ਕੀ ਹੈ 'ਇਮਾਰਤਸਾਜ਼ੀ ਦੇ ਨੋਬਲ ਪੁਰਸਕਾਰ' ਦਾ ਚੰਡੀਗੜ੍ਹ ਕਨੈਕਸ਼ਨ?

ਬਾਲਕਰਿਸ਼ਨ ਦੋਸ਼ੀ Image copyright COURTESY: VSF

90 ਸਾਲਾ ਭਾਰਤੀ ਇਮਾਰਤਸਾਜ਼ ਬਾਲਕ੍ਰਿਸ਼ਨ ਦੋਸ਼ੀ ਨੂੰ ਸਸਤੀ ਕੀਮਤ ਵਾਲੀ ਇਮਾਰਤ ਕਲਾ ਵਿੱਚ ਆਪਣੇ ਯੋਗਦਾਨ ਲਈ ਅਮਰੀਕਾ ਦੇ ਵਕਾਰੀ ਪਰਿਟਜ਼ਕਰ ਪੁਰਸਕਾਰ ਲਈ ਚੁਣਿਆ ਗਿਆ ਹੈ।

ਇਮਾਰਤਸਾਜ਼ੀ ਦਾ ਇੱਕ ਤਰ੍ਹਾਂ ਨਾਲ ਨੋਬਲ ਇਨਾਮ ਮੰਨਿਆ ਜਾਣ ਵਾਲਾ ਇਹ ਪੁਰਸਕਾਰ ਜਿੱਤਣ ਵਾਲੇ ਬਾਲਕ੍ਰਿਸ਼ਨ ਦੋਸ਼ੀ ਪਹਿਲੇ ਭਾਰਤੀ ਹਨ।

ਫਰਾਂਸ ਦੇ ਉੱਘੇ ਇਮਾਰਤਸਾਜ਼ ਤੇ ਚੰਡੀਗੜ੍ਹ ਦੇ ਨਿਰਮਾਣਕਾਰ ਲੀ ਕਾਰਬੂਜ਼ੀਏ ਨਾਲ ਕੰਮ ਕਰਨ ਲਈ 1950 ਵਿੱਚ ਪੈਰਿਸ ਜਾਣ ਤੋਂ ਪਹਿਲਾਂ ਬਾਲਕ੍ਰਿਸ਼ਨ ਦੋਸ਼ੀ ਨੇ ਮੁੰਬਈ ਵਿੱਚ ਪੜ੍ਹਾਈ ਕੀਤੀ।

Image copyright KRYSTOF KRIZ
ਫੋਟੋ ਕੈਪਸ਼ਨ ਬਾਲਕ੍ਰਿਸ਼ਨ ਦੋਸ਼ੀ ਨੇ ਚੰਡੀਗੜ੍ਹ ਦੀ ਡਿਜ਼ਾਈਨਿੰਗ ਵਿੱਚ ਲੀ ਕਾਰਬੂਜ਼ੀਏ ਨਾਲ ਮਿਲ ਕੇ ਕੰਮ ਕੀਤਾ।

ਉਨ੍ਹਾਂ ਨੂੰ ਇੱਕ ਲੱਖ ਡਾਲਰ ਦੀ ਇਨਾਮ ਰਾਸ਼ੀ ਵਾਲਾ ਇਹ ਪੁਰਸਕਾਰ ਮਈ ਵਿੱਚ ਟੋਰਾਂਟੋ ਵਿੱਚ ਇੱਕ ਸਮਾਗਮ ਦੌਰਾਨ ਦਿੱਤਾ ਜਾਵੇਗਾ।

ਉਨ੍ਹਾਂ ਤੋਂ ਪਹਿਲਾਂ ਇਹ ਇਨਾਮ ਓਪੇਰਾ ਸਿਡਨੀ ਹਾਊਸ ਦੇ ਡਿਜ਼ਾਈਨਰ ਜ਼ੋਰਨ ਉਤਜ਼ਨ ਅਤੇ ਬ੍ਰਾਜ਼ੀਲ ਦੇ ਓਸਕਰ ਨਿਮਾਇਰ ਅਤੇ ਬਰਤਾਨਵੀ-ਇਰਾਕੀ ਇਮਾਰਤਸਾਜ਼ ਜ਼ਹਾ ਹਦੀਦ ਨੂੰ ਮਿਲ ਚੁੱਕਿਆ ਹੈ।

ਜਿਊਰੀ ਨੇ ਲਿਖਿਆ ਕਿ ਦੋਸ਼ੀ, "ਲਗਾਤਾਰ ਦਰਸਾਉਂਦੇ ਹਨ ਕਿ ਵਧੀਆ ਇਮਾਰਤ ਕਲਾ ਅਤੇ ਸ਼ਹਿਰੀ ਯੋਜਨਾਬੰਦੀ ਨੂੰ ਨਾ ਸਿਰਫ਼ ਮੰਤਵ ਅਤੇ ਇਮਾਰਤ ਨੂੰ ਇੱਕ ਰੂਪ ਵਜੋਂ ਪੇਸ਼ ਕਰੇ ਸਗੋਂ ਪੌਣ-ਪਾਣੀ, ਸਥਿਤੀ, ਤਕਨੀਕ ਅਤੇ ਕਲਾ ਨੂੰ ਪ੍ਰਸੰਗ ਦੀ ਗਹਿਰੀ ਸਮਝ ਸਹਿਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ।"

"ਪ੍ਰੋਜੈਕਟ, ਕੰਮ-ਸਾਰੂ ਹੋਣ ਤੋਂ ਅਗਾਂਹ ਵਧ ਕੇ ਕਾਵਿਕ ਅਤੇ ਦਾਰਸ਼ਨਿਕ ਆਧਾਰਾਂ ਰਾਹੀਂ ਮਨੁੱਖੀ ਰੂਹ ਨਾਲ ਇੱਕ-ਮਿੱਕ ਹੋਣੇ ਚਾਹੀਦੇ ਹਨ।"

Image copyright COURTESY: VSF
ਫੋਟੋ ਕੈਪਸ਼ਨ ਇੰਡੀਅਨ ਇਨਸਟੀਚੀਊਟ ਆਫ਼ ਮੈਨੇਜਮੈਂਟ ਭਾਰਤ ਦੇ ਰਵਾਇਤੀ ਸ਼ਹਿਰਾਂ ਤੇ ਮੰਦਰਾਂ ਦੀ ਭਵਨ ਨਿਰਮਾਣ ਕਲਾ ਤੋਂ ਪ੍ਰੇਰਿਤ ਸੀ

ਏਐਫਪੀ ਖ਼ਬਰ ਏਜੰਸੀ ਮੁਤਾਬਕ, ਦੋਸ਼ੀ ਨੇ ਜਿਊਰੀ ਦਾ ਧੰਨਵਾਦ ਕਰਦਿਆਂ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਕੰਮ, "ਮੇਰੀ ਜ਼ਿੰਦਗੀ, ਦਰਸ਼ਨ ਦਾ ਵਾਧਾ ਅਤੇ ਇਮਾਰਤਸਾਜ਼ੀ ਦਾ ਖਜ਼ਾਨਾ ਸਿਰਜਣ ਦੇ ਸੁਫ਼ਨੇ ਹਨ।"

ਸਾਡੇ ਆਲੇ-ਦੁਆਲੇ ਦੀ ਹਰ ਵਸਤੂ ਅਤੇ ਕੁਦਰਤ ਖ਼ੁਦ-ਰੌਸ਼ਨੀਆਂ, ਆਕਾਸ਼, ਪਾਣੀ ਅਤੇ ਝੱਖੜ-ਸਾਰਾ ਕੁਝ ਹੀ ਇੱਕਸੁਰਤਾ ਵਿੱਚ ਹਨ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਦੋਸ਼ੀ ਨੂੰ ਵਧਾਈ ਦਿੱਤੀ।

ਉਨ੍ਹਾਂ ਲਿਖਿਆ, "ਮੰਨੇ-ਪ੍ਰਮੰਨੇ ਇਮਾਰਤਸਾਜ਼ ਬਾਲਕਰਿਸ਼ਨ ਦੋਸ਼ੀ ਨੂੰ ਵਕਾਰੀ ਪਰਿਟਜ਼ਕਰ ਪੁਰਸਕਾਰ ਜਿੱਤਣ ਲਈ ਮੁਬਾਰਕਬਾਦ। ਇਹ ਉਨ੍ਹਾਂ ਦੇ ਮਾਅਰਕੇ ਵਾਲੇ ਕੰਮ ਲਈ ਢੁਕਵਾਂ ਸਨਮਾਨ ਹੈ, ਦਹਾਕਿਆਂ ਵਿੱਚ ਫੈਲੇ ਅਤੇ ਸਮਾਜ ਲਈ ਵਿਲੱਖਣ ਯੋਗਦਾਨ ਪਾਇਆ ਹੈ।"

ਬਾਲਕ੍ਰਿਸ਼ਨ ਦੋਸ਼ੀ ਨੇ ਇਮਰਤਸਾਜ਼ੀ ਦੇ ਆਪਣੇ ਜੀਵਨ ਵਿੱਚ ਦਰਜਨਾਂ ਇਮਾਰਤਾਂ ਜਿਨ੍ਹਾਂ ਵਿੱਚ ਸੰਸਥਾਵਾਂ, ਬਹੁ-ਮੰਤਵੀ ਕੰਪਲੈਕਸ, ਘਰੇਲੂ ਪ੍ਰੋਜੈਕਟ, ਜਨਤਕ ਥਾਵਾਂ, ਗੈਲਰੀਆਂ ਅਤੇ ਨਿੱਜੀ ਰਿਹਾਇਸ਼ਾਂ ਡਿਜ਼ਾਈਨ ਕੀਤੀਆਂ ਹਨ।

ਉਨ੍ਹਾਂ ਨੇ ਬੈਂਗਲੂਰੂ ਵਿੱਚ ਇੱਕ ਮੈਨੇਜਮੈਂਟ ਕਾਲਜ ਅਤੇ ਇੰਦੌਰ ਵਿੱਚ ਇੱਕ ਸਸਤੀਆਂ ਦਰਾਂ ਵਾਲੀ ਹਾਊਸਿੰਗ ਸਕੀਮ ਵੀ ਡਿਜ਼ਾਈਨ ਕੀਤੀ ਹੈ।

Image copyright COURTESY: VSF

ਇੰਦੋਰ ਦੀ ਇਸ ਹਾਊਸਿੰਗ ਕਲੋਨੀ ਵਿੱਚ ਇਸ ਸਮੇਂ 80000 ਲੋਕ ਰਹਿ ਰਹੇ ਹਨ।

ਉਨ੍ਹਾਂ ਨੇ 1954 ਵਿੱਚ ਕਿਹਾ ਸੀ, "ਮੈਂ ਸਮਝਦਾ ਹਾਂ ਕਿ ਮੈਂ ਜੀਵਨ ਭਰ ਗਰੀਬ ਲੋਕਾਂ ਨੂੰ ਕਿਫ਼ਾਇਤੀ ਢੁਕਵੇਂ ਘਰ ਮੁਹੱਈਆ ਕਰਵਾਉਣ ਦੀ ਸਹੁੰ ਖਾ ਲਵਾਂ।"

Image copyright COURTESY: VSF
ਫੋਟੋ ਕੈਪਸ਼ਨ ਦੋਸ਼ੀ ਦਾ ਆਪਣਾ ਘਰ, ਕਮਲਾ ਹਾਊਸ ਜੋ 1959 ਵਿੱਚ ਬਣਾਇਆ ਗਿਆ।

ਆਜ਼ਾਦੀ ਮਗਰੋਂ ਦੋਸ਼ੀ ਪੱਛਮੀ ਤੇ ਭਾਰਤੀ ਇਮਾਰਤ ਕਲਾ ਦਾ ਸੁਮੇਲ ਕਰਨ ਵਾਲੇ ਉੱਘੇ ਇਮਾਰਤਸਾਜ਼ ਵਜੋਂ ਉਭਰੇ।

ਦੋਸ਼ੀ ਨੇ 1947 ਵਿੱਚ ਇਮਾਰਤਸਾਜ਼ੀ ਦੀ ਪੜ੍ਹਾਈ ਮੁੰਬਈ ਦੇ ਪ੍ਰਸਿੱਧ ਸਰ ਜੇ ਜੇ ਸਕੂਲ ਆਫ਼ ਆਰਕੀਟੈਕਟ ਤੋਂ ਸ਼ੁਰੂ ਕੀਤੀ।

Image copyright COURTESY: VSF
ਫੋਟੋ ਕੈਪਸ਼ਨ ਅਹਿਮਦਾਬਾਦ ਵਿੱਚ ਇੰਸਟੀਚਿਊਟ ਆਫ਼ ਇੰਡੋਲੋਜੀ ਨੂੰ ਦੋਸ਼ੀ ਦੇ ਕੁਝ ਬਿਹਤਰੀਨ ਕੰਮਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

ਲੀ ਕਾਰਬੂਜ਼ੀਏ ਨਾਲ ਉਹ 1954 ਵਿੱਚ ਭਾਰਤ ਵਾਪਸ ਆਏ ਅਤੇ ਆਧੁਨਿਕ ਇਮਾਰਤਸਾਜ਼ੀ ਦੇ ਗੁਰੂ ਨਾਲ ਚੰਡੀਗੜ੍ਹ ਤੇ ਅਹਿਮਦਾਬਾਦ ਦੇ ਪ੍ਰੋਜੈਕਟਾਂ 'ਤੇ ਕੰਮ ਕੀਤਾ।

ਉਹ ਵੀਹਵੀਂ ਸਦੀ ਦੇ ਆਧੁਨਿਕ ਇਮਾਰਤਸਾਜ਼ ਲੂਇਸ ਖ਼ਾਨ ਨਾਲ ਵੀ ਜੁੜੇ ਰਹੇ।

Image copyright www.pritzkerprize.com

ਕੀ ਹੈ ਪਰਿਟਜ਼ਕਰ ਪੁਰਸਕਾਰ

ਪਰਿਟਜ਼ਕਰ ਪੁਰਸਕਾਰ ਦੀ ਵੈਬ ਸਾਈਟ ਮੁਤਾਬਕ ਇਹ ਹਰ ਸਾਲ ਦਿੱਤਾ ਜਾਣ ਪੁਰਸਕਾਰ ਸ਼ਿਕਾਗੋ ਦੇ ਪਰਿਟਜ਼ਕਰ ਪਰਿਵਾਰ ਵੱਲੋਂ ਆਪਣੀ ਹਯਾਤ ਫਾਊਂਡੇਸ਼ਨ ਰਾਹੀਂ 1989 ਵਿੱਚ ਸ਼ੁਰੂ ਕੀਤਾ ਗਿਆ।

ਇਸ ਨੂੰ "ਇਮਾਰਤਸਾਜ਼ੀ ਦਾ ਨੋਬਲ" ਅਤੇ "ਪੇਸ਼ੇ ਦਾ ਸਿਰਮੌਰ ਸਨਮਾਨ" ਗਿਣਿਆ ਜਾਂਦਾ ਹੈ।

ਇਸ ਵਿੱਚ ਇੱਕ ਲੱਖ ਡਾਲਰ ਦੀ ਇਨਾਮੀ ਰਾਸ਼ੀ ਅਤੇ ਇੱਕ ਮੈਡਲ ਦੁਨੀਆਂ ਭਰ ਵਿੱਚੋਂ ਕੋਈ ਥਾਂ ਜੋ ਇਮਾਰਤ ਕਲਾ ਦੇ ਨਜ਼ਰੀਏ ਤੋਂ ਮੱਹਤਵਪੂਰਨ ਹੋਵੇ ਵਿਖੇ, ਆਮ ਤੌਰ ਤੇ ਮਈ ਮਹੀਨੇ ਵਿੱਚ ਕੀਤੇ ਜਾਣ ਵਾਲੇ ਇੱਕ ਸਮਾਗਮ ਵਿੱਚ ਦਿੱਤਾ ਜਾਂਦਾ ਹੈ।

ਇਸ ਪੁਰਸਕਾਰ ਦੀ ਸ਼ੁਰੂਆਤ ਕਰਨ ਵਾਲੇ ਜੇ ਅਤੇ ਸਿੰਡੀ ਪਰਿਟਜ਼ਕਰ ਦਾ ਵਿਸ਼ਵਾਸ਼ ਸੀ ਕਿ ਇਸ ਨਾਲ ਨਾ ਸਿਰਫ਼ ਇਮਾਰਤ ਕਲਾ ਪ੍ਰਤੀ ਲੋਕਾਂ ਵਿੱਚ ਚੇਤਨਾ ਆਵੇਗੀ ਬਲਕਿ ਇਸ ਪੇਸ਼ੇ ਵਿੱਚ ਲੱਗੇ ਲੋਕਾਂ ਨੂੰ ਵੀ ਉਤਸ਼ਾਹ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)