ਰੂਸ: ਸ਼ਾਪਿੰਗ ਸੈਂਟਰ 'ਚ ਬਾਹਰ ਜਾਣ ਦੇ 'ਰਾਹ ਬੰਦ ਸਨ'

ਸ਼ਾਪਿੰਗ ਸੈਂਟਰ ਵਿੱਚ ਅੱਗ Image copyright REUTERS/Dmitry Saturin

ਰੂਸ ਦੇ ਸਾਈਬੇਰਿਆਈ ਸ਼ਹਿਰ ਕੇਮੇਰੋਫੋ 'ਚ ਇੱਕ ਸ਼ਾਪਿੰਗ ਸੈਂਟਰ 'ਚ ਭਿਆਨਕ ਅੱਗ ਲੱਗੀ। ਇਸ ਹਾਦਸੇ ਵਿੱਚ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

ਜਾਂਚ ਅਫਸਰਾਂ ਦੇ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਇਮਾਰਤ ਵਿੱਚ ਕੋਈ ਫਾਇਰ ਅਲਾਰਮ ਨਹੀਂ ਸੀ ਅਤੇ ਐਮਰਜੈਂਸੀ ਦੇ ਹਾਲਾਤ ਵਿੱਚ ਬਾਹਰ ਜਾਣ ਦਾ ਰਾਹ ਬੰਦ ਸਨ।

ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਅੱਗ ਵਿੰਟਰ ਚੇਰੀ ਮੌਲ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿੱਥੇ ਇੰਟਰਟੇਨਮੈਂਟ ਕੰਪਲੈਕਸ ਅਤੇ ਇੱਕ ਸਿਨੇਮਾ ਘਰ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਰੇ ਜਾਣ ਵਾਲੇ ਜ਼ਿਆਦਾਤਰ ਲੋਕ ਮੌਲ ਦੇ ਸਿਨੇਮਾ ਘਰ 'ਚ ਸਨ।

ਕੇਮੇਰੋਫੋ ਦੇ ਡਿਪਟੀ ਗਵਰਨਰ ਵਲਾਦੀਮੀਰ ਚੈਨੋਰਫ ਨੇ ਕਿਹਾ ਹੈ ਕਿ ਹੁਣ ਤੱਕ 13 ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ ਅਤੇ ਇਹ ਸਾਰੀਆਂ ਸਿਨੇਮਾ ਘਰ ਤੋਂ ਕੱਢੀਆਂ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਮੌਲ 'ਚ ਸਿਨੇਮਾ ਘਰ ਦੇ ਦੋ ਹਾਲਾਂ ਦੀ ਛੱਤ ਵੀ ਡਿੱਗ ਗਈ ਹੈ।

Image copyright Russian Emergencies Ministry via REUTERS

ਟੈਲੀਵਿਜ਼ਨ 'ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ 'ਚ ਸ਼ਾਪਿੰਗ ਮੌਲ 'ਚੋਂ ਧੂੰਆਂ ਨਿਕਲਦਾ ਅਤੇ ਲੋਕਾਂ ਖਿੜਕੀਆਂ ਤੋਂ ਛਾਲ ਮਾਰਦੇ ਦਿਖੇ।

ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਉ ਅਮਲੇ ਦੇ ਕਰਮੀ ਲੋਕਾਂ ਨੂੰ ਬਾਹਰ ਕੱਢ ਰਹੇ ਹਨ।

ਕੇਮੇਰੋਫੋ ਸ਼ਹਿਰ ਰੂਸ ਦੀ ਰਾਜਧਾਨੀ ਮੋਸਕੋ ਤੋਂ 2200 ਮੀਲ ਦੂਰ ਹੈ ਅਤੇ ਕੋਲਾ ਉਤਪਾਦ ਲਈ ਜਾਣਿਆ ਜਾਂਦਾ ਹੈ।

Image copyright Russian Emergencies Ministry via EPA

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਾਲ 2013 'ਚ ਬਣਿਆ ਇਹ ਮੌਲ ਕਾਫੀ ਪ੍ਰਸਿੱਧ ਹੈ।

ਇਸ ਵਿੱਚ ਇੱਕ ਛੋਟਾ ਜਿਹਾ ਚਿੜੀਆ ਘਰ ਵੀ ਹੈ, ਜਿੱਥੇ ਬੱਕਰੀਆਂ, ਛੋਟੇ ਸੂਰ, ਜੰਗਲੀ ਚੂਹੇ ਅਤੇ ਬਿੱਲੀਆਂ ਰੱਖੀਆਂ ਗਈਆਂ ਹਨ।

ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਰੂਸ ਦੀ ਜਾਂਚ ਕਮੇਟੀ ਨੇ ਅੱਗ ਲੱਗਣ ਦੀ ਇਸ ਘਟਨਾ ਨੂੰ ਅਪਰਾਧਿਕ ਮਾਮਲਾ ਮੰਨਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ