ਵਲਾਦੀਮੀਰ ਪੁਤਿਨ: ਇੱਕ ਜਾਸੂਸ ਤੋਂ ਰੂਸ ਦੇ ਰਾਸ਼ਟਰਪਤੀ ਬਣਨ ਤੱਕ ਦਾ ਸਫ਼ਰ

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, AFP

ਵਲਾਦੀਮੀਰ ਪੁਤਿਨ ਨੇ ਸਾਲ 2018 ਵਿੱਚ ਰੂਸ ਦੇ ਰਾਸ਼ਟਰਪਤੀ ਵਜੋਂ ਚੌਥੀ ਵਾਰ ਸਹੁੰ ਚੁੱਕੀ ਸੀ। ਮਾਰਚ ਮਹੀਨੇ ਵਿੱਚ ਹੋਈਆਂ ਚੋਣਾਂ ਵਿੱਚ ਵਲਾਦਿਮੀਰ ਪੁਤਿਨ ਨੂੰ 76 ਫੀਸਦ ਵੋਟ ਮਿਲੇ ਸਨ।

ਕਈ ਕੌਮਾਂਤਰੀ ਏਜੰਸੀਆਂ ਵੱਲੋਂ ਚੋਣਾਂ ਵਿੱਚ ਗੜਬੜੀਆਂ ਦੀ ਵੀ ਗੱਲ ਕੀਤੀ ਗਈ। ਦੇਸ ਦੇ ਮੁੱਖ ਵਿਰੋਧੀ ਲੀਡਰ ਅਲੈਕਸੀ ਨੈਵਾਲਨੀ ਨਾਲ ਉਨ੍ਹਾਂ ਦਾ ਮੁਕਾਬਲਾ ਸੀ।

ਆਓ ਜਾਣਦੇ ਹਾਂ ਵਲਾਦੀਮੀਰ ਪੁਤਿਨ ਦੀ ਜ਼ਿੰਦਗੀ ਬਾਰੇ ਅਹਿਮ ਗੱਲਾਂ।

ਕਿਵੇਂ ਪੁਤਿਨ ਬਣੇ ਵੱਡੀ ਤਾਕਤ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੂਡੋ ਕਰਾਟੇ ਵਿੱਚ ਬਲੈਕ ਬੈਲਟ ਹਨ। ਮਾਰਸ਼ਲ ਆਰਟਸ ਦੀ ਇਸ ਖੇਡ ਦੀਆਂ ਦੋ ਖ਼ੂਬੀਆਂ ਉਨ੍ਹਾਂ ਵਿੱਚ ਹਨ, ਉਹ ਹਨ ਧੋਖਾ ਅਤੇ ਗੁੱਸਾ।

ਉਹ ਭਾਵੇਂ ਯੁਕਰੇਨ ਵਿੱਚ ਫ਼ੌਜੀ ਦਖ਼ਲਅੰਦਾਜ਼ੀ ਦਾ ਫ਼ੈਸਲਾ ਹੋਵੇ ਜਾਂ ਮਾਰਚ 2014 ਵਿੱਚ ਕ੍ਰੀਮੀਆ ਨੂੰ ਰੂਸ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਸੀ ਜਾਂ ਸੀਰੀਆ ਵਿੱਚ ਸਰਕਾਰ ਦੇ ਵਿਰੋਧੀਆਂ ਖ਼ਿਲਾਫ ਕਾਰਵਾਈ ਦਾ ਫ਼ੈਸਲਾ।

ਤਸਵੀਰ ਸਰੋਤ, AFP

65 ਸਾਲਾ ਪੂਤਿਨ ਨੇ ਰੂਸ ਦੀ ਤਾਕਤ ਦਿਖਾਉਣ ਤੋਂ ਕਦੇ ਪਰਹੇਜ਼ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕਰਨ ਦੀ ਆਪਣੀ ਚਾਹਤ ਕਦੇ ਲੁਕਾਈ।

ਸਾਲਾਂ ਤੱਕ ਰੂਸ ਨੂੰ ਅਮਰੀਕਾ ਅਤੇ ਨਾਟੋ ਦੇ ਸਾਥੀ ਦੇਸ ਨਜ਼ਰਅੰਦਾਜ਼ ਕਰਦੇ ਰਹੇ।

ਪਰ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਅਮਰੀਕਾ ਵਿੱਚ ਪੂਤਿਨ ਦੇ ਪੁਰਾਣੇ ਸਾਥੀ ਯੇਵਗੇਨੀ ਪ੍ਰਿਗੋਜਹਿਨ ਉੱਤੇ 2016 ਦੇ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਦਖ਼ਲ ਦੇਣ ਦਾ ਇਲਜ਼ਾਮ ਲੱਗਾ।

ਰੂਸ-ਅਮਰੀਕਾ ਰਿਸ਼ਤੇ

ਕਿਹਾ ਜਾਂਦਾ ਹੈ ਕਿ ਪੁਤਿਨ ਦੀ ਸ਼ਹਿ ਉੱਤੇ ਯੇਵਗੇਨੀ ਪ੍ਰਿਗੋਜਹਿਨ ਨੇ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਟਰੰਪ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।

ਚੋਣਾਂ ਵਿੱਚ ਕਥਿਤ ਧੋਖਾਧੜੀ ਦਾ ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਭੜਕਿਆ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਅਮਰੀਕਾ ਨੇ ਪੂਤਿਨ ਦੇ ਕਰੀਬੀ ਅਫ਼ਸਰਾਂ ਉੱਤੇ ਕਈ ਰੋਕਾਂ ਲਾਈਆਂ।

ਮਾਰਚ, 2014 ਤੋਂ ਬਾਅਦ ਤੋਂ ਯੁਕਰੇਨ ਵਿੱਚ ਰੂਸ ਦੀ ਫ਼ੌਜੀ ਦਖਲਅੰਦਾਜ਼ੀ ਨੂੰ ਲੈ ਕੇ ਯੂਰਪੀ ਸੰਘ ਅਤੇ ਅਮਰੀਕਾ ਨੇ ਕੁਝ ਪ੍ਰਮੁੱਖ ਰੂਸੀ ਅਧਿਕਾਰੀਆਂ ਅਤੇ ਕੰਪਨੀਆਂ ਉੱਤੇ ਲਗੀਆਂ ਕਈ ਰੋਕਾਂ ਲਾਈਆਂ।

ਇਨ੍ਹਾਂ ਰੋਕਾਂ ਕਰ ਕੇ ਪੂਤਿਨ ਦੇ ਕਈ ਸਾਥੀਆਂ ਦੇ ਪੱਛਮੀ ਦੇਸ਼ਾਂ ਦੀ ਯਾਤਰਾ ਉੱਤੇ ਰੋਕ ਲੱਗ ਗਈ ਅਤੇ ਉਨ੍ਹਾਂ ਦੇ ਵਪਾਰ ਉੱਤੇ ਇਸ ਦਾ ਅਸਰ ਪਿਆ।

ਰਾਸ਼ਟਰਪਤੀ ਟਰੰਪ ਇਹ ਗੱਲ ਜਨਤਕ ਤੌਰ ਉੱਤੇ ਕਹਿ ਚੁੱਕੇ ਹਨ ਕਿ ਉਹ ਪੂਤਿਨ ਨੂੰ ਪਸੰਦ ਕਰਦੇ ਹਨ ਅਤੇ ਰੂਸ ਦੇ ਨਾਲ ਅਮਰੀਕਾ ਦੇ ਰਿਸ਼ਤੇ ਸੁਧਾਰਨਾ ਚਾਹੁੰਦੇ ਹਨ।

ਪਰ ਕੁਝ ਲੋਕ ਅਮਰੀਕਾ-ਰੂਸ ਦੇ ਰਿਸ਼ਤਿਆਂ ਨੂੰ ਨਵੀਂ ਠੰਢੀ ਜੰਗ ਦਾ ਨਾਮ ਦੇ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਗ਼ੈਰ-ਭਰੋਸਗੀ ਦਾ ਟੋਆ ਹੋਰ ਵੀ ਡੂੰਘਾ ਹੋ ਰਿਹਾ ਹੈ।

ਤਸਵੀਰ ਸਰੋਤ, Getty Images

'ਰਣਨੀਤਕ ਸਾਂਝੀਦਾਰ'

ਹਾਲਾਤ ਅਜਿਹੇ ਹਨ ਕਿ ਰੂਸ ਹੁਣ ਯੂਰਪੀ ਸੰਘ ਦਾ ਰਣਨੀਤਕ ਸਾਂਝੀਦਾਰ ਵੀ ਨਹੀਂ ਹੈ।

ਪੱਛਮੀ ਦੇਸ ਪੁਤਿਨ ਉੱਤੇ ਪੂਰਬੀ ਯੁਕਰੇਨ ਵਿੱਚ ਰੂਸ ਸਮਰਥਕ ਬਾਗੀਆਂ ਨੂੰ ਹਥਿਆਰਾਂ ਅਤੇ ਫ਼ੌਜੀ ਮਦਦ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹਨ।

ਹਾਲਾਂਕਿ ਪੁਤਿਨ ਨੇ ਸਿਰਫ਼ ਇਹੀ ਸਵੀਕਾਰ ਕੀਤਾ ਕਿ ਕੁਝ ਰੂਸੀ ਲੋਕ ਆਪਣੀ ਮਰਜ਼ੀ ਨਾਲ ਉਨ੍ਹਾਂ ਬਾਗ਼ੀਆਂ ਦੀ ਮਦਦ ਲਈ ਉੱਥੇ ਗਏ ਸਨ।

ਯੁਕਰੇਨ ਦੀ ਅੰਦਰੂਨੀ ਰਾਜਨੀਤੀ ਵਿੱਚ ਦਖ਼ਲ ਦੇਣ ਦੇ ਦੋਸ਼ਾਂ ਉੱਤੇ ਵੀ ਪੂਤਿਨ ਭੜਕ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਯੁਕਰੇਨ ਵਿੱਚ 'ਤਖ਼ਤਾ ਪਲਟ' ਤੋਂ ਮਜਬੂਰ ਹੋ ਕੇ ਤਤਕਾਲੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਫਰਵਰੀ, 2014 ਵਿੱਚ ਰੂਸ ਭੱਜ ਗਏ ਸਨ।

ਯੁਕਰੇਨ ਸੰਕਟ ਤੋਂ ਪਹਿਲਾਂ ਪੁਤਿਨ ਨੇ ਸੋਵੀਅਤ ਸੰਘ ਦੇ ਪਤਨ ਨੂੰ 20ਵੀਂ ਸਦੀ ਦਾ ਸਭ ਤੋਂ ਵੱਡਾ ਮਹਾਵਿਨਾਸ਼ ਕਿਹਾ ਸੀ।

ਰੂਸ ਦੀਆਂ ਸਰਹੱਦਾਂ ਤਕ ਨੇੱਟ ਦੇ ਵਿਸਤਾਰ ਦਾ ਪੂਤਿਨ ਨੇ ਪੁਰਜ਼ੋਰ ਵਿਰੋਧ ਕੀਤਾ ਸੀ।

ਤਸਵੀਰ ਸਰੋਤ, Getty Images

ਮੁਸ਼ਕਿਲ ਬਚਪਨ

ਵਲਾਦੀਮੀਰ ਪੁਤਿਨ ਦੀ ਪਰਵਰਿਸ਼ ਲੇਨਿਨਗ੍ਰਾਦ (ਹੁਣ ਸੇਂਟ ਪੀਟਸਬਰਗ) ਵਿੱਚ ਅਜਿਹੇ ਮਾਹੌਲ ਵਿੱਚ ਹੋਈ ਸੀ ਜਿੱਥੇ ਸਥਾਨਕ ਮੁੰਡਿਆਂ ਵਿੱਚ ਕੁੱਟ-ਮਾਰ ਆਮ ਗੱਲ ਸੀ।

ਇਹ ਮੁੰਡੇ ਕਈ ਵਾਰ ਪੁਤਿਨ ਤੋਂ ਵੱਡੇ ਅਤੇ ਤਾਕਤਵਰ ਹੁੰਦੇ ਸਨ ਅਤੇ ਇਹੀ ਗੱਲ ਪੂਤਿਨ ਨੂੰ ਜੁਡੋ ਵੱਲ ਲੈ ਗਈ।

ਕ੍ਰੇਮਲਿਨ ਦੀ ਵੈੱਬਸਾਈਟ ਮੁਤਾਬਕ ਪੁਤਿਨ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਕਾਫ਼ੀ ਪਹਿਲਾਂ ਸੋਵਿਅਤ ਜਾਸੂਸੀ ਸੇਵਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ।

ਅਕਤੂਬਰ, 2015 ਵਿੱਚ ਪੂਤਿਨ ਨੇ ਕਿਹਾ ਸੀ, "50 ਸਾਲ ਪਹਿਲਾਂ ਲੇਨਿਨਗ੍ਰਾਦ ਦੀਆਂ ਸੜਕਾਂ ਨੇ ਮੈਨੂੰ ਇੱਕ ਨਿਯਮ ਸਿਖਾਇਆ ਸੀ। ਜੇ ਲੜਾਈ ਹੋਣੀ ਤੈਅ ਹੈ ਤਾਂ ਪਹਿਲਾਂ ਮੁੱਕਾ ਮਾਰੋ।"

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਸਾਲ 2006 ਵਿੱਚ ਮਾਸਕੋ ਦੇ ਮਿਲੀਟਰੀ ਹੈੱਡਕੁਆਟਰ ਵਿੱਚ ਸ਼ੂਟਿੰਗ ਕਰਦੇ ਪੁਤਿਨ

ਵਲਾਦੀਮੀਰ ਪੁਤਿਨ: ਜਾਸੂਸ ਤੋਂ ਰਾਸ਼ਟਰਪਤੀ ਤੱਕ

  • 1952 : ਇਸ ਸਾਲ 7 ਅਕਤੂਬਰ ਨੂੰ ਲੇਨਿਨਗ੍ਰਾਦ (ਹੁਣ ਸੇਂਟ ਪੀਟਰਸਬਰਗ) ਵਿੱਚ ਪੂਤਿਨ ਦਾ ਜਨਮ ਹੋਇਆ।
  • ਉਨ੍ਹਾਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਸੁਰੱਖਿਆ ਏਜੰਸੀ ਕੇਜੀਬੀ ਨਾਲ ਜੁੜੇ।
  • ਪੁਤਿਨ ਸਾਮੰਤਵਾਦੀ ਪੂਰਬੀ ਜਰਮਨੀ ਵਿੱਚ ਜਾਸੂਸ ਵੀ ਰਹੇ। ਖ਼ੁਫ਼ੀਆ ਏਜੰਸੀ ਕੇਜੀਬੀ ਦੇ ਕੁਝ ਸਾਥੀ ਪੂਤਿਨ ਯੁੱਗ ਵਿੱਚ ਸਿਖ਼ਰ ਅਹੁਦਿਆਂ ਉੱਤੇ ਰਹੇ।
  • 1990: ਇਸ ਦਹਾਕੇ ਵਿੱਚ ਸੇਂਟ ਪੀਟਰਸਬਰਗ ਦੇ ਮੇਅਰ ਏਂਟੋਨੀ ਸੋਬਚਕ, ਜਿਨ੍ਹਾਂ ਉਨ੍ਹਾਂ ਨੂੰ ਪਹਿਲਾਂ ਕਾਨੂੰਨ ਪੜ੍ਹਾਇਆ ਸੀ, ਪੁਤਿਨ ਨੂੰ ਮਿਲੇ।
  • 1997: ਪੂਤਿਨ ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਦੀ ਸਰਕਾਰ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਸਮੂਹ ਸੁਰੱਖਿਆ ਸੇਵਾ ਦਾ ਪ੍ਰਮੁੱਖ ਬਣਾਇਆ ਗਿਆ।
  • 1999: ਯੇਲਤਸਿਨ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੂਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ।
  • 2000: ਵਲਾਦਿਮੀਰ ਪੁਤਿਨ ਨੇ ਰਾਸ਼ਟਰਪਤੀ ਚੋਣ ਸੌਖ ਨਾਲ ਜਿੱਤੀ।
  • 2004: ਇੱਕ ਵਾਰ ਫੇਰ ਉਹ ਦੁਬਾਰਾ ਰਾਸ਼ਟਰਪਤੀ ਬਣੇ।
  • ਤੀਜੀ ਵਾਰ ਰੂਸੀ ਸੰਵਿਧਾਨ ਮੁਤਾਬਕ ਉਹ ਰਾਸ਼ਟਰਪਤੀ ਚੋਣ ਨਹੀਂ ਲੜ ਸਕਦੇ ਸਨ, ਬਾਵਜੂਦ ਇਸਦੇ ਉਹ ਪ੍ਰਧਾਨ ਮੰਤਰੀ ਬਣੇ।
  • 2012: ਪੂਤਿਨ ਨੇ ਤੀਜੀ ਵਾਰ ਰਾਸ਼ਟਰਪਤੀ ਚੋਣ ਵਿੱਚ ਜਿੱਤ ਹਾਸਲ ਕੀਤੀ।

ਮਾਚੋ ਮੈਨ ਅਤੇ ਦਿਆਲੂ ਅਕਸ ਵਾਲੇ ਪੁਤਿਨ

ਪੁਤਿਨ ਮਾਚੋ ਮੈਨ (ਮਰਦਾਂ ਵਾਲੇ ਅਕਸ) ਦੀ ਤਰ੍ਹਾਂ ਜ਼ਿੰਦਗੀ ਦਾ ਆਨੰਦ ਲੈਂਦੇ ਵੇਖੇ ਗਏ। ਉਹ ਸਾਲ 2000 ਵਿੱਚ ਚੋਣਾਂ ਦੌਰਾਨ ਫਾਈਟਰ ਜੈੱਟ ਉਡਾਉਂਦੇ ਦੇਖੇ ਗਏ। 2011 ਵਿੱਚ ਬਾਇਕਰਸ ਫੈਸਟਿਵਲ ਵਿੱਚ ਪੁਤਿਨ ਸਪੋਰਟਸ ਬਾਈਕ ਚਲਾਉਂਦੇ ਹੋਏ ਸ਼ਾਮਿਲ ਹੋਏ।

ਦਿ ਨਾਇਟ ਵੁਲਫ ਬਾਇਕਰਸ ਗੈਂਗ ਨੇ 2014 ਵਿੱਚ ਪੂਰਬੀ ਯੂਰਪ ਵਿੱਚ ਕਾਲੇ ਸਾਗਰ ਦੇ ਕਰੀਮਿਆ ਟਾਪੂ ਉੱਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਕੁੱਤਿਆਂ ਨੂੰ ਪਿਆਰ ਅਤੇ ਅਲੋਪ ਹੋ ਰਹੀ ਅਮੂਰ ਬਾਘਾਂ ਦੀ ਪ੍ਰਜਾਤੀ ਦੀ ਦੇਖਭਾਲ ਕਰਦੇ ਪੁਤਿਨ ਦੀਆਂ ਤਸਵੀਰਾਂ ਨੇ ਰੂਸੀ ਮੀਡੀਆ ਵਿੱਚ ਉਨ੍ਹਾਂ ਦਾ ਰਸੂਖ਼ ਇੱਕ ਦਿਆਲੂ ਵਿਅਕਤੀ ਦੇ ਰੂਪ ਵਿੱਚ ਬਣਾਇਆ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪੁਤਿਨ ਦੀ ਛੋਟੀ ਧੀ ਕਾਤੇਰਿਨਾ ਕਈ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ

ਪੁਤਿਨ ਦੀਆਂ ਧੀਆਂ

ਰਾਇਟਰਜ਼ ਨਿਊਜ਼ ਏਜੰਸੀ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਪੂਤਿਨ ਦੀ ਛੋਟੀ ਧੀ ਕਾਤੇਰਿਨਾ ਨੂੰ ਪੜ੍ਹਾਈ ਦੌਰਾਨ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਸਿਖਰ ਪ੍ਰਬੰਧਕੀ ਅਹੁਦੇ ਉੱਤੇ ਨੌਕਰੀ ਦਿੱਤੀ ਗਈ। ਉਹ ਡਾਂਸ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੀ ਹੈ।

ਪੁਤਿਨ ਦੀ ਵੱਡੀ ਧੀ ਮਾਰਿਆ ਵੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਉਹ ਬਾਇਲੌਜੀ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ।

ਰਾਇਟਰਜ਼ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਪੂਤਿਨ ਦੇ ਨੇੜੇ ਰਹੇ ਲੋਕਾਂ ਦੇ ਬੱਚੇ ਵੱਡੀਆਂ ਨੌਕਰੀਆਂ ਉੱਤੇ ਰਹੇ ਹਨ।

ਤਸਵੀਰ ਸਰੋਤ, Getty Images

ਪੁਤਿਨ, ਰਾਸ਼ਟਰਵਾਦ ਅਤੇ ਮੀਡੀਆ

ਇੱਕ ਲੰਬੇ ਸ਼ਾਸਨ ਦੇ ਬਾਵਜੂਦ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਰੂਸੀ ਮੀਡੀਆ ਮੁਤਾਬਕ ਪੁਤਿਨ ਦੀ ਪ੍ਰਸਿੱਧੀ ਅਜਿਹੀ ਹੈ, ਜੋ ਪੱਛਮੀ ਆਗੂਆਂ ਲਈ ਸਿਰਫ਼ ਸੁਫ਼ਨਾ ਹੋ ਸਕਦਾ ਹੈ।

ਰੂਸੀ ਮੀਡੀਆ ਵਿੱਚ ਪੂਤਿਨ ਦਾ ਰਾਸ਼ਟਰਵਾਦੀ ਚਿਹਰਾ ਛਾਇਆ ਰਹਿੰਦਾ ਹੈ।

2012 ਵਿੱਚ ਉਹ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਦੇ ਕਾਰਜਕਾਲ ਵਿੱਚ ਉਹ ਪ੍ਰਧਾਨ ਮੰਤਰੀ ਰਹੇ ਪਰ ਸੱਤਾ ਵਿੱਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਘੱਟ ਨਹੀਂ ਸੀ।

ਉਨ੍ਹਾਂ ਤੋਂ ਪਹਿਲਾਂ ਦੋ ਕਾਰਜਕਾਲਾਂ ਵਿੱਚ ਰੂਸ ਨੇ ਤੇਲ ਅਤੇ ਗੈਸ ਦਰਆਮਦਗੀ ਨਾਲ ਕਾਫ਼ੀ ਕਮਾਈ ਕੀਤੀ।

ਸਾਲ 2008 ਤੋਂ ਬਾਅਦ ਸੰਸਾਰਿਕ ਮੰਦੀ ਦਾ ਰੂਸ ਦੀ ਮਾਲੀ ਹਾਲਤ ਉੱਤੇ ਭੈੜਾ ਅਸਰ ਪਿਆ। ਦੇਸ ਨੇ ਖਰਬਾਂ ਰੁਪਏ ਦਾ ਵਿਦੇਸ਼ੀ ਨਿਵੇਸ਼ ਗੁਆ ਦਿੱਤਾ।

ਤਸਵੀਰ ਸਰੋਤ, Getty Images

ਮਨੁੱਖੀ ਅਧਿਕਾਰਾਂ ਦੇ ਘਾਣ ਦੀ ਚਿੰਤਾ

ਪੁਤਿਨ ਦਾ ਤੀਜਾ ਕਾਰਜਕਾਲ ਰੂੜੀਵਾਦੀ ਰੂਸੀ ਰਾਸ਼ਟਰਵਾਦ ਦੇ ਰੂਪ ਵਿੱਚ ਵੇਖਿਆ ਗਿਆ।

ਸਮਲੈਂਗਿਕ ਪ੍ਰਾਪੇਗੰਡਾ ਦਾ ਪ੍ਰਸਾਰ ਕਰਨ ਵਾਲੇ ਸਮੂਹਾਂ ਉੱਤੇ ਰੋਕ ਲਗਾ ਦਿੱਤੀ ਗਈ, ਜਿਸ ਦਾ ਸਮਰਥਨ ਗਿਰਜਾ ਘਰ ਨੇ ਕੀਤਾ ਸੀ।

ਰਾਸ਼ਟਰਪਤੀ ਬਣਨ ਤੋਂ ਬਾਅਦ ਪੂਤਿਨ ਨੇ ਉਦਾਰਵਾਦੀਆਂ ਨੂੰ ਹਾਸ਼ੀਏ ਉੱਤੇ ਰੱਖਿਆ। ਕੌਮਾਂਤਰੀ ਪੱਧਰ ਉੱਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਚਿੰਤਾ ਉਦੋਂ ਵਧੀ ਜਦੋਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਮਿਖਾਇਲ ਖੋਡੋਰਕੋਵਸਕੀ ਨੂੰ ਉਨ੍ਹਾਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ।

ਬਰਤਾਨੀਆ ਨਾਲ ਪੁਤਿਨ ਦੇ ਰਿਸ਼ਤੇ 2006 ਤੋਂ ਬਾਅਦ ਖ਼ਰਾਬ ਹੋਣ ਲੱਗੇ ਜਦੋਂ ਉਨ੍ਹਾਂ ਦੇ ਵਿਰੋਧੀ ਰਹੇ ਅਲੈਕਜ਼ੈਂਡਰ ਲਿਟਵਿਨੇਨਕੋ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਰੂਸੀ ਏਜੰਟਾਂ ਉੱਤੇ ਉਨ੍ਹਾਂ ਦੀ ਹੱਤਿਆ ਦੇ ਇਲਜ਼ਾਮ ਲੱਗੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)