ਕਿਮ-ਟਰੰਪ ਮੁਲਾਕਾਤ: ਉਹ 4 ਨੁਕਤੇ ਜਿਨ੍ਹਾਂ ਲਈ ਤਿਆਰ ਹੋਏ ਕਿਮ ਜੋਂਗ

ਟਰੰਪ ਤੇ ਕਿਮ

ਤਸਵੀਰ ਸਰੋਤ, AFP

ਬੀਬੀਸੀ ਪੱਤਰਕਾਰ ਲੌਰਾ ਬਿਕਰ ਨੇ ਸਿਉਲ ਤੋਂ ਖ਼ਬਰ ਦਿੱਤੀ ਹੈ ਕਿ ਉੱਤਰ ਕੋਰੀਆ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਰੋਕਣ ਲਈ ਹਾਮੀ ਨਹੀਂ ਭਰੀ ਹੈ। ਅਜੇ ਤੱਕ ਇਹ ਵੀ ਸਾਫ਼ ਨਹੀਂ ਹੋ ਸਕਿਆ ਹੈ ਕਿ ਇਵਜ਼ ਵਜੋਂ ਕਿਮ ਨੇ ਕਿਹੜੀਆਂ ਮੰਗਾਂ ਰੱਖੀਆਂ ਹਨ।

ਉੱਤਰੀ ਕੋਰੀਆ ਨੇ ਮਿਜ਼ਾਇਲ ਪ੍ਰੋਗਰਾਮ ਤਾਂ ਪਹਿਲੀ ਗੱਲਬਾਤ ਤੋਂ ਬਾਅਦ ਹੀ ਰੋਕ ਦਿੱਤਾ ਸੀ ਪਰ ਜਦੋਂ ਉਸ ਨੂੰ ਲੱਗਿਆ ਕਿ ਉਸ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋ ਰਹੇ ਤਾਂ ਉਸ ਨੇ ਮਿਜ਼ਾਇਲ ਪ੍ਰੀਖਣ ਮੁੜ ਸ਼ੁਰੂ ਕਰ ਦਿੱਤੇ ਸਨ।

4 ਨੁਕਤੇ ਜਿਨ੍ਹਾਂ 'ਤੇ ਕਿਮ ਹੋਇਆ ਰਾਜ਼ੀ

  • ਕਿਮ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਬੈਠਣ ਲਈ ਤਿਆਰ
  • ਪਰਮਾਣੂ ਪਸਾਰ ਨੂੰ ਰੋਕਣ ਲਈ ਬਚਨਬੱਧ
  • ਸਾਰੇ ਪਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਮੁਲਤਵੀ ਕਰਨ ਲਈ ਰਾਜ਼ੀ
  • ਦੱਖਣ ਕੋਰੀਆ ਤੇ ਅਮਰੀਕੀ ਫੌਜੀ ਮਸ਼ਕਾਂ ਤੇ ਇਤਰਾਜ਼ ਨਹੀਂ

ਆਖ਼ਰੀ ਨੁਕਤਾ ਸਭ ਤੋਂ ਵੱਧ ਧਿਆਨ ਦੀ ਮੰਗ ਕਰਦਾ ਹੈ। ਕੋਰੀਆਈ ਜੰਗ ਤੋਂ ਬਾਅਦ ਅਮਰੀਕਾ ਦੇ ਹਜ਼ਾਰਾਂ ਫੌਜੀ ਦੱਖਣ ਕੋਰੀਆ ਵਿੱਚ ਹੀ ਰੁਕੇ ਹੋਈ ਨੇ।

ਉਹ ਹਰ ਸਾਲ ਇੱਥੇ ਦੱਖਣ ਕੋਰੀਆ ਨਾਲ ਮਸ਼ਕਾ ਕਰਦੇ ਨੇ। ਉੱਤਰ ਕੋਰੀਆ ਨੂੰ ਡਰ ਹੈ ਕਿ ਇਹ ਉਨ੍ਹਾਂ ਉੱਤੇ ਹਮਲੇ ਦੀ ਤਿਆਰੀ ਹੈ।

ਸਾਲਾਂ ਪੁਰਾਣੀ ਦੁਸ਼ਮਣੀ ਖ਼ਤਮ ਹੋਵੇਗੀ?

ਅਮਰੀਕਾ ਅਤੇ ਉੱਤਰੀ ਕੋਰੀਆ ਦੀ ਸਾਲਾਂ ਪੁਰਾਣੀ ਜੰਗ ਹੁਣ ਖ਼ਤਮ ਹੋਣ ਜਾ ਰਹੀ ਜਾਪਦੀ ਹੈ।

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਡੌਨਲਡ ਟਰੰਪ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਸੱਦੇ ਨੂੰ ਮੰਨ ਲਿਆ ਹੈ।

ਦੱਖਣੀ ਕੋਰੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਚੁੰਗ ਈਊ-ਯੋਂਗ ਨੇ ਵਾਇਟ ਹਾਊਸ ਵਿੱਚ ਕਿਹਾ ਕਿ ਮਈ ਵਿੱਚ ਟਰੰਪ ਅਤੇ ਕਿਮ ਜੋਂਗ ਉਨ ਵਿਚਕਾਰ ਮੁਲਾਕਾਤ ਹੋਵੇਗੀ।

ਚੁੰਗ ਨੇ ਕਿਹਾ ਕਿ ਕਿਮ ਨੇ ਭਵਿੱਖ ਵਿੱਚ ਪ੍ਰਮਾਣੂ ਬੰਬ ਅਤੇ ਮਿਜ਼ਾਇਲ ਟੈੱਸਟ ਨਾ ਕਰਨ ਦਾ ਭਰੋਸਾ ਵੀ ਦਿੱਤਾ ਹੈ।

ਇਹ ਐਲਾਨ ਇੱਕ ਦੱਖਣ ਕੋਰੀਆਈ ਪ੍ਰਤੀਨਿਧੀ ਮੰਡਲ ਦੀ ਇਸ ਹਫ਼ਤੇ ਉੱਤਰੀ ਕੋਰੀਆ ਦੇ ਆਗੂ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਹੋਇਆ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਕਿਮ ਜੋਂਗ ਉਨ ਦੀ ਪੁਰਾਣੀ ਤਸਵੀਰ

ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਖਣੀ ਕੋਰੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਚੁੰਗ ਈਊ-ਯੋਂਗ ਨੇ ਕਿਹਾ, "ਅਸੀਂ ਰਾਸ਼ਟਰਪਤੀ ਟਰੰਪ ਨੂੰ ਦੱਸਿਆ ਕਿ ਮੁਲਾਕਾਤ ਦੌਰਾਨ ਕਿਮ ਜੋਂਗ ਉਨ ਨੇ ਕਿਹਾ ਕਿ ਉਹ ਪ੍ਰਮਾਣੂ ਅਪਸਾਰ ਲਈ ਵਚਨਬੱਧ ਹੈ।"

ਉਨ੍ਹਾਂ ਕਿਹਾ, "ਰਾਸ਼ਟਰਪਤੀ ਟਰੰਪ ਨੇ ਇਸ ਜਾਣਕਾਰੀ ਦੇ ਜਵਾਬ ਵਿੱਚ ਕਿਹਾ ਕਿ ਉਹ ਮਈ ਤੱਕ ਕਿਮ ਜੋਂਗ ਉਨ ਨਾਲ ਮਿਲ ਕੇ ਸਥਾਈ ਪ੍ਰਮਾਣੂ ਅਪਸਾਰ ਹਾਸਲ ਕਰਨਾ ਚਾਹੁੰਦੇ ਹਾਂ।"

ਦੱਖਣੀ ਕੋਰੀਆਈ ਸਲਾਹਕਾਰ ਨੇ ਕਿਹਾ, "ਰਾਸ਼ਟਰਪਤੀ ਟਰੰਪ ਨੇ ਇਸ ਘੋਸ਼ਣਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਅਪਸਾਰ ਲਈ ਮਈ ਤੱਕ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨਗੇ।"

ਟਰੰਪ ਮਿਲਣ ਲਈ ਤਿਆਰ

ਹੁਣ ਤੱਕ ਉੱਤਰੀ ਕੋਰੀਆ ਨਾਲ ਗੱਲਬਾਤ ਨੂੰ ਬੇਮਤਲਬ ਕਰਾਰ ਦਿੰਦੇ ਰਹੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਕਿਮ ਜੋਂਗ ਉਨ ਦੇ ਗੱਲਬਾਤ ਦੇ ਸੱਦੇ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਦੁਹਰਾਇਆ ਕਿ ਜਦੋਂ ਤੱਕ ਕੋਈ ਸਥਾਈ ਸਮਝੌਤਾ ਨਹੀਂ ਹੋ ਜਾਂਦਾ, ਤਦ ਤੱਕ ਉੱਤਰੀ ਕੋਰੀਆ 'ਤੇ ਲੱਗੀਆਂ ਰੋਕਾਂ ਜਾਰੀ ਰਹਿਣਗੇ।

ਤਸਵੀਰ ਸਰੋਤ, Getty Images

ਟਰੰਪ ਨੇ ਟਵੀਟ ਕੀਤਾ, "ਕਿਮ ਜੋਂਗ ਉਨ ਨੇ ਨਾ ਸਿਰਫ਼ ਪ੍ਰਮਾਣੂ ਪ੍ਰੋਗਰਾਮ ਰੋਕਣ, ਸਗੋਂ ਅਪਸਾਰ ਦੇ ਬਾਰੇ ਵਿੱਚ ਗੱਲ ਕੀਤੀ ਹੈ। ਨਾਲ ਹੀ ਇਸ ਦੌਰਾਨ ਉੱਤਰੀ ਕੋਰੀਆ ਕੋਈ ਮਿਜ਼ਾਈਲ ਪ੍ਰੀਖਿਆ ਨਹੀਂ ਕਰੇਗਾ।"

ਮਨੁੱਖੀ ਅਧਿਕਾਰਾਂ ਦੇ ਘਾਣ ਦੇ ਗੰਭੀਰ ਦੋਸ਼ਾਂ ਦੇ ਕਰ ਕੇ ਦਹਾਕਿਆਂ ਤੱਕ ਉੱਤਰੀ ਕੋਰੀਆ ਅੰਤਰਰਾਸ਼ਟਰੀ ਪੱਧਰ 'ਤੇ ਇਕੱਲਾ ਪੈ ਗਿਆ ਹੈ। ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉਸ ਉੱਤੇ ਸਖ਼ਤ ਰੋਕ ਲਾਈ ਹੈ।

ਇਹ ਘੋਸ਼ਣਾ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਰਸੀ ਉੱਤੇ ਰਹਿੰਦੇ ਹੋਏ ਅਮਰੀਕਾ ਦਾ ਕੋਈ ਵੀ ਰਾਸ਼ਟਰਪਤੀ ਉੱਤਰ ਕੋਰੀਆਈ ਆਗੂ ਨਾਲ ਨਹੀਂ ਮਿਲਿਆ ਹੈ।

ਹਾਲਾਂਕਿ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਬੀਬੀਸੀ ਪੱਤਰਕਾਰ ਲਾਰਾ ਬਿਕਲ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਹੁਣ ਤੱਕ ਇਹ ਨਹੀਂ ਕਿਹਾ ਹੈ ਕਿ ਉਹ ਪ੍ਰਮਾਣੂ ਪ੍ਰੋਗਰਾਮ ਛੱਡ ਦੇਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘੋਸ਼ਣਾ ਨੂੰ ਉੱਤਰੀ ਕੋਰੀਆਈ ਆਗੂ ਦੇ ਪ੍ਰਾਪੇਗੰਡਾ ਜਿੱਤ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਜਦੋਂ ਕਿ ਟਰੰਪ ਵੀ ਆਪਣੇ ਆਪ ਨੂੰ ਜੇਤੂ ਦੇ ਰੂਪ ਵਿੱਚ ਦੇਖਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)