ਕੀ ਤੁਸੀਂ ਦੇਖਿਆ ਹੈ ਲਾਹੌਰ ਦਾ ਮੇਲਾ ਚਿਰਾਗ਼ਾਂ?

ਮੇਲਾ ਚਿਰਾਗਾਂ ਦਾ Image copyright Abadul haq/bbc

ਸੱਜਣੋ! ਇਹ ਲਾਹੌਰ ਏ

ਸੱਤ ਦਿਨ ਅਤੇ ਅੱਠ ਮੇਲੇ

ਘਰ ਜਾਵਾਂ ਕਿਹੜੇ ਵੇਲੇ

ਇੱਕ ਵੇਲੇ 'ਮੇਲਾ ਚਿਰਾਗ਼ਾਂ' ਲਹੌਰ ਦਾ ਸਭ ਤੋਂ ਵੱਡਾ ਮੇਲਾ ਸੀ। ਇਹ ਮੇਲਾ ਆਮ ਤੌਰ ਉੱਤੇ ਮਾਰਚ ਦੇ ਆਖ਼ਰੀ ਹਫ਼ਤੇ ਤਿੰਨ ਦਿਨ ਲਈ ਲਗਦਾ। ਖ਼ਾਸ ਕਰ ਐਤਵਾਰ ਨੂੰ ਇਹ ਮੇਲਾ ਜ਼ੋਰਾਂ ਉੱਤੇ ਹੁੰਦਾ ਏ।

ਹਫ਼ਤੇ ਦੀ ਆਖ਼ਰੀ ਰਾਤ ਨੂੰ ਮੇਲਾ ਭਖ ਜਾਂਦਾ ਏ ਅਤੇ ਹਰ ਪਾਸੇ ਧਮਾਲ ਅਤੇ ਢੋਲ ਵੱਜ ਰਹੇ ਹੁੰਦੇ ਨੇ। ਇਹ ਮੇਲਾ ਮਾਧੋ ਲਾਲ ਹੁਸੈਨ ਦੇ ਉਰਸ ਨਾਲ ਜੁੜਿਆ ਹੋਇਆ ਏ। ਮਾਧੋ ਲਾਲ ਹੁਸੈਨ (1539-1599) ਪੰਜਾਬੀ ਦੇ ਸਿਰਕੱਢਵੇਂ ਅਤੇ ਜੱਗ ਧੁੰਮੇ ਸ਼ਾਇਰ ਨੇ।

ਅਸੀਂ ਉਨ੍ਹਾਂ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਮੇਲਾ ਚਿਰਾਗ਼ਾਂ ਅਸਲੋਂ ਸਾਂਝੇ ਪੰਜਾਬ ਦਾ ਮੇਲਾ ਸੀ ਅਤੇ ਇਹ ਮੇਲਾ ਸ਼ਾਲਾਮਾਰ ਦੇ ਬਾਗ਼ ਵਿੱਚ ਲਗਦਾ ਸੀ। ਮਾਰਚ ਦੌਰਾਨ ਪੰਜਾਬ ਵਿੱਚ ਚੇਤਰ ਦੀ ਰੁੱਤ ਹੁੰਦੀ ਏ।

ਫ਼ਸਲਾਂ ਪੱਕ ਜਾਂਦੀਆਂ ਨੇ ਅਤੇ ਲਹੌਰ 'ਚ ਚੇਤਰ ਦੀਆਂ ਮਿੱਠੀਆਂ ਹਵਾਵਾਂ ਚਲਦੀਆਂ ਨੇ ਜਿਸ ਨੂੰ ਬਲਵੰਤ ਗਾਰਗੀ "ਗੁਲਾਬੀ ਰੁੱਤ" ਆਖਦਾ ਏ।

Image copyright Abadul haq/bbc

ਇਹ ਮੇਲਾ ਪੰਜਾਬ ਦੀ ਰਹਿਤਲ ਦਾ ਸੱਚਾ ਨਿਸ਼ਾਨ ਸੀ। ਟਕਸਾਲੀ ਦਰਵਾਜ਼ੇ ਤੋਂ ਬਾਗ਼ਬਾਨ ਤੀਕ ਸਾਰੇ ਲਾਹੌਰ ਵਿੱਚ ਮੇਲਾ ਭਰਦਾ ਸੀ। ਦੱਸਦੇ ਨੇ ਪਈ ਲਾਹੌਰ ਅਤੇ ਅੰਮ੍ਰਿਤਸਰ ਇੱਕ ਹੋ ਜਾਂਦੇ ਸਨ।

ਸਾਡਾ ਬੈਲੀ ਨਿਸਾਰ ਖ਼ਾਨ ਜਿਹੜਾ ਸੂਤਰ ਮੰਡੀ ਵਿੱਚ ਸ਼ਹਿਰ ਦਾ ਰਹਿਣ ਵਾਲਾ ਦੱਸਦਾ ਏ, "ਜਿਵੇਂ ਵਿਆਹੀਆਂ ਧੀਆਂ ਭੈਣਾਂ ਨੂੰ ਈਦੀ ਦਿੱਤੀ ਜਾਂਦੀ ਸੀ ਇੰਜ ਈ ਮੇਲਾ ਵੀ ਦਿੱਤਾ ਜਾਂਦਾ ਸੀ।"

ਯਾਨੀ ਸ਼ਗਨ ਪਾਰੋਂ ਉਨ੍ਹਾਂ ਦੇ ਘਰ ਜਾ ਕੇ ਜਾਂ ਕੋਈ ਖਾਣ ਦੀ ਸ਼ੈਅ ਜਾਂ ਕੱਪੜਿਆਂ ਦਾ ਜੋੜਾ ਦਿੱਤਾ ਜਾਂਦਾ ਸੀ।

ਪੰਜਾਬ ਦੀ ਵੰਡ ਤੋਂ ਪਹਿਲਾਂ ਗੁੱਜਰਾਂਵਾਲਾ, ਸਿਆਲਕੋਟ, ਗੁਜਰਾਤ, ਸ਼ੇਖ਼ੁ ਪੁਰਾ, ਜਲੰਧਰ, ਫ਼ਿਰੋਜ਼ਪੁਰ ਅਤੇ ਮੁਲਤਾਨ ਤੋਂ ਲੋਕ ਮੇਲਾ ਦੇਖਣ ਆਉਂਦੇ ਸਨ।

ਮੇਲੇ ਨਾਲ ਕਈ ਰੀਤਾਂ ਵੀ ਜੁੜੀਆਂ ਹੋਈਆਂ ਨੇ। ਲਾਹੌਰ ਸ਼ਹਿਰ ਦੀਆਂ ਮਾਵਾਂ ਆਪਣੇ ਦੋ-ਚਾਰ ਵਰ੍ਹਿਆਂ ਦੇ ਬਾਲਾਂ ਨੂੰ ਲਾਲ ਬਾਣਾ ਪਵਾ ਕੇ ਇੱਥੇ ਲਿਆਉਂਦੀਆਂ ਨੇ।

ਬਾਲਾਂ ਨੂੰ ਲਾਲ ਹੁਸੈਨ ਦੇ ਮਜ਼ਾਰ ਉੱਤੇ ਛੱਡ ਦਿੰਦੀਆਂ ਸਨ ਅਤੇ ਉਹ ਧਮਾਲ ਪਾਉਣ ਲੱਗ ਪੈਂਦੇ ਸਨ। ਇਸ ਮੇਲੇ 'ਤੇ ਲਾਹੌਰ ਸ਼ਹਿਰ ਦੇ ਘਰ-ਘਰ ਗਜਰੇਲਾ ਪਕਾਇਆ ਜਾਂਦਾ ਸੀ।

ਮੇਲੇ ਦੇ ਰਾਹ ਉੱਤੇ ਜਿਵੇਂ ਦੋਮੋਰੀਆ ਪੁਲ, ਜੀ ਟੀ ਰੋਡ ਅਤੇ ਫ਼ੁੱਟਪਾਥਾਂ 'ਤੇ ਤੰਬੂ ਲਾ ਕੇ ਮੇਲੇ ਜਾਂਦਿਆਂ ਨੂੰ ਲੰਗਰ ਵਰਤਾਉਂਦੇ ਸਨ।

Image copyright Abadul haq/bbc

ਲਾਲ ਹੁਸੈਨ ਦੀ ਮਜ਼ਾਰ ਦੇ ਬੂਹੇ ਤੋਂ ਖੱਬੇ ਪਾਸੇ ਇੱਕ ਵੱਡਾ ਸਾਰਾ ਪਿਆਲਾ ਜਿਹਾ ਏ ਜੋ ਕਾਫ਼ੀ ਡੂੰਘਾ ਅਤੇ ਚੌੜਾ ਏ। ਉਸ ਦੇ ਕੰਢਿਆਂ ਉੱਤੇ ਦੀਵੇ ਅਤੇ ਮੋਮਬੱਤੀਆਂ ਬਲਦੀਆਂ ਰਹਿੰਦੀਆਂ ਨੇ।

ਮੇਲੇ ਅਤੇ ਇਸ ਪਿਆਲੇ ਵਿੱਚ ਇੱਕ ਵੇਲੇ ਵਿੱਚ ਲੋਕ ਲਗਾਤਾਰ ਦੀਵੇ ਅਤੇ ਤੇਲ ਸੁੱਟੀ ਜਾਂਦੇ ਨੇ ਜਿਸ ਨਾਲ ਅੱਗ ਦਾ ਭਾਂਬੜ ਮੱਚਿਆ ਰਹਿੰਦਾ ਏ। ਇਥੋਂ ਈ ਇਹ ਮੇਲਾ ਚਿਰਾਗ਼ਾਂ ਅਖਵਾਉਂਦਾ ਏ।

ਚਿਰਾਗ਼ ਬਾਲਣਾ ਜਾਂ ਦੀਵੇ ਬਾਲਣਾ ਪੰਜਾਬ ਦੀ ਪੁਰਾਣੀ ਰੀਤ ਏ। ਅੱਗ ਜੀਵਨ ਦਾ ਨਿਸ਼ਾਨ ਏ। ਅੱਗ ਦੀ ਪੂਜਾ ਹੁੰਦੀ ਸੀ। ਦੀਵੇ ਬਾਲਣਾ ਯਾਦ ਰੱਖਣਾ ਏ। ਦੀਵੇ ਦੀ ਸ਼ਕਲ ਦਿਲ ਵਰਗੀ ਹੁੰਦੀ ਏ। ਮੇਲਾ ਚਿਰਾਗ਼ਾਂ ਜ਼ਿੰਦਗੀ ਦਾ ਜਸ਼ਨ ਵੀ ਏ ਅਤੇ ਮਾਧੋ ਲਾਲ ਹੁਸੈਨ ਦੀ ਯਾਦ ਵੀ।

ਇਹ ਮੇਲਾ ਪਿੰਡ ਅਤੇ ਸ਼ਹਿਰਾਂ ਦੇ ਲੋਕਾਂ ਵਿਚਕਾਰ ਵਿੱਥ ਮਿਟਾ ਦਿੰਦਾ ਸੀ। ਮੇਲੇ ਦੇ ਸਾਰੇ ਰਾਹ ਉੱਤੇ ਕੁਲਫ਼ੀਆਂ, ਪਠੋਰਿਆਂ, ਘੁੱਗੂ-ਘੋੜਿਆਂ, ਭਾਂਡਿਆਂ, ਮਿਠਾਈਆਂ, ਸ਼ਰਬਤਾਂ ਅਤੇ ਤੋਪ ਚਲਾਉਣ ਆਲੇ ਤੋਤਿਆਂ ਦੀਆਂ ਹੱਟੀਆਂ ਲੱਗ ਜਾਣੀਆਂ।

ਟਾਂਗਿਆਂ, ਰੇਹੜੀਆਂ ਅਤੇ ਗੱਡਿਆਂ ਉੱਤੇ ਗਾਲ੍ਹੜ ਵਜਾ ਕੇ ਬੋਲੀਆਂ ਗਾਣ ਵਾਲੇ ਇੱਕ ਦੂਜੇ ਨੂੰ ਬੋਲੀਆਂ ਮਾਰਦੇ।

ਖੱਟਣ ਚਲਿਆ ਅਤੇ ਕੀ ਖੱਟ ਲਿਆਂਦਾ

ਖੱਟ ਕੇ ਲਿਆਂਦੇ ਪੇੜੇ

ਤੀਵੀਆਂ ਬਣਾਉਣ ਵਾਲਿਆ

ਤੇਰੇ ਵਿੱਚ ਜੰਨਤਾ ਦੇ ਡੇਰੇ

ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ

ਕਾਹਨੂੰ ਡਾਹਿਆ ਗਲੀ ਵਿੱਚ ਚਰਖਾ, ਬਹੁਤਿਆਂ ਦੇ ਖ਼ੂਨ ਹੋਣਗੇ

1960 ਤੋਂ ਪਹਿਲਾਂ ਇਹ ਮੇਲਾ ਸ਼ਾਲੀਮਾਰ ਬਾਗ਼ ਵਿੱਚ ਲੱਗਦਾ ਸੀ ਅਤੇ ਇਹ ਪਿਛਲੇ ਚਾਰ ਸੌ ਵਰ੍ਹਿਆਂ ਤੋਂ ਲੱਗਦਾ ਰਿਹਾ ਸੀ। ਹਫ਼ਤੇ ਦੀ ਸ਼ਾਮ ਤੀਕ ਮਲੰਗ, ਦਰਵੇਸ਼, ਢੋਲਿਆਂ ਦੇ ਤੰਬੂ ਲੱਗ ਜਾਂਦੇ ਸਨ ਜਿੱਥੇ ਉਹ ਕਈ ਦਿਨ ਦਾ ਖਾਣ-ਪੀਣ ਦਾ ਸਾਮਾਨ ਲੈ ਕੇ ਆਂਦੇ ਸਨ।

Image copyright Abadul haq/bbc

ਲਾਲ ਹੁਸੈਨ ਦੀ ਮਜ਼ਾਰ ਉੱਤੇ ਚਿਰਾਗ਼ ਰੌਸ਼ਨ ਹੁੰਦੇ ਸਨ ਅਤੇ ਢੋਲ ਅਤੇ ਕਈ ਮਲੰਗ ਧਮਾਲ ਪਾਂਦੇ ਸਨ। ਜਿਵੇਂ ਜਿਵੇਂ ਰਾਤ ਗੌੜੀ ਹੁੰਦੀ ਏ ਢੋਲ ਦੀ ਵਾਜ ਤਿੱਖੀ ਹੁੰਦੀ ਜਾਂਦੀ ਏ।

ਭਾਂਬੜ ਵਧਦਾ ਜਾਂਦਾ ਏ ਅਤੇ ਮਜ਼ਾਰ ਦੇ ਹਰ ਪਾਸੇ ਟੋਲੀਆਂ ਨੱਚਦੀਆਂ ਆਉਂਦੀਆਂ ਨੇ, ਮਜ਼ਾਰ ਅੱਗੇ ਮਾਧੋ ਲਾਲ ਦੀ ਹਾਜ਼ਰੀ ਭਰਦਿਆਂ ਨੇਂ ਅਤੇ ਦੂਜਿਆਂ ਨੂੰ ਰਾਹ ਦਨੀਦਿਆਂ ਨੇਂ।ਸਾਰੀ ਰਾਤ ਮੇਲਾ ਭਖਦਾ ਏ। ਨਾਂਗੇ ਫ਼ਕੀਰ ਆਪਣੇ ਡੇਰਿਆਂ ਅਤੇ ਕੈਂਪਾਂ ਉੱਤੇ ਬੈਠੇ ਰਹਿੰਦੇ ਹਨ।

ਜਦ ਰਾਤ ਚੰਗੀ ਭੱਜ ਜਾਂਦੀ ਅਤੇ ਅਖ਼ੀਰੀ ਧਮਾਲ ਸ਼ੁਰੂ ਹੁੰਦੀ ਏ। ਲਾਲ ਕੱਪੜਿਆਂ ਆਲੇ ਮਲੰਗ ਪੈਰਾਂ ਵਿੱਚ ਘੁੰਗਰੂ ਬੰਦੇ ਨੇ ਅਤੇ ਕਈ ਢੋਲੀ ਢੋਲ ਲੈ ਕੇ ਮੈਦਾਨ ਵਿੱਚ ਆ ਜਾਂਦੇ ਨੇ। ਪਹਿਲੇ ਡੱਗੇ ਨਾਲ ਧਮਾਲ ਸ਼ੁਰੂ ਹੁੰਦੀ ਤੇ ਰਾਤ ਮਸਤ ਹੋ ਜਾਂਦੀ ਏ।

ਆਖਦੇ ਨੇ ਏਸ ਪਲ ਮਾਧੋ ਲਾਲ ਹੁਸੈਨ ਵੀ ਧਮਾਲ ਵਿੱਚ ਰਲ ਜਾਂਦੇ ਨੇ। ਲਾਲ ਚੋਗ਼ੇ ਪਾਈ ਕਈ ਮਲੰਗ ਅੰਤਾਂ ਦੀ ਧਮਾਲ ਪਾਉਂਦੇ ਨੇ ਅਤੇ ਕਈ ਮਲੰਗ ਸੰਖ ਵਜਾਉਂਦੇ ਨੇ।

ਅਚਨਚੇਤ ਲਾਲ ਮਲੰਗਾਂ ਦਾ ਟੋਲਾ ਨਿਕਲਦਾ ਏ ਅਤੇ ਇਕੱਠੇ ਪੰਜ ਛੇ ਸੰਖ ਵਜਾ ਕੇ ਵਾਜਾਂ ਨੂੰ ਬਹੁਤ ਉੱਤੇ ਲਿਜਾ ਕੇ ਹੌਲੀ-ਹੌਲੀ ਮੁਕਾ ਦਿੰਦੇ ਨੇ।

ਸਵੇਰ ਦੀ ਬਾਂਗ ਨਾਲ ਧਮਾਲ ਮੁੱਕ ਜਾਂਦੀ ਏ। ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵੀ ਇਹ ਮੇਲਾ ਵੇਖਣ ਆਉਂਦਾ ਸੀ।

ਉਹ ਆਪਣੇ ਸਰਦਾਰਾਂ, ਅਮੀਰਾਂ ਅਤੇ ਵਜ਼ੀਰਾਂ ਨਾਲ ਬਸੰਤੀ ਕੱਪੜੇ ਪਾ ਕੇ ਆਉਂਦਾ ਸੀ। ਉਹ ਕਿਲ੍ਹੇ ਤੋਂ ਨਿਕਲਦਾ ਅਤੇ ਸਾਰੇ ਰਾਹ ਅਸ਼ਰਫ਼ੀਆਂ ਵੰਡਦਾ ਆਉਂਦਾ। ਉਹ ਮਲੰਗਾਂ, ਦਰਵੇਸ਼ਾਂ ਅਤੇ ਫ਼ਕੀਰਾਂ ਵਿੱਚ ਲੰਗਰ ਵਰਤਾਉਂਦਾ ਸੀ।

Image copyright Abadul haq/bbc

ਇਹ ਮੇਲਾ ਅਸਲੋਂ ਮਾਧੋ ਲਾਲ ਹੁਸੈਨ ਦੇ ਉਰਸ ਨਾਲ ਜੁੜਿਆ ਹੋਇਆ ਏ। ਮਾਧੋ ਹਿੰਦੂ ਸੁਨਿਆਰਾਂ ਦਾ ਮੁੰਡਾ ਸੀ ਅਤੇ ਰਾਵੀ ਤੋਂ ਪਾਰ ਸ਼ਾਹਦਰੇ ਰਹਿੰਦਾ ਸੀ।

ਇੱਕ ਦਿਨ ਸ਼ਾਹ ਹੁਸ਼ੈਨ ਉੱਥੇ ਗਏ ਅਤੇ ਉਸ ਉੱਤੇ ਆਸ਼ਿਕ ਹੋ ਗਏ। ਫੇਰ ਇਹ ਇਸ਼ਕ ਜੱਗ ਵਿੱਚ ਘੁੰਮ ਗਿਆ। ਮਾਧੋ ਨੇ ਇੱਕ ਵਾਰੀ ਕਿਹਾ ਜਦ ਤੁਸੀਂ ਪੂਰੇ ਹੋ ਗਏ ਮੇਰਾ ਨਾਂ ਕਿਸ ਲੈਣਾ ਏ।

ਆਪ ਨੇ ਆਖਿਆ ਤੇਰਾ ਨਾਂ ਮੈਥੋਂ ਪਹਿਲੇ ਆਏਗਾ। ਲਾਲ ਹੁਸੈਨ ਇੱਕ ਨਾਬਰ ਸ਼ਾਇਰ ਸਨ। ਇੱਕ ਦਿਨ ਸ਼ੇਖ਼ ਸਾਅਦਉੱਲਾਹ ਤੋਂ ਤਫ਼ਸੀਰ ਮੁੱਦਾ ਰੋਕ ਪੜ੍ਹਦਿਆਂ ਆਪ ਕੁਰਆਨ ਦੀ ਈ ਐਸੀ ਆਇਤ ਅਤੇ ਅੱਪੜੇ ਜਿਸਦਾ ਮਤਲਬ ਸੀ "ਦੁਨੀਆ ਲਹੋਵਲਾਬ ਏ।"

ਆਪ ਨੇ ਮਾਅਨੇ ਪੁੱਛੇ ਅਤੇ ਸ਼ੇਖ਼ ਨੇ ਵੇਰਵੇ ਨਾਲ ਦੱਸਿਆ ਦੁਨੀਆਂ ਦੀ ਜ਼ਿੰਦਗੀ ਖੇਡ ਤਮਾਸ਼ਾ ਈ ਏ।

ਕਹਿੰਦੇ ਇਸ ਪਿੱਛੋਂ ਆਪ ਨੇ ਪੜ੍ਹਾਈ ਛੱਡ ਦਿੱਤੀ। ਕਿਤਾਬਾਂ ਖੂਹ ਵਿੱਚ ਸੁੱਟ ਦਿੱਤੀਆਂ। ਲਾਲ ਬਾਣਾ ਪਾ ਲਿਆ, ਸ਼ਰਾਬ ਪੀਣੀ ਅਤੇ ਮਸਤੀ ਵਿੱਚ ਡੁੱਬੇ ਰਹਿਣਾ। ਆਪ ਮਲਾਮਤੀ ਫ਼ਕੀਰ ਹੋ ਗਏ। ਆਪ ਨਾਲ ਕਈ ਕਰਾਮਾਤਾਂ ਵੀ ਜੁੜੀਆਂ ਹੋਈਆਂ ਨੇ।

ਸੰਨ 1984 ਵਿੱਚ ਜ਼ਿਆ-ਉਲ-ਹਕ ਦਾ ਡਾਢਾ ਮਾਰਸ਼ਲ ਲਾਅ ਸੀ। ਅਸੀਂ ਕੁਝ ਦੋਸਤਾਂ ਨੇ ਮੇਲਾ ਚਿਰਾਗ਼ਾਂ ਅਤੇ ਸ਼ਾਲਾਮਾਰ ਬਾਗ਼ ਤੋਂ ਬਾਹਰ ਅਤੇ ਮੇਲੇ ਦੀ ਗਲੀ ਸਾਹਮਣੇ ਇੱਕ ਨਿੱਕੇ ਜਿਹੇ ਮੈਦਾਨ ਅਤੇ ਲਾਲ ਹੁਸੈਨ ਦੀਆਂ ਕਾਫ਼ੀਆਂ ਗਾਉਣ ਦਾ ਇਕੱਠ ਕਰਨ ਦਾ ਮਿਥਿਆ।

ਉੱਥੇ ਮਦੀਹਾ ਗੌਹਰ ਨੇ ਅਜੋਕਾ ਵੱਲੋਂ ਖੇਡ ਵੀ ਖੇਡਣੀ ਸੀ ਪਰ ਪੁਲਿਸ ਪੈ ਗਈ ਅਤੇ ਅਸੀਂ ਕੁਝ ਵੀ ਨਾ ਕਰ ਸਕੇ।

Image copyright Abadul haq/bbc

ਅਸੀਂ ਸਭ ਕੁਝ ਠੱਪਿਆ ਅਤੇ ਨਾਅਰੇ ਮਾਰਦੇ ਮੇਲੇ ਵਿੱਚ ਵੜ ਗਏ। "ਹੋ ਗਏ ਪੂਰੇ ਸੱਤ ਸਾਲ। ਮਾਧੋ ਲਾਲ, ਮਾਧੋ ਲਾਲ। ਆਟਾ ਮਹਿੰਗਾ, ਮੰਗੀ ਦਾਲ, ਮਾਧੋ ਲਾਲ, ਮਾਧੋ ਲਾਲ।" ਉਦੋਂ ਜ਼ਿਆ ਦੀ ਅਮੀਰੀਅਤ ਨੂੰ ਸੱਤ ਸਾਲ ਹੋ ਗਏ ਸਨ। ਲਾਲ ਹੁਸੈਨ ਦੀ ਕਾਫ਼ੀ ਏ।

ਅਸੀਂ ਬਹੁੜ ਨਾ ਦੁਨੀਆ ਆਵਨਾ

ਸਦਾ ਨਾ ਫੁੱਲ ਤੋਰੀਆ, ਸਦਾ ਨਾ ਲਗਦੇ ਨੀ ਸਾਵਨਾ

ਕੀਜੇ ਕੰਮ ਵਿਚਾਰ ਕੇ, ਅੰਤ ਨਹੀਂ ਪਛਤਾਵਣਾ

ਕਹੇ ਹੁਸੈਨ ਸੁਣਾਏ ਕੇ, ਖ਼ਾਕ ਦੇ ਨਾਲ ਸਮਾਵਣਾ।

ਹੁਣ ਲਾਹੌਰ ਸ਼ਹਿਰ ਦੀ ਆਬਾਦੀ ਇੱਕ ਕਰੋੜ ਤੋਂ ਵੱਧ ਹੈ। ਹੁਣ ਮੇਲਾ ਚਿਰਾਗ਼ਾਂ ਮਾਧੋ ਲਾਲ ਹੁਸੈਨ ਦੇ ਮਜ਼ਾਰ ਉੱਤੇ ਈ ਲੱਗਦਾ ਏ। ਮਜ਼ਾਰ ਦੇ ਅਹਾਤੇ ਵਿੱਚ, ਜਿੱਥੇ ਹੁਣ ਕਬਰਾਂ ਬਹੁਤੀਆਂ ਹਨ।

ਥਾਂ ਸੌੜੀ ਹੋ ਗਈ ਏ ਅਤੇ ਮਜ਼ਾਰ ਨੂੰ ਜਾਂਦੀਆਂ ਗਲੀਆਂ ਵੀ। ਜਿੱਥੇ ਹੁਣ ਫ਼ਿਲਮੀ ਗਾਣਿਆਂ ਉੱਤੇ ਮੁੰਡੇ ਨੱਚਦੇ ਨੇ। ਜ਼ਿਆ-ਉਲ-ਹਕ ਨੇ ਢੋਲ ਵਜਾਉਣ ਉੱਤੇ ਪਾਬੰਦੀ ਲਾ ਦਿੱਤੀ ਸੀ ਪਰ ਮੰਨੀ ਕਿਸੇ ਨਾ।

ਮੇਲਾ ਹੁਣ ਵੀ ਲੱਗਦਾ ਏ। ਢੋਲ ਵੱਜਦਾ ਏ। ਖ਼ਲਕਤ ਢੁੱਕਦੀ ਏ। ਰਾਤ ਜਦ ਭੱਜਦੀ ਏ ਅਤੇ ਲਾਲ ਬਾਣੀਆਂ ਵਾਲੇ ਫ਼ਕੀਰ ਪਤਾ ਨਹੀਂ ਕਿੱਥੋਂ ਨਿਕਲਦੇ ਨੇ ਅਤੇ ਧਮਾਲ ਪਈ ਜਾਂਦੀ ਏ, ਪਈ ਜਾਂਦੀ ਏ।

ਨੀ! ਤੈਨੂੰ ਰੱਬ ਨਾ ਭੁੱਲੇ, ਦੁਆ ਫ਼ਕੀਰਾਂ ਦੀ ਏਹਾ

ਰੱਬ ਨਾ ਭੁੱਲੇ, ਸਭ ਕੁਝ ਭੁੱਲੀਂ, ਰੱਬ ਨਾ ਭੁੱਲਣ ਜੇਹਾ

ਸੋਹਣਾ ਰੂਪਾ ਸਭ ਛਿੱਲ ਵੈਸੀ, ਇਸ਼ਕ ਨਾ ਲੱਗਦਾ ਲੇਹਾ

ਹੋਰਨਾਂ ਨਾਲ ਹਸਨਦੀ ਖੱਡ ਨਦੀ, ਸ਼ੋਹ ਨਾਲ ਘੂੰਗਟ ਕੋਹਾ

ਚਾਰੇ ਨੈਣ ਗੱਡਾ ਵੱਡ ਹੋਏ, ਵਿੱਚ ਵਿਚੋਲਾ ਕੋਹਾ।

(ਜ਼ੁਬੈਰ ਅਹਿਮਦ ਲਾਹੌਰ ਵਿੱਚ ਵਸਦੇ ਪੰਜਾਬੀ ਲੇਖਕ ਹਨ ਅਤੇ ਇਸਲਾਮੀਆ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)