ਇੱਕ ਦੂਜੇ ਨੂੰ ਕੁਝ ਇਸ ਤਰ੍ਹਾਂ ਨੀਵਾਂ ਦਿਖਾਉਂਦੇ ਸਨ ਡੌਨਲਡ ਟਰੰਪ ਤੇ ਕਿਮ ਜੋਂਗ ਉਨ

ਟਰੰਪ ਤੇ ਕਿਮ ਜੋਂਗ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਮੁਲਾਕਾਤ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਇਹ ਮੁਲਾਕਾਤ ਇਸ ਸਾਲ ਮਈ ਵਿੱਚ ਹੋਣ ਦੀ ਸੰਭਾਵਨਾ ਹੈ।

ਇੱਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ ਅਤੇ ਫੜਨ ਵਾਲੇ ਦੋਵੇਂ ਆਗੂ ਕਦੇ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਸਨ ਤੇ ਰੱਜ ਕੇ ਅਪਾਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਸਨ।

ਦੋਹਾਂ ਦੀ ਸ਼ਬਦੀ ਜੰਗ ਉਸ ਸਮੇਂ ਆਪਣੇ ਸਿਖਰ 'ਤੇ ਪਹੁੰਚੀ ਜਦੋਂ ਕਿਮ ਨੇ ਟਰੰਪ 'ਤੇ ਵਿਅਕਤੀਗਤ ਹਮਲਾ ਕੀਤਾ।

19 ਸਿਤੰਬਰ ਨੂੰ ਇੱਕ ਭਾਸ਼ਨ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਨੂੰ 'ਡੋਟਾਰਡ' ਕਿਹਾ। ਡਿਕਸ਼ਨਰੀ ਵਿੱਚ ਇਸਦਾ ਅਰਥ ਹੈ, ਮਾਨਸਿਕ ਤੇ ਸਰੀਰਕ ਰੂਪ ਤੋਂ ਕਮਜ਼ੋਰ ਬੁੱਢਾ।

ਕਿਮ ਦੇ ਹੱਤਕ ਭਰੇ ਸ਼ਬਦਾਂ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ, "ਕਿਮ ਮੈਨੂੰ ਬੁੱਢਾ ਕਿਉਂ ਕਹਿ ਰਹੇ ਹਨ ਜਦਕਿ ਮੈਂ ਕਦੇ ਉਨ੍ਹਾਂ ਨੂੰ ਮੋਟਾ ਤੇ ਮਧਰਾ ਨਹੀਂ ਕਿਹਾ। ਮੈਂ ਉਨ੍ਹਾਂ ਦਾ ਦੋਸਤ ਬਣਨ ਦੀ ਬਹੁਤ ਕੋਸ਼ਿਸ਼ ਕੀਤੀ-ਸ਼ਾਇਦ ਕਦੇ ਭਵਿੱਖ ਵਿੱਚ ਅਜਿਹਾ ਹੋ ਜਾਵੇ।"

ਕਿਮ ਆਪਣੇ ਦੇਸ ਨੂੰ ਤਬਾਹ ਕਰਨ ਦੀ ਪਿਛਲੇ ਸਾਲ ਸਤੰਬਰ ਵਿੱਚ ਦਿੱਤੀ ਅਮਰੀਕੀ ਧਮਕੀ ਦਾ ਜਵਾਬ ਦੇ ਰਹੇ ਸਨ।

ਟਰੰਪ ਦੀ ਪ੍ਰਤੀਕਿਰਾ ਆਉਣ ਮਗਰੋਂ ਉੱਤਰੀ ਕੋਰੀਆ ਦੇ ਮੀਡੀਆ ਨੇ ਵੀ ਟਰੰਪ ਖਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ।

ਜਿਕਰਯੋਗ ਹੈ ਕਿ ਉੱਤਰੀ ਕੋਰੀਆ ਵਿੱਚ ਦੇਸ ਦੇ ਸਰਬਉੱਚ ਆਗੂ ਜਾਂ ਉਨ੍ਹਾਂ ਦੇ ਪਰਿਵਾਰ ਖਿਲਾਫ਼ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਜਾ-ਏ-ਮੌਤ ਦਿੱਤੀ ਜਾਂਦੀ ਹੈ।

ਉੱਤਰੀ-ਕੋਰੀਆ ਦੇ ਮੀਡੀਆ ਨੇ ਟਰੰਪ ਨੂੰ 'ਜਹਿਰੀਲੀ ਖੁੰਭ', 'ਕੀੜਾ', 'ਗੈਂਗਸਟਰ', 'ਠੱਗ', 'ਮਾਨਸਿਕ ਤੌਰ 'ਤੇ ਬੀਮਾਰ ਬੁੱਢਾ', 'ਬੀਮਾਰ ਕੁੱਤਾ' ਅਤੇ 'ਪਾਗਲ' ('ਡੋਟਾਰਡ') ਵਰਗੇ ਸ਼ਬਦਾਂ ਦੀ ਵਰਤੋਂ ਕੀਤੀ।

ਉੱਤਰੀ-ਕੋਰੀਆ ਦੇ ਮੀਡੀਆ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਕਿਮ ਜੋਂਗ ਉਨ ਨੂੰ ਮਧਰੇ ਤੇ ਮੋਟੋ ਨਹੀਂ ਕਿਹਾ।

ਉੱਤਰੀ-ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ 26 ਦਸੰਬਰ ਨੂੰ ਕਿਹਾ, "ਟਰੰਪ ਕਿਸਾਨਾਂ ਦੁਆਰਾ ਪਾਲੇ ਜਾਂਦੇ ਪਸ਼ੂਆਂ ਤੋਂ ਮਾੜੇ ਅਤੇ ਇੱਕ ਜਹਿਰੀਲੀ ਖੁੰਭ ਹੈ। ਉਹ ਇੱਕ ਪਾਗਲ ਬੁੱਢਾ ਹੈ।"

23 ਸਤੰਬਰ ਨੂੰ ਉੱਤਰੀ-ਕੋਰੀਆ ਦਾ ਸਰਕਾਰੀ ਅਖ਼ਬਾਰ ਨੇ ਰੋਡੋਂਗ ਸਿਨਮੁਨ ਨੇ ਟਰੰਪ ਬਾਰੇ ਲਿਖਿਆ ਕਿ ਉਹ ਇੱਕ " ਵਿਕਰਿਤ ਇਨਸਾਨ...ਇੱਕ ਸਿਆਸੀ ਗੁੰਡਾ, ਇੱਕ ਠੱਗ ਅਤੇ ਇੱਕ ਬਚਕਾਨਾ ਇਨਸਾਨ ਹੈ।"

ਟਰੰਪ ਨੇ 2018 ਵਿੱਚ ਕਿਹਾ ਸੀ, "ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੇਜ਼ ਤੇ ਹਮੇਸ਼ਾ ਇੱਕ ਪਰਮਾਣੂ ਬੰਬ ਦਾ ਬਟਨ ਰਹਿੰਦਾ ਹੈ। ਉਨ੍ਹਾਂ ਦੇ ਕਮਜ਼ੋਰ ਅਤੇ ਰੋਟੀ ਲਈ ਤਰਸਦੇ ਸਾਮਰਾਜ ਵਿੱਚ ਕੋਈ ਉਨ੍ਹਾਂ ਨੰ ਦੱਸੇ ਕਿ ਮੇਰੇ ਕੋਲ ਵੀ ਇੱਕ ਪਰਮਾਣੂ ਬੰਬ ਦਾ ਬਟਨ ਹੈ ਜੋ ਉਨ੍ਹਾਂ ਦੇ ਬਟਨ ਤੋਂ ਬਹੁਤ ਵੱਡਾ ਤੇ ਤਾਕਤਵਰ ਹੈ। ਇੱਕ ਹੋਰ ਗੱਲ ਮੇਰਾ ਬਟਨ ਕੰਮ ਵੀ ਕਰਦਾ ਹੈ।"

ਜਦੋਂ ਟਰੰਪ ਨੇ ਆਪਣੀ ਮੇਜ਼ ਤੇ ਪਏ ਬਟਨ ਬਾਰੇ ਟਵੀਟ ਕੀਤਾ ਉਸ ਸਮੇਂ ਰੋਡੋਂਗ ਸਿਨਮੁਨ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ 'ਸਾਈਕੋਪੈਥ', 'ਪਾਗਲ' ਅਤੇ 'ਹਾਰੇ ਹੋਏ ਇਨਸਾਨ' ਹਨ ਜਿਨ੍ਹਾਂ ਦੀਆਂ ਟਿੱਪਣੀਆਂ "ਕਿਸੇ ਬੀਮਾਰ ਕੁੱਤੇ ਦੇ ਭੌਂਕਣ ਵਾਂਗ ਹੈ।"

16 ਜਨਵਰੀ ਨੂੰ ਰੋਡੋਂਗ ਸਿਨਮੁਨ ਨੇ ਲਿਖਿਆ ਕਿ ਦੁਨੀਆਂ ਨੂੰ ਟਰੰਪ ਦੀ 'ਮਾਨਸਿਕ ਸ਼ਕਤੀ' ਦਾ ਫ਼ਿਕਰ ਹੈ।

ਅਖ਼ਬਾਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਪਰਮਾਣੂ ਬੰਬ ਦਾ ਬਟਨ ਇੱਕ 'ਬੁੱਢੇ ਤੇ ਕਮਜ਼ੋਰ ਵਿਅਕਤੀ' ਦੇ ਹੱਥ ਵਿੱਚ ਹੈ।

25 ਸਤੰਬਰ ਨੂੰ ਉੱਤਰੀ ਕੋਰੀਆ ਦੇ ਨੌਜਵਾਨਾਂ ਦੇ ਸੰਗਠਨ ਕਿਮਿਲਸੁਜਿਸਟ-ਕਿਮਯੋਂਗਲਿਸਟ ਯੂਥ ਲੀਗ ਦੀ ਕੇਂਦਰੀ ਕਮੇਟੀ ਦੇ ਹਵਾਲੇ ਨਾਲ ਕੇਸੀਐਨ ਨੇ ਟਰੰਪ ਨੂੰ "ਗੈਂਗਸਟਰ ਦਾ ਬੌਸ ਅਤੇ ਇਨਸਾਨ ਨਹੀਂ ਬਲਕਿ ਬੀਮਾਰ ਕੁੱਤਾ" ਕਿਹਾ।

ਉਮੀਦ ਜਤਾਈ ਜਾ ਰਹੀ ਹੈ ਕਿ ਮਈ ਵਿੱਚ ਜਦੋਂ ਕਿਮ ਜੋਂਗ ਉਨ ਅਤੇ ਟਰੰਪ ਦੀ ਮੁਲਾਕਾਤ ਹੋਵੇਗੀ ਤਾਂ ਉਹ ਇੱਕ ਦੂਜੇ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕਰਨਗੇ।

(ਬੀਬੀਸੀ ਮਾਨਿਟਰਿੰਗ ਦੁਨੀਆਂ ਭਰ ਦੇ ਟੀਵੀ, ਰੇਡੀਓ,ਵੈਬ ਅਤੇ ਪ੍ਰਿੰਟ ਮਾਧਿਅਮਾਂ ਵਿੱਚ ਨਸ਼ਰ ਹੋਣ ਵਾਲੀਆਂ ਖ਼ਬਰਾਂ ਤੇ ਰਿਪੋਰਟਿੰਗ ਤੇ ਵਿਸ਼ਲੇਸ਼ਣ ਕਰਦਾ ਹੈ। ਤੁਸੀਂ ਬੀਬੀਸੀ ਮਾਨਿਟਰਿੰਗ ਦੀਆਂ ਖ਼ਬਰਾਂ ਟਵਿੱਟਰ ਅਤੇ ਫੇਸਬੁੱਕ ਉੱਤੇ ਵੀ ਪੜ੍ਹ ਸਕਦੇ ਹੋ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)