ਮਾਰਵੀਅ ਮਲਿਕ ਬਣੀ ਪਾਕਿਸਤਾਨ ਦੀ ਪਹਿਲੀ ਕਿੰਨਰ ਨਿਊਜ਼ ਐਂਕਰ

ਮਾਰਵੀਅ ਮਲਿਕ Image copyright KOHENOOR NEWS

ਪਾਕਿਸਤਾਨੀ ਟੀਵੀ ਚੈਨਲ ਕੋਹੇ-ਨੂਰ ਨੇ ਆਪਣੇ ਨਿਊਜ਼ ਐਂਕਰਾਂ ਦੀ ਟੀਮ ਵਿੱਚ ਇੱਕ ਕਿੰਨਰ ਮਾਰਵੀਅ ਮਲਿਕ ਨੂੰ ਸ਼ਾਮਲ ਕੀਤਾ ਹੈ।

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਕੋਹੇ-ਨੂਰ ਨਿਊਜ਼ ਚੈਨਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਤਾਜ਼ਾ ਮਰਦਮਸ਼ੁਮਾਰੀ ਵਿੱਚ ਕਿੰਨਰਾਂ ਦੀ ਕੁੱਲ ਗਿਣਤੀ 10418 ਹੈ।

ਆਖਿਰ ਕੌਣ ਹਨ ਮਾਰਵੀਅ ਮਲਿਕ

ਕੋਹੇ-ਨੂਰ ਨਿਊਜ਼ ਦੇ ਰੀ-ਲਾਂਚ ਵਿੱਚ ਐਂਕਰ ਬਣਨ ਵਾਲੀ ਮਾਰਵੀਅ ਮਲਿਕ ਲਾਹੌਰ ਦੇ ਰਹਿਣ ਵਾਲੇ ਹਨ। ਮਾਰਵੀਅ ਮਲਿਕ ਨੇ ਗ੍ਰੈਜੁਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਅੱਗੇ ਵੀ ਪੜ੍ਹਾਈ ਕਰਨਾ ਚਾਹੁੰਦੇ ਹਨ।

ਮਾਰਵੀਅ ਪਾਕਿਸਤਾਨ ਦੇ ਪਹਿਲੇ ਕਿੰਨਰ ਨਿਊਜ਼ ਐਂਕਰ ਹਨ ਪਰ ਉਹ ਸ਼ੋਅ ਬਿਜ਼ਨੇਸ ਵਿੱਚ ਨਵੇਂ ਨਹੀਂ ਹਨ। ਉਹ ਇਸ ਤੋਂ ਪਹਿਲਾਂ ਮਾਡਲਿੰਗ ਵੀ ਕਰ ਚੁੱਕੇ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ,"ਕੋਹੇ-ਨੂਰ ਨਿਊਜ਼ ਦੇ ਰਿਲਾਂਚ ਦੇ ਬਾਰੇ ਵਿੱਚ ਕਾਫੀ ਚਰਚਾ ਹੋ ਰਹੀ ਸੀ ਤਾਂ ਮੈਂ ਵੀ ਇੰਟਰਵਿਊ ਲਈ ਚਲੀ ਗਈ। ਇੰਟਰਵਿਊ ਵਿੱਚ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਆਈਆਂ ਹੋਈਆਂ ਸਨ।''

Image copyright MARVIA MALIK/bbc

"ਉਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਸੀ। ਜਦੋਂ ਮੇਰਾ ਨੰਬਰ ਆਇਆ ਤਾਂ ਉਨ੍ਹਾਂ ਨੇ ਮੈਨੂੰ ਬਾਹਰ ਇੰਤਜ਼ਾਰ ਕਰਨ ਨੂੰ ਕਿਹਾ। ਇਸ ਤੋਂ ਬਾਅਦ ਜਦੋਂ ਸਾਰੇ ਲੋਕਾਂ ਦੇ ਇੰਟਰਵਿਊ ਪੂਰੇ ਹੋ ਗਏ ਤਾਂ ਉਨ੍ਹਾਂ ਨੇ ਮੈਨੂੰ ਇੱਕ ਵਾਰ ਫਿਰ ਅੰਦਰ ਸੱਦਿਆ ਅਤੇ ਕਿਹਾ ਕਿ ਅਸੀਂ ਤੁਹਾਨੂੰ ਟਰੇਨਿੰਗ ਦੇਵਾਂਗੇ ਤੇ ਕੋਹ-ਨੂਰ ਵਿੱਚ ਤੁਹਾਡਾ ਸਵਾਗਤ ਹੈ।''

"ਇਹ ਸੁਣ ਕੇ ਮੈਨੂੰ ਖੁਸ਼ੀ ਨਾਲ ਚੀਕੀ ਤਾਂ ਨਹੀਂ ਪਰ ਮੇਰੀਆਂ ਅੱਖਾਂ ਵਿੱਚ ਹੁੰਝੂ ਆ ਗਏ।''

ਉਨ੍ਹਾਂ ਅੱਗੇ ਕਿਹਾ, "ਮੇਰੀਆਂ ਅੱਖਾਂ ਵਿੱਚ ਹੰਝੂ ਇਸ ਲਈ ਆਏ ਕਿਉਂਕਿ ਮੈਂ ਜੋ ਸੁਫ਼ਨਾ ਦੇਖਿਆ ਸੀ, ਮੈਂ ਉਸ ਦੀ ਪਹਿਲੀ ਪੌੜੀ ਚੜ੍ਹ ਚੁੱਕੀ ਸੀ।''

"ਟਰੇਨਿੰਗ ਵਿੱਚ ਕੋਈ ਦਿੱਕਤ ਨਹੀਂ ਆਈ। ਟੀਵੀ ਚੈਨਲ ਵਿੱਚ ਜਿੰਨੀ ਮਿਹਨਤ ਦੂਜੇ ਨਿਊਜ਼ ਐਂਕਰਾਂ 'ਤੇ ਕੀਤੀ ਗਈ ਉੰਨੀ ਹੀ ਮੇਰੇ 'ਤੇ ਕੀਤੀ ਗਈ। ਮੇਰੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਗਿਆ।''

ਰੈਂਪ 'ਤੇ ਦਿਖਾਏ ਜਲਵੇ

ਟਰੇਨਿੰਗ ਦੇ ਨਾਲ ਹਾਲ ਹੀ ਵਿੱਚ ਮਾਰਵੀਅ ਨੇ ਰੈਂਪ 'ਤੇ ਆਪਣੇ ਜਲਵੇ ਦਿਖਾਏ। ਉਨ੍ਹਾਂ ਨੇ ਕਿਹਾ, "ਮੈਂ ਪਾਕਿਸਤਾਨ ਦੀ ਪਹਿਲੀ ਕਿੰਨਰ ਮਾਡਲ ਵੀ ਹਾਂ। ਮੈਂ ਲਾਹੌਰ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਸੀ, ਵੱਡੇ ਮਾਡਲਜ਼ ਦੇ ਨਾਲ ਸ਼ਾਮਿਲ ਹੋਈ ਅਤੇ ਇਸ ਸ਼ੋਅ ਦੀ ਸ਼ੋਅ ਸਟੌਪਰ ਵੀ ਬਣੀ ਸੀ।''

Image copyright PFDC

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਭਾਈਚਾਰੇ ਦੇ ਲਈ ਕੁਝ ਕਰਨਾ ਚਾਹੁੰਦੇ ਹਨ ਜਿਸ ਨਾਲ ਉਨ੍ਹਾਂ ਦੇ ਹਾਲਾਤ ਬਿਹਤਰ ਹੋ ਸਕਣ।

ਉਹ ਦੱਸਿਆ, "ਸਾਡੇ ਭਾਈਚਾਰੇ ਨੂੰ ਮਰਦਾਂ ਤੇ ਔਰਤਾਂ ਦੇ ਬਰਾਬਰ ਹੱਕ ਮਿਲਣ ਅਤੇ ਅਸੀਂ ਇੱਕ ਆਮ ਨਾਗਰਿਕ ਵਜੋਂ ਜਾਣੇ ਜਾਈਏ ਨਾ ਕੀ ਇੱਕ ਥਰਡ ਜੈਂਡਰ ਵਜੋਂ।''

"ਜੇ ਕਿਸੇ ਮਾਂ-ਬਾਪ ਨੇ ਕਿੰਨਰ ਬੱਚੇ ਨੂੰ ਘਰ ਵਿੱਚ ਨਹੀਂ ਰੱਖਣਾ ਤਾਂ ਇੱਜ਼ਤ ਦੇ ਨਾਲ ਜ਼ਮੀਨ-ਜਾਇਦਾਦ ਵਿੱਚ ਹਿੱਸਾ ਦੇਣ ਤਾਂ ਜੋ ਉਹ ਭੀਖ ਨਾ ਮੰਗੇ ਅਤੇ ਨਾ ਹੀ ਗਲਤ ਕੰਮ ਕਰਨ ਨੂੰ ਮਜਬੂਰ ਹੋਵੇ।''

ਉਨ੍ਹਾਂ ਕਿਹਾ, "ਮੈਨੂੰ ਨਿਊਜ਼ ਕਾਸਟਰ ਦੀ ਨੌਕਰੀ ਮਿਲੀ ਪਰ ਮੇਰੀ ਅਤੇ ਸੜਕ ਤੇ ਭੀਖ ਮੰਗਣ, ਡਾਂਸ ਕਰਨ ਵਾਲੇ ਕਿੰਨਰਾਂ ਦੀ ਕਹਾਣੀ ਇੱਕੋ ਜਿਹੀ ਹੈ ਜਿਸ ਨੂੰ ਬਦਲਣ ਦੀ ਲੋੜ ਹੈ। ਮੇਰੇ ਘਰ ਵਾਲਿਆਂ ਨੂੰ ਸਭ ਕੁਝ ਪਤਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)