ਸੀਰੀਆ: ਹਵਾਈ ਹਮਲੇ ਵਿੱਚ ਦਰਜਨਾਂ ਲੋਕ ਮਾਰੇ ਗਏ

ਹਵਾਈ ਹਮਲਾ

ਸੀਰੀਆਈ ਫ਼ੌਜ ਵੱਲੋਂ ਬਾਗ਼ੀਆਂ ਦੇ ਕਬਜ਼ੇ ਹੇਠਲੇ ਪੂਰਬੀ ਘਾਉਤਾ ਡਮੈਸਕਸ ਦੇ ਨੇੜਲੇ ਇਲਾਕੇ ਵਿੱਚ ਹਵਾਈ ਹਮਲੇ ਨਾਲ ਦਰਜਨਾਂ ਆਮ ਨਾਗਰਿਕ ਮਾਰੇ ਗਏ ਹਨ।

ਸੀਰੀਆ 'ਚ ਮਨੁੱਖੀ ਅਧਿਕਾਰਾਂ 'ਤੇ ਨਜ਼ਰ ਰੱਖਣ ਵਾਲੀ ਇੱਕ ਸੰਸਥਾ ਮੁਤਾਬਕ ਸੋਮਵਾਰ ਨੂੰ ਹੋਏ ਹਵਾਈ ਹਮਲੇ ਵਿੱਚ ਘੱਟੋ ਘੱਟ 77 ਆਮ ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ 20 ਬੱਚੇ ਵੀ ਸ਼ਾਮਿਲ ਸਨ।

ਮੰਨਿਆ ਜਾ ਰਿਹਾ ਹੈ ਕਿ ਫ਼ੌਜ ਹਮਲੇ ਦੀ ਤਿਆਰੀ ਕਰ ਰਹੀ ਹੈ।

ਗੋਲਾਬਾਰੀ ਨੂੰ ਬੰਦ ਕਰਨ 'ਤੇ ਜ਼ੋਰ ਦਿੰਦੇ ਹੋਏ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ।

ਲਗਭਗ 4,00,000 ਲੋਕ ਪੂਰਬੀ ਘਾਉਤਾ ਦੇ ਵਸਨੀਕ ਹਨ, ਜੋ 2013 ਤੋਂ ਇਸ ਤਰ੍ਹਾਂ ਦੇ ਹਮਲੇ ਝੱਲ ਰਹੇ ਹਨ।

ਇਹ ਰਾਜਧਾਨੀ ਡਮੈਸਕਸ ਨੇੜਲਾ ਆਖ਼ਰੀ ਇਲਾਕਾ ਹੈ, ਜੋ ਕਿ ਬਾਗ਼ੀਆਂ ਦੇ ਕਬਜ਼ੇ ਹੇਠ ਹੈ।

ਸੀਰੀਆ ਦੀਆਂ ਫ਼ੌਜਾਂ ਨੇ ਇਸ ਮਹੀਨੇ ਇਸ ਇਲਾਕੇ 'ਤੇ ਮੁੜ ਕਬਜ਼ਾ ਕਰਨ ਲਈ ਵਿੱਢੀ ਹੋਈ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਵਿੱਚ ਸੈਂਕੜੇ ਲੋਕ ਮਰੇ ਗਏ ਹਨ।

ਇਸ ਇਲਾਕੇ ਦੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਜੰਗਬੰਦੀ ਘੱਟ ਹੀ ਵੇਖੀ ਗਈ ਹੈ।

ਫ਼ਿਲਹਾਲ ਤੁਰਕੀ ਨੇ ਸੀਰੀਆ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉੱਤਰੀ ਸੀਰੀਆ ਵਿੱਚ ਤੁਰਕੀ ਦੀ ਫ਼ੌਜ ਨਾਲ ਲੜ ਕੁਰਦ ਲੜਾਕਿਆਂ ਦੀ ਮਦਦ ਨਾ ਕਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)