ਮੈਂ ਇੱਥੇ 100 ਸਾਲਾਂ ਤੱਕ ਨਹੀਂ ਰਹਾਂਗਾ - ਪੁਤਿਨ

ਪੁਤਿਨ Image copyright MLADEN ANTONOV/AFP/Getty Images

ਰੂਸ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਵਲਾਦੀਮੀਰ ਪੂਤਿਨ ਸਰਕਾਰ ਹੁਣ ਰੂਸ ਦੀ ਆਉਣ ਵਾਲੇ ਛੇ ਸਾਲ ਲਈ ਅਗਵਾਈ ਕਰੇਗੀ।

ਜ਼ਿਆਦਾਤਰ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਰੂਸ ਦੇ ਕੇਂਦਰੀ ਚੋਣ ਕਮਿਸ਼ਨ ਮੁਤਾਬਕ ਪੂਤਿਨ ਨੂੰ ਲਗਭਗ 76 ਫ਼ੀਸਦੀ ਵੋਟਾਂ ਪਈਆਂ।

ਸ਼ੁਰੂਆਤੀ ਨਤੀਜਿਆਂ ਦੇ ਐਲਾਨ ਮਗਰੋਂ ਮਾਸਕੋ ਵਿੱਚ ਰੈਲੀ ਨੂੰ ਸੰਬੋਧਤ ਕਰਦਿਆਂ ਪੂਤਿਨ ਨੇ ਕਿਹਾ ਕਿ ਵੋਟਰਾਂ ਨੇ ਪਿਛਲੇ ਸਾਲਾਂ ਦੇ ਕੰਮਾਂ 'ਤੇ ਮੁਹਰ ਲਾਈ ਹੈ।

ਮੁੱਖ ਵਿਰੋਧੀ ਧਿਰ ਦੇ ਆਗੂ ਅਲਕਸੈ ਨਾਵਾਲਨੀ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ।

ਜਦੋਂ ਪੱਤਰਕਾਰਾਂ ਨੇ ਇੱਕ ਸਵਾਲ ਪੁੱਛਿਆ ਕਿ ਉਹ ਅਗਲੇ ਛੇ ਸਾਲਾਂ ਲਈ ਫਿਰ ਚੋਣ ਲੜਨਗੇ ਤਾਂ ਪੂਤਿਨ ਹੱਸ ਕੇ ਜਵਾਬ ਦਿੱਤਾ- "ਤੁਸੀਂ ਲੋਕ ਮਜ਼ਾਕ ਕਿਉਂ ਕਰ ਰਹੇ ਹੋ। ਕੀ ਤੁਸੀਂ ਅਜਿਹਾ ਸੋਚਦੇ ਹੋ ਕਿ ਮੈਂ 100 ਸਾਲ ਤੱਕ ਇੱਥੇ ਹੀ ਰਹਾਂਗਾ? ਨਹੀਂ ਅਜਿਹਾ ਨਹੀਂ ਹੋਵੇਗਾ!"

ਉਨ੍ਹਾਂ ਦੀ ਜਿੱਤਣ ਦੀ ਉਮੀਦ ਤਾਂ ਪਹਿਲਾਂ ਹੀ ਜਤਾਈ ਜਾ ਰਹੀ ਸੀ, ਪਰ ਇਹ ਜਿੱਤ 2012 ਦੀਆਂ ਚੋਣਾਂ ਤੋਂ ਵੱਡੀ ਜਿੱਤ ਹੈ, ਜਦੋ ਉਨ੍ਹਾਂ ਨੂੰ 64 ਫ਼ੀਸਦੀ ਵੋਟਾਂ ਪਾਈਆਂ ਸਨ।

Image copyright ALEXEI DRUZHININ/AFP/Getty Images

ਇਨ੍ਹਾਂ ਚੋਣਾਂ ਵਿੱਚ ਸਾਬਕਾ ਟੀਵੀ ਸੰਚਾਲਕ ਕਸੇਨਿਆ ਸੋਬਚਕ ਨੂੰ 2 ਫ਼ੀਸਦੀ ਅਤੇ ਸੀਨੀਅਰ ਰਾਸ਼ਟਰਵਾਦੀ ਵਲਾਦੀਮੀਰ ਜ਼ਹਿਰੀਨੋਸਕੀ ਨੂੰ 6 ਫ਼ੀਸਦੀ ਵੋਟਾਂ ਪਈਆਂ।

ਰੂਸ ਵਿੱਚ ਐਗਜ਼ਿਟ ਪੋਲ ਨੇ 60 ਫ਼ੀਸਦੀ ਵੋਟਾਂ ਪੈਣ ਦੀ ਉਮੀਦ ਜਤਾਈ ਸੀ, ਜਦਕਿ ਪੁਤਿਨ ਦੇ ਸਹਯੋਗੀਆਂ ਨੂੰ ਇਸ ਤੋਂ ਵੱਧ ਵੋਟਾਂ ਪੈਣ ਦੀ ਉਮੀਦ ਸੀ।

ਇੱਕ ਬੁਲਾਰੇ ਨੇ ਰੂਸ ਦੀ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ, "ਜੋ ਨਤੀਜੇ ਅਸੀਂ ਹੁਣ ਵੇਖੇ ਹਨ ਉਹ ਆਪਣੇ ਆਪ ਵਿੱਚ ਵੱਡੀ ਗੱਲ ਹੈ। ਪੂਤਿਨ ਨੂੰ ਵੱਡੇ ਫੈਸਲੇ ਲੈਣ ਲਈ ਇਸੇ ਤਰ੍ਹਾਂ ਦੀ ਜਿੱਤ ਚਾਹੀਦੀ ਸੀ।"

Image copyright Getty Images

ਚੋਣਾਂ ਦੌਰਾਨ ਕੁਝ ਇਲਾਕਿਆਂ ਵਿੱਚ ਪੋਲਿੰਗ ਬੂਥਾਂ ਨੇੜੇ ਮੁਫ਼ਤ ਖਾਣੇ ਅਤੇ ਸਥਾਨਕ ਦੁਕਾਨਾਂ 'ਤੇ ਛੋਟ ਦਾ ਪ੍ਰਬੰਧ ਸੀ।

ਰੂਸ ਦੇ ਕੁਝ ਹਿੱਸਿਆਂ ਦੀ ਵੀਡੀਓ ਰਿਕਾਰਡਿੰਗ ਤੋਂ ਪਤਾ ਲੱਗਦਾ ਹੈ ਕਿ ਚੋਣਾਂ ਦੌਰਾਨ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਬੇਨਿਯਮੀਆਂ ਵੀ ਹੋਈਆਂ।

ਨਾਵਾਲਨੀ ਨੂੰ ਚੋਣਾਂ ਤੋਂ ਬਾਹਰ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੂੰ ਇੱਕ ਕੇਸ ਵਿੱਚ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਸਾਜ਼ਿਸ਼ ਰਚੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)