#MosqueMeToo : ‘ਮੱਕਾ ਵਿੱਚ ਮੇਰਾ ਜਿਨਸੀ ਸ਼ੋਸ਼ਣ ਹੋਇਆ’

ਐਂਜੀ

ਬਰਤਾਨੀਆ ਦੀ ਨਾਗਰਿਕ ਐਂਜੀ ਐਂਗੇਨੀ ਨੇ ਕਿਹਾ ਹੈ ਕਿ 2010 ਵਿੱਚ ਹੱਜ ਦੌਰਾਨ ਮੱਕਾ ਵਿੱਚ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮਸਜਿਦ ਅੱਲ-ਹਰਮ ਦੇ ਬਾਹਰ ਸੁਪਰ ਮਾਰਕੀਟ ਵਿੱਚ ਇੱਕ ਬੰਦੇ ਨੇ ਮੇਰੇ ਪ੍ਰਾਈਵੇਟ ਪਾਰਟਸ ਨੂੰ ਛੂਹਿਆ।"

ਉਹ ਅੱਗੇ ਦੱਸਦੀ ਹੈ, "ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਮੇਰੀ ਮਾਂ ਮੇਰੇ ਤੋਂ ਦੋ ਮੀਟਰ ਦੂਰ ਖੜ੍ਹੀ ਸੀ। ਡਰ ਕਾਰਨ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ।"

ਐਂਜੀ ਕਹਿੰਦੀ ਹੈ ਕਿ ਉਨ੍ਹਾਂ ਦੀ ਭੈਣ ਦਾ ਮਸਜਿਦ ਅੱਲ-ਹਰਮ ਦੇ ਅੰਦਰ ਇੱਕ ਗਾਰਡ ਨੇ ਜਿਨਸੀ ਸ਼ੋਸ਼ਣ ਕੀਤਾ।

"ਮੈਂ ਉਸ ਨੂੰ ਝਿੜਕਿਆ ਕਿ ਇਹ ਤੂੰ ਕੀ ਕਰ ਰਿਹਾ ਏਂ। ਤੂੰ ਮੇਰੀ ਭੈਣ ਨੂੰ ਹੱਥ ਨਹੀਂ ਲਗਾ ਸਕਦਾ। ਪੁਲਿਸ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਤੁਸੀਂ ਮਸਜਿਦ ਅੱਲ-ਹਰਮ ਦੇ ਰੱਖਿਅਕ ਹੋ। ਉਸ ਨੇ ਮੇਰੇ ਉੱਤੇ ਹੱਸਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਝਿੜਕ ਰਹੀ ਸੀ ਕਿ ਤੂੰ ਮੇਰੀ ਭੈਣ ਦੇ ਨਾਲ ਕੀ ਕਰ ਰਹਾ ਏਂ ਅਤੇ ਉਹ ਹੱਸ ਰਿਹਾ ਸੀ।"

ਸੋਸ਼ਲ ਮੀਡੀਆ ਉੱਤੇ ਸ਼ਿਕਾਇਤ

ਐਂਜੀ ਪਹਿਲੀ ਔਰਤ ਨਹੀਂ ਹੈ ਜਿਨ੍ਹਾਂ ਨੇ ਪਵਿੱਤਰ ਅਸਥਾਨ ਉੱਤੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਆਪਣਾ ਅਨੁਭਵ ਦੱਸਿਆ ਹੈ।

Image copyright Getty Images

ਇਸ ਦਾ ਸਿਲਸਿਲਾ ਉਸ ਪਾਕਿਸਤਾਨੀ ਔਰਤ ਤੋਂ ਸ਼ੁਰੂ ਹੋਇਆ ਸੀ ਜਿਨ੍ਹਾਂ ਨੇ ਆਪਣੇ ਅਨੁਭਵ ਨੂੰ ਫੇਸਬੁੱਕ ਦੇ ਜ਼ਰੀਏ ਸਾਂਝਾ ਕੀਤਾ ਸੀ।

ਇਸ ਤੋਂ ਬਾਅਦ ਤਾਂ ਅਜਿਹੀਆਂ ਘਟਨਾਵਾਂ ਸਾਂਝੀਆਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮਿਸਰ-ਅਮਰੀਕੀ ਮੂਲ ਦੀ ਨਾਰੀਵਾਦੀ ਅਤੇ ਪੱਤਰਕਾਰ ਮੋਨਾ ਇਲਤਾਹਵੀ ਨੇ ਟਵਿੱਟਰ ਉੱਤੇ ਇਸ ਨੂੰ ਲੈ ਕੇ #MosqueMeToo ਦੀ ਸ਼ੁਰੂਆਤ ਕੀਤੀ।

ਇਸ ਦਾ ਮਕਸਦ ਹੋਰ ਔਰਤਾਂ ਨੂੰ ਆਪਣੀ ਜਿਨਸੀ ਸ਼ੋਸ਼ਣ ਦੀ ਕਹਾਣੀ ਦੱਸਣ ਲਈ ਪ੍ਰੇਰਿਤ ਕਰਨਾ ਸੀ।

ਮੁਸਲਮਾਨ ਔਰਤਾਂ ਨੇ ਇਸ ਹੈਸ਼ਟੈਗ ਦਾ ਇਸਤੇਮਾਲ ਕੀਤਾ ਅਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਨੂੰ 2 ਹਜ਼ਾਰ ਵਾਰ ਟਵੀਟ ਵਿੱਚ ਇਸਤੇਮਾਲ ਕੀਤਾ ਗਿਆ।

ਵੱਖ ਵੱਖ ਦੇਸਾਂ ਦੀਆਂ ਮੁਸਲਮਾਨ ਔਰਤਾਂ ਨੇ ਹੈਸ਼ਟੈਗ #MosqueMeToo ਦੇ ਜ਼ਰੀਏ ਹੱਜ ਅਤੇ ਦੂਜੀਆਂ ਧਾਰਮਿਕ ਯਾਤਰਾਵਾਂ ਦੌਰਾਨ ਆਪਣੇ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਸ਼ੇਅਰ ਕਰ ਰਹੀਆਂ ਹਨ।

ਕਈ ਔਰਤਾਂ ਨੇ ਟਵਿੱਟਰ ਉੱਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਜਿਸਮ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਗ਼ਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)