ਅਫ਼ਗਾਨਿਸਤਾਨ 'ਚ ਬੰਬ ਧਮਾਕਿਆਂ ਵਿੱਚ ਲਗਭਗ 25 ਦੀ ਮੌਤ

ਤਸਵੀਰ ਸਰੋਤ, EPA
ਕਾਬੁਲ ਹਾਲੀਆ ਹਿੰਸਾ ਦੇ ਸ਼ਿਕਾਰ ਸਥਾਨਾਂ ਵਿੱਚੋਂ ਇੱਕ ਹੈ।
ਅਫ਼ਗਾਨਿਸਤਾਨ ਵਿੱਚ ਵੱਖ-ਵੱਖ ਬੰਬ ਧਮਾਕਿਆਂ ਵਿੱਚ ਲਗਭਗ 25 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਜ਼ਿਆਦਾਤਰ ਫ਼ੌਜੀ ਹਨ।
ਪੱਛਮੀਂ ਸੂਬੇ ਫਰ੍ਹਾ ਵਿੱਚ ਤਾਲਿਬਾਨੀ ਅੱਤਵਾਦੀਆਂ ਨੇ ਇੱਕ ਫੌਜੀ ਪੋਸਟ ਵਿੱਚ ਦਾਖਲ ਹੋ ਕੇ 22 ਜਵਾਨ ਮਾਰ ਦਿੱਤੇ।
ਰਾਜਧਾਨੀ ਕਾਬੁਲ ਵਿੱਚ ਇੱਕ ਖ਼ੁਦਕੁਸ਼ ਹਮਲੇ ਵਿੱਚ ਤਿੰਨ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋਈ ਹੈ।
ਪਿਛਲੇ ਮਹੀਨਿਆਂ ਦੌਰਾਨ ਦਹਿਸ਼ਤ ਦੀਆਂ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚ ਵਧੇਰੇ ਕਰਕੇ ਸੁਰਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਹਮਲਿਆਂ ਵਿੱਚ ਇਹ ਤੇਜੀ ਰਾਸ਼ਟਰਪਤੀ ਟਰੰਪ ਵੱਲੋਂ ਐਲਾਨੀ ਗਈ ਵਧੇਰੇ ਹਮਲਾਵਰ ਰਣਨੀਤੀ ਦੀ ਪ੍ਰਤੀਕਿਰਿਆ ਹੈ।
ਸ਼ਨੀਵਾਰ ਤੜਕੇ ਤਾਲਿਬਾਨੀ ਲੜਾਕਿਆਂ ਨੇ ਫਰ੍ਹਾ ਦੀ ਇੱਕ ਫੌਜੀ ਪੋਸਟ 'ਤੇ ਹਮਲਾ ਕੀਤਾ।
ਹਥਿਆਰਾਂ 'ਤੇ ਕਬਜ਼ਾ ਕਰ ਲਿਆ ਤੇ ਅਫ਼ਗਾਨ ਫੌਜ ਦਾ ਕਹਿਣਾ ਹੈ ਕਿ 'ਤਾਲਿਬਨੀਆਂ ਨੇ ਕਾਫ਼ੀ ਨੁਕਸਾਨ' ਕੀਤਾ ਸੀ।
ਤਸਵੀਰ ਸਰੋਤ, Getty Images
ਕਾਬੁਲ ਵਿੱਚ ਇੱਕ ਖੁਦਕੁਸ਼ ਨੇ ਸਫ਼ਾਰਤੀ ਇਮਾਰਤਾਂ ਵਾਲੇ ਇਲਾਕੇ ਵਿੱਚ ਧਮਾਕਾ ਕੀਤਾ
ਕਾਬੁਲ ਵਿੱਚ ਇੱਕ ਖੁਦਕੁਸ਼ ਨੇ ਸਫ਼ਾਰਤੀ ਇਮਾਰਤਾਂ ਵਾਲੇ ਇਲਾਕੇ ਵਿੱਚ ਧਮਾਕਾ ਕੀਤਾ।
ਇੱਕ ਪ੍ਰਤੱਖ-ਦਰਸ਼ੀ ਨੇ ਟੋਲੋਨਿਊਜ਼ ਟੀਵੀ ਨੂੰ ਦੱਸਿਆ, "ਮੈਂ ਨੇੜੇ ਹੀ ਡਰਾਈਵਿੰਗ ਕਰ ਰਿਹਾ ਸੀ ਜਦੋਂ ਮੈਨੂੰ ਇੱਕ ਵੱਡਾ ਧਮਾਕਾ ਸੁਣਿਆ, ਮੇਰੀ ਕਾਰ ਦੇ ਸ਼ੀਸ਼ੇ ਟੁੱਟ ਗਏ। ਮੈਂ ਦੇਖਿਆ ਕਿ ਕਈ ਜ਼ਖਮੀਂ ਲੋਕ ਮੇਰੇ ਆਸ-ਪਾਸ ਸੜਕ 'ਤੇ ਪਏ ਸਨ।"
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਇਸਲਾਮਿਕ ਸਟੇਟ ਨੇ ਧਮਾਕਿਆਂ ਦੀ ਜਿੰਮੇਵਾਰੀ ਲਈ ਹੈ।
ਦੱਖਣ ਦੇ ਹੈਲਮੰਡ ਸੂਬੇ ਵਿੱਚ ਵੀ ਇੱਕ ਖ਼ੁਦਕੁਸ਼ ਹਮਲੇ ਵਿੱਚ ਦੋ ਫੌਜੀਆਂ ਸਮੇਤ ਔਰਤਾਂ ਤੇ ਬੱਚੇ ਜ਼ਖਮੀਂ ਹੋਏ ਹਨ।
ਅਫ਼ਗਾਨਿਸਤਾਨ ਦੇ ਸਵਾਤ ਇਲਾਕੇ ਵਿੱਚ ਤਾਲਿਬਾਨ ਦਾ ਦਬਦਬਾ ਹੈ ਜਦ ਕਿ ਇਸਲਾਮਿਕ ਸਟੇਟ ਦਾ ਬਹੁਤ ਥੋੜ੍ਹੇ ਜ਼ਿਲ੍ਹਿਆਂ 'ਤੇ ਦਬਦਬਾ ਹੈ।
ਇਹ ਦੋਵੇ ਇੱਕ-ਦੂਜੇ ਨਾਲ ਵੀ ਉਲਝਦੇ ਰਹਿੰਦੇ ਹਨ ਤੇ ਇਨ੍ਹਾਂ ਨੇ ਸਾਰੇ ਦੇਸ ਵਿੱਚ ਹੀ ਧਮਾਕੇ ਕਰ ਸਕਣ ਦੀ ਸਮਰੱਥਾ ਦਿਖਾਈ ਹੈ।