ਤਸਵੀਰਾਂ꞉ ਇੱਕ ਪਿੰਡ ਜਿੱਥੇ ਫਰਵਰੀ ਵਿੱਚ ਕ੍ਰਿਸਮਸ ਮਨਾਈ ਜਾਂਦੀ ਹੈ

ਕ੍ਰਿਸਮਸ Image copyright AFP
ਫੋਟੋ ਕੈਪਸ਼ਨ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਈਸਾ ਮਸੀਹ ਦੀ ਲਕੱੜ ਦੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ।

ਵਿਸ਼ਵ ਵਿੱਚ ਕ੍ਰਿਸਮਸ ਦਾ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਪਰ ਕੋਲੰਬੀਆ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਫਰਵਰੀ ਦੇ ਮਹੀਨੇ ਵਿੱਚ ਕ੍ਰਿਸਮਸ ਮਨਾਇਆ ਜਾਂਦਾ ਹੈ।

ਕਵਿਨਾਮਾਯੋ ਵਿੱਚ ਫਰਵਰੀ ਵਿੱਚ ਕ੍ਰਿਸਮਸ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਪਿੰਡ ਵਾਲੇ ਖਾਸ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਕ੍ਰਿਸਮਸ ਮਨਾਉਣ ਦੀ ਰਵਾਇਤ ਉਨ੍ਹਾਂ ਦੇ ਪੁਰਖਿਆਂ ਦੇ ਜ਼ਮਾਨੇ ਤੋਂ ਚਲੀ ਆ ਰਹੀ ਹੈ।

Image copyright AFP
ਫੋਟੋ ਕੈਪਸ਼ਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਰਵਾਇਤ ਨੂੰ ਜਿਉਂਦਿਆਂ ਰੱਖਣ ਵਿੱਚ ਨੌਜਵਾਨ ਪੀੜ੍ਹੀ ਦਾ ਖ਼ਾਸ ਯੋਗਦਾਨ ਹੈ।

ਉਸ ਸਮੇਂ ਉਹ ਗੁਲਾਮ ਸਨ ਅਤੇ ਉਨ੍ਹਾਂ ਨੂੰ 25 ਦਸੰਬਰ ਨੂੰ ਕ੍ਰਿਸਮਸ ਮਨਾਉਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੂੰ ਕ੍ਰਿਸਮਸ ਦੇ ਲਈ ਕਿਸੇ ਹੋਰ ਦਿਨ ਦੀ ਚੋਣ ਕਰਨ ਲਈ ਕਿਹਾ ਗਿਆ।

ਉਸ ਵੇਲੇ ਇਨ੍ਹਾਂ ਪਿੰਡ ਵਾਸੀਆਂ ਦੇ ਪੁਰਖਿਆਂ ਨੇ ਫਰਵਰੀ ਦੇ ਮੱਧ ਵਿੱਚ ਕ੍ਰਿਸਮਸ ਮਨਾਉਣ ਦਾ ਫੈਸਲਾ ਲਿਆ ਅਤੇ ਉਸ ਵੇਲੇ ਤੋਂ ਅੱਜ ਤੱਕ ਇਹ ਰਵਾਇਤ ਉਸੇ ਤਰੀਕੇ ਨਾਲ ਬਰਕਰਾਰ ਹੈ।

ਕਵਿਨਮਾਯੋ ਪਿੰਡ ਦੇ ਲੋਕ ਇਸ ਦਿਨ ਕਾਲੇ ਸ਼ਿਸ਼ੂ ਈਸਾ ਮਸੀਹ ਦੀ ਮੂਰਤੀ ਦੀ ਪੂਜਾ ਕਰਦੇ ਹਨ। ਇਸ ਜਸ਼ਨ ਦੌਰਾਨ ਆਤਿਸ਼ਬਾਜ਼ੀ ਦੇ ਨਾਲ ਲੋਕ ਨੱਚ ਕੇ ਖੁਸ਼ੀ ਜ਼ਾਹਿਰ ਕਰਦੇ ਹਨ।

Image copyright AFP
ਫੋਟੋ ਕੈਪਸ਼ਨ ਫਰਵਰੀ ਵਿੱਚ ਕ੍ਰਿਸਮਸ ਮਨਾਉਣ ਦੀ ਰਵਾਇਤ ਗੁਲਾਮੀਂ ਦੇ ਦਿਨਾਂ ਤੋਂ ਚੱਲੀ ਆ ਰਹੀ ਹੈ।

ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਹੋਲਮਸ ਲਾਰਾਹੋਂਡੋ ਕਹਿੰਦੇ ਹਨ, "ਸਾਡੇ ਭਾਈਚਾਰੇ ਦਾ ਮੰਨਣਾ ਹੈ ਕਿ ਕਿਸੇ ਵੀ ਮਹਿਲਾ ਨੂੰ ਜਨਮ ਦੇਣ ਤੋਂ ਬਾਅਦ 45 ਦਿਨਾਂ ਦਾ ਵਰਤ ਰੱਖਣਾ ਹੁੰਦਾ ਹੈ। ਇਸ ਲਈ ਅਸੀਂ ਦਸੰਬਰ ਦੀ ਥਾਂ ਫਰਵਰੀ ਵਿੱਚ ਕ੍ਰਿਸਮਸ ਮਨਾਉਂਦੇ ਹਾਂ ਤਾਂ ਜੋ ਮੈਰੀ ਵੀ ਸਾਡੇ ਨਾਲ ਨੱਚ ਸਕੇ।''

53 ਸਾਲਾ ਅਧਿਆਪਕਾ ਬਾਲਮੋਰਸ ਵਾਇਆਫਰਾ ਨੇ ਏਜੈਂਸ ਪ੍ਰੈਸ ਨੂੰ ਦੱਸਿਆ, "24 ਦਸੰਬਰ ਦਾ ਦਿਨ ਉਨ੍ਹਾਂ ਲਈ ਕਿਸੇ ਵੀ ਆਮ ਦਿਨ ਵਾਂਗ ਹੀ ਹੁੰਦਾ ਹੈ ਪਰ ਇਹ ਜਸ਼ਨ ਇੱਕ ਪਾਰਟੀ ਵਾਂਗ ਹੈ ਜਿੱਥੇ ਅਸੀਂ ਆਪਣੇ ਭਗਵਾਨ ਲਈ ਸ਼ਰਧਾ ਪ੍ਰਗਟ ਕਰਦੇ ਹਾਂ।''

Image copyright AFP
ਫੋਟੋ ਕੈਪਸ਼ਨ ਫੁਗਾ ਨਾਚ ਜੰਜੀਰਾਂ ਵਿੱਚ ਜਕੜੇ ਗੁਲਾਮਾਂ ਦੀ ਯਾਦ ਦਵਾਉਂਦਾ ਹੈ।

ਇਸ ਜਸ਼ਨ ਦੇ ਤਹਿਤ ਪਿੰਡ ਵਾਲੇ ਘਰ-ਘਰ ਜਾ ਕੇ ਸ਼ਿਸ਼ੂ ਯਸ਼ੂ ਨੂੰ ਲੱਭਦੇ ਹਨ। ਯਸ਼ੂ ਦੀ ਇਹ ਮੂਰਤੀ ਲੱਕੜ ਦੀ ਹੁੰਦੀ ਹੈ, ਜਿਸ ਨੂੰ ਪਿੰਡ ਦਾ ਕੋਈ ਵੀ ਬੰਦਾ ਆਪਣੇ ਘਰ ਵਿੱਚ ਪੂਰੇ ਸਾਲ ਲਈ ਸੁਰੱਖਿਅਤ ਰੱਖਦਾ ਹੈ।

ਮੂਰਤ ਮਿਲਣ 'ਤੇ ਉਸ ਨੂੰ ਪੂਰੇ ਪਿੰਡ ਵਿੱਚ ਘੁੰਮਾਇਆ ਜਾਂਦਾ ਹੈ। ਇਸ ਪਰੇਡ ਦੌਰਾਨ ਪਿੰਡ ਦੇ ਹਰ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ। ਇਹ ਲੋਕ ਪਰੀਆਂ ਅਤੇ ਸਿਪਾਹੀਆਂ ਦੇ ਪਹਿਰਾਵੇ ਵਿੱਚ ਹੁੰਦੇ ਹਨ।

Image copyright AFP
ਫੋਟੋ ਕੈਪਸ਼ਨ ਇਸ ਦਿਨ ਭਰਪੂਰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਇਸ ਦੌਰਾਨ ਇੱਕ ਖਾਸ ਤਰੀਕੇ ਦਾ ਨਾਚ ਫੂਗਾ (ਐਸਕੇਪ) ਕੀਤਾ ਜਾਂਦਾ ਹੈ। ਇਸ ਨਾਚ ਵਿੱਚ ਲੋਕ ਹੱਥਾਂ-ਪੈਰਾਂ ਵਿੱਚ ਬੇੜੀਆਂ ਲਾਏ ਹੋਏ ਗੁਲਾਮਾਂ ਦੀ ਨਕਲ ਕਰਦੇ ਹਨ।

ਇਹ ਤਿਉਹਾਰ ਅਗਲੇ ਦਿਨ ਸਵੇਰੇ ਖ਼ਤਮ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ