ਸ੍ਰੀ ਲੰਕਾ ਵਿੱਚ ਸਰਕਾਰ ਨੇ ਕਿਉਂ ਲਾਈ 10 ਦਿਨਾਂ ਲਈ ਐਮਰਜੈਂਸੀ

ਸ੍ਰੀ ਲੰਕਾ

ਮੁਸਲਮਾਨ ਵਿਰੋਧੀ ਦੰਗਿਆਂ ਤੋਂ ਬਾਅਦ ਅੱਜ ਸ੍ਰੀ ਲੰਕਾ ਵਿੱਚ ਮੰਤਰੀ ਮੰਡਲ ਨੇ ਮੁਲਕ ਵਿੱਚ ਐਮਰਜੈਂਸੀ ਲਾਉਣ ਲਈ ਸਹਿਮਤੀ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਇਨ੍ਹਾਂ ਦੰਗਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਮਸਜਿਦਾਂ ਬਰਬਾਦ ਕਰ ਦਿੱਤੀਆਂ ਗਈਆਂ ਸਨ।

ਸਰਕਾਰ ਮੁਤਾਬਕ ਇਹ ਐਮਰਜੈਂਸੀ ਲਾਉਣ ਦਾ ਫ਼ੈਸਲਾ ਮੁਸਲਮਾਨ ਵਿਰੋਧੀ ਦੰਗਿਆਂ ਦਬਾਉਣ ਲਈ ਕੀਤਾ ਗਿਆ ਹੈ।

ਕੈਂਡੀ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਬੋਧ ਧਰਮ ਨੂੰ ਮੰਨਣ ਵਾਲੇ ਸਿੰਹਾਲਾ ਲੋਕਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਅੱਗ ਲਾ ਦਿੱਤੀ।

ਇੱਕ ਸੜੀ ਹੋਈ ਇਮਾਰਤ ਵਿੱਚੋਂ ਇੱਕ ਮੁਸਲਮਾਨ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸ੍ਰੀ ਲੰਕਾ ਵਿੱਚ ਪੁਲਿਸ ਨੂੰ ਬਦਲੇ ਦੀ ਕਾਰਵਾਈ ਦਾ ਸ਼ੱਕ ਹੈ।

ਕੁਝ ਹਫ਼ਤੇ ਪਹਿਲਾਂ ਟਰੈਫ਼ਿਕ ਲਾਈਟਾਂ ਉੱਤੇ ਹੋਏ ਝਗੜੇ ਤੋਂ ਬਾਅਦ ਕੁਝ ਮੁਸਲਮਾਨਾਂ ਨੇ ਇੱਕ ਬੋਧੀ ਨੌਜਵਾਨ ਦੀ ਕੁੱਟ ਮਾਰ ਕੀਤੀ ਸੀ ਅਤੇ ਉਸੇ ਦਿਨ ਤੋਂ ਉੱਥੇ ਤਣਾਅ ਬਣਿਆ ਹੋਇਆ ਹੈ।

ਸ਼ਹਿਰੀ ਯੋਜਨਾ ਮੰਤਰੀ, ਰੌਫ਼ ਹਕੀਮ ਨੇ ਕਿਹਾ ਹੈ, "ਕੈਬਿਨੇਟ ਵਿੱਚ ਮੰਤਰੀਆਂ ਨੇ ਸਖ਼ਤ ਕਦਮ ਚੁੱਕਣ ਦੀ ਗੱਲ ਰੱਖੀ ਹੈ। ਇਸ ਵਿੱਚ 10 ਦਿਨਾਂ ਦੀ ਦੇਸ ਭਰ 'ਚ ਐਮਰਜੈਂਸੀ ਵੀ ਸ਼ਾਮਿਲ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)