ਰੈੱਡ ਆਰਮੀ ਦੀ ਉਹ ਮਹਿਲਾ ਸ਼ੂਟਰ ਜਿਸ ਤੋਂ ਹਿਟਲਰ ਦੀ ਫ਼ੌਜ 'ਘਬਰਾਉਂਦੀ' ਸੀ

ਨਿਸ਼ਾਨੇਬਾਜ਼ Image copyright Getty Images

ਇਹ ਕਹਾਣੀ ਉਸ ਔਰਤ ਦੀ ਹੈ ਜਿਸ ਨੂੰ ਇਤਿਹਾਸ ਦੀ ਸਭ ਤੋਂ ਖ਼ਤਰਨਾਕ ਨਿਸ਼ਾਨੇਬਾਜ਼ ਦਾ ਦਰਜਾ ਹਾਸਿਲ ਹੈ ਅਤੇ ਜਿਸ ਨੇ ਹਿਟਲਰ ਦੀ ਨਾਜ਼ੀ ਫ਼ੌਜ ਦੀ ਨਾਸੀ ਧੂਆਂ ਲਿਆ ਦਿੱਤਾ ਸੀ।

ਸਿਰਫ਼ 25 ਸਾਲ ਦੀ ਉਮਰ 'ਚ ਲੁਦਮਿਲਾ ਨੇ 309 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਜਿਸ ਵਿੱਚੋਂ ਬਹੁਤੇ ਹਿਟਲਰ ਦੇ ਫ਼ੌਜੀ ਸਨ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਦੂਜੀ ਸੰਸਾਰਕ ਜੰਗ ਚੱਲ ਰਹੀ ਸੀ ਅਤੇ ਲੁਦਮਿਲਾ ਪਵਲਿਚੇਂਕੋ 1942 'ਚ ਵਾਸ਼ਿੰਗਟਨ ਪਹੁੰਚੇ।

ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸੋਵੀਅਤ ਸੰਘ ਨੇ ਲੁਦਮਿਲਾ ਨੂੰ ਪ੍ਰੋਪੇਗੰਡਾ ਦੇ ਤਹਿਤ ਵਰਤਿਆ।

ਇੱਥੋਂ ਤੱਕ ਕਿ ਉਨ੍ਹਾਂ ਨੂੰ ਸੋਵੀਅਤ ਹਾਈ ਕਮਾਨ ਵੱਲੋਂ ਅਮਰੀਕਾ ਭੇਜਿਆ ਗਿਆ।

ਉਨ੍ਹਾਂ ਨੂੰ ਭੇਜਣ ਦਾ ਮਕਸਦ ਵੈਸਟਰਨ ਯੂਰਪੀਅਨ ਫਰੰਟ 'ਤੇ ਅਮਰੀਕਾ ਦਾ ਸਮਰਥਨ ਹਾਸਿਲ ਕਰਨਾ ਸੀ।

ਜੋਸਫ਼ ਸਟਾਲਿਨ ਚਾਹੁੰਦੇ ਸਨ ਕਿ ਮਿੱਤਰ ਮੁਲਕਾਂ ਦੀ ਫ਼ੌਜ ਯੂਰਪ 'ਤੇ ਹਮਲਾ ਕਰੇ ਅਤੇ ਉਹ ਇਸ ਲਈ ਉਤਸੁਕ ਵੀ ਸਨ।

Image copyright Keystone/Getty Images
ਫੋਟੋ ਕੈਪਸ਼ਨ ਸਟਾਲਿਨ

ਅਮਰੀਕੀ ਯਾਤਰਾ

ਸਟਾਲਿਨ ਚਾਹੁੰਦੇ ਸਨ ਕਿ ਜਰਮਨ ਫ਼ੌਜੀਆਂ 'ਤੇ ਆਪਣੀ ਫ਼ੌਜ ਨੂੰ ਵੰਡਣ ਦਾ ਦਬਾਅ ਬਣਾਇਆ ਜਾਵੇ, ਜਿਸ ਨਾਲ ਸੋਵੀਅਤ ਫ਼ੌਜ 'ਤੇ ਉਨ੍ਹਾਂ ਵੱਲੋਂ ਆ ਰਹੇ ਦਬਾਅ ਘੱਟ ਹੋ ਜਾਣ।

ਸਟਾਲਿਨ ਦਾ ਇਹ ਇਰਾਦਾ ਤਿੰਨ ਸਾਲ ਬਾਅਦ ਤੱਕ ਪੂਰਾ ਨਹੀਂ ਹੋਇਆ। ਇਸ ਮਿਸ਼ਨ ਨੂੰ ਦਿਮਾਗ 'ਚ ਰੱਖ ਕੇ ਪਵਲਿਚੇਂਕੋ ਨੇ ਵ੍ਹਾਈਟ ਹਾਊਸ 'ਚ ਪੈਰ ਰੱਖਿਆ।

ਅਜਿਹਾ ਕਰਨ ਵਾਲੀ ਉਹ ਪਹਿਲੀ ਸੋਵੀਅਤ ਮਹਿਲਾ ਸੀ ਜਿਸ ਨੂੰ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੈਲਟ ਨੇ ਰਿਸੀਵ ਕੀਤਾ।

ਲੁਦਮਿਲਾ ਪਵਲਿਚੇਂਕੋ ਨੇ ਰਾਸ਼ਟਰਪਤੀ ਰੂਜ਼ਵੇਲਟ ਦੀ ਪਤਨੀ ਏਲਨੋਰ ਰੂਜ਼ਵੈਲਟ ਨਾਲ ਪੂਰੇ ਦੇਸ਼ ਦੀ ਯਾਤਰਾ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਅਮਰੀਕੀਆਂ ਤੋਂ ਔਰਤ ਹੁੰਦੇ ਹੋਏ ਵੀ ਲੜਾਈ 'ਚ ਸ਼ਾਮਿਲ ਹੋਣ ਦੇ ਆਪਣੇ ਤਜਰਬੇ ਸਾਂਝੇ ਕੀਤੇ।

Image copyright Getty Images

ਸ਼ੂਟਿੰਗ ਕਲੱਬ ਤੋਂ ਰੇਡ ਆਰਮੀ ਤੱਕ ਦਾ ਸਫ਼ਰ

14 ਸਾਲ ਦੀ ਕੱਚੀ ਉਮਰ 'ਚ ਲੁਦਮਿਲਾ ਪਵਲਿਚੇਂਕੋ ਕੀਵ ਦਾ ਸਾਹਮਣਾ ਹਥਿਆਰਾਂ ਨਾਲ ਹੋਇਆ।

ਉਹ ਆਪਣੇ ਪਰਿਵਾਰ ਨਾਲ ਯੂਕਰੇਨ 'ਚ ਆਪਣੇ ਜੱਦੀ ਪਿੰਡ ਤੋਂ ਕੀਵ ਆ ਕੇ ਰਹਿਣ ਲੱਗ ਗਏ ਸਨ।

ਹੈਨਰੀ ਸਕੈਡਾ ਦੀ ਕਿਤਾਬ 'ਹੀਰੋਇਨਜ਼ ਆਫ਼ ਦਿ ਸੋਵੀਅਤ ਯੂਨੀਅਨ' ਮੁਤਾਬਿਕ ਪਵਲਿਚੇਂਕੋ ਇੱਕ ਹਥਿਆਰਾਂ ਦੀ ਫੈਕਟਰੀ 'ਚ ਕੰਮ ਕਰਦੇ ਸਨ।

ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਓਸੋਆਵਿਆਜ਼ਿਮ ਸ਼ੂਟਿੰਗ ਐਸੋਸੀਏਸ਼ਨ 'ਚ ਦਾਖਿਲਾ ਲੈਣਗੇ ਜਿੱਥੇ ਉਨ੍ਹਾਂ ਨੂੰ ਹਥਿਆਰਾਂ ਦੇ ਇਸਤੇਮਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ।

ਅਮਰੀਕੀ ਯਾਤਰਾ ਦੌਰਾਨ ਪਵਲਿਚੇਂਕੋ ਨੇ ਦੱਸਿਆ, ''ਜਦੋਂ ਮੇਰੇ ਗੁਆਂਢ 'ਚ ਰਹਿਣ ਵਾਲਾ ਇੱਕ ਮੁੰਡਾ ਸ਼ੂਟਿੰਗ ਕਰ ਕੇ ਸ਼ੇਖੀ ਮਾਰ ਰਿਹਾ ਸੀ, ਉਦੋਂ ਹੀ ਮੈਂ ਧਾਰ ਲਿਆ ਕਿ ਇੱਕ ਕੁੜੀ ਵੀ ਅਜਿਹਾ ਕਰ ਸਕਦੀ ਹੈ, ਇਸ ਲਈ ਮੈਂ ਸਖ਼ਤ ਮਿਹਨਤ ਕੀਤੀ।''

ਕੁਝ ਦਿਨ 'ਚ ਹੀ ਪਰਲਿਚੇਂਕੋ ਨੇ ਹਥਿਆਰ ਚਲਾਉਣ 'ਚ ਮੁਹਾਰਤ ਹਾਸਿਲ ਕਰ ਲਈ।

22 ਜੂਨ, 1941 'ਚ ਜਰਮਨੀ ਨੇ ਜਰਮਨ-ਸੋਵੀਅਤ ਵਿਚਾਲੇ ਹਮਲਾ ਨਾ ਕਰਨ ਦੇ ਸਮਝੌਤੇ ਨੂੰ ਤੋੜ ਦਿੱਤਾ ਅਤੇ ਆਪਰੇਸ਼ਨ ਬਾਰਬਰੋਸਾ ਸ਼ੁਰੂ ਕੀਤਾ।

ਇਸ ਆਪਰੇਸ਼ਨ ਦੇ ਤਹਿਤ ਜਰਮਨੀ ਨੇ ਸੋਵੀਅਤ ਸੰਘ 'ਤੇ ਹਮਲਾ ਕਰ ਦਿੱਤਾ।

Image copyright topicalpressagency/gettyimages

ਮਿਲਟ੍ਰੀ ਟ੍ਰੇਨਿੰਗ

ਲੁਦਮਿਲਾ ਪਵਲਿਚੇਂਕੋ ਨੇ ਆਪਣੇ ਦੇਸ਼ ਦੀ ਰਾਖੀ ਲਈ ਕੀਵ ਦੀ ਯੂਨੀਵਰਸਿਟੀ ਵਿੱਚ ਚੱਲ ਰਹੀ ਇਤਿਹਾਸ ਦੀ ਪੜ੍ਹਾਈ ਛੱਡ ਕੇ ਫ਼ੌਜ 'ਚ ਜਾਣ ਦਾ ਫੈਸਲਾ ਕੀਤਾ।

ਫ਼ੌਜ 'ਚ ਪਹਿਲਾਂ ਤਾਂ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।

ਪਰ ਜਦੋਂ ਉਨ੍ਹਾਂ ਨੇ ਨਿਸ਼ਾਨੇਬਾਜ਼ੀ 'ਚ ਆਪਣਾ ਹੁਨਰ ਦਿਖਾਇਆ ਤਾਂ ਫ਼ੌਜ ਵਾਲਿਆਂ ਨੇ ਉਨ੍ਹਾਂ ਨੂੰ ਰੈਡ ਆਰਮੀ ਦੇ ਨਾਲ ਆਡਿਸ਼ਨ ਦਾ ਮੌਕਾ ਦਿੱਤਾ।

'ਸਨਾਈਪਰ ਇਨ ਐਕਸ਼ਨ' ਨਾਂ ਦੀ ਨਿਸ਼ਾਨੇਬਾਜ਼ਾਂ 'ਤੇ ਆਪਣੀ ਕਿਤਾਬ 'ਚ ਚਾਰਲਸ ਸਟ੍ਰੋਂਜ ਨੇ ਪਵਲਿਚੇਂਕੋ ਦੇ ਹਵਾਲੇ ਨਾਲ ਲਿਖਿਆ, ''ਮੈਂ ਕੀਵ ਦੇ ਇੱਕ ਸਕੂਲ 'ਚ ਬੇਸਿਕ ਮਿਲਟ੍ਰੀ ਟ੍ਰੇਨਿੰਗ ਲਈ ਸੀ, ਜਿੱਥੇ ਮੈਂ ਰਿਜਨਲ ਟੂਰਨਾਮੈਂਟ 'ਚ ਮੈਡਲ ਜਿੱਤਿਆ ਸੀ।''

ਆਡਿਸ਼ਨ 'ਚ ਪਵਲਿਚੇਂਕੋ ਨੂੰ ਇੱਕ ਤਾਂ ਰਾਈਫ਼ਲ ਦਿੱਤੀ ਗਈ ਅਤੇ ਦੂਜਾ ਉਨ੍ਹਾਂ ਰੋਮਨ ਫੌਜੀਆਂ 'ਤੇ ਨਿਸ਼ਾਨਾ ਲਗਾਉਣ ਨੂੰ ਕਿਹਾ ਗਿਆ ਜਿਹੜੇ ਜਰਮਨੀ ਲਈ ਕੰਮ ਕਰ ਰਹੇ ਸੀ।

ਪਵਲਿਚੇਂਕੋ ਨੇ ਬੜੀ ਆਸਾਨੀ ਨਾਲ ਨਿਸ਼ਾਨਾ ਲਗਾ ਦਿੱਤਾ। ਇਸ ਨਾਲ ਉਨ੍ਹਾਂ ਨੂੰ 25ਵੀਂ 'ਚ ਚਪਾਯੇਵ ਫ਼ੂਸੀਲਿਯਰਸ ਡਿਵੀਜ਼ਨ 'ਚ ਐਂਟਰੀ ਮਿਲ ਗਈ।

Image copyright Getty Images

'ਮਰੇ ਹੋਏ ਨਾਜ਼ੀ ਨੁਕਸਾਨ ਨਹੀਂ ਪਹੁੰਚਾਉਂਦੇ'

ਫ਼ੌਜ 'ਚ ਰਹਿੰਦੇ ਹੋਏ ਉਨ੍ਹਾਂ ਨੇ ਗ੍ਰੀਸ ਅਤੇ ਮੋਲਦੋਵਾ ਦੀਆਂ ਲੜਾਈਆਂ 'ਚ ਹਿੱਸਾ ਲਿਆ। ਪਵਲਿਚੇਂਕੋ ਨੇ ਛੇਤੀ ਹੀ ਫ਼ੌਜ 'ਚ ਖਾਸ ਛਬੀ ਬਣਾ ਲਈ।

ਲੜਾਈ ਦੇ ਪਹਿਲੇ 75 ਦਿਨਾਂ 'ਚ ਹੀ ਉਨ੍ਹਾਂ 187 ਨਾਜ਼ੀ ਫ਼ੌਜੀਆਂ ਨੂੰ ਮਾਰ ਦਿੱਤਾ।

ਅੱਜ ਦੇ ਯੂਕਰੇਨ ਦੇ ਦੱਖਣ 'ਚ ਵਸੇ ਔਡੇਸਾ ਦੀ ਲੜਾਈ 'ਚ ਖ਼ੁਦ ਨੂੰ ਸਾਬਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੇਵਾਸਟੋਲ ਦੀ ਲੜਾਈ ਨੂੰ ਲੜਨ ਲਈ ਕ੍ਰਾਇਮਿਆ ਭੇਜ ਦਿੱਤਾ ਗਿਆ। (30 ਅਕਤੂਬਰ, 1941 ਤੋਂ 4 ਜੁਲਾਈ, 1942)

ਸੇਵਾਸਟੋਪੋਲ ਦੀ ਲੜਾਈ 'ਚ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ, ਪਰ ਉਨ੍ਹਾਂ ਨੇ ਉਦੋਂ ਤੱਕ ਮੈਦਾਨ ਨਹੀਂ ਛੱਡਿਆ, ਜਦੋਂ ਤੱਕ ਨਾਜ਼ੀ ਫ਼ੌਜ ਨੇ ਉਨ੍ਹਾਂ ਦੀ ਥਾਂ ਨੂੰ ਬੰਬ ਨਾਲ ਉਡਾ ਨਹੀਂ ਦਿੱਤਾ।

ਕਈ ਸਫ਼ਲਤਾਵਾਂ ਦੇ ਕਰਕੇ ਉਨ੍ਹਾਂ ਨੂੰ ਲੈਫਟਿਨੇਟ ਅਹੁਦੇ 'ਤੇ ਪ੍ਰਮੋਸ਼ਨ ਮਿਲੀ ਅਤੇ ਉਨ੍ਹਾਂ ਦੂਜੇ ਨਿਸ਼ਾਨੇਬਾਜ਼ਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਵਾਸ਼ਿੰਗਟਨ ਭੇਜਿਆ ਗਿਆ।

ਅਮਰੀਕਾ ਦੀ ਯਾਤਰਾ ਦੌਰਾਨ ਉਨ੍ਹਾਂ ਕਿਹਾ ਸੀ, ''ਜ਼ਿੰਦਾ ਰਹਿਣ ਵਾਲਾ ਹਰ ਜਰਮਨ ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਮਾਰ ਦੇਵੇਗਾ, ਇਸ ਲਈ ਇੱਕ ਨਾਜ਼ੀ ਨੂੰ ਮਾਰਨ 'ਤੇ ਮੈਂ ਕਈ ਜਾਨਾਂ ਬਚਾਉਂਦੀ ਹਾਂ।''

Image copyright Getty Images

ਲੜਾਈ ਦੇ ਮੈਦਾਨ 'ਤੇ...

ਲੁਦਮਿਲਾ ਪਵਲਿਚੇਂਕੋ ਕਈ ਵਾਰ ਪੱਤਰਕਾਰਾਂ ਦੇ ਕੁਝ ਸਵਾਲਾਂ ਤੋਂ ਖ਼ਫਾ ਵੀ ਹੋ ਜਾਂਦੇ ਸਨ।

ਇੱਕ ਵਾਰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀਂ ਲੜਾਈ ਦੇ ਮੈਦਾਨ 'ਚ ਮੇਕਅੱਪ ਕਰਕੇ ਜਾਂਦੇ ਹੋ?

ਪਵਲਿਚੇਂਕੋ ਨੇ ਉਨ੍ਹਾਂ ਨੂੰ ਜਵਾਬ ਦਿੱਤਾ,''ਅਜਿਹਾ ਕੋਈ ਨਿਯਮ ਨਹੀਂ ਹੈ ਕਿ ਲੜਾਈ 'ਚ ਮੇਕਅੱਪ ਕਰਕੇ ਨਹੀਂ ਜਾ ਸਕਦੇ, ਪਰ ਉਸ ਸਮੇਂ ਕਿਸ ਕੋਲ ਇਸ ਬਾਰੇ ਸੋਚਣ ਦਾ ਸਮਾਂ ਹੁੰਦਾ ਹੈ ਕਿ ਲੜਾਈ ਵਿਚਾਲੇ ਤੁਹਾਡੀ ਨੱਕ ਕਿੰਨੀ ਚਮਕ ਰਹੀ ਹੈ?''

ਉਨ੍ਹਾਂ ਦੀ ਸਕਰਟ ਦੀ ਲੰਬਾਈ 'ਤੇ ਵੀ ਸਵਾਲ ਚੁੱਕਿਆ ਗਿਆ ਸੀ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ,''ਆਪਣੀ ਯੂਨਿਫਾਰਮ ਨੂੰ ਇੱਜ਼ਤ ਨਾਲ ਦੇਖਦੀ ਹਾਂ, ਇਸ 'ਚ ਮੈਨੂੰ ਲੈਨਿਨ ਦਾ ਆਰਡਰ ਨਜ਼ਰ ਆਉਂਦਾ ਹੈ ਅਤੇ ਇਹ ਲੜਾਈ ਦੇ ਲਹੂ 'ਚ ਲਿਪਟੀ ਹੋਈ ਹੈ।''

1942 'ਚ ਉਨ੍ਹਾਂ ਨੇ ਟਾਈਮ ਮੈਗਜ਼ੀਨ ਨੂੰ ਕਿਹਾ ਸੀ, ''ਅਜਿਹਾ ਲੱਗਦਾ ਹੈ ਕਿ ਅਮਰੀਕੀਆਂ ਲਈ ਅਹਿਮ ਗੱਲ ਇਹ ਹੈ ਕਿ ਔਰਤਾਂ ਯੂਨੀਫਾਰਮ ਦੇ ਹੇਠਾਂ ਕੀ ਸਿਲਕ ਦਾ ਅੰਡਰਵੀਅਰ ਪਾਉਂਦੀਆਂ ਹਨ, ਪਰ ਉਨ੍ਹਾਂ ਨੂੰ ਇਹ ਜਾਨਣਾ ਹੋਵੇਗਾ ਕਿ ਯੂਨਿਫਾਰਮ ਕੀ ਦਰਸਾਉਂਦੀ ਹੈ।''

Image copyright Getty Images

ਹੀਰੋ ਆਫ ਦਿ ਸੋਵੀਅਤ ਯੂਨੀਅਨ

ਸੋਵੀਅਤ ਸੰਘ ਤੋਂ ਪਰਤਦਿਆਂ ਪਵਲਿਚੇਂਕੋ ਬ੍ਰਿਟੇਨ ਵੀ ਗਏ। ਇੱਥੇ ਵੀ ਉਨ੍ਹਾਂ ਬ੍ਰਿਟੇਨ ਨੂੰ ਵੈਸਟਰਨ ਫਰੰਟ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।

'ਹੀਰੋ ਆਫ ਦਿ ਸੋਵੀਅਤ ਯੂਨੀਅਨ' ਦੇ ਉੱਚੇ ਸਨਮਾਨ ਨਾਲ ਨਵਾਜ਼ੇ ਜਾਣ ਤੋਂ ਬਾਅਦ ਕੀਵ ਯੂਨੀਵਰਸਿਟੀ ਤੋਂ ਆਪਣੀ ਟ੍ਰੇਨਿੰਗ ਖ਼ਤਮ ਕੀਤੀ ਅਤੇ ਇੱਕ ਇਤਿਹਾਸਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

1943 ਤੋਂ 1953 ਵਿਚਾਲੇ ਉਨ੍ਹਾਂ ਸੋਵੀਅਤ ਮਮੁੰਦਰੀ ਫ਼ੌਜ ਦੇ ਮੁੱਖ ਦਫ਼ਤਰ ਨਾਲ ਕੰਮ ਸ਼ੁਰੂ ਕੀਤਾ ਅਤੇ ਬਾਅਦ 'ਚ ਉਹ ਸੋਵੀਅਤ ਕਮੇਟੀ ਆਫ਼ ਵਾਰ ਵੇਟੇਰਨਜ਼ ਦੀ ਸਰਗਰਮ ਮੈਂਬਰ ਰਹੇ।

ਉਹ ਉਨ੍ਹਾਂ 2000 ਬੰਦੂਕਧਾਰੀਆਂ ਵਿੱਚੋਂ ਸਨ ਜੋ ਰੇਡ ਆਰਮੀ ਦੇ ਨਾਲ ਦੂਜੀ ਸੰਸਾਰ ਜੰਗ 'ਚ ਲੜੇ ਅਤੇ ਉਨ੍ਹਾਂ 500 ਵਿੱਚੋਂ ਸਨ ਜਿਹੜੇ ਲੜਾਈ 'ਚ ਜ਼ਿੰਦਾ ਬਚੇ।

ਪਰ ਉਨ੍ਹਾਂ ਦੇ ਜ਼ਖ਼ਮ ਠੀਕ ਨਹੀਂ ਹੋਏ। 10 ਅਕਤੂਬਰ 1974 'ਚ 58 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।

Image copyright Getty Images

ਕਿਰਦਾਰ 'ਤੇ ਸਵਾਲ

ਇਤਿਹਾਸ 'ਚ ਉਨ੍ਹਾਂ ਦੇ ਕਿਰਦਾਰ 'ਤੇ ਕਈ ਤਰ੍ਹਾਂ ਦੇ ਸਵਾਲ ਉੱਠੇ। ਲਯੂਬਾ ਵਿਨੋਗ੍ਰਾਡੋਵਾ ਨੇ ਆਪਣੀ ਕਿਤਾਬ 'ਅਵੇਂਜਿੰਗ ਏਂਜਲਸ' 'ਚ ਕੁਝ ਅਜਿਹੇ ਹੀ ਸਵਾਲ ਚੁੱਕੇ ਸਨ।

ਲਯੂਡਮਿਲਾ ਪਵਲਿਚੇਂਕੋ ਨੂੰ ਸਭ ਤੋਂ ਵੱਧ ਮੌਤਾਂ ਦਾ ਕ੍ਰੈਡਿਟ ਦੇਣ ਦੀ ਗੱਲ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਤਾਬ 'ਚ ਲਿਖਿਆ, ''ਉਨ੍ਹਾਂ ਨੇ 187 ਦੁਸ਼ਮਣਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ, ਪਰ ਇਹ ਬਹੁਤ ਅਜੀਬ ਹੈ ਕਿ ਉਨ੍ਹਾਂ ਨੂੰ ਔਡੇਸਾ 'ਚ ਕੋਈ ਮੈਡਲ ਨਹੀਂ ਮਿਲਿਆ।''

''ਹਰ 10 ਦੁਸ਼ਮਣਾਂ ਨੂੰ ਮਾਰਨ ਜਾਂ ਜ਼ਖ਼ਮੀ ਕਰਨ 'ਤੇ ਨਿਸ਼ਾਨੇਬਾਜ਼ਾਂ ਨੂੰ ਇੱਕ ਮੈਡਲ ਸਨਮਾਨ ਦੇ ਤੌਰ 'ਤੇ ਦਿੱਤਾ ਜਾਂਦਾ ਹੈ ਅਤੇ ਹਰ 20 ਨੂੰ ਮਾਰਨ 'ਤੇ ਆਰਡਰ ਆਫ਼ ਰੈਡ ਸਟਾਰ। ਜੇਕਰ 75 ਮੌਤਾਂ 'ਹੀਰੋ ਆਫ਼ ਦਾ ਸੋਵੀਅਤ ਯੂਨੀਅਨ' ਦਾ ਖ਼ਿਤਾਬ ਦੇਣ ਲਈ ਕਾਫ਼ੀ ਹਨ, ਤਾਂ ਉਨ੍ਹਾਂ ਨੇ ਉਸ ਨੂੰ ਕਿਉਂ ਕੁਝ ਨਹੀ ਦਿੱਤਾ।''

ਕਈ ਲੇਖਕਾਂ ਨੇ ਇਸ ਗੱਲ 'ਤੇ ਵੀ ਸਵਾਲ ਚੁੱਕੇ ਕਿ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਸੱਟਾਂ ਵੱਜੀਆਂ ਸਨ, ਪਰ ਤਸਵੀਰਾਂ 'ਚ ਚਿਹਰੇ 'ਤੇ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ।

ਵਾਸ਼ਿੰਗਟਨ ਦੀ ਯਾਤਰਾ 'ਤੇ ਲੁਦਮਿਲਾ ਪਵਲਿਚੇਂਕੋ ਦੇ ਨਾਲ ਵਲਾਦੀਮੀਰ ਪਚੇਲਿਨਤਸੇਵ ਵੀ ਗਏ ਸਨ।

ਇਸ 'ਤੇ ਵੀ ਸਵਾਲ ਉੱਠਿਆ ਕਿ ਦੋ ਪਾਇਲਟ ਜਾਂ ਦੋ ਟੈਂਕ ਕਮਾਂਡਰਾਂ ਦੀ ਥਾਂ ਕਿਉਂ ਦੋ ਮਹੱਤਵਪੂਰਨ ਨਿਸ਼ਾਨੇਬਾਜ਼ਾਂ ਨੂੰ ਚੁਣਿਆ ਗਿਆ ਕਿਉਂਕਿ ਨਿਸ਼ਾਨੇਬਾਜ਼ ਕੋਲ ਆਪਣੀ ਸਿਫ਼ਤ ਕਰਨ ਲਈ ਬਹੁਤ ਕੁਝ ਸੀ।

ਜਰਮਨ ਉਨ੍ਹਾਂ ਤੋਂ ਡਰਦੇ ਸਨ ਅਤੇ ਸੋਵੀਅਤ ਪ੍ਰੈਸ ਨੇ ਉਨ੍ਹਾਂ ਨੂੰ ਮਸ਼ਹੂਰ ਕਰਨ ਲਈ ਕਾਫ਼ੀ ਕੰਮ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ