ਇੱਥੇ ਅੰਤਿਮ ਸੰਸਕਾਰ ਵੇਲੇ ਨੱਚਣ ਵਾਲੀਆਂ ਕਿਉਂ ਬੁਲਾਈਆਂ ਜਾਦੀਆਂ?

ਤਾਇਵਾਨ ਵਿੱਚ ਇੱਕ ਅਰਥੀ ਦੇ ਨਾਲ ਪੋਲ ਡਾਂਸਰਾਂ ਨੇ ਪ੍ਰਦਰਸ਼ਨ ਕੀਤਾ।

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ,

ਤਾਇਵਾਨ ਵਿੱਚ ਇੱਕ ਅਰਥੀ ਦੇ ਨਾਲ ਪੋਲ ਡਾਂਸਰਾਂ ਨੇ ਪ੍ਰਦਰਸ਼ਨ ਕੀਤਾ।

ਚੀਨ ਦੇ ਕੁਝ ਹਿੱਸਿਆਂ ਵਿੱਚ ਅਰਥੀ ਦੇ ਨਾਲ ਕਈ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣ।

ਸਪੀਕਰਾਂ 'ਤੇ ਉੱਚੀ-ਉੱਚੀ ਆਵਾਜ਼ ਵਿੱਚ ਵਜਦਾ ਸੰਗੀਤ। ਨੱਚਣ ਵਾਲੀਆਂ ਨੂੰ ਦੇਖ ਸੀਟੀਆਂ ਮਾਰਦੇ ਲੋਕ।

ਇਹ ਰਸਮ ਚੀਨੀ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਅਤੇ ਪਿੰਡਾਂ ਵਿੱਚ ਵਧੇਰੇ ਦਿਖਦੀ ਹੈ।

ਚੀਨ ਵਿੱਚ ਇਸ ਸਾਲ ਦੀ ਸ਼ੁਰੂਆਤ ਵਿੱਚ ਨੱਚਣ ਵਾਲੀਆਂ (ਸਟਰਿਪਟੀਜ਼) ਦੇ ਨਾਚ ਨੂੰ ਅਰਥੀਆਂ, ਵਿਆਹਾਂ ਤੇ ਧਰਮਿਕ ਸਥਾਨਾਂ 'ਤੇ 'ਅਸ਼ਲੀਲ ਤੇ ਭੱਦਾ' ਕਹਿ ਕੇ ਰੋਕ ਲਾ ਦਿੱਤੀ ਗਈ ਹੈ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪ੍ਰਸ਼ਾਸ਼ਨ ਨੇ ਇਸ ਰਸਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਹਾਲੇ ਤੱਕ ਵਧੇਰੇ ਸਫ਼ਲਤਾ ਨਹੀਂ ਮਿਲ ਸਕੀ।

ਅੰਤਮ ਯਾਤਰਾ ਦੌਰਾਨ ਡਾਂਸਰਾਂ ਕਿਉਂ ਬੁਲਾਈਆਂ ਜਾਂਦੀਆਂ?

ਇੱਕ ਤਰਕ ਤਾਂ ਇਹ ਹੈ ਕਿ ਅਰਥੀ ਨਾਲ ਆਉਣ ਵਾਲਿਆਂ ਨੂੰ ਮਰਨ ਵਾਲੇ ਲਈ ਇੱਜ਼ਤ ਵਜੋਂ ਦੇਖਿਆ ਜਾਂਦਾ ਹੈ।

ਫੁਜੀਆਨ ਨਾਰਮਲ ਯੂਨੀਵਰਸਿਟੀ ਦੇ ਪ੍ਰੋਫੈਸਰ ਖਵਾਂਗ ਜੇਇਨਸ਼ਿੰਗ ਨੇ ਗਲੋਬਲ ਟਾਈਮਜ਼ ਨੂੰ ਦੱਸਿਆ, "ਕੁਝ ਸਥਾਨਕ ਪਰੰਪਰਾਵਾਂ ਵਿੱਚ ਉਤੇਜਕ ਨਾਚ ਨੂੰ ਮਰਨ ਵਾਲੇ ਦੀਆਂ ਜ਼ਿਆਦਾ ਔਲਾਦਾਂ ਲਈ ਦੁਆਵਾਂ ਵਜੋਂ ਦੇਖਿਆ ਜਾਂਦਾ ਹੈ।"

ਇਸ ਨਾਚ ਨੂੰ ਪ੍ਰਜਨਣ ਦੀ ਪੂਜਾ ਵਜੋਂ ਦੇਖਿਆ ਜਾਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚੀਨ ਦੀ ਸਰਕਾਰ ਵੱਲੋਂ ਅੰਤਿਮ ਸੰਸਕਾਰ ਦੇ ਸਮੇਂ ਨੱਚਣ ਵਾਲੀਆਂ ਨੂੰ ਬੁਲਾਉਣ ਤੋਂ ਰੋਕਣ ਲਈ ਸਖ਼ਤੀ ਕੀਤੀ ਜਾ ਰਹੀ ਹੈ।

ਇੱਕ ਅਸਲੀ ਵਜ੍ਹਾ ਤਾਂ ਇਹ ਹੈ ਕਿ ਨੱਚਣ ਵਾਲੀਆਂ ਨੂੰ ਬੁਲਾਉਣਾ ਅਮੀਰ ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

ਗਲੋਬਲ ਟਾਈਮਜ਼ ਮੁਤਾਬਕ, "ਚੀਨ ਦੇ ਪੇਂਡੂ ਇਲਾਕਿਆਂ ਵਿੱਚ ਪਰਿਵਾਰ ਵਾਲਿਆਂ, ਸੋਗ ਮਨਾਉਣ ਵਾਲਿਆਂ ਦੇ ਮਨੋਰੰਜਨ ਲਈ ਗਾਇਕਾਂ, ਕਲਾਕਾਰਾਂ, ਨੱਚਣ ਵਾਲੀਆਂ, ਕਮੇਡੀਅਨਾਂ ਨੂੰ ਬੁਲਾਉਣ ਦੀ ਰਸਮ ਆਮ ਹੈ। ਇਸ ਦੌਰਾਨ ਸਾਲਾਨਾ ਆਮਦਨੀ ਤੋਂ ਕਈ ਗੁਣਾਂ ਜ਼ਿਆਦਾ ਖ਼ਰਚ ਕੀਤਾ ਜਾਂਦਾ ਹੈ।"

ਇਹ ਰਸਮ ਸ਼ੁਰੂ ਕਿੱਥੋਂ ਹੋਈ?

ਇਹ ਮੁੱਖ ਤੌਰ 'ਤੇ ਚੀਨ ਦੇ ਪੇਂਡੂ ਇਲਾਕਿਆਂ ਵਿੱਚ ਨਿਭਾਈ ਜਾਂਦੀ ਹੈ। ਇਸ ਤੋਂ ਵਧੇਰੇ ਇਹ ਤਾਇਵਾਨ ਵਿੱਚ ਦੇਖੀ ਜਾਂਦੀ ਹੈ ਜਿੱਥੋਂ ਇਹ ਸ਼ੁਰੂ ਹੋਈ ਸੀ।

ਯੂਨੀਵਰਸਿਟੀ ਆਫ਼ ਸਾਊਥ ਕੈਰੋਲੀਨਾ ਦੇ ਮਾਨਵ ਵਿਕਾਸ ਦੇ ਪ੍ਰੋਫ਼ੈਸਰ ਮਾਰਕ ਮਾਸਕੋਵਿਟਜ਼ ਨੇ ਬੀਬੀਸੀ ਨੂੰ ਦੱਸਿਆ, "ਤਾਇਵਾਨ ਵਿੱਚ ਇਸ ਰਸਮ ਨੇ 1980 ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।"

"ਤਾਇਵਾਨ ਵਿੱਚ ਤਾਂ ਇਹ ਰਸਮ ਆਮ ਹੋ ਚੁੱਕੀ ਹੈ ਪਰ ਚੀਨ ਵਿੱਚ ਸਰਕਾਰ ਇਸ ਬਾਰੇ ਸਖ਼ਤ ਹੈ ਅਤੇ ਕਈ ਲੋਕਾਂ ਨੇ ਤਾਂ ਇਸ ਬਾਰੇ ਕਦੇ ਸੁਣਿਆ ਹੀ ਨਹੀਂ ਹੈ।"

ਤਸਵੀਰ ਸਰੋਤ, AFP

ਉੱਥੇ ਵੀ ਇਹ ਵੱਡੇ ਸ਼ਹਿਰਾਂ ਵਿੱਚ ਆਮ ਨਹੀਂ ਹੈ। ਮਾਰਕ ਮਾਸਕੋਵਿਟਜ਼ ਦਸਦੇ ਹਨ, "ਅੰਤਿਮ ਸੰਸਕਾਰ ਦੇ ਸਮੇਂ ਨੱਚਣ ਵਾਲੀਆਂ ਨੂੰ ਬੁਲਾਉਣ ਦਾ ਮਾਮਲਾ ਕਾਨੂੰਨੀ ਅਤੇ ਗੈਰ-ਕਾਨੂੰਨੀ ਗਤੀਵਿਧੀ ਦੇ ਵਿਚਕਾਰਲਾ ਕੰਮ ਹੈ। ਸ਼ਹਿਰੀ ਇਲਾਕਿਆਂ ਵਿੱਚ ਇਨ੍ਹਾਂ ਦੀ ਵਰਤੋਂ ਘੱਟ ਹੀ ਹੁੰਦੀ ਹੈ ਪਰ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਵਿੱਚ ਇਹ ਰਸਮ ਆਮ ਦਿਖਦੀ ਹੈ।"

ਪਿਛਲੇ ਸਾਲ ਤਾਇਵਾਨ ਦੇ ਦੱਖਣੀ ਸ਼ਹਿਰ ਜਿਯਾਈ ਵਿੱਚ ਇੱਕ ਅੰਤਿਮ ਸੰਸਕਾਰ ਵਿੱਚ 50 ਪੋਲ ਡਾਂਸਰਾਂ ਨੇ ਹਿੱਸਾ ਲਿਆ।

ਉਹ ਜੀਪਾਂ ਦੀਆਂ ਛੱਤਾਂ 'ਤੇ ਨੱਚ ਰਹੀਆਂ ਸਨ। ਇਹ ਕਿਸੇ ਸਥਾਨਕ ਆਗੂ ਦਾ ਸੰਸਕਾਰ ਸੀ।

ਪਰਿਵਾਰ ਵਾਲਿਆਂ ਮੁਤਾਬਕ ਉਨ੍ਹਾਂ ਨੇ ਸੁਫ਼ਨੇ ਵਿੱਚ ਆ ਕੇ ਕਿਹਾ ਸੀ ਕਿ ਉਹ, ਰੰਗਾ-ਰੰਗ ਅੰਤਿਮ ਰਸਮਾਂ ਦੇ ਚਾਹਵਾਨ ਸਨ।

ਸਰਕਾਰ ਦੀ ਸਖ਼਼ਤੀ

ਇਸ ਪਰੰਪਰਾ ਦੇ ਖਿਲਾਫ਼ ਹਾਲ ਫਿਲਹਾਲ ਵਿੱਚ ਹੋਈ ਸਖ਼ਤੀ ਹੈਰਾਨ ਕਰਨ ਵਾਲੀ ਨਹੀਂ ਹੈ।

ਚੀਨੀ ਸਰਕਾਰ ਇਹ ਕੋਸ਼ਿਸ਼ ਕਈ ਸਾਲਾਂ ਤੋਂ ਕਰ ਰਹੀ ਹੈ।

ਚੀਨ ਦੇ ਸੱਭਿਆਚਾਰਕ ਮੰਤਰਾਲੇ ਨੇ ਇਸ ਰਸਮ ਨੂੰ ਗੈਰ-ਸੱਭਿਅਕ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅਰਥੀ ਵੇਲੇ ਨੱਚਣ ਵਾਲੀਆਂ ਬੁਲਾਉਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਤਸਵੀਰ ਸਰੋਤ, WIEBO

ਮਾਰਕ ਮਾਸਕੋਵਿਟਜ਼ ਦਸਦੇ ਹਨ, "ਚੀਨ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਰਾਹ ਦਿਖਾਉਣ ਵਾਲਿਆਂ ਦੀ ਭੂਮਿਕਾ ਵਿੱਚ ਦੇਖਦੀ ਹੈ।"

ਉਹ ਇਹ ਵੀ ਕਹਿੰਦੇ ਹਨ ਕਿ ਇਸ ਰਸਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੋਵੇਗਾ।

ਸਾਲ 2006 ਵਿੱਚ ਜਿਆਂਗਸੂ ਸੂਬੇ ਦੇ ਇੱਕ ਕਿਸਾਨ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਇਕੱਠੇ ਹੋਏ ਸਨ।

ਇਸ ਦੌਰਾਨ ਨੱਚਣ ਵਾਲੀਆਂ ਵੀ ਬੁਲਾਈਆਂ ਗਈਆਂ ਸਨ ਤੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸਾਲ 2015 ਵਿ੍ੱਚ ਵੀ ਸੋਸ਼ਲ ਮੀਡੀਆ ਰਾਹੀਂ ਅਸ਼ਲੀਲ ਪੇਸ਼ਕਾਰੀ ਦਾ ਮਾਮਲਾ ਸਾਹਮਣੇ ਆਉਣ ਨਾਲ ਪੁਲਿਸ ਨੇ ਪ੍ਰਬੰਧਕਾਂ ਨੂੰ ਗ੍ਰਿਫ਼ਾਤਾਰ ਕੀਤਾ ਸੀ ਤੇ ਕਲਾਕਾਰਾਂ ਨੂੰ ਸਜ਼ਾ ਲਾਈ ਸੀ।

ਸੱਭਿਆਚਾਰਕ ਮੰਤਰਾਲੇ ਦੀ ਨਵੀਂ ਮੁਹਿੰਮ ਵਿੱਚ ਹੇਨਨ, ਏਨਖਵੇ, ਜਿਆਂਗਸੂ ਅਤੇ ਖਬੇ ਸੂਬਿਆਂ ਵਿੱਚ ਖ਼ਾਸ ਸਖ਼ਤੀ ਕੀਤੀ ਜਾਵੇਗੀ।

ਇਹ ਸਾਫ਼ ਨਹੀਂ ਹੈ ਕਿ ਇਹ ਰਸਮ ਕਦੇ ਪੂਰੀ ਤਰ੍ਹਾਂ ਖਤਮ ਹੋਵੇਗੀ ਜਾਂ ਨਹੀਂ ਪਰ ਇਹ ਸਾਫ਼ ਹੈ ਕਿ ਚੀਨ ਦੀ ਸਰਕਾਰ ਇਸ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਵੀ ਜਾਰੀ ਰੱਖੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)