦਾ ਰੁੱਖ

ਵਿਦਿਆਰਥੀਆਂ ਨੇ ਅਮਰੀਕੀ ਮੀਡੀਆ ਨੂੰ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਨੂੰ ਬੰਦੂਕ ਲਈ ਹੋਣ ਵਾਲੀ ਕੌਮੀ ਬਹਿਸ 'ਚ ਬਦਲਣਾ ਉਨ੍ਹਾਂ ਦਾ ਦ੍ਰਿੜ ਸੰਕਲਪ ਹੈ।

Image copyright Getty Images

ਗੋਲੀਬਾਰੀ 'ਚ ਬਚੇ ਇੱਕ ਵਿਦਿਆਰਥੀ ਡੇਵਿਡ ਹੌਗ ਨੇ ਇੱਕ ਟੀਵੀ ਇੰਟਰਵਿਊ ਵਿੱਚ ਸਿੱਧਾ ਰਾਸ਼ਟਰਪਤੀ ਨੂੰ ਨਿਸ਼ਾਨੇ 'ਤੇ ਲਿਆ ਹੈ।

ਉਸ ਨੇ ਕਿਹਾ, "ਰਾਸ਼ਟਰਪਤੀ ਟਰੰਪ, ਪ੍ਰਤੀਨਿਧ ਸਦਨ ਤੁਹਾਡੇ ਕੰਟ੍ਰੋਲ ਵਿੱਚ ਹੈ, ਤੁਸੀਂ ਸੈਨੇਟ ਨੂੰ ਕੰਟ੍ਰੋਲ ਕਰਦੇ ਹੋ ਅਤੇ ਤੁਹਾਡਾ ਸਾਸ਼ਨ 'ਤੇ ਕੰਟ੍ਰੋਲ ਹੈ। ਤੁਸੀਂ ਮਾਨਸਿਕ ਸਿਹਤ ਸਬੰਧਿਤ ਦੇਖਭਾਲ ਜਾਂ ਬੰਦੂਕਾਂ 'ਤੇ ਕੰਟ੍ਰੋਲ ਸਬੰਧੀ ਕੋਈ ਇੱਕ ਬਿੱਲ ਨਹੀਂ ਲਿਆਉਂਦੇ ਹੋ। ਇਹ ਤਰਸਯੋਗ ਹੈ।"

ਹੌਗ ਨੇ ਕਿਹਾ, "ਅਸੀਂ ਸਰਕਾਰ ਦਾ ਕੰਮਕਾਜ ਠੱਪ ਹੁੰਦਿਆ ਦੇਖਿਆ ਹੈ। ਅਸੀਂ ਟੈਕਸ ਸੁਧਾਰ ਦੇਖਿਆ ਹੈ ਪਰ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਂਦਿਆਂ ਨਹੀਂ ਦੇਖਿਆ। ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਤੁਸੀਂ ਸੋਚਦੇ ਹੋ ਕਿ ਇਹ ਅਤੀਤ ਬਾਰੇ ਸੋਚਣ ਦਾ ਸਮਾਂ ਹੈ ਅਤੇ ਭਵਿੱਖ ਵਿੱਚ ਹਜ਼ਾਰਾਂ ਬੱਚਿਆਂ ਨੂੰ ਬਚਾਉਣ ਦਾ ਨਹੀਂ?"

Image copyright Getty Images

ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਬੰਦੂਕਾਂ ਰੱਖਣ ਲਈ ਕਿਸੇ ਕਾਨੂੰਨ 'ਤੇ ਬਹਿਸ ਹੋ ਰਹੀ ਹੈ।

ਫਲੋਰੀਡਾ ਦੀ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਦਰਸ਼ਨ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਸਾਂਸਦਾਂ ਖ਼ਿਲਾਫ਼ ਨਾਅਰੇ ਵੀ ਲਾਏ।

ਡੇਵਿਡ ਨੇ ਕਿਹਾ, "ਬਹੁਤ ਸਾਰੇ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਹੈ। ਸਾਡੇ ਸਮੁਦਾਇ ਅਤੇ ਸਾਡੇ ਰਾਸ਼ਟਰ ਨੇ ਆਪਣੇ ਦਿਲ 'ਤੇ ਕਈ ਗੋਲੀਆਂ ਖਾਦੀਆਂ ਹਨ। ਇਸ ਲਈ ਵਾਪਸ ਸਕੂਲ ਜਾਣ 'ਚ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।"

Image copyright Getty Images
ਫੋਟੋ ਕੈਪਸ਼ਨ ਫਲੋਰੀਡਾ ਸਕੂਲ ਦੀ ਘਟਨਾ ਨੂੰ ਯਾਦ ਕਰਕੇ ਵਿਦਿਆਰਥਣ ਏਮਾ ਗੋਂਜਾਲੇਜ਼ ਹੋਈ ਭਾਵੁਕ ਹੋ ਗਈ

ਇੱਕ ਹੋਰ ਵਿਦਿਆਰਥਣ ਏਮਾ ਗੋਂਜਾਲੇਜ਼ ਨੇ ਰਾਸ਼ਟਰਪਤੀ ਟਰੰਪ ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐੱਨਆਰਏ) ਦੇ ਸਬੰਧਾਂ ਨੂੰ ਲੈ ਕੇ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਪੁੱਛਿਆ ਸੀ ਕਿ ਐੱਨਆਰਏ ਕੋਲੋਂ ਟਰੰਪ ਨੇ ਕਿੰਨੇ ਪੈਸੇ ਲਏ ਹਨ।

ਸੈਂਟਰ ਫਾਰ ਰਿਸਪੋਂਸਿਵ ਪਾਲੀਟਿਕਸ ਮੁਤਾਬਕ, ਐੱਨਆਰਏ ਨੇ ਸਾਲ 2016 ਦੇ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੇ ਸਮਰਥਨ 'ਚ 1.14 ਕਰੋੜ ਡਾਲਰ ਖਰਚ ਕੀਤੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)