ਕਿਵੇਂ ਵਧਾ ਸਕਦੇ ਹੋ ਤੁਸੀਂ ਆਪਣੀ ਯਾਦ ਸ਼ਕਤੀ ?

ਯਾਦ ਸ਼ਕਤੀ Image copyright Getty Images

ਯਾਦਦਾਸ਼ਤ ਵਧਾਉਣ ਲਈ ਲੋਕ ਅਕਸਰ ਇੱਕ ਨੁਸਖਾ ਸੁਝਾਉਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਯਾਦ ਕਰਨ ਦੀ ਆਦਤ ਪਾਉ। ਪਰ ਕਈ ਵਾਰ ਸਭ ਕੁਝ ਛੱਡ ਕੇ, ਯਾਨਿ ਰੱਟ ਲਗਾਉਣਾ ਛੱਡ ਕੇ ਸ਼ਾਂਤ ਬੈਠਣ ਨਾਲ ਵੀ ਯਾਦਦਾਸ਼ਤ ਵੱਧ ਸਕਦੀ ਹੈ।

ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਕਮਰੇ ਦੀ ਰੌਸ਼ਨੀ ਘੱਟ ਕਰ ਦਿਉ। ਆਰਾਮ ਨਾਲ ਬਸ ਲੇਟੇ ਰਹੋ। ਅੱਖਾਂ ਬੰਦ ਕਰ ਲਉ ਅਤੇ ਖ਼ੁਦ ਨੂੰ ਰਿਲੈਕਸ ਮਹਿਸੂਸ ਕਰਾਉ। ਅਜਿਹਾ ਕਰਨ ਨਾਲ ਵੀ ਕਈ ਵਾਰ ਤੁਸੀਂ ਦੇਖੋਗੇ ਕਿ ਤੁਸੀਂ ਜੋ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਆ ਰਿਹਾ ਹੈ।

ਯਾਦਦਾਸ਼ਤ ਦਾ ਖਜ਼ਾਨਾ

ਆਮ ਤੌਰ 'ਤੇ ਯਾਦ ਸ਼ਕਤੀ ਨੂੰ ਵਧਾਉਣ ਲਈ ਇਹੀ ਕਿਹਾ ਜਾਂਦਾ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਸਿੱਖੋ, ਜਾਣੋ, ਸਮਝੋ।

ਪਰ ਕੁਝ ਦੇਰ ਤੱਕ ਬਿਨਾਂ ਕਿਸੇ ਖਲਲ ਦੇ ਆਰਾਮ ਨਾਲ ਸ਼ਾਂਤੀ ਨਾਲ ਬੈਠੇ ਰਹਿਣਾ ਤੁਹਾਡੀ ਯਾਦਦਾਦਸ਼ਤ ਨੂੰ ਤੇਜ਼ ਕਰ ਸਕਦਾ ਹੈ।

Image copyright Getty Images

ਇਸ ਦੌਰਾਨ ਤੁਹਾਡਾ ਖਾਲੀ ਦਿਮਾਗ ਯਾਦਦਾਸ਼ਤ ਦੇ ਖਜ਼ਾਨੇ ਨੂੰ ਭਰਦਾ ਹੈ। ਤੁਹਾਨੂੰ ਇਸ ਲਈ ਆਪਣੇ ਦਿਮਾਗ ਨੂੰ ਪੂਰਾ ਸਕੂਨ ਦੇਣਾ ਹੋਵੇਗਾ, ਤਾਂ ਜੋ ਉਹ ਖ਼ੁਦ ਨੂੰ ਰਿਚਾਰਜ਼ ਕਰ ਸਕੇ।

ਸਕੂਨ ਦੇ ਪਲਾਂ 'ਚ ਈਮੇਲ ਚੈੱਕ ਕਰਨਾ ਜਾਂ ਸੋਸ਼ਲ ਮੀਡੀਆ ਨੂੰ ਖੰਗਾਲਨਾ ਸਾਡੇ ਦਿਮਾਗ ਦੇ ਸਕੂਨ ਵਿੱਚ ਖਲਲ ਪਾਉਂਦਾ ਹੈ।

ਕੁਝ ਨਾ ਕਰਨਾ ਕਿਸੇ ਆਲਸੀ ਵਿਦਿਆਰਥੀ ਲਈ ਬੇਸ਼ੱਕ ਇੱਕ ਬਹਾਨੇਬਾਜ਼ੀ ਹੋਵੇ, ਪਰ ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੈ, ਉਨ੍ਹਾਂ ਲਈ ਇਹ ਨੁਸਖ਼ਾ ਬੇਹੱਦ ਲਾਹੇਵੰਦ ਸਾਬਿਤ ਹੋ ਸਕਦਾ ਹੈ।

ਸਾਡੇ ਸਾਰਿਆਂ ਅੰਦਰ ਇਹ ਸਮਰਥਾ ਹੁੰਦੀ ਹੈ ਕਿ ਅਸੀਂ ਸ਼ਾਂਤ ਰਹਿ ਕੇ ਖਾਲੀ ਬੈਠੇ ਜਾਂ ਲੈਟੇ ਰਹਿ ਕੇ ਆਪਣੀ ਯਾਦਦਾਸ਼ਤ ਤੇਜ਼ ਕਰ ਸਕਦੇ ਹਾਂ।

ਇਹ ਖੋਜ ਸਭ ਤੋਂ ਪਹਿਲਾਂ ਸਾਲ 1900 'ਚ ਇੱਕ ਜਰਮਨੀ ਮਨੋਵਿਗਿਆਨਿਕ ਜਿਓਰਗ ਓਲਿਆਸ ਮਿਊਲਰ ਅਤੇ ਉਨ੍ਹਾਂ ਦੇ ਸ਼ਾਗਿਰਦ ਅਲਪੋਂਸ ਪਿਲਜ਼ੇਕਰ ਨੇ ਕੀਤੀ ਸੀ।

ਯਾਦਦਾਸ਼ਤ ਜਮ੍ਹਾਂ ਕਰਨ ਦੇ ਆਪਣੇ ਤਮਾਮ ਤਜਰਬਿਆਂ ਤਹਿਤ ਪਿਲਜ਼ੇਕਰ ਅਤੇ ਮਿਊਲਰ ਨੇ ਲੋਕਾਂ ਨੂੰ ਬਿਨਾਂ ਮਤਲਬ ਵਾਲੇ ਕੁਝ ਸ਼ਬਦ ਯਾਦ ਕਰਨ ਨੂੰ ਦਿੱਤੇ।

ਇਸ ਦੌਰਾਨ ਕੁਝ ਲੋਕਾਂ ਨੂੰ ਆਰਾਮ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।

Image copyright Getty Images

ਡੇਢ ਘੰਟੇ ਬਾਅਦ ਜਦੋਂ ਇਨ੍ਹਾਂ ਲੋਕਾਂ ਨੂੰ ਪੁੱਛਿਆ ਗਿਆ ਤਾਂ ਦੋਵਾਂ ਹੀ ਸਮੂਹਾਂ ਦੇ ਲੋਕਾਂ ਦੇ ਜਵਾਬ ਇੱਕ ਦਮ ਵੱਖਰੇ ਸਨ।

ਜਿਨ੍ਹਾਂ ਨੂੰ ਵਕਫ਼ਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਪਹਿਲੀ ਸੂਚੀ ਦੇ ਅੱਧੇ ਸ਼ਬਦ ਯਾਦ ਸਨ।

ਉੱਥੇ ਹੀ ਜਿਨ੍ਹਾਂ ਬਿਨਾਂ ਬ੍ਰੇਕ ਦੇ ਦੂਜੀ ਲਿਸਟ ਦੇ ਦਿੱਤੀ ਗਈ ਸੀ, ਉਨ੍ਹਾਂ ਨੂੰ ਪਹਿਲੀ ਸੂਚੀ ਦੇ ਕੇਵਲ 28 ਫੀਸਦ ਸ਼ਬਦ ਯਾਦ ਸਨ।

ਦਿਮਾਗ ਕਿੰਨਾ ਯਾਦ ਰੱਖਦਾ ਹੈ?

ਸਪੱਸ਼ਟ ਹੈ ਕਿ ਸਾਡਾ ਦਿਮਾਗ ਲਗਾਤਾਰ ਨਵੀਆਂ ਚੀਜ਼ਾਂ ਯਾਦ ਨਹੀਂ ਕਰ ਸਕਦਾ। ਅਸੀਂ ਦੋ ਚੀਜ਼ਾਂ ਯਾਦ ਕਰਨ ਲਈ ਜੇਕਰ ਉਸ ਨੂੰ ਆਰਾਮ ਦਈਏ ਤਾਂ ਸਾਡੀ ਯਾਦ ਸ਼ਕਤੀ ਬੇਹਤਰ ਹੋ ਸਕਦੀ ਹੈ।

ਇਨ੍ਹਾਂ ਦੋ ਵਿਗਿਆਨੀਆਂ ਦੇ ਤਜਰਬਿਆਂ ਦੇ ਬਾਅਦ ਪਿਛਲੀ ਕਰੀਬ ਇੱਕ ਸਦੀਂ ਤੱਕ ਇਸ ਤਰ੍ਹਾਂ ਦੀਆਂ ਦੂਜੀਆਂ ਖੋਜਾਂ ਵੀ ਹੋਈਆਂ।

ਸਾਲ 2000 ਦੀ ਸ਼ੁਰੂਆਤ 'ਚ ਸਕਾਟਲੈਂਡ ਦੀ ਏਡਿਨਬਰਾ ਯੂਨੀਵਰਸਿਟੀ ਦੇ ਸਰਜੀਓ ਡੇਲਾ ਸਾਲਾ ਅਤੇ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਨੈਲਸਨ ਕੋਵਾਨ ਨੇ ਇੱਕ ਜ਼ਬਰਦਸਤ ਖੋਜ ਕੀਤੀ ਹੈ।

Image copyright Getty Images

ਦੋਵੇਂ ਹੀ ਟੀਮਾਂ ਨੇ ਮਿਊਲਰ ਅਤੇ ਪਿਲਫਾਈਜ਼ਰ ਦੇ ਤਰੀਕੇ ਨੂੰ ਅਪਣਾਇਆ ਸੀ।

ਉਨ੍ਹਾਂ ਨੇ ਆਪਣੀ ਖੋਜ ਵਿੱਚ ਸ਼ਾਮਲ ਲੋਕਾਂ ਨੂੰ 15 ਸ਼ਬਦ ਦਿੱਤੇ ਅਤੇ 10 ਮਿੰਟ ਬਾਅਦ ਉਨ੍ਹਾਂ ਨੂੰ ਮੁੜ ਉਨ੍ਹਾਂ ਸ਼ਬਦਾਂ ਬਾਰੇ ਪੁੱਛਿਆ।

ਇਸ ਦੌਰਾਨ ਕੁਝ ਲੋਕਾਂ ਨੂੰ ਤਾਂ ਬ੍ਰੇਕ ਦਿੱਤਾ ਗਿਆ ਅਤੇ ਕੁਝ ਨੂੰ ਦੂਜੀ ਖੋਜ ਵਿੱਚ ਉਲਝਾਈ ਰੱਖਿਆ।

ਜਿਨ੍ਹਾਂ ਨੂੰ ਆਰਾਮ ਕਰਨ ਦਾ ਥੋੜ੍ਹਾ ਜਿਹਾ ਸਮਾਂ ਮਿਲਿਆ ਸੀ, ਉਨ੍ਹਾਂ ਨੂੰ ਸੂਚੀ ਦੇ 49 ਫੀਸਦ ਸ਼ਬਦ ਯਾਦ ਰਹਿ ਗਏ।

ਜਦਕਿ ਬਿਨਾਂ ਆਰਾਮ ਵਾਲੇ ਸਮੂਹ ਨੂੰ ਸਿਰਫ 14 ਫੀਸਦ ਲਫ਼ਜ਼ ਯਾਦ ਰਹਿ ਸਕੇ।

ਇਸੇ ਖੋਜ ਦੇ ਤਹਿਤ ਲੋਕਾਂ ਦੇ ਦੋ ਸਮੂਹਾਂ ਨੂੰ ਇੱਕ ਕਹਾਣੀ ਸੁਣਾਈ ਗਈ। ਇਨ੍ਹਾਂ ਵਿਚੋਂ ਕੁਝ ਨੂੰ ਇੱਕ ਘੰਟੇ ਦਾ ਬ੍ਰੇਕ ਦਿੱਤਾ ਗਿਆ।

ਉੱਥੇ ਕੁਝ ਲੋਕਾਂ ਨੂੰ ਆਰਾਮ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਲੋਕਾਂ ਨੇ ਕਹਾਣੀ ਨਾਲ ਜੁੜੇ 7 ਫੀਸਦ ਸਵਾਲਾਂ ਦੇ ਸਹੀ ਜਵਾਬ ਦਿੱਤੇ। ਯਾਨਿ ਉਹ 93 ਫੀਸਦ ਕਹਾਣੀ ਭੁੱਲ ਗਏ।

Image copyright Getty Images

ਉੱਥੇ ਹੀ ਆਰਾਮ ਦਾ ਮੌਕਾ ਮਿਲਣ ਵਾਲਿਆਂ ਨੇ ਕਹਾਣੀ ਨਾਲ ਜੁੜੇ 79 ਫੀਸਦ ਸਵਾਲਾਂ ਦੇ ਸਹੀ ਜਵਾਬ ਦਿੱਤੇ।

ਯਾਨਿ ਆਰਾਮ ਦਾ ਮੌਕਾ ਮਿਲਣ ਕਾਰਨ ਯਾਦਦਾਸ਼ਤ 11 ਗੁਣਾ ਤੱਕ ਵੱਧ ਗਈ।

ਸਰਜੀਓ ਡੇਲਾ ਸਾਲਾ ਅਤੇ ਨੈਲਸਨ ਕੋਵਾਨ ਦੇ ਰਿਸਰਚ 'ਚ ਸ਼ਾਮਲ ਰਹੀ ਮਾਈਕੇਲਾ ਡੈਵਾਰ ਨੇ ਖੁਦ ਵੀ ਬਾਅਦ ਵਿੱਚ ਕਈ ਤਜਰਬੇ ਕੀਤੇ ਹਨ।

ਇਨ੍ਹਾਂ 'ਚ ਪਤਾ ਲੱਗਿਆ ਕਿ ਜੇਕਰ ਅਸੀਂ ਪੜ੍ਹਣ ਲਿਖਣ ਵਿੱਚ ਥੋੜ੍ਹੀ ਦੇਰ ਆਰਾਮ ਕਰ ਲੈਂਦੇ ਹਾਂ ਤਾਂ ਸਾਡੀ ਯਾਦ ਸ਼ਕਤੀ ਕਾਫੀ ਬੇਹਤਰ ਹੋ ਸਕਦੀ ਹੈ।

ਇਸ ਦੌਰਾਨ ਯਾਦ ਕੀਤੀਆਂ ਗਈਆਂ ਚੀਜ਼ਾਂ ਕਾਫੀ ਸਮੇਂ ਤੱਕ ਸਾਡੇ ਜ਼ਿਹਨ ਵਿੱਚ ਰਹਿੰਦੀਆਂ ਹਨ।

ਇਹ ਨੁਸਖ਼ੇ ਸਿਰਫ ਲੋਕਾਂ ਲਈ ਨਹੀਂ ਬਲਕਿ ਉਮਰ ਦਰਾਜ ਲੋਕਾਂ ਲਈ ਵੀ ਲਾਹੇਵੰਦ ਹਨ।

ਮਾਈਕਲ ਡੈਵਾਰ ਕਹਿੰਦੇ ਹਨ ਕਿ ਆਰਾਮ ਦੌਰਾਨ ਸਾਨੂੰ ਆਪਣੇ ਦਿਮਾਗ ਦੇ ਸਕੂਨ ਵਿੱਚ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਯਾਦਦਾਸ਼ਤ 'ਤੇ ਬੁਰਾ ਅਸਰ ਪੈ ਸਕਦਾ ਹੈ।

ਇਸ ਦੌਰਾਨ ਮੋਬਾਈਲ ਲੈਪਟੋਪ ਦਾ ਇਸਤੇਮਾਲ ਨਾ ਕਰੋ। ਟੀਵੀ ਨਹੀਂ ਦੇਖਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਦਿਮਾਗ ਵਿੱਚ ਕੋਈ ਹੋਰ ਖ਼ਿਆਲ ਨਾ ਆਵੇ।

Image copyright Getty Images

ਹਾਲਾਂਕਿ ਅਜੇ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਦਿਮਾਗ ਯਾਦਾਂ ਨੂੰ ਕਿਵੇਂ ਸਾਂਭਦਾ ਹੈ।

ਪਰ ਖੋਜ ਇਹ ਦੱਸਦੀ ਹੈ ਕਿ ਦਿਮਾਗ ਵਿੱਚ ਕੋਈ ਚੀਜ਼ ਦਰਜ ਹੋ ਜਾਣ ਤੋਂ ਬਾਅਦ ਉਹ ਵੱਖ ਵੱਖ ਦੌਰ 'ਚੋਂ ਲੰਘਦੀ ਹੈ। ਇਸੇ ਦੌਰਾਨ ਹੀ ਯਾਦ ਨੂੰ ਮਜ਼ਬੂਤੀ ਹਾਸਲ ਹੋ ਜਾਂਦੀ ਹੈ।

ਸਕੂਨ ਦੇ ਹਰੇਕ ਪਲ ਦਾ ਇਸਤੇਮਾਲ

ਪਹਿਲਾਂ ਅਸੀਂ ਇਹ ਮੰਨਦੇ ਸੀ ਕਿ ਆਮ ਤੌਰ 'ਤੇ ਸਾਡਾ ਦਿਮਾਗ ਸੌਣ ਵੇਲੇ ਯਾਦਾਂ ਨੂੰ ਸਾਂਭਦਾ ਹੈ।

ਉਸ ਦੌਰਾਨ ਸਾਡੇ ਦਿਮਾਗ ਦੇ ਹਿਪੈਕੈਂਪਸ ਅਤੇ ਕਾਰਟੈਕਸ ਹਿੱਸੇ ਆਪਸ 'ਚ ਸੂਚਨਾਵਾਂ ਦਾ ਲੈਣ ਦੇਣ ਕਰਦੇ ਹਨ।

ਸਾਡੇ ਦਿਮਾਗ ਦੇ ਹਿਪੈਕੈਂਪਸ ਹਿੱਸੇ ਵਿੱਚ ਯਾਦਦਾਸ਼ਤ ਬਣਦੀ ਹੈ। ਉੱਥੇ ਹੀ ਕਾਰਟੈਕਸ ਹਿੱਸਾ ਇਨ੍ਹਾਂ ਨੂੰ ਸਾਂਭ ਲੈਂਦਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਰਾਤ ਵੇਲੇ ਜਾਣਦੇ ਸਮਝਦੇ ਹਾਂ, ਉਹ ਯਾਦ ਰਹਿ ਜਾਂਦੀਆਂ ਹਨ।

ਪਰ ਸਾਲ 2010 ਵਿੱਚ ਨਿਊਯਾਰਕ ਯੂਨੀਵਰਸਿਟੀ ਦੀ ਲੀਲਾ ਦਾਵਾਚੀ ਨੇ ਇੱਕ ਖੋਜ ਵਿੱਚ ਪਾਇਆ ਕਿ ਯਾਦ ਰੱਖਣ ਦੀ ਇਹ ਖ਼ੂਬੀ ਸਿਰਫ਼ ਸੌਣ ਦੌਰਾਨ ਹੀ ਹਾਸਿਲ ਨਹੀਂ ਹੁੰਦੀ।

ਅਸੀਂ ਸਕੂਨ ਦੇ ਪਲ ਸੌਣ ਤੋਂ ਇਲਾਵਾ ਵੀ ਲੰਘਾਈਏ ਤਾਂ ਸਾਡੀ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।

Image copyright Getty Images

ਲੀਲਾ ਨੇ ਕੁਝ ਲੋਕਾਂ ਨੂੰ ਕੁਝ ਤਸਵੀਰਾਂ ਅਤੇ ਆਕ੍ਰਿਤੀਆਂ ਦਿਖਾ ਕੇ ਉਨ੍ਹਾਂ ਥੋੜ੍ਹੀ ਦੇਰ ਆਰਾਮ ਕਰਨ ਦਿੱਤਾ। ਫੇਰ ਉਨ੍ਹਾਂ ਨੂੰ ਤਸਵੀਰਾਂ ਯਾਦ ਕਰਨ ਲਈ ਕਿਹਾ ਗਿਆ।

ਇਸ ਆਰਾਮ ਦੌਰਾਨ ਵੀ ਖੋਜ ਵਿੱਚ ਸ਼ਾਮਲ ਲੋਕਾਂ ਦੇ ਦਿਮਾਗ ਵਿੱਚ ਹਿਪੈਕੈਂਪਸ ਅਤੇ ਕਾਰਟੈਕਸ ਦੇ ਵਿਚਾਲੇ ਸੰਵਾਦ ਹੁੰਦਾ ਦੇਖਿਆ ਗਿਆ।

ਸ਼ਾਇਦ ਸਾਡਾ ਦਿਮਾਗ ਸਕੂਨ ਦੇ ਹਰੇਕ ਪਲ ਦਾ ਇਸਤੇਮਾਲ ਯਾਦ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਕਰਦਾ ਹੈ।

ਇਸ ਦੌਰਾਨ ਪੈਣ ਵਾਲਾ ਕੋਈ ਖਲਲ ਸਾਡੀ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ। ਇਸ ਨੁਸਖ਼ੇ ਨਾਲ ਅਲਜ਼ਾਈਮਰ ਅਤੇ ਦੌਰੇ ਦੇ ਸ਼ਿਕਾਰ ਲੋਕਾਂ ਨੂੰ ਵੀ ਮਦਦ ਮਿਲ ਸਕਦੀ ਹੈ।

ਕੁਝ ਮਨੋਵਿਗਿਆਨੀ ਇਸ ਖੋਜ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਿਸੇ ਦਿਮਾਗੀ ਬਿਮਾਰੀ ਦੇ ਇਲਾਜ ਵਿੱਚ ਲਾਹੇਵੰਦ ਸਾਬਿਤ ਹੋ ਸਕਦੀ ਹੈ।

ਯੋਰਕ ਯੂਨੀਵਰਸਿਟੀ ਦੇ ਏਡਿਆਨ ਹਾਰਨਰ ਇਨ੍ਹਾਂ ਵਿਚੋਂ ਇੱਕ ਹਨ।

ਹਾਲਾਂਕਿ ਹਾਰਨਰ ਦਾ ਮੰਨਣਾ ਹੈ ਕਿ 'ਅਸੀਂ ਇਹ ਤੈਅ ਨਹੀਂ ਕਰ ਸਕਦੇ ਕਿ ਕਿੰਨੇ ਲੰਬੇ ਬ੍ਰੈਕ ਨਾਲ ਸਾਡੀ ਯਾਦਦਾਸ਼ਤ ਵਧੀਆ ਹੋ ਜਾਵੇਗੀ।

ਪਰ ਅਲਜ਼ਾਈਮਰ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਆਰਾਮ ਦੇ ਪਲ ਦੇ ਕੇ ਅਸੀਂ ਉਨ੍ਹਾਂ ਦੀ ਕਾਫੀ ਮਦਦ ਕਰ ਸਕਦੇ ਹਾਂ।

Image copyright Getty Images

ਬ੍ਰਿਟੇਨ ਦੀ ਨਾਟਿੰਘਮ ਟ੍ਰੈਂਟ ਯੂਨੀਵਰਸਿਟੀ ਦੇ ਥਾਮਸ ਬੈਗੁਲੇ ਕਹਿੰਦੇ ਹਨ ਕਿ ਆਲਜ਼ਾਈਮਰ ਦੇ ਮਰੀਜ਼ਾਂ ਨੂੰ ਅਜੇ ਵੀ ਅਜਿਹੇ ਟੈਸਟ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦਾ ਦਿਮਾਗ ਤਰੋ ਤਾਜ਼ਾ ਮਹਿਸੂਸ ਕਰ ਸਕੇ।

ਹਾਲਾਂਕਿ ਥਾਮਸ ਨੂੰ ਲਗਦਾ ਹੈ ਕਿ ਡਿਮੈਂਸ਼ਿਆ ਯਾਨਿ ਸਭ ਕੁਝ ਭੁੱਲ ਜਾਣ ਦੀ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਇਸ ਨਾਲ ਲਾਭ ਨਹੀਂ ਹੋਵੇਗਾ।

ਕੁਲ ਮਿਲਾ ਕੇ ਸਾਰੇ ਜਾਣਕਾਰ ਇਸ ਗੱਲ 'ਤੇ ਇਕਸਾਰ ਹਨ ਕਿ ਛੋਟੇ ਛੋਟੇ ਬ੍ਰੈਕ ਲੈਣ ਨਾਲ ਸਾਨੂੰ ਕਈ ਚੀਜ਼ਾਂ ਸਿੱਖਣ ਅਤੇ ਯਾਦ ਰੱਖਣ ਵਿੱਚ ਕਾਫੀ ਮਦਦ ਮਿਲੇਗੀ।

ਇਸ ਨਾਲ ਵਿਦਿਆਰਥੀਆਂ ਦੀ ਗ੍ਰੇਡ 10 ਤੋਂ 30 ਫੀਸਦ ਤੱਕ ਬੇਹਤਰ ਹੋ ਸਕਦੀ ਹੈ। ਕਿਸੇ ਵੀ ਸਬਕ ਨੂੰ ਦੁਬਾਰਾ ਯਾਦ ਕਰਨ ਤੋਂ ਪਹਿਲਾਂ ਜੇਕਰ ਬ੍ਰੇਕ ਲੈ ਲੈਂਦੇ ਹਨ ਤਾ ਉਸ ਨੂੰ ਯਾਦ ਰੱਖਣਾ ਜ਼ਿਆਦਾ ਸੌਖਾ ਹੋਵੇਗਾ।

ਯਾਦ ਰੱਖੋ ਕਿ ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿੱਚ ਸਾਨੂੰ ਸਿਰਫ ਸਮਾਰਟ ਫੋਨ ਨਹੀਂ ਬਲਕਿ ਆਪਣੇ ਦਿਮਾਗ ਨੂੰ ਵੀ ਰਿਚਾਰਜ਼ ਕਰਨ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)