ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਕਾਬੁਲ 'ਚ ਸੋਗ ਕਿਉਂ?

ਸ਼੍ਰੀਦੇਵੀ Image copyright Getty Images

ਸ਼੍ਰੀਦੇਵੀ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਇੱਕ ਬਿਹਤਰੀਨ ਅਦਾਕਾਰਾ ਵਜੋਂ ਜਾਣੀ ਗਈ।

ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਅਫ਼ਗਾਨਿਸਤਾਨ ਤੋਂ ਸ਼੍ਰੀਦੇਵੀ ਦੇ ਪ੍ਰਸ਼ੰਸਕਾਂ ਨਾਲ ਬੀਬੀਸੀ ਦੇ ਅਫ਼ਗ਼ਾਨਿਸਤਾਨ ਵਿੱਚ ਪੱਤਰਕਾਰ ਆਰੀਆ ਅਹਿਮਦਜਾਈ ਨੇ ਗੱਲ ਕੀਤੀ।

ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੀਦੇਵੀ ਦੀ ਅਚਾਨਕ ਮੌਤ ਨਾਲ ਕਾਫ਼ੀ ਦੁੱਖ ਪਹੁੰਚਿਆ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਮਸ਼ਾਲ ਉੱਲ ਹੱਕ ਨੇ ਕਿਹਾ, "ਉਨ੍ਹਾਂ ਦੀ ਮੌਤ ਦੀ ਖ਼ਬਰ ਭਾਰਤ ਹੀ ਨਹੀਂ ਬਲਕਿ ਅਫ਼ਗ਼ਾਨਿਸਤਾਨ ਲਈ ਵੀ ਦੁੱਖ ਭਰੀ ਸੀ।"

ਉਨ੍ਹਾਂ ਕਿਹਾ, "ਇੱਕ ਅਦਾਕਾਰ ਜਾਂ ਤਾਂ ਸਿਰਫ਼ ਚੰਗਾ ਦਿੱਖ ਸਕਦਾ ਹੈ ਤੇ ਜਾਂ ਉਹ ਚੰਗੀ ਅਦਾਕਾਰੀ ਕਰ ਸਕਦਾ ਹੈ ਪਰ ਸ਼੍ਰੀਦੇਵੀ ਵਿੱਚ ਇਹ ਦੋਵੇਂ ਚੀਜ਼ਾਂ ਮੌਜੂਦ ਸਨ।"

ਉਨ੍ਹਾਂ ਕਿਹਾ ਕਿ ਉਹ ਲੋਕ 1980 ਦੇ ਦਹਾਕੇ ਤੋਂ ਹੀ ਸ਼੍ਰੀਦੇਵੀ ਨੂੰ ਚਾਹੁੰਦੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਜਿਵੇਂ ਨਗੀਨਾ, ਚਾਂਦਨੀ ਕਾਫ਼ੀ ਪਸੰਦ ਕੀਤੀਆਂ ਗਈਆਂ।

"ਸ਼੍ਰੀਦੇਵੀ ਦੀ ਫ਼ਿਲਮ ਖ਼ੁਦਾ ਗਵਾਹ ਅਫ਼ਗ਼ਾਨਿਸਤਾਨ ਵਿੱਚ ਕਾਫ਼ੀ ਪਸੰਦ ਕੀਤੀ ਗਈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਅਫ਼ਗ਼ਾਨਿਸਤਾਨ ਵਿੱਚ ਹੋਈ ਸੀ। ਦੱਸਿਆ ਜਾਂਦਾ ਹੈ ਅਫ਼ਗ਼ਾਨਿਸਤਾਨ ਦੇ ਲੋਕ ਪੋਸਟਰ ਲੈ ਕੇ ਸ਼੍ਰੀਦੇਵੀ ਦੀ ਉਡੀਕ ਕਰਦੇ ਸਨ।"

ਉਨ੍ਹਾਂ ਕਿਹਾ ਕਿ ਸ਼੍ਰੀਦੇਵੀ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ।

ਉਮਰ ਅਮੀਨ ਦਾ ਕਹਿਣਾ ਹੈ, "ਮੇਰੀ ਪਤਨੀ ਸ਼੍ਰੀਦੇਵੀ ਨੂੰ ਬਹੁਤ ਪਸੰਦ ਕਰਦੀ ਸੀ।

ਉਨ੍ਹਾਂ ਕਿਹਾ, "ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੀ ਪਤਨੀ ਨੂੰ ਇਹ ਖ਼ਬਰ ਸੁਣਾਵਾਂ। ਪਰ ਮੇਰੇ ਪੁੱਤਰ ਨੇ ਮੇਰੀ ਪਤਨੀ ਨੂੰ ਇਹ ਖ਼ਬਰ ਸੁਣਾਈ।"

ਅਮੀਨ ਨੇ ਕਿਹਾ, "ਮੇਰੇ ਪੁੱਤਰ ਕਿਹਾ ਕਿ ਮਾਂ ਮੈਂ ਤੁਹਾਨੂੰ ਐਸੀ ਖ਼ਬਰ ਸੁਣਾਵਾਂਗਾ ਕਿ ਤੁਹਾਨੂੰ ਚੱਕਰ ਆ ਜਾਵੇਗਾ। ਜਦੋਂ ਮੇਰੇ ਪੁੱਤਰ ਨੇ ਇਹ ਖ਼ਬਰ ਸੁਣਾਈ ਤਾਂ ਮੇਰੀ ਪਤਨੀ ਨੂੰ ਬਹੁਤ ਸਦਮਾ ਲੱਗਿਆ।"

ਉਨ੍ਹਾਂ ਕਿਹਾ ਕਿ ਮੇਰੀ ਪਤਨੀ ਜਦੋਂ 12 ਸਾਲ ਦੀ ਸੀ ਤਾਂ ਉਸ ਨੇ ਸ਼੍ਰੀਦੇਵੀ ਦੀ ਫੋਟੋ ਐਲਬਮ ਵੀ ਬਣਾਈ ਸੀ।

"ਮੇਰੀ ਪਤਨੀ ਦੱਸਦੀ ਹੈ ਜਿਸ ਕੋਲ ਸ਼੍ਰੀਦੇਵੀ ਦੀਆਂ ਜ਼ਿਆਦਾ ਫੋਟੋਆਂ ਹੁੰਦੀਆਂ ਸਨ ਉਸ ਨੂੰ ਅਮੀਰ ਕਿਹਾ ਜਾਂਦਾ ਸੀ।"

ਉਨ੍ਹਾਂ ਕਿਹਾ ਕਿ ਇਨ੍ਹਾਂ ਫੋਟੋਆਂ ਨਾਲ ਬਹੁਤ ਸਾਰੀਆਂ ਕਹਾਣੀਆਂ ਵੀ ਜੁੜੀਆਂ ਹਨ।

"ਜਦੋਂ ਸਾਡੇ ਦੇਸ ਵਿੱਚ ਸਿਨੇਮਾ 'ਤੇ ਪਾਬੰਦੀ ਸੀ ਤਾਂ ਮੇਰੀ ਪਤਨੀ ਸ਼੍ਰੀਦੇਵੀ ਦੀਆਂ ਫੋਟੋਆਂ ਲੁਕਾ ਕੇ ਰੱਖਦੀ ਸੀ।"

ਅਮੀਨ ਨੇ ਕਿਹਾ ਉਨ੍ਹਾਂ ਕੋਲ ਇਹ ਤਸਵੀਰਾਂ 30 ਸਾਲ ਤੋਂ ਵੀ ਪੁਰਾਣੀਆਂ ਹਨ। ਸਿਨੇਮਾ 'ਤੇ ਪਾਬੰਦੀ ਸਮੇਂ ਲੋਕ ਸ਼੍ਰੀਦੇਵੀ ਦੀਆਂ ਫ਼ਿਲਮਾਂ ਚੋਰੀ-ਚੋਰੀ ਦੇਖਦੇ ਸਨ।

ਉਨ੍ਹਾਂ ਕਿਹਾ, "ਸਾਨੂੰ ਇਸ ਤਰ੍ਹਾਂ ਲਗਦਾ ਹੈ ਕਿ ਸ਼੍ਰੀਦੇਵੀ ਸਾਡੀ ਆਪਣੀ ਸੀ ਤੇ ਉਹ ਹੁਣ ਚੱਲ ਵਸੀ। ਸਾਨੂੰ ਇਕੱਲਿਆਂ ਛੱਡ ਗਈ।"

ਪਲਵਾਸ਼ਾ ਕਿਯਾਮ ਕਹਿੰਦੇ ਹਨ, "ਮੈਨੂੰ ਉਸ ਦੀਆਂ ਅੱਖਾਂ ਅਤੇ ਉਸ ਦੀ ਕਾਮੇਡੀ ਬਹੁਤ ਪਸੰਦ ਹੈ। ਸ਼੍ਰੀਦੇਵੀ ਸਾਡੇ ਸਾਰੇ ਪਰਿਵਾਰ ਦੀ ਚਹੇਤੀ ਅਦਾਕਾਰਾ ਸੀ।

ਕਿਯਾਮ ਮੁਤਾਬਕ ਉਨ੍ਹਾਂ ਨੂੰ ਚਾਂਦਨੀ ਫ਼ਿਲਮ ਦੇ ਗਾਣੇ ਬਹੁਤ ਪਸੰਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)