ਕੀ ਹੈ ਕੇਜਰੀਵਾਲ ਦੀ ਮਾਫ਼ੀ ਮੰਗਣ ਪਿੱਛੇ ਮਜਬੂਰੀ?

ਅਰਵਿੰਦ ਕੇਜਰੀਵਾਲ Image copyright Getty Images

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸੱਦੇ ਉੱਤੇ ਉਨ੍ਹਾਂ ਨਾਲ ਬੈਠਕ ਕਰਨ ਲਈ ਸਿਰਫ਼ 10 ਵਿਧਾਇਕ ਹੀ ਦਿੱਲੀ ਪਹੁੰਚੇ ।

ਜਦਕਿ 10 ਵਿਧਾਇਕਾਂ ਨੇ ਗੱਲਬਾਤ ਲਈ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਪਰ ਕੇਜਰੀਵਾਲ ਨੂੰ ਮਿਲ ਕੇ ਆਏ ਵਿਧਾਇਕਾਂ ਵਿੱਚੋਂ ਇੱਕ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਸੀ ਕਿ ਉਹ ਕੇਜਰੀਵਾਲ ਵਲੋਂ ਇਸ ਮੁੱਦੇ ਤੋਂ ਦਿੱਤੀ ਦਲੀਲ ਨਾਲ ਸਹਿਮਤ ਹਨ।

22 ਸ਼ਹਿਰਾਂ ' 37 ਕੇਸ

ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਜਰੀਵਾਲ ਉੱਤੇ ਮੁਲਕ ਦੇ 22 ਸ਼ਹਿਰਾਂ ਵਿੱਚ 37 ਮਾਨਹਾਨੀ ਕੇਸ ਚੱਲਦੇ ਹਨ।

ਮੋਦੀ ਸਰਕਾਰ ਨੇ ਕੇਜਰੀਵਾਲ ਨੂੰ ਘੇਰਨ ਲਈ ਸਾਰੇ ਕੇਸ ਫਾਸਟ ਟਰੈਕ ਕੋਰਟ ਉੱਤੇ ਪਾ ਦਿੱਤੇ ਹਨ।

ਉਨ੍ਹਾਂ ਨੂੰ ਹਰ ਰੋਜ਼ ਕਿਤੇ ਨਾ ਕਿਤੇ ਤਰੀਕ ਉੱਤੇ ਜਾਣਾ ਪੈਂਦਾ, ਜਿਸ ਕਾਰਨ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ ।

ਇਸ ਲਈ ਉਨ੍ਹਾਂ ਪਾਰਟੀ ਪੱਧਰ ਉੱਤੇ ਸਾਰੇ ਕੇਸ ਖ਼ਤਮ ਕਰਾਉਣ ਦਾ ਫ਼ੈਸਲਾ ਲਿਆ ਹੈ।

Image copyright Getty Images

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਫ਼ੈਸਲੇ ਨਾਲ ਸਹਿਮਤ ਹਨ ਅਤੇ ਉਨ੍ਹਾਂ ਦੀ ਗੱਲ ਪੰਜਾਬ ਦੇ ਲੋਕਾਂ ਤੱਕ ਲੈਕੇ ਜਾਣਗੇ।

ਦੂਜੇ ਪਾਸੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਦਾ ਕਹਿਣਾ ਸੀ ਕਿ ਕੇਜਰੀਵਾਲ ਦੇ ਮਾਫ਼ੀਨਾਮੇ ਕਾਰਨ ਪਾਰਟੀ ਦੋ ਧਿਰਾਂ ਵਿੱਚ ਵੰਡੀ ਨਜ਼ਰ ਆ ਰਹੀ ਹੈ।

Image copyright Getty Images/AFP
ਫੋਟੋ ਕੈਪਸ਼ਨ 14 ਦਿਸੰਬਰ, 2016 ਦੀ ਤਸਵੀਰ: ਮਜੀਠਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ।

ਕੁਝ ਲੋਕ ਪੰਜਾਬ ਇਕਾਈ ਨੂੰ ਦਿੱਲੀ ਨਾਲੋਂ ਨਾਤਾ ਤੋੜਨ ਦੀ ਸਲਾਹ ਦੇ ਰਹੇ ਹਨ ਤੇ ਕੁਝ ਪਾਰਟੀ ਨੂੰ ਨਾ ਤੋੜਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਪੰਜਾਬ ਇਕਾਈ ਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ।

ਇਸੇ ਦੌਰਾਨ ਪਾਰਟੀ ਦੇ ਯੂਥ ਵਿੰਗ ਦੇ ਆਗੂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਕੇਜਰੀਵਾਲ ਦੀ ਦੂਜੇ ਵਿਧਾਇਕਾਂ ਨਾਲ ਬੈਠਕ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)